ਹੌਲਦਾਰ ਜ਼ਖ਼ਮੀ, ਤਿੰਨ ਲੁਟੇਰੇ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ, ਔਰਤਾਂ ਤੋਂ ਨਕਦੀ ਤੇ ਗਹਿਣੇ ਖੋਹ ਕੇ ਹੋਏ ਸਨ ਫਰਾਰ
ਨਡਾਲਾ/ਬਿਊਰੋ ਨਿਊਜ਼ : ਸ਼ਨੀਵਾਰ ਨੂੰ ਬਾਅਦ ਦੁਪਹਿਰ ਤਕਰੀਬਨ ਢਾਈ ਵਜੇ ਜ਼ਿਲ੍ਹਾ ਕਪੂਰਥਲਾ ਦੇ ਖੇਤਰ ਵਿੱਚ ਲੁੱਟਾਂ-ਖੋਹਾਂ ਕਰਕੇ ਭੱਜ ਰਹੇ ਕਾਰ ਸਵਾਰ ਲੁਟੇਰਿਆਂ ਨੇ ਸੁਭਾਨਪੁਰ ਨਾਕੇ ‘ਤੇ ਤੇਜ਼ ਰਫ਼ਤਾਰ ਕਾਰ ਪੁਲਿਸ ਮੁਲਾਜ਼ਮਾਂ ਉਤੇ ਚੜ੍ਹਾ ਦਿੱਤੀ, ਜਿਸ ਕਾਰਨ ਏਐਸਆਈ ਸੁਰਿੰਦਰ ਸਿੰਘ ਕੂਕਾ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਹੌਲਦਾਰ ਹਰਪਾਲ ਸਿੰਘ ਗੰਭੀਰ ਫੱਟੜ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਕਾਰ ਸਵਾਰ ਲੁਟੇਰਿਆਂ ਨੇ ਬੇਗੋਵਾਲ ਤੋਂ ਖਰੀਦੋ ਫਰੋਖ਼ਤ ਕਰਕੇ ਐਕਟਿਵਾ ‘ਤੇ ਪਰਤ ਰਹੀਆਂ ਹਰਪ੍ਰੀਤ ਕੌਰ ਪਤਨੀ ਕਰਨੈਲ ਸਿੰਘ ਪਿੰਡ ਬਹਾਦਰਪੁਰ ਅਤੇ ਪਰਵਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਪਿੰਡ ਡੱਡੀਆਂ ਨੂੰ ਪਿੰਡ ਜੱਬੋਵਾਲ ਨੇੜੇ ਘੇਰ ਕੇ ਕ੍ਰਮਵਾਰ 12000 ਰੁਪਏ ਤੇ 5000 ਰੁਪਏ ਨਕਦੀ ਅਤੇ ਸੋਨੇ ਦੀ ਮੁੰਦਰੀ ਖੋਹ ਲਈ ਸੀ। ਬੇਗੋਵਾਲ ਪੁਲਿਸ ਵੱਲੋਂ ਕੀਤੇ ਅਲਰਟ ਬਾਅਦ ਨਡਾਲਾ ਪੁਲਿਸ ਵੱਲੋਂ ਬਿਜਲੀ ਘਰ ਨਡਾਲਾ ਨੇੜੇ ਨਾਕਾ ਲਾਇਆ ਸੀ। ਤੇਜ਼ ਰਫ਼ਤਾਰ ਕਾਰ ਨਾਕਾ ਤੋੜ ਕੇ ਅੱਗੇ ਲੰਘ ਗਈ। ਇਸ ਦੌਰਾਨ ਸੁਭਾਨਪੁਰ ਪੁਲਿਸ ਵੱਲੋਂ ਚੌਕ ਵਿਚ ਨਾਕਾ ਲਗਾਇਆ ਅਤੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਦੌਰਾਨ ਲੁਟੇਰਿਆਂ ਨੇ ਕਾਰ ਸਿੱਧੀ ਥਾਣੇਦਾਰ ਸੁਰਿੰਦਰ ਸਿੰਘ ‘ਤੇ ਚੜ੍ਹਾ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੁਟੇਰਿਆਂ ਨੇ ਤੇਜ਼ੀ ਨਾਲ ਜੀਟੀ ਰੋਡ ਪਾਰ ਕਰਕੇ ਕਾਰ ਕਪੂਰਥਲਾ ਵੱਲ ਭਜਾ ਲਈ। ਥਾਣਾ ਮੁਖੀ ਸੁਭਾਨਪੁਰ ਸੁਖਪਾਲ ਸਿੰਘ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ। ਲੁਟੇਰਿਆਂ ਨੇ ਕਾਰ ਪਿੰਡ ਨਿਜ਼ਾਮਪੁਰ ਵੱਲੋਂ ਮੋੜ ਕੇ ਨੂਰਪੁਰ ਲੁਬਾਣਾ ਵੱਲ ਭਜਾ ਲਈ। ਉਨ੍ਹਾਂ ਦੀ ਕਾਰ ਅੱਗੇ ਜਾ ਰਹੀ ਟਰਾਲੀ ਵਿੱਚ ਜਾ ਵੱਜੀ। ਲੁਟੇਰਿਆਂ ਨੇ ਕਾਰ ਛੱਡ ਕੇ ਪਿੰਡ ਨੂਰਪੁਰ ਲੁਬਾਣਾ ਵਾਸੀ ਡਾ. ਸੁਲੱਖਣ ઠਦਾ ਮੋਟਰਸਾਈਕਲ ਖੋਹ ਲਿਆ ਅਤੇ ਪਿੰਡ ਨੂਰਪੁਰ ਲੁਬਾਣਾ ਵਿਚ ਦਾਖ਼ਲ ਹੋ ਗਏ। ਪਿੰਡ ਵਾਸੀਆਂ ਤੇ ਪੁਲਿਸ ਦਾ ਘੇਰਾ ਪੈਂਦਾ ਦੇਖ ਉਹ ਖੇਤਾਂ ਵੱਲ ਦੌੜ ਪਏ। ਐਸਐਚਓ ਸੁਖਪਾਲ ਸਿੰਘ, ਏਐਸਆਈ ਮਨਜੀਤ ਸਿੰਘ ਤੇ ਹੋਰ ਪੁਲਿਸ ਨੇ ਕਾਫੀ ਜੱਦੋ ਜਹਿਦ ਬਾਅਦ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ। ਪੁਲਿਸ ਨੇ ਲੁਟੇਰਿਆਂ ਦੀ ਆਈ ਟਵੰਟੀ ਕਾਰ (ਪੀਬੀ 10 ਜੀ.ਜੇ. 8969) ਕਬਜ਼ੇ ਵਿੱਚ ਲੈ ਲਈ ਹੈ, ਜਿਸ ਵਿਚੋਂ ਤੇਜ਼ਧਾਰ ਹਥਿਆਰ, ਨਵੀਆਂ ਕਮੀਜ਼ਾਂ, ਸਰਿੰਜਾਂ, ਟੀਕੇ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਆਈਜੀ ਜਲੰਧਰ ਲੋਕ ਨਾਥ ਆਂਗਰਾ, ਡੀਆਈਜੀ ਜਲੰਧਰ ਰਜਿੰਦਰ ਸਿੰਘ, ਐਸਐਸਪੀ ਕਪੂਰਥਲਾ ਰਾਜਿੰਦਰ ਸਿੰਘ, ਐਸਪੀ (ਐਚ) ਬਹਾਦਰ ਸਿੰਘ ਸੱਗੂ ਭਾਰੀ ਫੋਰਸ ਸਮੇਤ ਮੌਕੇ ‘ਤੇ ਪੁੱਜੇ।
Check Also
ਡਾ. ਨਵਜੋਤ ਕੌਰ ਸਿੱਧੂ ਭਾਜਪਾ ’ਚ ਹੋ ਸਕਦੇ ਹਨ ਸ਼ਾਮਲ!
ਨਵਜੋਤ ਕੌਰ ਸਿੱਧੂ ਦੀ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਨੇ ਸਿਆਸੀ ਚਰਚਾ ਛੇੜੀ …