ਅਜੋਕੇ ਯੁੱਗ ‘ਚ ਗੁਰੂ ਗ੍ਰੰਥ ਸਾਹਿਬ ਦੀ ਭੂਮਿਕਾ
ਦਿਲਜੀਤ ਸਿੰਘ ਬੇਦੀ
ਗੁਰੂ ਨਾਨਕ ਦੇਵ ਜੀ ਨੇ ਚਾਰਾਂ ਦਿਸ਼ਾਵਾਂ ਦੀ ਯਾਤਰਾ ਕਰਕੇ ਸਮੇਂ ਦੇ ਧਰਮੀ ਚਿੰਤਕਾਂ ਨਾਲ ਸੰਵਾਦ ਰਚਾਉਂਦੇ ਹੋਏ ਨਵੀਨਤਮ ਕ੍ਰਾਂਤੀਕਾਰੀ ਵਿਗਿਆਨਕ ਯੁੱਗ ਦੇ ‘ਧਰਮ ਗ੍ਰੰਥ’ ਦੇ ਸੰਕਲਨ ਦਾ ਬੀਜ ਬੀਜਿਆ, ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ 1604 ਈ: ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਆਦਿ ਗ੍ਰੰਥ’ ਵਜੋਂ ਰੂਪਮਾਨ ਕੀਤਾ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਰ ਬਚਨ ਸਰਬ-ਸਾਂਝੀਵਾਲਤਾ ਦਾ ਸੰਚਾਰ ਤੇ ਪ੍ਰਸਾਰ ਕਰਦਾ ਹੈ। ਅੱਜ ਗਲੋਬਲ ਪੱਧਰ ‘ਤੇ ਸੰਜਮ ਵਿਹੂਣੇ ਸਭਿਆਚਾਰ ਦਾ ਪਸਾਰਾ ਹੈ। ਸਮੁੱਚੀ ਮਨੁੱਖਤਾ ਕਈ ਤਰ੍ਹਾਂ ਦੇ ਵਖਰੇਵਿਆਂ ਵੰਡਾਂ-ਦਰ-ਵੰਡਾਂ ਦੇ ਘੇਰਿਆਂ ਵਿਚ ਬੁਰੀ ਤਰ੍ਹਾਂ ਫਸੀ ਹੋਈ ਮਹਿਸੂਸ ਹੋ ਰਹੀ ਹੈ। ਵੱਖਰੇ-ਵੱਖਰੇ ਦੇਸ਼ਾਂ, ਕੌਮਾਂ ਅਤੇ ਧਾਰਮਿਕ ਵਖਰੇਵਿਆਂ ਵਿਚਕਾਰ ਖੋਹਾ-ਖਿੰਝੀ ਨਫਰਤੀ ਖਿਚੋਤਾਣ ਜਾਰੀ ਹੈ।
ਖੁਸ਼ਹਾਲ ਬਹੁ-ਧਰੁਵੀ ਸੰਸਾਰ ਸਿਰਜਣ ਦੇ ਸਮਰੱਥ ਗੁਰੂ ਗ੍ਰੰਥ ਸਾਹਿਬ ਦੀਆਂ ਦਾਰਸ਼ਨਿਕ, ਵਿਗਿਆਨਕ ਤੇ ਵਿਚਾਰਧਾਰਕ ਸੰਭਾਵਨਾਵਾਂ ਅਸੀਂ ਅਜੇ ਤੱਕ ਜਗਤ-ਜਲੰਦੇ ਅੱਗੇ ਸਹੀ ਦਿਸ਼ਾ ‘ਚ ਰੱਖ ਨਹੀਂ ਸਕੇ। ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ। ਸੁਹਿਰਦਤਾ ਤੇ ਸੁਚੇਤਨਾ ਨਾਲ ਗਲੋਬਲ ਪੱਧਰੀ ਵੱਸ ਰਹੇ ਸਿੱਖ ਹੁਣ ਗੁਰੂ ਗ੍ਰੰਥ ਸਾਹਿਬ ਦੇ ਮਹੱਤਵ ਨੂੰ ਵਿਸ਼ਵ ਸਾਹਮਣੇ ਪ੍ਰਗਟ ਕਰਕੇ ‘ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ’ ਦੇ ਅਧਿਕਾਰੀ ਬਣ ਸਕਦੇ ਹਨ। ਜਦੋਂ ਕਦੇ ਵੀ ਸਿੱਖਾਂ ਵਿਚ ਨਿਰਾਸ਼ਤਾ ਪਸਰੀ ਉਦੋਂ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਸਮੇਂ-ਸਮੇਂ ਗੁਰਮਤਿ ਸਮਾਗਮਾਂ ਰਾਹੀਂ ਸਿੱਖੀ ਪ੍ਰਚਾਰ ਨੂੰ ਪ੍ਰਚੰਡ ਕਰਨ ਦੇ ਉਦਮ ਕਰਦੀ ਰਹੀ ਹੈ। ਜਿਸ ਦੇ ਸਿੱਟੇ ਵਜੋਂ ਸਿੱਖਾਂ ਨੇ ਹਰ ਚੁਣੌਤੀ ਨੂੰ ਕਬੂਲਿਆ ਤੇ ਉਸ ਦਾ ਡਟ ਕੇ ਮੁਕਾਬਲਾ ਕੀਤਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ਾਂ ਸਦਕਾ ਪੈਰੋਕਾਰ ਜਮਾਂਦਰੂ ਹੀ ਸੰਘਰਸ਼ੀ ਹਨ।
ਸਭ ਤੋਂ ਵੱਡਾ ਸੰਕਟ ਇਸ ਸਮੇਂ ਇਹ ਹੈ ਕਿ ਕਲਾਸਕੀ ਪੂੰਜੀਵਾਦ ਤੇ ਕਲਾਸਕੀ ਸਾਮਵਾਦ ਦੋਵੇਂ ਹੀ ਖੀਣ ਹੋ ਚੁੱਕੇ ਹਨ। ਦੋਨਾਂ ਦੀ ਅਸਮਰੱਥਾ ਸਾਹਮਣੇ ਆ ਚੁੱਕੀ ਹੈ। ਪੱਛਮ ਦਾ ਵਿਕਸਿਤ, ਕੰਪਿਊਟਰੀ ਯੁੱਗ ਤੋਂ ਪਿਛੋਂ ਦਾ ਪੂੰਜੀਵਾਦ ਜੋ ਵਿਸ਼ਵੀਕਰਨ ਦੇ ਨਾਂ ‘ਤੇ ਸਮੁੱਚੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈਣ ਦੇ ਆਹਰ ਵਿਚ ਹੈ, ਕਿਤੇ ਬਹੁ-ਕੌਮੀ ਕੰਪਨੀਆਂ ਦੇ ਵਪਾਰ ਰਾਹੀਂ, ਕਿਤੇ ਜੰਗ ਰਾਹੀਂ, ਕਿਤੇ ਧੌਂਸ ਰਾਹੀਂ, ਉਸ ਦਾ ਸੰਕਟ ਪਹਿਲਾਂ ਹੀ ਸਾਹਮਣੇ ਹੈ ਤੇ ਸੰਸਾਰ ਉਸ ਨੂੰ ਵਿਚਾਰਧਾਰਕ ਤੌਰ ‘ਤੇ ਸਵੀਕਾਰ ਨਹੀਂ ਕਰ ਰਿਹਾ। ਸਭਿਆਚਾਰਾਂ ਦੇ ਤਨਾਅ ਸਾਹਮਣੇ ਹਨ। ਅਜਿਹੀ ਸਥਿਤੀ ਵਿਚਾਰਧਾਰਾ ਦੇ ਸੰਕਟ ਨੂੰ ਜਨਮ ਦਿੰਦੀ ਹੈ। ਮਨੁੱਖ ਨੂੰ ਭਵਿੱਖ ਲਈ ਇਕ ਵਾਰੀ ਫਿਰ ਵਿਚਾਰਧਾਰਾ ਦੀ ਤਲਾਸ਼ ਹੈ। ਅਜਿਹੀ ਸਥਿਤੀ ਦੇ ਸਾਹਵੇਂ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਇਸ ਵਿਸ਼ਵ ਵਿਚਾਰਧਾਰਾ ਨੂੰ ਸਪੱਸ਼ਟ ਕਰਨ ਦੀ ਲੋੜ ਹੈ ਜੋ ਸਮੁੱਚੇ ਮਨੁੱਖ ਲਈ ਭਵਿੱਖਮੁਖੀ ਰਾਹ ਲਈ ਬੈਠੀ ਹੈ। ਲੋੜ ਇਸ ਨੂੰ ਤੰਗ ਵਲਗਣਾਂ ਵਿਚੋਂ ਕੱਢਣ ਦੀ ਹੈ। ਸੰਸਾਰ ਉੱਤਰ-ਆਧੁਨਿਕਤਾਵਾਦ ਅਤੇ ਗਲੋਬਲਾਈਜ਼ੇਸ਼ਨ ਤੱਕ ਜਿਸ ਦੌਰ ਵਿੱਚ ਪਹੁੰਚਿਆ ਹੈ, ਲੋੜ ਉਸ ਵਿਚ ਇਸ ਦੀ ਯੋਗਤਾ ਨੂੰ ਪਛਾਨਣ ਦੀ ਹੈ। ਗੁਰੂ ਨਾਨਕ ਦੇਵ ਜੀ ਦੇ ਅਗੰਮੀ ਪ੍ਰਕਾਸ਼ ਨਾਲ ਭਾਰਤੀ ਉਪ ਮਹਾਂਦੀਪਾਂ ਵਿਚ ਇਕ ਸਫ਼ਲ ਕ੍ਰਾਂਤੀ ਦਾ ਜਨਮ ਹੋਇਆ। ਭਾਈ ਗੁਰਦਾਸ ਜੀ ਲਿਖਦੇ ਹਨ:
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ॥
ਜਿਉ ਕਰਿ ਸੂਰਜ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ॥
ਪੰਜਵੀਂ ਪਾਤਸ਼ਾਹੀ ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਸਾਂਝੀਵਾਲਤਾ, ਨਿਆਂ, ਸੱਚ, ਹੱਕ, ਜਾਤ-ਪਾਤ ਤੋਂ ਉੱਪਰ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦਾ ਗੁਰਮਤਿ ਸਿਧਾਂਤ ਹੈ। ਇਸ ਗ੍ਰੰਥ ਵਿਚ ਬਿਨਾਂ ਕਿਸੇ ਵਿਤਕਰੇ ਦੇ ਹਰ ਧਰਮ ਦੇ ਭਗਤਾਂ ਦੀ ਬਾਣੀ ਉਸੇ ਸਤਿਕਾਰ ਨਾਲ ਦਰਜ ਹੈ, ਜਿਸ ਸਤਿਕਾਰ ਨਾਲ ਗੁਰੂਆਂ ਦੀ ਬਾਣੀ।
ਧਰਮ ਗ੍ਰੰਥਾਂ ਵਿਚ ਦਰਜ ਸਿਧਾਂਤ ਮਨੁੱਖਤਾ ਨੂੰ ਉਨ੍ਹਾਂ ਦੇ ਪੈਰੋਕਾਰਾਂ ਨਾਲ ਜੁੜੇ ਰਹਿਣ ਦਾ ਰਾਹ ਦੱਸਦੇ ਹਨ। ਧਾਰਮਿਕ ਪੈਰੋਕਾਰਾਂ ਨੇ ਆਪਣੀ ਅਧਿਆਤਮਕਤਾ ਦੇ ਸਿਖਰ ‘ਤੇ ਪਹੁੰਚ ਕੇ ਕੁਝ ਅਜਿਹੇ ਉਪਦੇਸ਼ ਮਨੁੱਖਤਾ ਦੇ ਰੂਬਰੂ ਕੀਤੇ ਹੁੰਦੇ ਹਨ, ਜਿਨ੍ਹਾਂ ਨੂੰ ਅਪਣਾ ਕੇ ਮਨੁੱਖ ਆਪਣੀ ਜ਼ਿੰਦਗੀ ਦਾ ਅੰਤਿਮ ਲਕਸ਼ ਭਾਵ ਪ੍ਰਭੂ ਪ੍ਰਾਪਤੀ ਅਤੇ ਆਪਣੇ ਸੰਸਾਰ ਵਿਚ ਆਉਣ ਦੇ ਮਨੋਰਥ ਨੂੰ ਸਮਝਣ ਦੇ ਸਮਰੱਥ ਹੋ ਜਾਂਦਾ ਹੈ। ਸੰਸਾਰ ਦੇ ਇਤਿਹਾਸ ਵਿੱਚ ਅਨੇਕਾਂ ਅਜਿਹੇ ਹਵਾਲੇ ਮਿਲਦੇ ਹਨ ਜਿਨ੍ਹਾਂ ਅੰਦਰ ਇਹ ਜ਼ਿਕਰ ਹੈ ਕਿ ਜਿਨ੍ਹਾਂ ਧਰਮਾਂ ਨੇ ਆਪਣੇ ਧਰਮ ਗ੍ਰੰਥਾਂ ਦੀ ਸੰਭਾਲ ਵਿੱਚ ਕੁਤਾਹੀ ਵਰਤੀ ਉਹ ਆਪਣੇ ਰਹਿਬਰਾਂ ਦੇ ਅਨਮੋਲ ਵਚਨਾਂ ਤੋਂ ਵਾਂਝੇ ਹੋ ਗਏ, ਇੱਥੋਂ ਤੱਕ ਕਿ ਉਨ੍ਹਾਂ ਗ੍ਰੰਥਾਂ ਨੂੰ ਸਤਿਕਾਰ ਵੀ ਨਹੀਂ ਮਿਲ ਸਕਿਆ। ਧਰਮ ਗ੍ਰੰਥਾਂ ਦੇ ਰੂਪ ਵਿਚ ਉਪਲਬਧ ਅਧਿਆਤਮਕ ਖਜ਼ਾਨੇ ਨੂੰ ਆਪਣੀ ਵਿਰਾਸਤ ਸਮਝ ਕੇ ਸੰਭਾਲਣਾ ਅਤਿ ਜ਼ਰੂਰੀ ਹੈ।
ਵਿਸ਼ਵ ਪੱਧਰ ‘ਤੇ ਭਵਿੱਖ ਦਾ ਜੋ ਖ਼ਾਕਾ ਉੱਭਰ ਰਿਹਾ ਹੈ, ਉਹ ਉਤਸ਼ਾਹਜਨਕ ਵੀ ਹੈ ਅਤੇ ਨਿਰਾਸ਼, ਤਬਾਹਕੁਨ ਵੀ। ਐਟਮੀ ਤਾਕਤਾਂ ਗਿਆਨ ਵਿਗਿਆਨ ਦੇ ਉਭਾਰ ਨਾਲ ਮਾਨਵਤਾ ਲਈ ਕਈ ਚੁਣੌਤੀਆਂ ਵੀ ਸਾਹਮਣੇ ਆ ਖਲੋਈਆਂ ਹਨ। ਵਿਭਿੰਨ ਤਰ੍ਹਾਂ ਦੇ ਪ੍ਰਦੂਸ਼ਣ ਕਾਰਨ ਆਕਾਸ਼ ਵਿਚਲੀ ਓਜ਼ੋਨ ਦੀ ਬਹੁ ਪਰਤ ਵਿਚ ਛੇਕ ਹੋ ਗਿਆ ਹੈ। ਕਾਦਰ ਦੀ ਕੁਦਰਤ ਇਨ੍ਹਾਂ ਆਕਾਸ਼ੀ ਤੱਤਾਂ ‘ਤੇ ਆਧਾਰਿਤ ਹੈ।
ਮਨੁੱਖ ਨੇ ਅਤੇ ਟਕਨਾਲੋਜੀ ਦੇ ਪੱਖੋਂ ਬੜੀ ਤਰੱਕੀ ਕੀਤੀ ਹੈ। ਜਿਸ ਕਾਰਨ ਮਾਨਵ ਜੀਵਨ ਸੁਖੀ ਵੀ ਹੋਇਆ ਹੈ। ਦੂਜੇ ਪਾਸੇ ਅਮਾਨਵੀ ਅਤੇ ਅਨੈਤਿਕ ਬੁਰਿਆਈਆਂ ਦੀ ਭਰਮਾਰ ਵੀ ਹੈ। ਜੰਗ ਮਾਨਵੀ ਹਿੰਸਾ ਹੈ। ਅਮਨ ਸਰਵਪੱਖੀ ਖੁਸ਼ਹਾਲੀ ਹੈ। ਕੁਦਰਤੀ ਵਸੀਲਿਆਂ ਦੀ ਅੰਧਾ ਧੁੰਦ ਵਰਤੋਂ ਅਤੇ ਦੁਰਉਪਯੋਗ ਨਾਲ ਬਹੁਤ ਸਾਰੇ ਜੀਵ ਜੰਤੂ, ਪਸ਼ੂ ਪੰਛੀ, ਪੌਦੇ ਅਤੇ ਦਵਾਈਆਂ ਲਈ ਅਨੇਕ ਤਰ੍ਹਾਂ ਦੀਆਂ ਜੜ੍ਹੀਆਂ ਬੂਟੀਆਂ ਧਰਤੀ ਤੋਂ ਅਲੋਪ ਹੋ ਰਹੇ ਹਨ। ਇਹ ਜੀਵ ਸ੍ਰਿਸ਼ਟੀ ਅਤੇ ਪ੍ਰਾਕ੍ਰਿਤੀ ਵੀ ਸਾਡਾ ਸਭ ਦਾ ਸਾਂਝਾ ਭਾਈਚਾਰਾ ਹੈ। ਇਸ ਦੀ ਰੱਖਿਆ ਸੰਭਾਲ ਅਤੇ ਸਰਬਪੱਖੀ ਉਸਾਰੀ ਦੇ ਅਸੀਂ ਸਭ ਜ਼ਿੰਮੇਵਾਰ ਹਾਂ। ਵਿਗਿਆਨ ਤੇ ਵਿਸਫੋਟ ਨੇ ਭੁਚਾਲ, ਸੁਨਾਮੀ, ਹੜ੍ਹ, ਤੁਫਾਨ, ਸੋਕਾ, ਫਸਲਾਂ ਫੁੱਲ ਅਤੇ ਸਬਜ਼ੀਆਂ, ਅਨਾਜ ਜ਼ਹਿਰੀਲੇ ਕਰ ਦਿੱਤੇ ਹਨ। ਇਹ ਵਿਗਿਆਨਕ ਦੁਖਾਂਤ ਬਣਦਾ ਹੈ। ਕਾਰਖਾਨਿਆਂ ਨੇ ਅਨਾਜ ਦੀ ਪੈਦਾਵਾਰ ਨੂੰ ਘਟਾਇਆ ਹੈ। ਪ੍ਰਦੂਸ਼ਣ ਅਤੇ ਵਿਗਿਆਨਕ ਕਾਢਾਂ ਤੋਂ ਪੈਦਾ ਹੋਏ ਅਸਾਂਵਲੇਪਣ ਦੇ ਸੰਕਟ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਇਲਾਹੀ ਸੰਦੇਸ਼ ਦੀ ਰੌਸ਼ਨੀ ਵਿੱਚ ਇਨ੍ਹਾਂ ਸਭ ਖ਼ਤਰਿਆਂ, ਵਿਰੋਧਾਂ ਨਾਲ ਨਿਪਟ ਸਕਦੇ ਹਾਂ।
ਨਸ਼ੀਲੇ ਪਦਾਰਥਾਂ ਦਾ ਸੇਵਨ ਹੋ ਰਿਹਾ ਹੈ। ਏਡਜ਼ ਵਰਗੀਆਂ ਲਾ-ਇਲਾਜ ਬੀਮਾਰੀਆਂ ਫੈਲ ਰਹੀਆਂ ਹਨ। ਭਰੂਣ ਹੱਤਿਆ ਜਿਹਾ ਘੋਰ ਨਰਕ ਅਤੇ ਵਿਕਲਪ ਗੈਰ ਅਮਾਨਵੀ ਹੈ। ਇਸ ਸੰਦਰਭ ਵਿਚ ਵਿਸ਼ਵ ਪੱਧਰ ‘ਤੇ ਸਿਹਤਮੰਦ ਤੇ ਸਭਿਅਕ ਸਮਾਜ ਦੀ ਸਿਰਜਣਾ ਕਰਨੀ ਤੇ ਆਦਰਸ਼ਕ ਨਾਗਰਿਕ, ਸੂਰਮੇ ਪੈਦਾ ਕਰਨੇ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਅਤੇ ਉਪਦੇਸ਼ ਵਿਸ਼ੇਸ਼ ਲਾਭਕਾਰੀ ਹੈ। ਗੁਰੂ ਘਰ ਵਿਚ ਨਾਰੀ ਦਾ ਸਤਿਕਾਰ ਹੈ। ਸਤਿਕਾਰ ਹੀ ਨਹੀਂ ਇਸਤਰੀਆਂ ਨਾਲ ਹੋ ਰਹੇ ਵਿਤਕਰੇ ਅਤੇ ਅਨਿਆਂ ਪ੍ਰਤੀ ਵੀ ਸਿੱਖ ਪੰਥ ਦਾ ਸੰਪੂਰਨ ਸੰਘਰਸ਼ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਔਰਤ ਨੂੰ ਮਰਦ ਦੇ ਈਮਾਨ ਦੀ ਰਖਵਾਲੀ ਦੱਸਿਆ ਹੈ। ਭਾਈ ਗੁਰਦਾਸ ਜੀ ਔਰਤ ਦੇ ਸਤਿਕਾਰ ਵਿਚ ਲਿਖਦੇ ਹਨ:
ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ।
ਗੁਰੂ ਗ੍ਰੰਥ ਸਾਹਿਬ ਨੂੰ ਹੋਰ ਅਨੇਕਾਂ ਧਰਮਾਂ ਦੀਆਂ ਚੁਣੌਤੀਆਂ ਦਾ ਸਮੇਂ-ਸਮੇਂ ‘ਤੇ ਸਾਹਮਣਾ ਕਰਨਾ ਪਿਆ ਪਰ ਪੰਥ ਦੀ ਸਦਾ ਚੜ੍ਹਦੀ ਕਲਾ ਲਈ ਸਿੱਖ ਇਤਿਹਾਸ ਦੀਆਂ ਉੱਚਤਮ ਮਿਸਾਲਾਂ ਸਾਡੇ ਸਾਹਮਣੇ ਹਨ। ਮਸਲਨ ਭਾਈ ਬਿਧੀ ਚੰਦ, ਭਾਈ ਮਨੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਤਾਰੂ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ‘ਤੇ 1706 ਈ: ਨੂੰ ਬਾਬਾ ਦੀਪ ਸਿੰਘ ਦੇ ਸਹਿਯੋਗ ਨਾਲ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਵਿਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਬਾਣੀ ਨੂੰ ਸ਼ਾਮਲ ਕਰਕੇ ਸੰਪੂਰਨਤਾ ਪ੍ਰਦਾਨ ਕੀਤੀ।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …