Breaking News
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਨੇ ਸਲਾਨਾ ਸਮਾਰੋਹ ਵਿਚ ਕ੍ਰਿਸਮਸ ਤੇ ਨਵੇਂ ਸਾਲ ਦੀ ਆਮਦ ਦੀਆਂ ਖ਼ੁਸ਼ੀਆਂ ਸਾਂਝੀਆ ਕੀਤੀਆਂ

ਟੀ.ਪੀ.ਏ.ਆਰ. ਕਲੱਬ ਨੇ ਸਲਾਨਾ ਸਮਾਰੋਹ ਵਿਚ ਕ੍ਰਿਸਮਸ ਤੇ ਨਵੇਂ ਸਾਲ ਦੀ ਆਮਦ ਦੀਆਂ ਖ਼ੁਸ਼ੀਆਂ ਸਾਂਝੀਆ ਕੀਤੀਆਂ

ਐੱਮ.ਪੀ. ਮਨਿੰਦਰ ਸਿੱਧੂ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਸਕੂਲ-ਟਰੱਸਟੀ ਸੱਤਪਾਲ ਜੌਹਲ ਨੇ ਕੀਤੀ ਸ਼ਿਰਕਤ
ਮਿਸੀਸਾਗਾ/ਡਾ. ਝੰਡ : ਸਰੀਰਕ ਤੇ ਮਾਨਸਿਕ ਸਿਹਤ ਸੰਭਾਲ ਦਾ ਅਮਲੀ ਤੌਰ ‘ਤੇ ਸੁਨੇਹਾ ਦੇ ਰਹੀ ਬਰੈਂਪਟਨ ਵਿਚ ਪਿਛਲੇ ਦਸ ਸਾਲਾਂ ਤੋਂ ਸਰਗ਼ਰਮ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀ.ਪੀ.ਏ.ਆਰ. ਕਲੱਬ) ਨੇ ਆਪਣਾ ਸਲਾਨਾ ਸਮਾਰੋਹ ਲੰਘੇ ਸ਼ਨੀਵਾਰ 23 ਦਸੰਬਰ ਨੂੰ ਮਿਸੀਸਾਗਾ ਸਥਿਤ ਗਰੇਟਰ ਟੋਰਾਂਟੋ ਮੌਰਗੇਜ’ (ਜੀ.ਟੀ.ਐੱਮ.) ਆਫ਼ਿਸ ਦੇ ਪਿਛਲੇ ਹਿੱਸੇ ਵਿਚ ਬਣੇ ਹਾਲ ਵਿਚ ਬੜੀਆਂ ਖ਼ੁਸ਼ੀਆਂ ਤੇ ਚਾਵਾਂ ਨਾਲ ਡਿਨਰ ਦੇ ਰੂਪ ਵਿਚ ਮਨਾਇਆ। ਬਰੈਂਪਟਨ ਈਸਟ ਦੇ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ, ਬਰੈਂਪਟਨ ਸਿਟੀ ਕੌਂਸਲ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਵਾਰਡ 9-10 ਦੇ ਸਕੂਲ-ਟਰੱਸਟੀ ਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਾਈਸ-ਚੇਅਰਮੈਨ ਸੱਤਪਾਲ ਸਿੰਘ ਜੌਹਲ ਨੇ ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚ ਕੇ ਕਲੱਬ ਦੇ ਮੈਂਬਰਾਂ ਨਾਲ ਕ੍ਰਿਸਮਸ ਦੇ ਤਿਓਹਾਰ ਅਤੇ ਨਵੇਂ ਸਾਲ 2024 ਦੀ ਸ਼ੁਭ-ਆਮਦ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਦੌਰਾਨ ਆਪਣੇ ਸੰਬੋਧਨਾਂ ਵਿਚ ਜਿੱਥੇ ਮਨਿੰਦਰ ਸਿੱਧੂ ਨੇ ਫ਼ੈੱਡਰਲ ਸਰਕਾਰ ਦੀਆਂ ਅਤੇ ਹਰਕੀਰਤ ਸਿੰਘ ਨੇ ਬਰੈਂਪਟਨ ਦੀ ਸਥਾਨਕ ਸਰਕਾਰ ਦੀਆਂ ਇਸ ਸਾਲ ਦੀਆਂ ਮੁੱਖ ਪ੍ਰਾਪਤੀਆਂ ਦਾ ਸੰਖੇਪ ਵਿਚ ਜ਼ਿਕਰ ਕੀਤਾ, ਉੱਥੇ ਸੱਤਪਾਲ ਜੌਹਲ ਨੇ ਸਕੂਲੀ ਵਿਦਿਆਰਥੀਆਂ ਦੀਆਂ ਵਿਗੜ ਰਹੀਆਂ ਆਦਤਾਂ ਬਾਰੇ ਮਾਪਿਆਂ ਨੂੰ ਸੁਚੇਤ ਹੋਣ ਬਾਰੇ ਬੇਨਤੀ ਕੀਤੀ। ਉਨਾਂ ਕਿਹਾ ਕਿ ਮਾਪਿਆਂ ਵੱਲੋਂ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਲਿਜਾਣ ਲਈ ਫ਼ੋਨ ਬਿਲਕੁਲ ਨਹੀਂ ਦੇਣੇ ਚਾਹੀਦੇ ਅਤੇ ਘਰਾਂ ਵਿਚ ਵੀ ਉਨਾਂ ਵੱਲੋਂ ਵਰਤੇ ਜਾਣ ਵਾਲੇ ਫ਼ੋਨਾਂ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ।
ਡਾ. ਸੁਖਦੇਵ ਸਿੰਘ ਝੰਡ ਨੇ ਇਸ ਮੌਕੇ ਬੋਲਦਿਆਂ ਟੀਪੀਏਆਰ ਕਲੱਬ ਦੀਆਂ ਬਰੈਂਪਟਨ ਅਤੇ ਇਸ ਦੇ ਦੂਰ ਨੇੜੇ ਦੇ ਸ਼ਹਿਰਾਂ ਵਿਚ ਹੋਣ ਵਾਲੇ ਦੌੜਾਂ ਦੇ ਈਵੈਂਟਸ ਵਿਚ ਸਰਗ਼ਰਮੀ ਨਾਲ ਹਿੱਸਾ ਲੈਣ ਅਤੇ ਇਸ ਦੀ ਦਿਨੋਂ-ਦਿਨ ਵੱਧ ਰਹੀ ਲੋਕਪ੍ਰੀਅਤਾ ਬਾਰੇ ਜ਼ਿਕਰ ਕੀਤਾ। ਉਨਾਂ ਕਿਹਾ ਕਿ ਇਸ ਸਾਲ ਜੁਲਾਈ ਮਹੀਨੇ ਬਰੈਂਪਟਨ ਦੀਆਂ ਅੱਠ ਸਹਿਯੋਗੀ ਜੱਥੇਬੰਦੀਆਂ ਵੱਲੋਂ ਕਰਵਾਏ ਗਏ ‘ਇੰਸਪੀਰੇਸ਼ਨਲ ਸਟੈੱਪਸ-2023’ ਈਵੈਂਟ ਵਿਚ ਟੀਪੀਏਆਰ ਕਲੱਬ ਮੁੱਖ ਹਿੱਸੇਦਾਰ ਸੀ ਅਤੇ ਅਗਲੇ ਸਾਲ 19 ਮਈ ਨੂੰ ਹੋਣ ਵਾਲੀ ‘ਇੰਸਪੀਰੇਸ਼ਨਲ ਸਟੈੱਪਸ-2024’ ਵਿਚ ਵੀ ਉਹ ਆਪਣੀ ਮੁੱਖ ਭੂਮਿਕਾ ਨਿਭਾਏਗੀ। ਉਨਾਂ ਨਵੇਂ ਸਾਲ ਬਾਰੇ ਆਪਣੀ ਵਿਅੰਗਾਤਮਿਕ ਕਵਿਤਾ ‘ਸਾਡਾ ਕਾਹਦਾ ਨਵਾਂ ਸਾਲ’ ਵੀ ਸੁਣਾਈ। ਕਲੱਬ ਦੇ ਮੈਂਬਰ ਜੱਸੀ ਭੁੱਲਰ ਵੱਲੋਂ ਵੀ ਅੱਜ ਦੇ ਹਾਲਾਤ ਬਾਰੇ ਆਪਣੀ ਕਵਿਤਾ ਪੇਸ਼ ਕੀਤੀ ਗਈ।
ਇਸ ਮੌਕੇ ਕਲੱਬ ਦੇ ਸਰਗ਼ਰਮ ਮੈਂਬਰਾਂ ਮੈਰਾਥਨ-ਰੱਨਰ 65-ਸਾਲਾ ਧਿਆਨ ਸਿੰਘ ਸੋਹਲ ਅਤੇ ਸੀ. ਐੱਨ. ਟਾਵਰ ਦੀਆਂ 1776 ਪੌੜੀਆਂ 18 ਮਿੰਟ 23 ਸਕਿੰਟਾਂ ਵਿਚ ਚੜਨ ਵਾਲੇ 71-ਸਾਲਾ ਸੁਰਿੰਦਰ ਸਿੰਘ ਨਾਗਰਾ ਨੂੰ ਸ਼ਾਨਦਾਰ ਜੈਕਟਾਂ ਦੇ ਕੇ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਉਨਾਂ ਨੂੰ ਸਨਮਾਨਿਤ ਕਰਨ ਦੀ ਇਹ ਰਸਮ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਸਕੂਲ-ਟਰੱਸਟੀ ਸੱਤਪਾਲ ਜੌਹਲ ਵੱਲੋਂ ਕਲੱਬ ਦੇ ਅਹੁਦੇਦਾਰਾਂ ਤੇ ਸੀਨੀਅਰ ਮੈਂਬਰਾਂ ਵੱਲੋਂ ਮਿਲ ਕੇ ਨਿਭਾਈ ਗਈ।
ਸੁਰਿੰਦਰ ਸਿੰਘ ਨਾਗਰਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੰਚ ਦਾ ਸੰਚਾਲਣ ਕਰ ਰਹੇ ਮਨਜੀਤ ਨੋਟਾ ਨੇ ਦੱਸਿਆ ਕਿ ਜਿਉਂ-ਜਿਉਂ ਸੁਰਿੰਦਰ ਨਾਗਰਾ ਦੀ ਉਮਰ ਵੱਧਦੀ ਜਾ ਰਹੀ ਹੈ, ਤਿਉਂ-ਤਿਉਂ ਉਨਾਂ ਵਿਚ ਚੁਸਤੀ-ਫੁਰਤੀ ਦਾ ਵਾਧਾ ਹੋ ਰਿਹਾ ਹੈ।
ਉਨਾਂ ਦੱਸਿਆ ਕਿ ਸੁਰਿੰਦਰ ਨਾਗਰਾ ਨੇ 13 ਅਪ੍ਰੈਲ 2019 ਨੂੰ ਸੀ.ਐੱਨ. ਟਾਵਰ ਦੀਆਂ ਪੰੜੀਆਂ 19 ਮਿੰਟ 48 ਸਕਿੰਟਾਂ ਵਿਚ ਚੜੀਆਂ ਅਤੇ ਉਹ ਇਸ ਈਵੈਂਟ ਵਿਚ 3345 ਵਿਅੱਕਤੀਆਂ ਵਿਚੋਂ 640’ਵੇਂ ਸਥਾਨ ‘ਤੇ ਰਹੇ। ਇਸ ਸਾਲ ਅਪ੍ਰੈਲ 2023 ਵਿਚ ਉਨਾਂ ਨੇ ਇਹ 19 ਮਿੰਟ 22 ਸਕਿੰਟਾਂ ਵਿਚ ਚੜ ਕੇ 2771 ਵਿਅੱਕਤੀਆਂ ਵਿੱਚੋਂ 391’ਵਾਂ ਸਥਾਨ ਪ੍ਰਾਪਤ ਕੀਤਾਂ ਅਤੇ ਏਸੇ ਸਾਲ ਅਕੂਬਰ 2023 ਨੂੰ 18 ਮਿੰਟ 24 ਸਕਿੰਟਾਂ ਵਿਚ ਚੜ ਕੇ 2127 ਵਿਅੱਕਤੀਆਂ ਵਿਚੋਂ 233’ਵੇਂ ਸਥਾਨ ‘ਤੇ ਆ ਕੇ ਨਾ ਕੇਵਲ ਆਪਣਾ ਹੀ ਰਿਕਾਰਡ ਤੋੜਿਆ, ਸਗੋਂ ਇਸ ਨਾਲ ਇਹ ਵੀ ਸਾਬਤ ਕਰ ਦਿੱਤਾ ਕਿ ਉਮਰ ਦੇ ਵੱਧਣ ਨਾਲ ਮਨੁੱਖੀ ਸਰੀਰ ਨੂੰ ਹੋਰ ਵੀ ਰਿਸ਼ਟ-ਪੁਸ਼ਟ ਅਤੇ ਤੰਦਰੁਸਤ ਰੱਖਿਆ ਜਾ ਸਕਦਾ ਹੈ। ਇਸ ਮੌਕੇ ਕਲੱਬ ਵੱਲੋਂ ਇਸ ਮੌਕੇ ਖਾਣ-ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਅਤੇ ਹੱਸਣ-ਖੇਡਣ ਅਤੇ ਖ਼ੁਸੀਆਂ ਮਨਾਉਣ ਦਾ ਇਹ ਸਿਲਸਿਲਾ ਕਾਫ਼ੀ ਦੇਰ ਤੱਕ ਚੱਲਦਾ ਰਿਹਾ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਕਲੱਬ ਦੀਆਂ ਸਰਗ਼ਰਮੀਆਂ ਨੂੰ ਬਹੁਤ ਸਾਰੇ ਬਿਜ਼ਨੈੱਸ-ਅਦਾਰਿਆਂ ਵੱਲੋਂ ਹੱਲਾਸ਼ੇਰੀ ਦੇ ਕੇ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਿੱਥੇ ਜੀ.ਟੀ.ਐੱਮ. ਰੌਜਰਜ਼ ਟਾਇਰ ਅਤੇ ਹੋਰ ਕਈ ਬਿਜ਼ਨੈੱਸ ਅਦਾਰੇ ਪਿਛਲੇ ਕਈ ਸਾਲਾਂ ਤੋਂ ਇਸ ਦੀ ਲਗਾਤਾਰ ਹੌਸਲਾ-ਅਫ਼ਜ਼ਾਈ ਕਰ ਰਹੇ ਹਨ, ਉੱਥੇ ਇਸ ਸਾਲ ‘ਲਾਇਟੋ ਇੰਮੀਗਰੇਸ਼ਨ ਲਿਮਿਟਡ’ ਦੇ ਵਿਸ਼ਾਲ ਸੈਣੀ, ‘ਵਾਈਟਕਲਿੱਫ਼ ਹੋਮਜ਼’ ਦੇ ਗੁਰਪ੍ਰੀਤ ਬੈਂਸ, ‘ਕੌਨਿਕਸ ਇੰਨਸ਼ੋਅਰੈਂਸ’ ਦੇ ਤਜਿੰਦਰ ਬੇਦੀ ਅਤੇ ‘ਐੱਕਸਲ ਇੰਨਸ਼ੋਅਰੈਂਸ’ ਦੇ ਕੁਲਦੀਪ ਸਿੰਘ ਚਾਹਲ ਜਿਨਾਂ ਦਾ ਬੇਟਾ ਤਰਨਪ੍ਰੀਤ ਚਾਹਲ ਪੀ.ਸੀ. ਪਾਰਟੀ ਵੱਲੋਂ ਅਗਲੀ ਐੱਮ.ਪੀ. ਚੋਣ ਲਈ ਬਰਲਿੰਗਟਨ ਤੋਂ ਨੌਮੀਨੇਸ਼ਨ ਲਈ ਚੋਣ ਲੜ ਰਿਹਾ ਹੈ, ਨੇ ਵੀ ਇਸ ਹੱਲਾਸ਼ੇਰੀ ਵਿਚ ਭਰਪੂਰ ਹਿੱਸਾ ਪਾਇਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …