ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ ਦੇ ਸ਼ਹਿਰ ਐਬਸਫੋਰਡ ਬੀਸੀ ਵਿਖੇ 40ਵੇਂ ਵਰੇ ‘ਤੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਮੌਕੇ ‘ਤੇ ਵੱਡੀ ਦਾਦਾਦ ਵਿੱਚ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ ਅਤੇ ਖੂਨਦਾਨ ਕੀਤਾ। ਇਸ ਇਸ ਮੌਕੇ ‘ਤੇ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ।
26 ਸਾਲਾਂ ਤੋਂ ਸਿੱਖ ਕੌਮ ਵੱਲੋਂ ਕੈਨੇਡਾ ਸਮੇਤ ਦੁਨੀਆ ਭਰ ਵਿੱਚ ਇਹ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਹੁਣ ਤੱਕ ਕੈਨੇਡਾ ਅੰਦਰ ਦੋ ਲੱਖ ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਕੈਨੇਡੀਅਨ ਬਲੱਡ ਸਰਵਿਸਜ਼ ਵਲੋਂ ਇਸ ਕਾਰਜ ਨੂੰ ਦੇਸ਼ ‘ਚ ‘ਸਭ ਤੋਂ ਵੱਡੀ ਖੂਨਦਾਨ ਲਹਿਰ’ ਕਰਾਰ ਦਿੰਦਿਆਂ ਸਨਮਾਨਿਤ ਕੀਤਾ ਗਿਆ ਹੈ। ਕੈਨੇਡਾ ਭਰ ‘ਚ ਇਹ ਉਪਰਾਲਾ 1999 ‘ਚ ਅਰੰਭ ਹੋਇਆ ਸੀ। ਵੈਨਕੂਵਰ, ਟਰਾਂਟੋ, ਮਾਂਟਰੀਅਲ, ਐਡਮਿੰਟਨ, ਕੈਲਗਰੀ, ਵਿਨੀਪੈੱਗ, ਸਰੀ, ਐਬਸਫੋਰਡ, ਕਲੋਨਾ, ਕੈਮਲੂਪਸ, ਵਿਲੀਅਮਸ ਲੇਕ, ਸਸਕੈਚਵਿਨ, ਵਿਕਟੋਰੀਆ ਅਤੇ ਕੈਨੇਡਾ ਦੀ ਰਾਜਧਾਨੀ ਔਟਵਾ ਤੱਕ ਇਸ ਲਹਿਰ ‘ਚ ਬੇਮਿਸਾਲ ਉਤਸ਼ਾਹ ਹੈ।
ਨਵੰਬਰ ਦੇ ਪਹਿਲੇ ਹਫਤੇ ਵਿਚ ਐਬਸਫੋਰਡ ਸਮੇਤ ਵੱਖ-ਵੱਖ ਸ਼ਹਿਰਾਂ ‘ਚ ਲੱਗੇ ਖੂਨਦਾਨ ਕੈਂਪਾਂ ਰਾਹੀਂ ਸਿੱਖ ਕੌਮ ਨੇ ਇਹ ਸਾਬਤ ਕਰ ਦਿੱਤਾ ਕਿ ਸੰਸਾਰ ਪੱਧਰ ‘ਤੇ ਕੌਮੀ ਅਕਸ ਮਹਾਨ ਰੂਪ ‘ਚ ਉਜਾਗਰ ਕਰਨ ਲਈ ਜਿਥੇ ਇਹ ਉਪਰਾਲਾ ਇਤਿਹਾਸਕ ਹੈ, ਉਥੇ 40 ਸਾਲ ਪਹਿਲਾਂ ਹੋਈ ਸਿੱਖ ਨਸਲਕੁਸ਼ੀ ਦੀ ਪੀੜਾ ਨੂੰ ਵੀ ਸੰਸਾਰ ਸਾਹਮਣੇ ਰੱਖਣ ਦਾ ਬਿਹਤਰੀਨ ਤਰੀਕਾ ਹੈ।
ਖੂਨ ਡੋਲ੍ਹ ਕੇ ਅਤੇ ਜਾਨਾਂ ਲੈ ਕੇ ਜ਼ੁਲਮ ਕਰਨ ਵਾਲਿਆਂ ਦੀ ਕੋਹਝੀ ਅਸਲੀਅਤ ਦੁਨੀਆ ਅੱਗੇ ਰੱਖਣ ਦਾ ਇਸ ਤੋਂ ਬਿਹਤਰੀਨ ਢੰਗ ਕੀ ਹੋ ਸਕਦਾ ਹੈ ਕਿ ਨਸਲਕੁਸ਼ੀ ਦੀ ਪੀੜ੍ਹਤ ਸਿੱਖ ਕੌਮ ਨਾਲ ਸਬੰਧਤ ਲੋਕ, ਅੱਜ ਵੀ ਜਦੋ-ਜਹਿਦ ਕਰਦੇ ਖ਼ੂਨਦਾਨ ਦੇ ਕੇ ਲੱਖਾਂ ਜਾਨਾਂ ਬਚਾ ਰਹੇ ਹਨ। ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਸੰਤਾਪ ਨੂੰ ਕੌਮਾਂਤਰੀ ਮੰਚ ਤੇ ਮਹਾਂ-ਦੁਖਾਂਤ ਦੇ ਰੂਪ ਵਿੱਚ ਪੇਸ਼ ਕਰਨ ਵਾਲੀ ਖੂਨਦਾਨ ਲਹਿਰ ਅਸਟ੍ਰੇਲੀਆ, ਅਮਰੀਕਾ, ਫਰਾਂਸ, ਇੰਗਲੈਂਡ ਅਤੇ ਦੁਨੀਆ ਦੇ ਕਰੀਬ 122 ਦੇਸ਼ਾਂ ‘ਚ ਫੈਲ ਚੁੱਕੀ ਹੈ। ਉਹ ਦਿਨ ਦੂਰ ਨਹੀਂ ਜਦੋਂ ਯੂਨਾਇਟਡ ਨੇਸ਼ਨ ‘ਚ ਮਨੁੱਖੀ ਅਧਿਕਾਰਾਂ ਲਈ ਸਮਰਪਿਤ ਕਾਰਜਾਂ ਦੀ ਸੂਚੀ ‘ਚ ਸਿੱਖ ਕੌਮ ਦੀ ਖੂਨਦਾਨ ਲਹਿਰ ਦਾ ਜ਼ਿਆਦਾ ਥਾਂ ਹੋਵੇਗਾ। ਸੰਯੁਕਤ ਰਾਸ਼ਟਰ ‘ਚ ਜਦੋਂ ਕਿਤੇ ਮਾਨਵਵਾਦੀ ਸੇਵਾ ਦੇ ਮਹਾਨ ਕਾਰਜ ਦੀ ਗੱਲ ਤੁਰੇਗੀ, ਉਦੋਂ ਹੀ ਨਵੰਬਰ ਉਨੀ ਸੌ ਚੁਰਾਸੀ ਵਿੱਚ ਭਾਰਤ ਅੰਦਰ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਲਹੂ ਡੋਲਣ ਵਾਲਿਆਂ ਨੂੰ ਲਾਹਣਤਾਂ ਪਾਈਆਂ ਜਾਣਗੀਆਂ ਅਤੇ 40 ਸਾਲਾਂ ਮਗਰੋਂ ਵੀ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਲਈ ਭਾਰਤ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੂੰ ਸ਼ਰਮਸਾਰ ਹੋਣਾ ਪਵੇਗਾ। ਸਿੱਖ ਨਸਲਕੁਸ਼ੀ ਦੇ ਨਾ ਭੁੱਲਣ ਯੋਗ, ਨਾ ਬਖਸ਼ਣ ਯੋਗ ਦੁਖਾਂਤ ਨੂੰ ਚੇਤੇ ਕਰਦਿਆਂ ਹੋਇਆਂ, ਜਾਨਾਂ ਬਚਾਉਣ ਦਾ ਇਹ ਉਪਰਾਲਾ ਇਤਿਹਾਸ ਦਾ ਸੁਨਹਿਰੀ ਅਧਿਆਇ ਹੈ। ਖਰਾਬ ਮੌਸਮ ਦੇ ਬਾਵਜੂਦ ਸਿੱਖ ਕੌਮ ਦੀ ਖੂਨਦਾਨ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲਣਾ ਸਿੱਖੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋ ਨਿਬੜਿਆ ਹੈ।