ਮਾਣਯੋਗ ਮੰਤਰੀ ਫ਼ਿਲੋਮੇਨਾ ਨੇ ਹਾਜ਼ਰੀ ਭਰੀ
ਬਰੈਂਪਟਨ : ਨਵੀਂ ਬਣੀ ਸੀਨੀਅਰਜ਼ ਦੀ ਮੰਤਰੀ ਮਾਣਯੋਗ ਫ਼ਿਲੋਮੇਨਾ ਤਾਸੀ ਨੇ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਤੇ ਬਰੈਂਪਟਨ ਨੌਰਥ ਦੀ ਐੱਮ.ਪੀ. ਰੂਬੀ ਸਹੋਤਾ ਦੇ ਨਾਲ ਕਰਿੱਸ ਗਿਬਸਨ ਰੀਕਰੀਏਸ਼ਨ ਸੈਂਟਰ ਵਿਚ ਲੰਘੇ ਐਤਵਾਰ ਸ਼ਾਮ ਨੂੰ ਸੀਨੀਅਰਜ਼ ਦੀਆਂ ਸੰਸਥਾਵਾਂ ਨਾਲ ਹੋਈ ਟਾਊਨ ਹਾਲ ਮੀਟਿੰਗ ਵਿਚ ਕਈ ਅਹਿਮ ਮਸਲੇ ਵਿਚਾਰੇ। ਮੀਟਿੰਗ ਵਿਚ 100 ਤੋਂ ਵਧੇਰੇ ਸੀਨੀਅਰਜ਼ ਸ਼ਾਮਲ ਹੋਏ ਜੋ ਬਰੈਂਪਟਨ ਦੇ 30 ਸੀਨੀਅਰਜ਼ ਗਰੁੱਪਾਂ ਦੀ ਨੁਮਾਇੰਦਗੀ ਕਰ ਰਹੇ ਸਨ। ਉਨ੍ਹਾਂ ਨੇ ਮਾਣਯੋਗ ਮੰਤਰੀ ਨਾਲ ਆਪਣੇ ਵਿਚਾਰ ਅਤੇ ਮੁਸ਼ਕਲਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਵਿਚਾਰ ਵੀ ਸੁਣੇ ਕਿ ਫੈੱਡਰਲ ਸਰਕਾਰ ਉਨ੍ਹਾਂ ਲਈ ਹਾਊਸਿੰਗ, ਸਿਹਤ ਸੰਭਾਲ ਅਤੇ ਗ਼ਰੀਬੀ ਦੂਰ ਕਰਨ ਲਈ ਕੀ ਕੁਝ ਕਰ ਰਹੀ ਹੈ।
ਮੀਟਿੰਗ ਵਿਚ ਆਪਣੇ ਵਿਚਾਰ ਪੇਸ਼ ਕਰਦੇ ਹੋਏ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਸੀਨੀਅਰਜ਼ ਸਾਡੀਆਂ ਕਮਿਊਨਿਟੀਆਂ ਦੇ ਥੰਮ੍ਹ ਹਨ ਅਤੇ ਉਹ ਸਾਰੀ ਉਮਰ ਸਖ਼ਤ ਮਿਹਨਤ ਕਰਨ ਤੋਂ ਬਾਅਦ ਆਪਣੀ ਸੁਰੱਖਿਅਤ ਅਤੇ ਮਾਣ-ਮੱਤੀ ਰਿਟਾਇਰਮੈਂਟ ਮਾਨਣ ਦੇ ਹੱਕਦਾਰ ਹਨ। ਏਸੇ ਲਈ ਹੀ ਇਹ ਟਾਊਨ ਹਾਲ ਮੀਟਿੰਗ ਅਹਿਮ ਹੈ। ਇਸ ਨਾਲ ਸਾਨੂੰ ਉਨ੍ਹਾਂ ਦੇ ਮੁੱਦਿਆਂ ਅਤੇ ਮਸਲਿਆਂ ਦੇ ਬਾਰੇ ਸਿੱਧੇ ਤੌਰ ‘ਤੇ ਸੁਣਨ ਦਾ ਮੌਕਾ ਮਿਲਿਆ ਹੈ ਤਾਂ ਜੋ ਅਸੀਂ ਉਨ੍ਹਾਂ ਦੀ ਹੋਰ ਚੰਗੇਰੇ ਤਰੀਕਿਆਂ ਨਾਲ ਸੇਵਾ ਕਰ ਸਕੀਏ ਅਤੇ ਉਨ੍ਹਾਂ ਲਈ ਯੋਗ ਪੂੰਜੀ ਨਿਵੇਸ਼ ਕਰ ਸਕੀਏ। ਸਾਰੇ ਹੀ ਬਜ਼ੁਰਗਾਂ ਨੂੰ ਸੁਰੱਖ਼ਿਅਤ ਅਤੇ ਸਨਮਾਨਯੋਗ ਜੀਵਨ ਜਿਊਣਾ ਜ਼ਰੂਰੀ ਹੈ ਅਤੇ ਅਸੀਂ ਉਨ੍ਹਾਂ ਲਈ ਸਖ਼ਤ ਮਿਹਨਤ ਕਰ ਰਹੇ ਹਾਂ।”
2015 ਵਿਚ ਚੁਣੇ ਜਾਣ ‘ਤੇ ਫ਼ੈੱਡਰਲ ਸਰਕਾਰ ਨੇ ‘ਓਲਡ ਏਜ ਸਕਿਉਰਿਟੀ’ ਅਤੇ ‘ਗਰੰਟੀਡ ਇਨਕਮ ਸਪਲੀਮੈਂਟ’ ਦੇ ਲਾਭ ਲੈਣ ਲਈ ਉਮਰ ਦੀ ਹੱਦ 65 ਸਾਲ ਕਰ ਦਿੱਤੀ ਹੈ, ਜਦ ਕਿ ਪਿਛਲੀ ਸਰਕਾਰ ਦੇ ਸਮੇਂ ਇਹ 67 ਸਾਲ ਸੀ। ਇਸ ਦੇ ਨਾਲ ਹੀ ਗਰੰਟੀਡ ਇਨਕਮ ਸਪਲੀਮੈਂਟ ਦੀ ਉੱਪਰਲੀ ਹੱਦ ਵਿਚ ਵੀ ਵਾਧਾ ਕੀਤਾ ਗਿਆ ਹੈ ਜਿਸ ਨਾਲ 900,000 ਸੀਨੀਅਰਾਂ ਨੂੰ ਲਾਭ ਹੋਵੇਗਾ ਅਤੇ ਲੱਗਭੱਗ 57,000 ਸੀਨੀਅਰਜ਼ ਗ਼ਰੀਬੀ ਦੀ ਹੱਦ ਤੋਂ ਉੱਪਰ ਆ ਜਾਣਗੇ।
Check Also
ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਭਾਰਤ-ਪਾਕਿ ਜੰਗ ਖਿਲਾਫ ਮਤਾ ਪਾਸ
”ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ” ਸਰੀ/ਡਾ. ਗੁਰਵਿੰਦਰ ਸਿੰਘ : ਕੈਨੇਡਾ ਦੇ ਪੰਜਾਬੀ …