Breaking News
Home / ਕੈਨੇਡਾ / ਪੰਜਾਬੀ ਭਵਨ ਟੋਰਾਂਟੋ ਵਿਖੇ ਐੱਸ.ਵਾਈ.ਐੱਲ. ਗੰਭੀਰ ਮਸਲੇ ‘ਤੇ ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਦਾ ਹੋਇਆ ਵਿਸ਼ੇਸ਼ ਭਾਸ਼ਣ

ਪੰਜਾਬੀ ਭਵਨ ਟੋਰਾਂਟੋ ਵਿਖੇ ਐੱਸ.ਵਾਈ.ਐੱਲ. ਗੰਭੀਰ ਮਸਲੇ ‘ਤੇ ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਦਾ ਹੋਇਆ ਵਿਸ਼ੇਸ਼ ਭਾਸ਼ਣ

ਬਰੈਂਪਟਨ/ਡਾ.ਝੰਡ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫ਼ੈਸਰ ਅਤੇ ਸੈਂਟਰ ਫ਼ਾਰ ਰੀਸਰਚ ਇਨ ਰੂਰਲ ਡਿਵੈੱਲਪਮੈਂਟ ਦੇ ਡਾਇਰੈਕਰ ਪ੍ਰਸਿੱਧ ਅਰਥ-ਸ਼ਾਸਤਰੀ ਡਾ ਸੁੱਚਾ ਸਿੰਘ ਗਿੱਲ ਨੇ ਪੰਜਾਬ ਅਤੇ ਹਰਿਆਣਾ ਵਿਚ ਪਾਣੀਆਂ ਦੀ ਵੰਡ ਤੇ ‘ਸਤਲੁਜ-ਯਮਨਾ ਲਿੰਕ ਨਹਿਰ’ ਦੇ ਗੁੰਝਲਦਾਰ ਮਸਲੇ ਬਾਰੇ ਚੋਣਵੇਂ ਸਰੋਤਿਆਂ ਦੇ ਸਾਹਮਣੇ ਵਿਸ਼ੇਸ਼ ਲੈੱਕਚਰ ਦਿੱਤਾ। ਕੇਵਲ ਇੱਕ ਦਿਨ ਪਹਿਲਾਂ ਹੀ ਇਸ ਪ੍ਰੋਗਰਾਮ ਦੇ ਤੈਅ ਹੋਣ ਕਾਰਨ ਬਹੁਤ ਸਾਰੇ ਚਾਹਵਾਨ ਵਿਅੱਕਤੀੰਆਂ ਨੂੰ ਇਸ ਦੇ ਬਾਰੇ ਅਗਾਊਂ-ਸੂਚਨਾ ਨਾ ਮਿਲਣ ਕਰਕੇ ਇਸ ਨੂੰ ਸੁਣਨ ਲਈ ਨਾ ਪਹੁੰਚ ਸਕੇ। ਫਿਰ ਵੀ ਹੌਲੀ-ਹੌਲੀ ਹਾਲ ਦੀਆਂ ਤਕਰੀਬਨ ਸਾਰੀਆਂ ਕੁਰਸੀਆਂ ਭਰ ਗਈਆਂ। ਲੈੱਕਚਰ ਦੌਰਾਨ ਲੱਗਭੱਗ ਪੌਣਾ ਘੰਟਾ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਗਿੱਲ ਨੇ ਕਿਹਾ ਕਿ ਇਸ ਮਸਲੇ ਦੇ ਪੇਚੀਦਗੀ ਦੇ ਕਈ ਕਾਰਨ ਹਨ ਜਿਨ੍ਹਾਂ ਵਿਚ ਪ੍ਰਮੁੱਖ ਬੁੱਧੀਜੀਵੀ ਵਰਗ ਵੱਲੋਂ ਤੱਥਾਂ ਅਤੇ ਅੰਕੜਿਆਂ ਦੇ ਆਧਾਰ ‘ਤੇ ਆਮ ਲੋਕਾਂ ਤੇ ਸਿਆਸੀ ਨੇਤਾਵਾਂ ਨੂੰ ਜਾਗਰੂਕ ਨਾ ਕਰ ਸਕਣਾ, ਸਿਆਸੀ ਆਗੂਆਂ ਵੱਲੋਂ ਮੌਕਾ-ਪ੍ਰਸਤ ਰਾਜਸੀ ਖੇਡਾਂ ਖੇਡ ਕੇ ਆਪਣੀਆਂ ‘ਕੁਰਸੀਆਂ’ ਕਾਇਮ ਰੱਖਣੀਆਂ ਅਤੇ ਅਦਾਲਤੀ ਹੱਲਾਂ ਦੀ ਝਾਕ ਵਿਚ ਕਿਸੇ ਯੋਗ ਹੱਲ ਤੋਂ ਪਹਿਲਾਂ ਹੀ ਇਸ ਕੇਸ ਨੂੰ ਸੁਪਰੀਮ ਕੋਰਟ ਵਿੱਚੋਂ ਵਾਪਸ ਲੈ ਲੈਣਾ, ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਾਣੀਆਂ ਦੀ ਵੰਡ ਦਾ ਇਤਿਹਾਸਕ ਪਰਿਪੇਖ ਕਿਸੇ ਸਮੇਂ ਇਸ ਦੀ ‘ਬਹੁਤਾਤ’ ਨਾਲ ਵੀ ਜੁੜਦਾ ਹੈ ਜਦੋਂ ਉਸ ਸਮੇਂ ਪੰਜਾਬ ਵਿਚ ਪਈ ਸੇਮ ਦੀ ਸਮੱਸਿਆ ਦੇ ਹੱਲ ਲਈ ਭਾਰਤ ਸਰਕਾਰ ਵੱਲੋਂ 1960 ਵਿਚ ਪਾਕਿਸਤਾਨ ਸਰਕਾਰ ਨਾਲ ‘ਇੰਡੱਸ ਵਾਟਰ ਟਰੀਟੀ’ ਕੀਤੀ ਜਿਸ ਤਹਿਤ ਪੰਜਾਬ ਦੇ ਹਿੱਸੇ ਆਉਂਦੇ ਤਿੰਨ ਦਰਿਆਵਾਂ ਦੇ 80% ਪਾਣੀ ਨੂੰ ਪਾਕਿਸਤਾਨ ਵੱਲ ਛੱਡਣ ਦੀ ਸਹਿਮਤੀ ਪ੍ਰਗਟਾਈ ਗਈ ਸੀ। ਫਿਰ ਹਾਲਾਤ ਨੇ ਅਜਿਹਾ ਮੋੜ ਖਾਧਾ ਕਿ ‘ਪੰਜਾਬ ਰੀ-ਆਰਗੇਨਾਈਜ਼ੇਸ਼ਨ ਐਕਟ-1966’ ਦੇ ਸੈਕਸ਼ਨ 78 ਤਹਿਤ ਇਹ ਦਰਜ ਕੀਤਾ ਗਿਆ ਕਿ ਭਾਖੜਾ ਮੈਨੇਜਮੈਂਟ ਬੋਰਡ ਅਤੇ ਹੈੱਡ-ਵਰਕਸ ਦਾ ਕੰਟਰੋਲ ਕੇਂਦਰ ਸਰਕਾਰ ਕੋਲ ਰਹੇਗਾ। ਇਸ ਐਕਟ ਨੂੰ ਹੀ ਆਧਾਰ ਬਣਾ ਕੇ ਹਰਿਆਣੇ ਨੇ ਪੰਜਾਬ ਤੋਂ 4.8 ਮਿਲੀਅਨ ਏਕੜ ਫੁੱਟ ਪਾਣੀ ਦੀ ਮੰਗ ਸ਼ੁਰੂ ਕਰ ਦਿੱਤੀ, ਜਦਕਿ ਪੰਜਾਬ ਅਨੁਸਾਰ ਹਰਿਆਣੇ ਨੂੰ ਕੇਵਲ 1.9 ਮਿਲੀਅਨ ਏਕੜ ਪਾਣੀ ਦੇਣਾ ਹੀ ਵਾਜਬ ਬਣਦਾ ਸੀ। ਡਾ. ਗਿੱਲ ਨੇ ਕਿਹਾ ਕਿ 1970ਵਿਆਂ ਵਿਚ ਹਰਿਆਣੇ ਦੇ ਮੁੱਖ ਮੰਤਰੀ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਫ਼ੀ ਨਜ਼ਦੀਕ ਹੋਣ ਕਾਰਨ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ 3.5 ਮਿਲੀਅਨ ਏਕੜ ਪਾਣੀ ਹਰਿਆਣੇ ਨੂੰ ਦੇਣ ਲਈ ਮਨਾ ਲਿਆ। ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ, ਦਰਬਾਰਾ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਰਹੇ ਪਰ ਉਨ੍ਹਾਂ ਵੱਲੋਂ ਵੀ ਆਮ ਜਨਤਾ ਦੇ ਸਾਹਮਣੇ ਦਿੱਤੇ ਗਏ ਬਿਆਨਾਂ ਅਤੇ ਸਬੰਧਿਤ ਦਸਤਾਵੇਜ਼ਾਂ ਵਿਚ ਦਰਜ ਤੱਥਾਂ ਦਰਮਿਆਨ ਭਾਰੀ ਫ਼ਰਕ ਰਿਹਾ। ਡਾ. ਗਿੱਲ ਅਨੁਸਾਰ, ਦਰਅਸਲ ਅੱਜਕੱਲ੍ਹ ਪਾਣੀ ਕਿੱਲਤ ਏਨੀ ਵੱਧ ਗਈ ਹੈ ਕਿ ਇਸ ਦਾ ਹੱਲ ਪੰਜਾਬ ਤੇ ਹਰਿਆਣੇ ਵਿਚਕਾਰ ਪਾਣੀਆਂ ਦੀ ਵੰਡ ਨਾਲ ਕੋਈ ਸਬੰਧ ਨਹੀਂ ਹੈ।
ਉਪਰੰਤ, ਡਾ. ਗਿੱਲ ਵੱਲੋਂ ਕਈ ਸਰੋਤਿਆਂ ਵੱਲੋਂ ਇਸ ਗੰਭੀਰ ਸਮੱਸਿਆ ਪ੍ਰਤੀ ਉਠਾਏ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਉੱਘੇ ਵਕੀਲ ਵਿਪਨਦੀਪ ਮਰੋਕ, ਪ੍ਰਸਿੱਧ ਪੱਤਰਕਾਰ ਸ਼ਮੀਲ ਜਸਵੀਰ ਤੇ ਲਵੀਨ ਗਿੱਲ ਦੇ ਸਾਂਝੇ ਯਤਨਾਂ ਨਾਲ ਆਯੋਜਿਤ ਕੀਤੇ ਗਏ ਇਸ ਭਾਵਪੂਰਤ ਲੈੱਕਚਰ ਦੇ ਸਰੋਤਿਆਂ ਵਿਚ ਨਵਤੇਜ ਭਾਰਤੀ ਤੇ ਅਜਮੇਰ ਰੋਡੇ ਭਰਾਵਾਂ ਦੀ ਜੋੜੀ, ਬਲਰਾਜ ਚੀਮਾ, ਪ੍ਰੋ. ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਗੁਰਦੇਵ ਸਿੰਘ ਮਾਨ, ਇੰਦਰਜੀਤ ਸਿੰਘ ਬੱਲ, ਬਲਰਾਜ ਦਿਓਲ, ਹਰਜੀਤ ਬਾਜਵਾ, ਪ੍ਰੋ.ਜਗੀਰ ਸਿੰਘ ਕਾਹਲੋਂ, ਰਾਜ ਝੱਜ, ਵਕੀਲ ਹਰਮਿੰਦਰ ਸਿੰਘ ਢਿੱਲੋਂ, ਡਾ.ਬਲਵਿੰਦਰ ਧਾਲੀਵਾਲ ਤੇ ਕਈ ਹੋਰ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …