ਚੰਡੀਗੜ੍ਹ ਸਥਿਤ ਕੈਨੇਡੀਅਨ ਅੰਬੈਸੀ ਸਾਹਮਣੇ 10 ਫਰਵਰੀ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
ਚੰਡੀਗੜ੍ਹ : ਕੈਨੇਡਾ ਦੇ ਮੌਂਟਰੀਅਲ ਸਥਿਤ ਤਿੰਨ ਕਾਲਜਾਂ ਦੇ ਮਾਲਕਾਂ ਵੱਲੋਂ ਭਾਰਤੀ ਵਿਦਿਆਰਥੀਆਂ ਨਾਲ ਲੱਖਾਂ ਡਾਲਰ ਦੀ ਠੱਗੀ ਮਾਰ ਕੇ ਭੱਜ ਜਾਣ ਕਰਕੇ ਪੰਜਾਬੀ ਨੌਜਵਾਨਾਂ ਨੂੰ ਆਪਣੀ ਫੀਸ ਵਾਪਸ ਲੈਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਪੀਐੱਸਯੂ ਲਲਕਾਰ ਅਤੇ ਹੋਰਨਾਂ ਵਿਦਿਆਰਥੀ ਜਥੇਬੰਦੀਆਂ ਨੇ ਉਕਤ ਕਾਲਜਾਂ ਤੋਂ ਆਪਣੀ ਫੀਸ ਮੁੜਵਾਉਣ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਹਮਾਇਤ ਕਰਦਿਆਂ 10 ਫਰਵਰੀ ਨੂੰ ਚੰਡੀਗੜ੍ਹ ਸਥਿਤ ਕੈਨੇਡੀਅਨ ਅੰਬੈਸੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪੀੜਤ ਵਿਦਿਆਰਥੀ ਗੁਰਸ਼ਰਨ ਸਿੰਘ, ਦੀਕਸ਼ਾ, ਦੀਪਕ ਤੇ ਗੁਰ ਸਿੰਘ ਨੇ ਕਿਹਾ ਕਿ ਕਰੋਨਾ ਦੌਰਾਨ ਪੰਜਾਬ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਕੈਨੇਡਾ ਦੇ ਕਾਲਜਾਂ ਵਿੱਚ ਦਾਖਲਾ ਲੈਣ ਲਈ ਵੱਖ-ਵੱਖ ਏਜੰਟਾਂ ਰਾਹੀਂ ਪੇਸ਼ਗੀ ਹਜ਼ਾਰਾਂ ਡਾਲਰਾਂ ਦੀ ਫੀਸ ਜਮ੍ਹਾਂ ਕਰਵਾਈ ਹੋਈ ਹੈ। ਇਸ ਤੋਂ ਬਾਅਦ ਕਰੋਨਾ ਪਾਬੰਦੀਆਂ ਕਰਕੇ ਕੁਝ ਹੀ ਵਿਦਿਆਰਥੀ ਕੈਨੇਡਾ ਜਾ ਸਕੇ ਹਨ, ਜਦਕਿ ਵੱਡੀ ਗਿਣਤੀ ਵਿਦਿਆਰਥੀਆਂ ਨੇ ਆਨਲਾਈਨ ਕਲਾਸਾਂ ਲਗਾਈਆਂ ਹਨ। ਡੇਢ ਸਾਲ ਕਲਾਸਾਂ ਲਗਾਉਣ ਤੋਂ ਬਾਅਦ ਕੈਨੇਡੀਅਨ ਅੰਬੈਸੀ ਨੇ ਜ਼ਿਆਦਾਤਰ ਵਿਦਿਆਰਥੀਆਂ ਦੇ ਸਟੱਡੀ ਵੀਜ਼ਾ ਰੱਦ ਕਰ ਦਿੱਤੇ ਤੇ ਵਿਦਿਆਰਥੀਆਂ ਵੱਲੋਂ ਭਰੀ 15 ਹਜ਼ਾਰ ਡਾਲਰ ਦੀ ਫੀਸ ਵਾਪਸ ਕਰਨ ਦਾ ਭਰੋਸਾ ਦਿੱਤਾ ਪਰ ਡੇਢ ਸਾਲ ਬਾਅਦ ਵੀ ਫੀਸਾਂ ਵਾਪਸ ਨਹੀਂ ਕੀਤੀਆਂ ਗਈਆਂ।
ਵਿਦਿਆਰਥੀ ਅਨੀਸ਼ ਤੇ ਗੁਰੀ ਨੇ ਕਿਹਾ ਕਿ ਕਾਲਜ ਬੰਦ ਹੋਣ ਕਾਰਨ ਵਿਦਿਆਰਥੀ ਮਾਨਸਿਕ ਤਣਾਅ ‘ਚ ਹਨ। ਉਹ ਮੰਗ ਕਰ ਰਹੇ ਹਨ ਕਿ ਕੈਨੇਡੀਅਨ ਸਰਕਾਰ, ਸਿੱਖਿਆ ਮੰਤਰੀ, ਕੈਨੇਡਾ ਸਥਿਤ ਭਾਰਤੀ ਰਾਜਦੂਤ ਅਤੇ ਭਾਰਤੀ ਵਿਦੇਸ਼ ਮੰਤਰੀ ਇਸ ਮਸਲੇ ਵਿੱਚ ਫੌਰੀ ਦਖਲਅੰਦਾਜ਼ੀ ਕਰਕੇ ਮਸਲੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਤਾਂ ਜੋ ਵਿਦਿਆਰਥੀਆਂ ਨੂੰ ਮੁਸ਼ਕਲਾਂ ਤੇ ਪ੍ਰੇਸ਼ਾਨੀਆਂ ਵਿੱਚੋਂ ਕੱਢ ਕੇ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨ ਦਾ ਮਾਹੌਲ ਦਿੱਤਾ ਜਾਵੇ। ਵਿਦਿਆਰਥੀ ਜਥੇਬੰਦੀਆਂ ਅਤੇ ਪੀੜਤ ਵਿਦਿਆਰਥੀਆਂ ਨੇ ਕੈਨੇਡਾ ਅੰਬੈਸੀ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਲੱਖਾਂ ਰੁਪਏ ਵਾਪਸ ਕਰਵਾਏ ਜਾਣ।