ਬਾਪੂਧਾਮ ਕਾਲੋਨੀ ‘ਚ ਅੱਜ ਆਏ ਨਵੇਂ 14 ਮਰੀਜ਼ ਆਏ ਸਾਹਮਣੇ
ਪੰਜਾਬ ‘ਚ ਮੋਹਾਲੀ ਜ਼ਿਲ੍ਹਾ ਹੋਇਆ ਕਰੋਨਾ ਮੁਕਤ
ਚੰਡੀਗੜ੍ਹ/ਬਿਊਰੋ ਨਿਊਜ਼ :ਚੰਡੀਗੜ੍ਹ ਲਈ ਇੱਕ ਵਾਰ ਫਿਰ ਬਾਪੂਧਾਮ ਕਾਲੋਨੀ ਖ਼ਤਰੇ ਦੀ ਘੰਟੀ ਬਣ ਗਿਆ ਹੈ, ਜਿੱਥੇ ਅੱਜ ਇੱਕ ਵਾਰ ਫਿਰ ਕਰੋਨਾ ਬੰਬ ਫਟਿਆ। ਵੀਰਵਾਰ ਨੂੰ ਇੱਥੇ 14 ਨਵੇਂ ਕਰੋਨਾ ਤੋਂ ਪੀੜਤ ਮਰੀਜ਼ ਮਿਲੇ। ਇਨ੍ਹਾਂ ਵਿੱਚੋਂ 9 ਮਰੀਜ਼ ਇੱਕੋ ਘਰ ‘ਚ ਰਹਿ ਰਹੇ ਹਨ, ਜਦਕਿ ਪੰਜ ਵੱਖ-ਵੱਖ ਘਰਾਂ ਦੇ ਹਨ। ਸਾਰੇ ਮਰੀਜ਼ ਸੈਕਟਰ 16 ਦੇ ਸਰਕਾਰੀ ਹਸਪਤਾਲ ‘ਚ ਦਾਖਲ ਹਨ। ਇਨ੍ਹਾਂ 14 ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ‘ਚ ਕਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 219 ਹੋ ਗਈ ਹੈ। ਬੁੱਧਵਾਰ ਨੂੰ ਬਾਪੂਧਾਮ ‘ਚ ਕਰੋਨਾ ਦੇ 5 ਮਰੀਜ਼ ਮਿਲੇ ਸਨ। ਮੰਨਿਆ ਜਾ ਰਿਹਾ ਹੈ ਕਿ ਬਾਪੂਧਾਮ ਕਲੋਨੀ ਤੋਂ ਇਲਾਵਾ ਹੋਰ ਸਾਰੀਆਂ ਥਾਵਾਂ ‘ਤੇ ਲੋਕ ਜਨਤਕ ਦੂਰੀ ਦੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਨ, ਜਦਕਿ ਬਾਪੂਧਾਮ ਕਲੋਨੀ ‘ਚ ਲਾਪਰਵਾਹੀ ਖ਼ਤਰਨਾਕ ਸਾਬਤ ਹੋ ਰਹੀ ਹੈ। ਦੂਜੇ ਪਾਸੇ ਪੰਜਾਬ ਅੰਦਰ ਵੀ ਅੱਜ ਫਿਰ ਕਰੋਨਾ ਦੇ ਕੇਸ ਸਾਹਮਣੇ ਆਏ ਜਿਨ੍ਹਾਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ‘ਚ 7, ਬਟਾਲਾ ‘ਚ 4, ਪਠਾਨਕੋਨ 2 ਅਤੇ ਗੜ੍ਹਸ਼ੰਕਰ ਵਿਖੇ 1 ਕਰੋਨਾ ਪੀੜਤ ਵਿਅਕਤੀ ਸਾਹਮਣੇ ਆਇਆ ਹੈ। ਜਦਕਿ ਅੰਮ੍ਰਿਤਸਰ ਜ਼ਿਲ੍ਹੇ ਕਰੋਨਾ ਤੋਂ ਪੀੜਤ 4 ਮਾਮਲੇ ਸਾਹਮਣੇ ਆਏ ਅਤੇ ਇਕ ਬੱਚੇ ਦੀ ਅੱਜ ਕਰੋਨਾ ਕਾਰਨ ਮੌਤ ਵੀ ਹੋ ਗਈ ਹੈ। ਇਸ ਦੇ ਦਰਮਿਆਨ ਹੀ ਮੋਹਾਲੀ ਤੋਂ ਸੁਖਾਵੀਂ ਖ਼ਬਰ ਆਈ ਜਿੱਥੇ ਸਾਰੇ ਕਰੋਨਾ ਪੀੜਤ 102 ਮਰੀਜ਼ ਸਿਹਤਯਾਬ ਹੋ ਕੇ ਘਰੇ ਪਰਤ ਗਏ ਤੇ ਮੋਹਾਲੀ ਜ਼ਿਲ੍ਹਾ ਕਰੋਨਾ ਮੁਕਤ ਹੋ ਗਿਆ।