2.3 C
Toronto
Friday, January 9, 2026
spot_img
Homeਕੈਨੇਡਾਬਰੈਂਪਟਨ ਦੀ ਰੋਸ਼ੇਲ ਕੰਪਨੀ ਨੇ ਸਵੀਡਨ ਦੀ ਸਵੈਬੋਰ ਡਿਫ਼ੈਂਸ ਨਾਲ ਵਿਓਪਾਰਕ ਸਮਝੌਤਾ...

ਬਰੈਂਪਟਨ ਦੀ ਰੋਸ਼ੇਲ ਕੰਪਨੀ ਨੇ ਸਵੀਡਨ ਦੀ ਸਵੈਬੋਰ ਡਿਫ਼ੈਂਸ ਨਾਲ ਵਿਓਪਾਰਕ ਸਮਝੌਤਾ ਕੀਤਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਰੋਸ਼ੇਲ ਇਨਕਾਰਪੋਰੇਸ਼ਨ ਵੱਲੋਂ ਸਵੀਡਨ ਦੀ ਕੰਪਨੀ ਸਵੈਬੋਰ ਡਿਫ਼ੈਂਸ ਨਾਲ ਮਿਲ ਕੇ ਕੰਮ ਕਰਨ ਬਾਰੇ ਹੋਇਆ ਐਲਾਨ ਇੱਕ ਮਹੱਤਵਪੂਰਨ ਐਲਾਨ ਹੈ । ਇਹ ਐਲਾਨ ਪਿਛਲੇ ਦਿਨੀਂ ਮਾਣਯੋਗ ਉਦਯੋਗ ਮੰਤਰੀ ਮਿਲੇਨ ਜੌਲੀ ਵੱਲੋਂ ਸਟੌਕਹੋਮ ਦੇ ਆਪਣੇ ਸਰਕਾਰੀ ਦੌਰੇ ਦੌਰਾਨ ਕੀਤਾ ਗਿਆ। ਇਹ ਵਿਓਪਾਰਕ ਭਾਈਵਾਲੀ ਸਮਝੌਤਾ ਕੈਨੇਡਾ ਤੇ ਸਵੀਡਨ ਦੇ ਆਪਸੀ ਸਬੰਧਾਂ ਵਿਚਕਾਰ ‘ਮੀਲ-ਪੱਥਰ’ ਸਾਬਤ ਹੋਇਆ ਹੈ ਅਤੇ ਇਸ ਨਾਲ ਵਿਸ਼ਵ ਪੱਧਰ ‘ਤੇ ਹੋ ਰਹੀ ਖੋਜ ਅਤੇ ਐਡਵਾਂਸ ਮੈਨੂਫੈਕਚਰਿੰਗ ਵਿੱਚ ਬਰੈਂਪਟਨ ਦੀ ਭੂਮਿਕਾ ਨੂੰ ਨਵਾਂ ਹੁਲਾਰਾ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਬਰੈਂਪਟਨ ਦੀ ਰੋਸ਼ੇਲ ਇਨਕਾਰਪੋਰੇਸ਼ਨ ਫ਼ੌਜ ਦੀਆਂ ਬਖ਼ਤਰਬੰਦ ਗੱਡੀਆਂ ਬਨਾਉਣ ਵਾਲੀ ਪ੍ਰਮੁੱਖ ਕੰਪਨੀ ਹੈ। ਸਵੀਡਨ ਦੀ ਐਡਵਾਂਸਡ ਸਟੀਲ ਟੈਕਨਾਲੌਜੀਆਂ ਦੀ ਵਰਤੋਂ ਕਰਦਿਆਂ ਜਿੱਥੇ ਇਹ ਕੈਨੇਡਾ ਦੇ ਡਿਫ਼ੈਂਸ ਸਿਸਟਮ ਵਿੱਚ ਵਾਧਾ ਕਰੇਗੀ, ਉੱਥੇ ਇਸ ਦੇ ਨਾਲ ਬਰੈਂਪਟਨ ਦੇ ਅਰਥਚਾਰੇ ਦੇ ਵਾਧੇ ਵਿੱਚ ਨਵੇਂ ਮੌਕੇ ਪੈਦਾ ਹੋਣਗੇ।
ਇਸਦੇ ਬਾਰੇ ਆਪਣਾ ਪ੍ਰਤੀਕਰਮ ਦੱਸਦੇ ਹੋਏ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਮੈਂ ਬਰੈਂਪਟਨ ਸਥਿਤ ਰੋਸ਼ੇਲ ਇਨਕਾਰਪੋਰੇਸ਼ਨ ਦੀ ਸਵੀਡਨ ਦੀ ਕੰਪਨੀ ਸਵੈਬੋਰ ਡਿਫ਼ੈਂਸ ਨਾਲ ਹੋਏ ਵਿਓਪਾਰਕ ਸਮਝੌਤੇ ਦਾ ਹਾਰਦਿਕ ਸੁਆਗਤ ਕਰਦੀ ਹਾਂ। ਇਹ ਕੈਨੇਡਾ ਦੇ ਰੱਖਿਆ ਪ੍ਰਬੰਧ ਨੂੰ ਮਜ਼ਬੂਤ ਕਰਨ ਅਤੇ ਅੰਤਰਰਾਸ਼ਟਰੀ ਭਾਈਵਾਲੀ ਵਧਾਉਣ ਵੱਲ ਸੁਹਿਰਦ ਕਦਮ ਹੈ ਅਤੇ ਇਹ ਉਪਰਾਲਾ ਬਰੈਂਪਟਨ ਦੀ ਕਮਿਊਨਿਟੀ ਵੱਲੋਂ ਖੋਜ ਤੇ ਤਰੱਕੀ ਹੋਰ ਖ਼ੇਤਰਾਂ ਵਿੱਚ ਦੇਸ਼ ਦੀ ਅਗਵਾਈ ਕਰਨ ਦਾ ਵੀ ਪ੍ਰਤੱਖ ਪ੍ਰਮਾਣ ਹੈ।”
ਅੰਤਰਰਾਸ਼ਟਰੀ ਭਾਈਵਾਲੀ ਦੀ ਅਹਿਮੀਅਤ ਉੱਪਰ ਜ਼ੋਰ ਦਿੰਦਿਆਂ ਸਟੌਕਹੋਮ ਵਿੱਚ ਇਸ ਸਬੰਧੀ ਐਲਾਨ ਕਰਦਿਆਂ ਮਨਿਸਟਰ ਫ਼ਾਰ ਇੰਡਸਟਰੀਜ਼ ਮਿਲੇਨ ਜੌਲੀ ਨੇ ਕਿਹਾ, ”ਖੋਜ ਦੇ ਖ਼ੇਤਰ ਵਿੱਚ ਕੈਨੇਡਾ ਵਿਸ਼ਵ ਵਿੱਚ ਮੋਢੀ ਦੇਸ਼ ਹੈ। ਸਾਡੀਆਂ ਕੰਪਨੀਆਂ ਦੇ ਮਾਲਕ ਅਤੇ ਕਾਮੇ ਅੰਤਰਰਾਸ਼ਟਰੀ ਪੱਧਰ ‘ਤੇ ਅਗਵਾਈ ਕਰ ਰਹੇ ਹਨ। ਉਹ ਵਿਦੇਸ਼ਾਂ ਤੋਂ ਪੂੰਜੀ ਨਿਵੇਸ਼ ਲਿਆ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਭਾਈਵਾਲੀ ਨੂੰ ਮਜ਼ਬੂਤ ਕਰ ਰਹੇ ਹਨ। ਮੁਕਾਬਲੇਬਾਜ਼ੀ ਦੇ ਇਸ ਨਾਜ਼ੁਕ ਦੌਰ ਵਿੱਚ ਕੈਨੇਡਾ ਆਪਣੇ ਭਰੋਸੇਮੰਦ ਭਾਈਵਾਲਾਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਉਹ ਆਪਣੀ ਸਪਲਾਈ-ਚੇਨ ਵਿੱਚ ਲੋੜੀਂਦੀਆਂ ਤਬਦੀਲੀਆਂ ਕਰ ਰਿਹਾ ਹੈ ਅਤੇ ਐਡਵਾਂਸਡ ਟੈਕਨਾਲੌਜੀਆਂ, ਸਰੋਤਾਂ ਤੇ ਤਜਰਬੇ ਨੂੰ ਹੋਰ ਵਿਕਸਿਤ ਕਰ ਰਿਹਾ ਹੈ ਜਿਨ੍ਹਾਂ ਦੀ ਅੱਜ ਸਾਰੇ ਸੰਸਾਰ ਨੂੰ ਜ਼ਰੂਰਤ ਹੈ।” ਇਹ ਸਮਝੌਤਾ ਅੰਤਰਰਾਸ਼ਟਰੀ ਭਾਈਵਾਲੀ ਨੂੰ ਹੋਰ ਡੂੰਘੇਰਾ ਕਰਨ ਦੀ ਕੈਨੇਡਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਇਸ ਦੇ ਨਾਲ ਹੀ ਬਰੈਂਪਟਨ ਦੀ ਦੇਸ਼ ਦੇ ਪ੍ਰਮੁੱਖ ਉਦਯੋਗਾਂ ਵਿੱਚ ਹਿੱਸਾ ਪਾਉਣ ਦੀ ਯੋਗਤਾ ਦੀ ਤਰਜਮਾਨੀ ਕਰਦਾ ਹੈ।

 

 

RELATED ARTICLES
POPULAR POSTS