Breaking News
Home / ਭਾਰਤ / ਸੱਤਿਆਪਾਲ ਮਲਿਕ ਨੇ ਫਿਰ ਮੋਦੀ ’ਤੇ ਚੁੱਕੇ ਸਵਾਲ

ਸੱਤਿਆਪਾਲ ਮਲਿਕ ਨੇ ਫਿਰ ਮੋਦੀ ’ਤੇ ਚੁੱਕੇ ਸਵਾਲ

ਕਿਹਾ : ਖੇਤੀ ਕਾਨੂੰਨਾਂ ਬਾਰੇ ਪੀਐਮ ਨੂੰ ਮਿਲਿਆ ਤਾਂ ਉਹ ਬਹੁਤ ਘੁਮੰਡ ’ਚ ਸਨ
ਨਵੀਂ ਦਿੱਲੀ/ਬਿਊਰੋ ਨਿਊਜ਼
ਮੇਘਾਲਿਆ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਇਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ’ਤੇ ਸਿਆਸੀ ਹਮਲਾ ਕੀਤਾ ਹੈ। ਹਰਿਆਣਾ ਦੇ ਦਾਦਰੀ ਸਥਿਤ ਸਵਾਮੀ ਦਿਆਲ ਧਾਮ ਵਿਚ ਮੱਥਾ ਟੇਕਣ ਲਈ ਪਹੁੰਚੇ ਮਲਿਕ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦੌਰਾਨ ਉਹ ਪ੍ਰਧਾਨ ਮੰਤਰੀ ਨੂੰੂ ਮਿਲੇ ਸਨ। ਮਲਿਕ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਤਾਂ ਉਹ ਬਹੁਤ ਘੁਮੰਡ ਵਿਚ ਸਨ। ਮਲਿਕ ਨੇ ਇਹ ਵੀ ਕਿਹਾ ਕਿ ਜਦ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਫੀਡਬੈਕ ਸਹੀ ਨਹੀਂ ਦਿੱਤਾ ਗਿਆ।
ਸੱਤਿਆਪਾਲ ਮਲਿਕ ਮੇਘਾਲਿਆ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਰਾਜਪਾਲ ਰਹਿ ਚੁੱਕੇ ਹਨ ਅਤੇ ਉਹ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦੇ ਰਹੇ ਹਨ। ਦਾਦਰੀ ਵਿਚ ਉਨ੍ਹਾਂ ਨੂੰ ਫੋਗਾਟ ਖਾਪ ਨੇ ਸਨਮਾਨਿਤ ਵੀ ਕੀਤਾ। ਮਲਿਕ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਮਿਲਣ ਗਿਆ ਅਤੇ ਉਥੇ ਮੇਰੀ ਪ੍ਰਧਾਨ ਮੰਤਰੀ ਨਾਲ ਬਹਿਸ ਵੀ ਹੋਈ ਅਤੇ ਪ੍ਰਧਾਨ ਮੰਤਰੀ ਬਹੁਤ ਘੁਮੰਡ ਵਿਚ ਸਨ। ਮਲਿਕ ਨੇ ਕਿਹਾ ਕਿ ਜਦੋਂ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ 500 ਤੋਂ ਵੱਧ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਤਾਂ ਮੋਦੀ ਨੇ ਕੋਈ ਸਹੀ ਜਵਾਬ ਨਾ ਦਿੱਤਾ ਤੇ ਉਨ੍ਹਾਂ ਦੀ ਮੋਦੀ ਨਾਲ ਬਹਿਸ ਵੀ ਹੋ ਗਈ।
ਮਲਿਕ ਨੇ ਕਿਹਾ ਕਿ ਕਿਸਾਨ ਅੰਦੋਲਨ ਅਜੇ ਖਤਮ ਨਹੀਂ ਹੋਇਆ ਬਲਕਿ ਮੁਲਤਵੀ ਹੋਇਆ ਹੈ। ਕਿਸਾਨਾਂ ਨਾਲ ਕੋਈ ਵਿਤਕਰਾ ਹੋਇਆ ਤਾਂ ਇਹ ਅੰਦੋਲਨ ਦੋਬਾਰਾ ਫਿਰ ਸ਼ੁਰੂ ਹੋ ਸਕਦਾ ਹੈ। ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਐਮ.ਐਸ.ਪੀ. ’ਤੇ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਮਾਨਦਾਰੀ ਦਿਖਾਉਂਦੇ ਹੋਏ ਕਿਸਾਨਾਂ ’ਤੇ ਦਰਜ ਕੇਸ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਇਥੋਂ ਤੱਕ ਵੀ ਕਿਹਾ ਕਿ ਕਿਸਾਨਾਂ ਲਈ ਲੋੜ ਪਈ ਤਾਂ ਉਹ ਗਵਰਨਰ ਦੀ ਕੁਰਸੀ ਵੀ ਛੱਡ ਦੇਣਗੇ।

 

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …