ਸਿੱਧੂ ਨਹੀਂ ਹੋਣਗੇ ‘ਵਨ ਮੈਨ ਆਰਮੀ’
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਹੁਣ ਨਵਜੋਤ ਸਿੰਘ ਸਿੱਧੂ ‘ਵਨ ਮੈਨ ਆਰਮੀ’ ਨਹੀਂ ਹੋਣਗੇ ਅਤੇ ਦਿੱਲੀ ਬੈਠੀ ਕਾਂਗਰਸ ਹਾਈਕਮਾਨ ਦਾ ਦਬਦਬਾ ਰਹੇਗਾ। ਕਾਂਗਰਸ ਨੇ ਸਿੱਧੂ ਦੀ ਸਿਫਾਰਸ਼ ’ਤੇ ਹੁਣ ਤੱਕ ਪੰਜਾਬ ਵਿਚ ਜ਼ਿਲ੍ਹਾ ਪੱਧਰ ’ਤੇ ਪ੍ਰਧਾਨ ਨਿਯੁਕਤ ਨਹੀਂ ਕੀਤੇ। ਇਸਦੀ ਬਜਾਏ ਕਾਂਗਰਸ ਨੇ ਜ਼ਿਲ੍ਹਾ ਕੋਆਰਡੀਨੇਟਰਾਂ ਦੀ ਨਿਯੁਕਤੀ ਕਰ ਦਿੱਤੀ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਇਹ ਨਿਯੁਕਤੀਆਂ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਖੁਦ ਹਰੀਸ਼ ਚੌਧਰੀ ਵੀ ਪੰਜਾਬ ਵਿਚ ਡਟੇ ਹੋਏ ਹਨ ਅਤੇ ਉਹ ਰਾਜਸਥਾਨ ਸਰਕਾਰ ਵਿਚ ਮੰਤਰੀ ਅਹੁਦਾ ਵੀ ਛੱਡ ਚੁੱਕੇ ਹਨ। ਧਿਆਨ ਰਹੇ ਕਿ ਕਾਂਗਰਸ ਪੰਜਾਬ ਵਿਚ ਜਿੱਤ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਕਿ ਪੰਜਾਬ ਵਿਚ ਜਨਵਰੀ 2020 ਤੋਂ ਕਾਂਗਰਸ ਦੀ ਕਾਰਜਕਾਰਨੀ ਭੰਗ ਹੈ। ਇਸ ਤੋਂ ਬਾਅਦ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਹਾਈਕਮਾਨ ਨੂੰ ਲਿਸਟ ਭੇਜੀ, ਪਰ ਉਸ ਨੂੰ ਮਨਜੂਰੀ ਨਹੀਂ ਮਿਲੀ। ਇਸ ਤੋਂ ਬਾਅਦ ਮੌਜੂਦਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਹਰ ਜ਼ਿਲ੍ਹੇ ਵਿਚ ਇਕ ਪ੍ਰਧਾਨ ਅਤੇ ਦੋ ਵਰਕਿੰਗ ਪ੍ਰਧਾਨਾਂ ਦੀ ਲਿਸਟ ਭੇਜੀ ਸੀ। ਇਸ ਲਿਸਟ ਨੂੰ ਵੀ ਹਾਈਕਮਾਨ ਨੇ ਰੋਕ ਲਿਆ ਸੀ।