ਬਰੈਂਪਟਨ : ਪਿੱਛਲੇ ਕਈ ਵਰ੍ਹਿਆਂ ਤੋਂ ਸਾਡੀਆਂ ਸੀਨੀਅਰਜ਼ ਕਲੱਬਾਂ ਹਰੇ ਰਾਮਾ ਹਰੇ ਕ੍ਰਿਸ਼ਨ ਮਿਸ਼ਨ ਵਲੋਂ ਕਰਵਾਏ ਜਾਂਦੇ ਭਾਰਤੀ ਮੇਲੇ ਦਾ ਅਨੰਦ ਮਾਣ ਰਹੀਆਂ ਹਨ। ਇਹ ਮੇਲਾ ਹਰ ਸਾਲ ਜੁਲਾਈ ਮਹੀਨੇ ਦੇ ਮੱਧ ਵਿੱਚ ਸੈਂਟਰ ਆਈਲੈਂਡ ਟੋਰਾਂਟੋ ਵਿਖੇ ਮਨਾਇਆ ਜਾਂਦਾ ਸੀ ਪ੍ਰੰਤੂ ਐਤਕੀਂ ਉਥੇ ਜ਼ਿਆਦਾ ਪਾਣੀ ਹੋਣ ਕਰਕੇ ਇੱਸ ਨੂੰ ਸ਼ੈਰਬੋਰਨ ਕਾਮਨ ਪਾਰਕ ਵਿੱਚ ਮਨਾਇਆ ਗਿਆ। ਇਹ ਸਥਾਨ ਉੱਤਰ ਵਾਲੇ ਪਾਸੇ ਅਸਮਾਨ ਨੂੰ ਛੂੰਹਦੀਆਂ ਇਮਾਰਤਾਂ ਅਤੇ ਦੱਖਣ ਵਿੱਚ ਸਮੁੰਦਰ ਵਰਗੀ ਲੇਕ ਵਿੱਚ ਘਿਰਿਆ ਹੋਇਆ ਹੈ। ਇਸ ਰਮਣੀਕ ਪਾਰਕ ਦਾ ਨਜ਼ਾਰਾ ਤੱਕਣ ਲਈ ਅਤੇ ਮਿਸ਼ਨ ਦੇ ਪ੍ਰੋਗਰਾਮ ਸੁਣਨ ਲਈ ਕਾਲਡਰਸਟੋਨ ਸੀਨੀਅਰਜ਼ ਕਲੱਬ ਨੇ 16 ਜੁਲਾਈ ਦਿਨ ਐਤਵਾਰ ਨੂੰ ਇਸ ਸਥਾਨ ਦਾ ਚੱਕਰ ਲਗਾਇਆ।
ਬੱਸ ਨੇ 10 ਵਜੇ ਚੱਲਣਾ ਸੀ ਪਰ ਸਾਥੀਆਂ ਨੂੰ ਚਾਅ ਹੀ ਏਨਾ ਸੀ ਕਿ ਉਹ ਅੱਧਾ ਘੰਟਾ ਪਹਿਲਾਂ ਹੀ ਆ ਗਏ ਤੇ ਤੁਰਨ ਤੋਂ ਪਹਿਲਾਂ ਯਾਦਗਾਰੀ ਫੋਟੋ ਖਿੱਚਵਾਈਆਂ। ਸਾਰੇ ਮਰਦ ਅਤੇ ਔਰਤਾਂ ਪੂਰੀ ਤਿਆਰੀ ਵਿੱਚ ਸਨ ਜਿਵੇਂ ਕਿਸੇ ਪਾਰਟੀ ਤੇ ਜਾਣਾ ਹੋਵੇ ਅਤੇ ਬੱਸ ਵਿੱਚ ਬੈਠਦਿਆਂ ਹੀ ਗੱਲਾਂ ਬਾਤਾਂ ਵਿੱਚ ਮਗਨ ਹੋ ਗਏ। ਤਕਰੀਬਨ ਇੱਕ ਘੰਟੇ ਵਿੱਚ ਬੱਸ ਨੇ ਮੈਂਬਰਜ਼ ਨੂੰ ਸ਼ੈਰਬੋਰਨ ਪਾਰਕ ਵਿੱਚ ਪਹੁੰਚਾ ਦਿੱਤਾ। ਹੁਣ ਸਾਰੇ ਹੀ ਛੋਟੇ ਛੋਟੇ ਗਰੁਪਾਂ ਵਿੱਚ ਹੋ ਗਏ ਅਤੇ ਮਨ ਚਾਹੇ ਤਰੀਕੇ ਨਾਲ ਅਨੰਦ ਮਾਨਣ ਲਈ ਤੁਰ ਪਏ। ਹਰੇ ਰਾਮਾ ਮਿਸ਼ਨ ਵੱਲੋਂ ਫਰੀ ਭੋਜਨ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਹੜਾ ਕਿ ਕਾਬਲੇ ਤਾਰੀਫ ਸੀ। ਸੋ ਸਾਰੇ ਸੱਜਣਾਂ ਨੇ ਇੱਸ ਫਰੀ ਫੀਸਟ ਦਾ ਅਨੰਦ ਮਾਣਿਆ। ਖਾਣੇ ਤੋਂ ਬਾਅਦ ਬਹੁਤ ਸਾਰੇ ਆਦਮੀ ਤਾਂ ਮਿਸ਼ਨ ਦਾ ਪ੍ਰੋਗਰਾਮ ਦੇਖਣ ਸੁਣਨ ਲੱਗ ਪਏ ਪਰ ਬੀਬੀਆਂ ਨੇ ਗਿੱਧਾ ਅਤੇ ਬੋਲੀਆਂ ਪਾ-ਪਾ ਕੇ ਮਨ ਦੀ ਖੁਸ਼ੀ ਪ੍ਰਾਪਤ ਕੀਤੀ। ਸਮਾਂ ਸੀਮਤ ਸੀ ਅਤੇ ਠੀਕ ਪੰਜ ਵਜੇ ਵਾਪਸੀ ਲਈ ਬੱਸ ਵਿੱਚ ਬੈਠਣ ਲਈ ਮਜਬੂਰ ਹੋ ਗਏ। ਬੱਸ ਨੇ ਸਾਰੇ ਸਾਥੀਆਂ ਨੂੰ ਠੀਕ 6 ਵਜੇ ਕਾਲਡਰਸਟੋਨ ਪਾਰਕ ਵਿੱਚ ਉਤਾਰ ਦਿੱਤਾ। ਬੱਸ ਵਿੱਚੋਂ ਉਤਰਨ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਡਾ. ਸੋਹਨ ਸਿੰਘ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ । ਉਹਨਾਂ ਨੇ ਦੱਸਿਆ ਕਿ ਕਲੱਬ ਵੱਲੋਂ 6 ਅਗਸਤ ਨੂੰ ਨਿਆਗਰਾ ਫਾਲਜ਼ ਦਾ ਟੂਅਰ ਲਗਾਇਆ ਜਾਵੇਗਾ ਜਿੱਸ ਵਾਸਤੇ ਮੈਂਬਰਜ਼ ਪੈਸੇ ਦੇ ਕੇ ਆਪਣੀ ਸੀਟ ਪੱਕੀ ਕਰ ਸਕਦੇ ਹਨ ।
ਹੋਰ ਜਾਣਕਾਰੀ ਲਈ ਫੋਨ ਕਰੋ ਡਾ.ਸੋਹਨ ਸਿੰਘ 416 371 1315 ਜਾਂ ਰੇਸ਼ਮ ਸਿੰਘ ਦੋਸਾਂਧ 416 616 4555
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਿਟੀ ਹਾਲ ‘ਚ ਬੁਲਾ ਕੇ ਕੀਤਾ ਗਿਆ ਸਨਮਾਨਿਤ
ਜੀਟੀਐੱਮ ਨੇ ਹਰਜੀਤ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਬਰੈਂਪਟਨ/ਡਾ. ਝੰਡ : ਅਮਰੀਕਾ ਦੇ ਮਸ਼ਹੂਰ …