ਵਿਧਾਨ ਸਭਾ ਚੋਣਾਂ ਦੌਰਾਨ 25 ਹਜ਼ਾਰ ਦੇ ਕਰੀਬ ਬਣਨਗੇ ਪੋਲਿੰਗ ਬੂਥ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਰਹੀਆਂ ਹਨ। ਇਸ ਵਾਰ 117 ਵਿਧਾਨ ਸਭਾ ਸੀਟਾਂ ’ਤੇ 2 ਕਰੋੜ 9 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਜਿਨ੍ਹਾਂ ਵਿਚ 99 ਲੱਖ ਮਹਿਲਾ ਵੋਟਰ ਹਨ। ਇਸ ਵਾਰ 24 ਹਜ਼ਾਰ 689 ਚੋਣ ਬੂਥ ਬਣਾਏ ਗਏ ਹਨ। ਪਿਛਲੀ ਵਾਰ ਦੇ ਮੁਕਾਬਲੇ 1400 ਦੇ ਕਰੀਬ ਬੂਥ ਵੱਧ ਬਣਾਏ ਗਏ ਹਨ ਤਾਂ ਕਿ ਕੋਵਿਡ ਦੇ ਖਤਰੇ ਨੂੰ ਦੇਖਦੇ ਹੋਏ ਇਕ ਬੂਥ ’ਤੇ 1200 ਵੋਟਰ ਹੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਇਸ ਵਾਰ ਕੋਵਿਡ ਪਾਜ਼ੇਟਿਵ ਮਰੀਜ਼ ਵੀ ਆਪਣੀ ਵੋਟ ਪਾ ਸਕਣਗੇ ਅਤੇ ਉਨ੍ਹਾਂ ਨੂੰ ਬੈਲੇਟ ਪੇਪਰ ਵੀ ਉਪਲਬਧ ਕਰਾਇਆ ਜਾਵੇਗਾ। ਕੋਵਿਡ ਮਰੀਜ਼ ਦਾ ਵੋਟ ਲੈਣ ਲਈ ਚੋਣ ਕਮਿਸ਼ਨ ਦੀ ਟੀਮ ਪੀ.ਪੀ.ਐਫ. ਕਿੱਟ ਪਹਿਨ ਕੇ ਉਸਦੇ ਘਰ ਜਾਵੇਗੀ। ਇਸਦੀ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਚੋਣਾਂ ਦੌਰਾਨ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾਣਗੇ। ਡਾ. ਰਾਜੂ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਦੀਆਂ ਸਰਹੱਦਾਂ ’ਤੇ ਵੀ ਸਖਤੀ ਵਧਾਈ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਆਉਂਦੇ ਫਰਵਰੀ ਜਾਂ ਮਾਰਚ ਮਹੀਨੇ ਵਿਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ।