Breaking News
Home / ਕੈਨੇਡਾ / ਸ਼ਹੀਦ ਭਗਤ ਸਿੰਘ ਦੇ ਬੋਲ : ਜ਼ਿੰਦਗੀ ਅਤੇ ਅਸੂਲ ਵਿੱਚੋਂ ਮੈਂ ਹਮੇਸ਼ਾ ਅਸੂਲ ਨੂੰ ਹੀ ਚੁਣਾਂਗਾ

ਸ਼ਹੀਦ ਭਗਤ ਸਿੰਘ ਦੇ ਬੋਲ : ਜ਼ਿੰਦਗੀ ਅਤੇ ਅਸੂਲ ਵਿੱਚੋਂ ਮੈਂ ਹਮੇਸ਼ਾ ਅਸੂਲ ਨੂੰ ਹੀ ਚੁਣਾਂਗਾ

ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਆਫ ਕੈਨੇਡਾ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਖ਼ੂਬਸੂਰਤ ਜ਼ੂਮ-ਸਮਾਗਮ ਰਚਾ ਕੇ ਯਾਦ ਕੀਤਾ
ਮੁੱਖ-ਬੁਲਾਰੇ ਸਨ, ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ.ਜਗਮੋਹਨ ਸਿੰਘ ਤੇ ਲਾਹੌਰ ਦੇ ਪਿਛੋਕੜ ਦੀ ਫ਼ਰਹਾ ਮਲਿਕ
ਬਰੈਂਪਟਨ/ਡਾ. ਝੰਡ : ਭਾਰਤ ਦੀ ਆਜ਼ਾਦੀ ਖ਼ਾਤਰ ਜਾਨਾਂ ਵਾਰਨ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਅਦੁੱਤੀ ਕੁਰਬਾਨੀ ਨੂੰ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਆਫ਼ ਕੈਨੇਡਾ ਵੱਲੋਂ ਲੰਘੇ ਐਤਵਾਰ 27 ਮਾਰਚ ਨੂੰ ਇਕ ਖ਼ੂਬਸੂਰਤ ਜ਼ੂਮ-ਸਮਾਗ਼ਮ ਰਚਾ ਕੇ ਯਾਦ ਕੀਤਾ ਗਿਆ। ਇਸ ਸਮਾਗ਼ਮ ਦੇ ਮੁੱਖ-ਬੁਲਾਰੇ ਪੰਜਾਬ ਤੋਂ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਸਨ ਜਿਨ੍ਹਾਂ ਨੇ ”ਭਗਤ ਸਿੰਘ ਦੀ ਵਿਚਾਰਧਾਰਾ ਅਜੋਕੇ ਸੰਦਰਭ ਵਿਚ” ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ, ਜਦਕਿ ਲਾਹੌਰ ਦੇ ਪਿਛੋਕੜ ਨਾਲ ਸਬੰਧਿਤ ਅੱਜਕੱਲ੍ਹ ਬਰੈਂਪਟਨ ਦੀ ਵਸਨੀਕ ਫ਼ਰਹਾ ਮਲਿਕ ਨੇ ਆਪਣੇ ਸੰਖੇਪ ਸੰਬੋਧਨ ਵਿਚ ਸ਼ਹੀਦ ਭਗਤ ਸਿੰਘ ਦੀਆਂ ਲਾਹੌਰ ਨਾਲ ਜੁੜੀਆਂ ਸਾਂਝਾਂ ਬਾਖ਼ੂਬੀ ਬਿਆਨ ਕੀਤੀਆਂ। ਸਮਾਗਮ ਵਿਚ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਜੁੜੇ ਅੰਮ੍ਰਿਤ ਢਿੱਲੋਂ ਨੇ ਭਗਤ ਸਿੰਘ ਦੀ ਵਿਰਾਸਤ ਬਾਰੇ ਸੰਖੇਪ ਵਿਚ ਦੱਸਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੰਚਾਲਕ ਹਰਿੰਦਰ ਹੁੰਦਲ ਨੇ ਸਮਾਗ਼ਮ ਦੀ ਰੂਪ-ਰੇਖ਼ਾ ਦੱਸਦਿਆਂ ਹੋਇਆਂ ਇਸ ਸਮਾਗ਼ਮ ਵਿਚ ਸ਼ਾਮਲ ਸਮੂਹ ਮੈਂਬਰਾਂ ਤੇ ਮਹਿਮਾਨਾਂ ਨੂੰ ਜੀ ਆਇਆਂ ਕਹੀ ਅਤੇ ਨਾਲ ਹੀ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਕੱਤਰ ਸੁਰਜੀਤ ਸਹੋਤਾ ਨੂੰ ਜੱਥੇਬੰਦੀ ਬਾਰੇ ਸੰਖੇਪ ਵਿਚ ਦੱਸਣ ਲਈ ਬੇਨਤੀ ਕੀਤੀ ਜਿਨ੍ਹਾਂ ਨੇ ਬੜੇ ਭਾਵਪੂਰਤ ਸ਼ਬਦਾਂ ਵਿਚ ਜੱਥੇਬੰਦੀ ਦੀਆਂ ਸਰਗ਼ਰਮੀਆਂ ਬਾਰੇ ਦੱਸਦਿਆਂ ਹੋਇਆਂ ਸਾਰਿਆਂ ਦਾ ਭਰਵਾਂ ਸੁਆਗ਼ਤ ਕੀਤਾ।
ਉਪਰੰਤ, ઑਕਮੇਟੀ ਆਫ਼ ਪਰੌਗਰੈੱਸਿਵ ਪਾਕਿਸਤਾਨੀਜ਼ ਇਨ ਕੈਨੇਡਾ਼ ਦੀ ਸਰਗ਼ਰਮ ਕਾਰਕੁੰਨ ਫ਼ਰਹਾ ਮਲਿਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਗਤ ਸਿੰਘ ਲਾਹੌਰ ਦਾ ਹੈ ਤੇ ਲਾਹੌਰ ਭਗਤ ਸਿੰਘ ਦਾ ਹੈ। ਲਾਹੌਰ ਉਹ ਸ਼ਹਿਰ ਹੈ ਜਿੱਥੇ ਭਗਤ ਸਿੰਘ ਨੇ ਪੜ੍ਹਾਈ ਕੀਤੀ ਸੀ ਅਤੇ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਵੀ ਵਿਤਕਰਾ ਨਾ ਕਰਨ ਦੀ ਸਹੁੰ ਖਾਧੀ ਸੀ।
ਲਾਹੌਰ ਵਿਚ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਖ਼ਿਲਾਫ਼ ‘ਲਾਹੌਰ ਕਾਂਸਪੀਰੇਸੀ ਕੇਸ’ ਚੱਲਿਆ ਅਤੇ ਇੱਥੋਂ ਦੀ ਜੇਲ੍ਹ ਵਿਚ ਹੀ ਉਨ੍ਹਾਂ ਤਿੰਨਾਂ ਬਹਾਦਰ ਸੂਰਮਿਆਂ ਨੇ ਫਾਂਸੀ ਦਾ ਰੱਸਾ ਚੁੰਮਿਆਂ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਸੰਬੋਧਨ ਵਿਚ ਲੋਕਾਂ ਵੱਲੋਂ ਲਾਹੌਰ ਦੇ ઑਸਦਮਨ ਚੌਂਕ਼ ਦਾ ਨਾਂ ‘ਸ਼ਹੀਦ ਭਗਤ ਸਿੰਘ ਚੌਂਕ’ ਰੱਖਣ ਦੀ ਮੰਗ ਵੀ ਦੁਹਰਾਈ। ਪ੍ਰੋ. ਜਗਮੋਹਨ ਸਿੰਘ ਨੇ ਆਪਣੀ ਗੱਲ ਭਗਤ ਸਿੰਘ ਵੱਲੋਂ 1924 ਵਿਚ ਦਿੱਤੇ ਗਏ ਸੰਦੇਸ਼ ਤੋਂ ਆਰੰਭ ਕੀਤੀ ਜਿਸ ਨੂੰ ਇਤਿਹਾਸ ਵਿਚ ‘ਆਜ਼ਾਦੀ ਦੇ ਚਾਰ ਥੰਮ੍ਹ’ ਕਿਹਾ ਗਿਆ ਹੈ। ਪਹਿਲਾ, ਲੋਕ ਤੇ ਵਰਕਰ ਮਿਲ ਕੇ ਸੰਘਰਸ਼ ਕਰਨ; ਦੂਸਰਾ, ਸਾਮਰਾਜ ਸਾਡੀਆਂ ਕਮਜ਼ੋਰੀਆਂ ‘ਤੇ ਪਲ਼ਦਾ ਹੈ। ਤੀਸਰਾ ਥੰਮ੍ਹ ਲਾਹੌਰ ਤੋਂ ਵਿਗਿਆਨ ਦਾ ਮਾਹੌਲ ਸਿਰਜੇ ਜਾਣਾ ਅਤੇ ਚੌਥਾ, ਸਮਾਜਿਕ ਨਾ-ਬਰਾਬਰੀ ਹੈ। ਭਗਤ ਸਿੰਘ ਨੇ ਕਿਹਾ ਸੀ ਕਿ ਸਾਮਰਾਜੀ ਦੇਸ਼ਾਂ ਵਿਚ ਕਾਰਪੋਰੇਟਾਂ ਦੇ ਉਭਾਰ ਨਾਲ ਲੋਕ ਹੋਰ ਗ਼ਰੀਬ ਹੋ ਰਹੇ ਹਨ ਅਤੇ ਇਸ ਦੇ ਹੱਲ ਲਈ ਉਨ੍ਹਾਂ ਨੇ ਦੇਸ਼-ਵਾਸੀਆਂ ਨੂੰ ”ਸਾਮਰਾਜ ਮੁਰਦਾਬਾਦ” ਅਤੇ ”ਇਨਕਲਾਬ ਜ਼ਿੰਦਾਬਾਦ” ਦਾ ਨਾਅਰਾ ਦਿੱਤਾ। ਪ੍ਰੋ. ਜਗਮੋਹਨ ਸਿੰਘ ਨੇ ਦੱਸਿਆ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ 26 ਜਨਵਰੀ 1930 ਨੂੰ ਭਾਰਤ ਲਈ ‘ਸੰਪੂਰਨ ਆਜ਼ਾਦੀ’ ਦੀ ਕਸਮ ਲੈਂਦਿਆਂ ਕਿਹਾ ਗਿਆ ਸੀ ਕਿ ਲੋਕ ਆਪਣੀ ਕਿਸਮਤ ਆਪ ਬਣਾ ਸਕਦੇ ਹਨ। ਸਮਾਗ਼ਮ ਦੇ ਅਖ਼ੀਰ ਵਿਚ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਸਮਾਗ਼ਮ ਦੇ ਮੁੱਖ-ਬੁਲਾਰੇ ਪ੍ਰੋ. ਜਗਮੋਹਨ ਸਿੰਘ ਤੇ ਦੂਸਰੇ ਬੁਲਾਰੇ ਫ਼ਰਹਾ ਮਲਿਕ ਅਤੇ ਸਮੂਹ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

 

Check Also

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ

ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …