Breaking News
Home / ਮੁੱਖ ਲੇਖ / ਬਿਹਾਰ ਬਨਾਮ ਪੰਜਾਬ : ਅਸਲ ਪੰਥਕ ਸਰਕਾਰ ਕਿਹੜੀ

ਬਿਹਾਰ ਬਨਾਮ ਪੰਜਾਬ : ਅਸਲ ਪੰਥਕ ਸਰਕਾਰ ਕਿਹੜੀ

ਦੀਪਕ ਸ਼ਰਮਾ ਚਨਾਰਥਲ
ਪੰਜਾਬ ਵਿਚ ਇਸ ਸਮੇਂ ਚੋਣ ਮਾਹੌਲ ਸਿਖਰਾਂ ‘ਤੇ ਹੈ। ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਖੁਦ ਨੂੰ ਅਸਲ ਪੰਜਾਬੀ ਦੱਸਦਿਆਂ ਹੋਇਆਂ ਬਾਹਰੀ ਅਤੇ ਪੰਜਾਬ ਵਾਸੀ ਹੋਣ ਦੀ ਸਿਆਸੀ ਲੜਾਈ ਵੀ ਲੜ ਰਹੀਆਂ ਹਨ। ਹੋਰਨਾਂ ਸੂਬਿਆਂ ਤੋਂ ਇੱਥੇ ਲੀਡਰੀ ਚਮਕਾਉਣ ਆਏ ਲੋਕਾਂ ਨੂੰ ਬਾਹਰੀ ਕਰਾਰ ਦਿੱਤਾ ਜਾ ਰਿਹਾ ਹੈ। ਇਸ ਸਭ ਦੇ ਦਰਮਿਆਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਬੜੇ ਉਤਸ਼ਾਹ ਅਤੇ ਧਾਰਮਿਕ ਮਰਿਆਦਾਵਾਂ ਅਨੁਸਾਰ ਬਿਹਾਰ ਵਿਖੇ ਮਨਾਈ ਗਈ। ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿਚ ਸ਼ਿਰਕਤ ਕਰਕੇ ਪਰਤੀਆਂ ਸੰਗਤਾਂ ਵਿਚੋਂ ਕੁਝ ਨਾਲ ਜਦੋਂ ਵਿਚਾਰਾਂ ਦੀ ਸਾਂਝ ਕੀਤੀ ਤਾਂ ਉਹ ਉਥੋਂ ਦੇ ਪ੍ਰਬੰਧਾਂ ਦੀ, ਉਥੋਂ ਦੇ ਲੋਕਾਂ ਦੀ ਸ਼ਰਧਾ ਦੀ ਅਤੇ ਨਿਤੀਸ਼ ਕੁਮਾਰ ਦੀ ਸਰਕਾਰ ਦੇ ਉਦਮ ਦੀ ਸ਼ਲਾਘਾ ਕਰ ਰਹੇ ਸਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਲਈ, ਅਵਾਮ ਲਈ, ਹੱਕ ਅਤੇ ਸੱਚ ਦੀ ਰਾਖੀ ਲਈ ਆਪਣਾ ਸਭ ਕੁਝ ਵਾਰ ਕੇ ਸਰਬੰਸਦਾਨੀ ਦਾ ਖਿਤਾਬ ਹਾਸਲ ਕੀਤਾ। ਆਪਾ ਵਾਰਨਾ, ਪਿਤਾ ਵਾਰਨਾ ਤੇ ਪੁੱਤਰ ਵਾਰਨਾ ਅਜਿਹੀ ਲਾਸਾਨੀ ਸ਼ਹਾਦਤਾਂ ਦੀ ਕਹਾਣੀ ਦੁਨੀਆ ਜਹਾਨ ਵਿਚ ਕਿਤੇ ਨਹੀਂ ਮਿਲਦੀ। ਜਿਸ ਧਰਤੀ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਧਾਰਿਆ, ਉਸ ਧਰਤੀ ਦੇ ਵਾਸੀ ਰੋਜ਼ੀ-ਰੋਟੀ ਦੀ ਭਾਲ ਵਿਚ, ਚੰਗਾ ਜੀਵਨ ਬਸਰ ਕਰਨ ਦੀ ਲਾਲਸਾ ਨਾਲ, ਆਪਣੇ ਪਰਿਵਾਰ ਨੂੰ ਆਰਥਿਕ ਮਜ਼ਬੂਤੀ ਦੇਣ ਦੇ ਇਰਾਦੇ ਨਾਲ ਪੰਜਾਬ ਆਉਂਦੇ ਹਨ ਤੇ ਲੰਮੇ ਸਮੇਂ ਤੋਂ ਇੱਥੇ ਵੱਖੋ-ਵੱਖ ਖੇਤਰਾਂ ਵਿਚ ਕੰਮ ਕਰਦਿਆਂ ਵੱਡੀ ਤਾਦਾਦ ਵਿਚ ਲੇਬਰ ਦਾ ਕੰਮ ਸਾਂਭਦੇ ਹਨ। ਅੱਜ ਦੇ ਦੌਰ ਵਿਚ ਪੰਜਾਬ ਦੇ ਨਿਰਮਾਣ ਵਿਚ ਬਿਹਾਰ ਵਾਸੀਆਂ ਦੀ ਪ੍ਰਮੁੱਖ ਭੂਮਿਕਾ ਹੈ। ਪਰ ਸੱਚਾਈ ਇਹ ਵੀ ਹੈ ਕਿ ਅਸੀਂ ਅਜੇ ਵੀ ਉਹਨਾਂ ਨੂੰ ਅਪਣਾ ਨਹੀਂ ਸਕੇ, ਹੁਣ ਵੀ ਬਿਹਾਰੀ, ਭਈਆ ਵਰਗੇ ਕਿੰਨੇ ਸ਼ਬਦਾਂ ਨਾਲ ਉਹਨਾਂ ਬਿਹਾਰ ਵਾਸੀਆਂ ਨੂੰ ਅਸੀਂ ਇੰਝ ਸੰਬੋਧਨ ਕਰਦੇ ਹਾਂ ਜਿਵੇਂ ਗਾਲ ਕੱਢ ਰਹੀਏ ਹੋਈਏ। ਅਸੀਂ ਕਿਉਂ ਭੁੱਲ ਜਾਨੇ ਹਾਂ ਕਿ ਇਹ ਲੋਕ ਉਸੇ ਧਰਤੀ ਤੋਂ ਆਏ ਹਨ, ਜਿੱਥੇ ਦਸਮੇਸ਼ ਪਿਤਾ ਨੇ ਜਨਮ ਲਿਆ ਸੀ। ਜਿਹੜੀ ਮੈਂ ਉਪਰ ਗੱਲ ਕੀਤੀ ਹੈ ਕਿ ਅੱਜ ਪੰਜਾਬ ਵਿਚ ਬਾਹਰੀ ਤੇ ਸਥਾਨਕ ਦੀ ਸਿਆਸੀ ਲੜਾਈ ਚੱਲ ਰਹੀ ਹੈ, ਉਸੇ ਨੂੰ ਅੱਗੇ ਤੋਰਦਿਆਂ ਮੈਂ ਬੜੀ ਨਿਮਰਤਾ ਨਾਲ ਆਪਣੇ ਮਨ ਦਾ ਇਹ ਭਾਵ ਸਾਂਝਾ ਕਰ ਰਿਹਾ ਹਾਂ ਕਿ ਜੇਕਰ ਅੱਜ ਮਾਨਵੀ ਰੂਪ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੁੰਦੇ ਤੇ ਸ਼ਾਇਦ ਅੱਜ ਦੇ ਸਿਆਸਤਦਾਨ ਜਾਂ ਖੁਦ ਨੂੰ ਪੰਥ ਦੇ ਨੁਮਾਇੰਦੇ ਕਹਾਉਣ ਵਾਲੇ ਉਹਨਾਂ ਤੋਂ ਵੀ ਅਧਾਰ ਕਾਰਡ ਮੰਗ ਲੈਂਦੇ ਜਾਂ ਉਹਨਾਂ ਨੂੰ ਵੀ ਸੂਬੇ ਤੋਂ ਬਾਹਰੀ ਦੱਸਦਿਆਂ ਖੁਦ ਨੂੰ ਗੱਦੀਆਂ ਦੇ ਅਸਲੀ ਵਾਰਸ ਥਾਪ ਲੈਂਦੇ। ਜਦੋਂ ਕਿ ਗੁਰੂ ਸਾਹਿਬ ਤਾਂ ਮਾਨਵੀ ਗੁਰੂ ਗੱਦੀਆਂ ਦਾ ਬਿਖੇੜਾ ਹੀ ਨਿਪਟਾ ਕੇ ਸਾਨੂੰ  ਪਾਵਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ।
ਇਸ ਦੇ ਨਾਲ ਹੀ ਇਕ ਹੋਰ ਗੱਲ ਮੇਰੇ ਜ਼ਿਹਨ ਨੂੰ ਲਗਾਤਾਰ ਝੰਜੋੜ ਰਹੀ ਸੀ ਕਿ ਪੰਜਾਬ ਵਿਚ ਵੱਖੋ-ਵੱਖ ਸਿਆਸੀ ਧਿਰਾਂ ਖੁਦ ਨੂੰ ਅਸਲੀ ਪੰਥ ਦੇ ਨੁਮਾਇੰਦੇ ਦੱਸਦੀਆਂ ਹਨ। ਜਿਹਨਾਂ ਵਿਚੋਂ ਇਕ ਧਿਰ ਤਾਂ ਲਗਾਤਾਰ ਸਾਡੇ ਸਿੱਖ ਧਾਰਮਿਕ ਸਥਾਨਾਂ ਦੀ ਨੁਮਾਇੰਦਗੀ ਕਰ ਰਹੀ ਹੈ ਅਤੇ ਸਮੇਂ-ਸਮੇਂ ਸਿੱਖੀ ਦੇ ਨਾਂ ‘ਤੇ ਸਿਆਸਤ ਕਰਨ ਵਾਲਾ ਇਕ ਦਲ ਪੰਜਾਬ ਦੀ ਸੱਤਾ ‘ਤੇ ਕਾਬਜ਼ ਰਿਹਾ ਹੈ। ਬੇਸ਼ੱਕ ਹਿੰਦੂਵਾਦੀ ਸੋਚ ਵਾਲੇ ਰਾਜਨੀਤਕ ਦਲ ਨਾਲ ਸਾਂਝ ਪਾ ਕੇ ਇਨ੍ਹਾਂ ਆਪਣੀ ਸਿਆਸਤ ਚਮਕਾਈ ਹੋਵੇ, ਪਰ ਜਦ-ਜਦ ਕੋਈ ਧਾਰਮਿਕ ਵਿਵਾਦ, ਕੋਈ ਸਮਾਜਿਕ ਮਸਲਾ ਵੱਡਾ ਹੋਣ ਲੱਗਦਾ ਤਦ ਦੇਰ ਨਹੀਂ ਲਾਉਂਦਾ ਇਹ ਰਾਜਨੀਤਕ ਦਲ ਖੁਦ ਨੂੰ ਪੰਥਕ ਕਹਾਉਣ ਤੋਂ। ਸੱਚਾਈ ਇਹ ਵੀ ਹੈ ਕਿ ਸੂਬੇ ਵਿਚ ਵਾਪਰੀਆਂ ਲਗਾਤਾਰ ਧਾਰਮਿਕ ਪਾਵਨ ਗ੍ਰੰਥਾਂ ਦੀਆਂ ਬੇਅਦਬੀ ਵਾਲੀਆਂ ਘਟਨਾਵਾਂ ਤੋਂ ਬਾਅਦ ਵੀ ਪੰਥਕ ਸਰਕਾਰਾਂ ਦੀ ਨੀਂਦ ਨਹੀਂ ਟੁੱਟੀ।
ਪੰਥਕ ਹੋਣ ਦਾ ਸਬੂਤ ਤਾਂ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਸਰਕਾਰ ਨੇ ਦੇ ਦਿੱਤਾ। ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿਚ ਮੈਂ ਪਟਨਾ ਸਾਹਿਬ ਤਾਂ ਨਹੀਂ ਅੱਪੜ ਸਕਿਆ ਪਰ ਉਥੋਂ ਵਾਪਸ ਪਰਤੀਆਂ ਸੰਗਤਾਂ ਵਿਚੋਂ ਕਈਆਂ ਨਾਲ ਗੱਲਬਾਤ ਹੋਣ ਤੋਂ ਬਾਅਦ ਮੇਰੇ ਮਨ ਵਿਚ ਇਨ੍ਹਾਂ ਸਮਾਗਮਾਂ ਦੀ ਵਿਸ਼ਾਲ ਅਤੇ ਮਨਮੋਹਕ ਤਸਵੀਰ ਜ਼ਰੂਰ ਉਭਰ ਆਈ। ਫਿਰ ਵੱਖੋ-ਵੱਖ ਰਿਪੋਰਟਾਂ, ਖ਼ਬਰਾਂ ਅਤੇ ਆਰਟੀਕਲਾਂ ਆਦਿ ਰਾਹੀਂ ਮੇਰੇ ਸਾਹਮਣੇ ਇਹ ਪੱਖ ਸਾਫ ਹੋ ਗਿਆ ਕਿ ਦਸਮ ਗੁਰੂ ਦੇ ਸ਼ਤਾਬਦੀ ਸਮਾਗਮ ਤਾਂ ਗੁਰੂ ਸਾਹਿਬ ਦੀ ਜਨਮ ਭੂਮੀ ਪਟਨਾ ਸਾਹਿਬ ਦੇ ਇਰਦ-ਗਿਰਦ ਹੀ ਮਨਾਏ ਗਏ, ਮੁੱਖ ਸਮਾਗਮ ਦਰਬਾਰ ਸਾਹਿਬ ਸ੍ਰੀ ਪਟਨਾ ਸਾਹਿਬ ਵਿਖੇ ਸੀ ਪਰ ਉਸ ਪੂਰੇ ਖੇਤਰ ਨੂੰ ਹੀ ਇਕ ਧਾਰਮਿਕ ਨਗਰੀ ਦਾ ਰੂਪ ਦੇ ਦਿੱਤਾ ਗਿਆ ਸੀ। ਜਿੱਥੇ ਗੁਰਬਾਣੀ ਸੰਗੀਤ, ਢਾਡੀ ਵਾਰਾਂ, ਲੰਗਰ, ਰਹਿਣ ਦੇ ਪ੍ਰਬੰਧ ਸਭ ਕੁਝ ਬੜਾ ਸੁਚੱਜਾ ਤੇ ਪੂਰੀ ਮਰਿਆਦਾ ਅਨੁਸਾਰ ਸੀ। ਪਰ ਇਨ੍ਹਾਂ ਸ਼ਤਾਬਦੀ ਸਮਾਗਮਾਂ ਦਾ ਪ੍ਰਭਾਵ ਪੂਰੇ ਬਿਹਾਰ ਵਿਚ ਵੇਖਣ ਨੂੰ ਮਿਲਿਆ। ਸ਼ਰਾਬਬੰਦੀ ਉਥੇ ਪਹਿਲਾਂ ਹੀ ਹੈ, ਸ਼ਤਾਬਦੀ ਸਮਾਗਮਾਂ ਮੌਕੇ ਇਕੱਲੇ ਪਟਨਾ ਸਾਹਿਬ ਵਿਚ ਨਹੀਂ ਪੂਰੇ ਬਿਹਾਰ ਸੂਬੇ ਵਿਚ ਮੀਟ, ਮੱਛੀ ਆਦਿ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਤੇ ਉਥੋਂ ਦੇ ਲੋਕਾਂ ਨੇ ਇਸ ਸਮਾਗਮ ਦੀ ਧਾਰਮਿਕ ਮਹੱਤਤਾ ਨੂੰ ਸਮਝਦਿਆਂ ਖੁਦ ਇਸ ਗੱਲ ‘ਤੇ ਪਹਿਰਾ ਦਿੱਤਾ ਕਿ ਅਜਿਹੀ ਕੋਈ ਦੁਕਾਨ ਖੁੱਲ੍ਹੀ ਨਾ ਰਹੇ।
ਇਕ ਪਾਸੇ ਬਿਹਾਰ ਹੈ, ਜਿਸ ਨੇ ਨਸ਼ਿਆਂ ਖਿਲਾਫ ਮੁਹਿੰਮ ਛੇੜਦਿਆਂ ਨਾ ਸ਼ਰਾਬੀਆਂ ਦੀਆਂ ਵੋਟਾਂ ਦੀ ਪ੍ਰਵਾਹ ਕੀਤੀ ਤੇ ਨਾ ਸਰਕਾਰੀ ਖਜ਼ਾਨੇ ਨੂੰ ਪੈਣ ਵਾਲੇ ਘਾਟੇ ਦੀ ਪ੍ਰਵਾਹ ਕੀਤੀ, ਸ਼ਰਾਬਬੰਦੀ ਕਰਕੇ ਦਿਖਾਈ। ਦੂਜੇ ਪਾਸੇ ਸਾਡੀਆਂ ਸਰਕਾਰਾਂ ਹਨ, ਜਿਹੜੀਆਂ ਧੜਾਧੜ ਸ਼ਰਾਬ ਦੇ ਠੇਕੇ ਖੋਲ੍ਹਦੀਆਂ ਹਨ, ਚਾਹੇ ਸੱਤਾਧਾਰੀ ਧਿਰ ਹੋਵੇ ਤੇ ਚਾਹੇ ਵਿਰੋਧੀ ਧਿਰ, ਇਨ੍ਹਾਂ ਦੇ ਨੁਮਾਇੰਦੇ ਹੀ ਬਹੁ ਗਿਣਤੀ ਸ਼ਰਾਬ ਦੇ ਵਪਾਰੀ ਹਨ। ਜਦੋਂ ਸੁਪਰੀਮ ਕੋਰਟ ਹੁਕਮ ਸੁਣਾਉਂਦੀ ਹੈ ਕਿ ਸ਼ਰਾਬ ਦੇ ਠੇਕਿਆਂ ਨੂੰ ਹਾਈਵੇ ਤੋਂ ਹਟਾ ਲਿਆ ਜਾਵੇ ਤਦ ਇਨ੍ਹਾਂ ਸ਼ਰਾਬ ਦੇ ਠੇਕਿਆਂ ਨੂੰ ਬਚਾਉਣ ਲਈ ਵੀ ਸਰਕਾਰੀ ਨੁਮਾਇੰਦੇ ਅਦਾਲਤਾਂ ਵਿਚ ਵੱਖੋ-ਵੱਖ ਬਹਾਨੇ ਲਗਾ ਕੇ ਅਪੀਲਾਂ ਪਾਉਂਦੇ ਹਨ। ਇਕ ਪਾਸੇ ਬਿਹਾਰ ਦੀ ਸਰਕਾਰ ਹੈ, ਜਿਸ ਨੇ ਸ਼ਤਾਬਦੀ ਸਮਾਗਮਾਂ ਮੌਕੇ ਪੂਰੇ ਸੂਬੇ ਵਿਚ ਮੀਟ, ਮੱਛੀ ਦੀਆਂ ਦੁਕਾਨਾਂ ਬੰਦ ਕਰਨ ਦਾ ਫੈਸਲਾ ਲਿਆ ਤੇ ਦੂਜੇ ਪਾਸੇ  ਸਾਡੀਆਂ ਸਰਕਾਰਾਂ ਹਨ, ਚਾਹੇ ਪੰਥਕ ਕਹਾਉਣ ਵਾਲੀਆਂ ਤੇ ਚਾਹੇ ਖੁਦ ਨੂੰ ਮਾਨਵ ਪੱਖੀ ਕਹਿਲਾਉਣ ਵਾਲੀਆਂ, ਮੈਨੂੰ ਨਹੀਂ ਯਾਦ ਕਿ ਇਨ੍ਹਾਂ ਸਰਕਾਰਾਂ ਨੇ ਪੰਜਾਬ ਵਿਚ ਆਯੋਜਿਤ ਹੋਣ ਵਾਲੇ ਕਿਸੇ ਵੀ ਧਾਰਮਿਕ ਸਮਾਗਮ ਮੌਕੇ ਕੋਈ ਅਜਿਹਾ ਹੁਕਮ ਸੁਣਾਇਆ ਹੋਵੇ। ਚਾਹੇ ਖਾਲਸਾ ਪੰਥ ਦੇ 300 ਸਾਲਾ ਸ਼ਤਾਬਦੀ ਸਮਾਗਮ ਹੋਣ, ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਤਾਬਦੀ ਸਮਾਗਮ ਹੋਣ, ਚਾਹੇ ਹਰ ਵਰ੍ਹੇ ਵੱਖੋ-ਵੱਖ ਧਾਰਮਿਕ ਸਥਾਨਾਂ ‘ਤੇ ਆਯੋਜਿਤ ਹੋਣ ਵਾਲੇ ਸਲਾਨਾ ਧਾਰਮਿਕ ਸਮਾਗਮ ਜੋ ਕਿਸੇ ਵੀ ਧਰਮ ਨਾਲ ਸਬੰਧਤ ਹੋਣ, ਪਰ ਕਦੀ ਵੀ ਪੰਜਾਬ ਦੀਆਂ ਸਰਕਾਰਾਂ ਨੇ ਅਜਿਹਾ ਸਖਤ ਫੈਸਲਾ ਨਹੀਂ ਲਿਆ ਕਿ ਪੂਰੇ ਪੰਜਾਬ ਵਿਚ ਸ਼ਰਾਬਬੰਦੀ ਹੋਵੇ, ਮੀਟ ਮੱਛੀ ਦੀਆਂ ਦੁਕਾਨਾਂ ਬੰਦ ਹੋਣ, ਹਾਂ ਏਨਾ ਕੁ ਕਰਕੇ ਕਿ ਜੀ ਜਿਸ ਨਗਰ ਵਿਚ ਧਾਰਮਿਕ ਸਮਾਗਮ ਹੈ, ਉਥੇ ਲੋਕਲ ਹਦਾਇਤਾਂ ਬੇਸ਼ੱਕ ਜਾਰੀ ਹੁੰਦੀਆਂ ਹੋਣ, ਪਰ ਬਿਹਾਰ ਵਰਗੀ ਉਦਾਹਰਨ ਪੰਜਾਬ ਪੇਸ਼ ਨਹੀਂ ਕਰ ਸਕਿਆ। ਇਸ ਲਈ ਹੁਣ ਤੁਸੀਂ ਹੀ ਜਵਾਬ ਦਿਓ ਕਿ ਪੰਜਾਬ ਬਨਾਮ ਬਿਹਾਰ ਵਿਚੋਂ ਫਿਰ ਅਸਲ ਪੰਥਕ ਸਰਕਾਰ ਕਿਹੜੀ ਹੈ।                    ੲੲੲ

Check Also

ਆਲਮੀ ਮੇਲਾ ਹੈ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਵਿਸਾਖੀ ਦਾ ਸਬੰਧ ਸਿਰਫ਼ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਹੀ ਨਹੀਂ ਜੁੜਿਆ …