Breaking News
Home / ਮੁੱਖ ਲੇਖ / ਕਮਿਊਨਿਸਟ ਪਾਰਟੀਆਂ ਇਨਕਲਾਬ ਤੋਂ ਉਰਾਂ ਕੋਈ ਟੀਚਾ ਨਹੀਂ ਮਿੱਥਦੀਆਂ

ਕਮਿਊਨਿਸਟ ਪਾਰਟੀਆਂ ਇਨਕਲਾਬ ਤੋਂ ਉਰਾਂ ਕੋਈ ਟੀਚਾ ਨਹੀਂ ਮਿੱਥਦੀਆਂ

ਅਮਨਿੰਦਰ ਪਾਲ
ਅਜੋਕੇ ਦੌਰ ਦਾ ਅਹਿਮ ਸਵਾਲ ਹੈ : ਕੀ ਦੇਸ਼ ਅੰਦਰ ਖੱਬੀਆਂ ਪਾਰਟੀਆਂ ਦੀ ਹੋਂਦ ਖਤਮ ਹੋਣ ਦੀ ਸ਼ੁਰੂਆਤ ਹੋ ਚੁੱਕੀ ਹੈ? ਖੱਬੀਆਂ ਪਾਰਟੀਆਂ ਦੇ ਕਮਜ਼ੋਰ ਹੋ ਜਾਣ ਤੋਂ ਬਾਅਦ ਧਾਰਮਿਕ ਬਹੁਗਿਣਤੀਵਾਦ ਦੀ ਰਾਜਨੀਤੀ ਨਾਲ ਟੱਕਰ ਕੌਣ ਲਵੇਗਾ?ਪਰ ਸਭ ਤੋਂ ਅਹਿਮ ਸਵਾਲ ਹੈ ਕਿ ਦੇਸ਼ ਅੰਦਰ ਅਗਾਂਹਵਧੂ ਰਾਜਨੀਤੀ ਦਾ ਇਕਲੌਤਾ ਝੰਡਾਬਰਦਾਰ ਹੋਣ ਦਾ ਦਾਅਵਾ ਕਰਦੀ ਸਮੁੱਚੀ ਖੱਬੀ ਧਿਰ ਅੱਜ ਗ਼ੈਰ ਪ੍ਰਸੰਗਕ ਹੋ ਗਈ ਕਿਉਂ ਦਿਖਾਈ ਦਿੰਦੀ ਹੈ?
ਸੁਭਾਵਿਕ ਹੈ ਕਿ ਰਾਜ ਕਰ ਰਹੀਆਂ ਸੱਜੇ-ਪੱਖੀ ਤਾਕਤਾਂ ਨੇ ਖੱਬੇ-ਪੱਖੀਆਂ ਨੂੰ ਦੇਸ਼ ਦੇ ਦੁਸ਼ਮਣ ਐਲਾਨ ਦੇਣਾ ਹੁੰਦਾ ਹੈ ਪਰ ਅੱਜ ਵੱਡਾ ਫਿਕਰ ਇਹ ਹੈ ਕਿ ਸਮੂਹਿਕ ਚੇਤਨਾ ਅੰਦਰ ਸਮੁੱਚੀ ਖੱਬੀ ਧਿਰ ਗੰਭੀਰ ਸਿਆਸੀ ਧਿਰ ਦੇ ਤੌਰ ਤੇ ਮਨਫੀ ਹੋ ਗਈ ਹੈ। ਸਮਾਜ ਦਾ ਵੱਡਾ ਹਿੱਸਾ ਖੱਬੀਆਂ ਪਾਰਟੀਆਂ/ਖੱਬੇ ਫਲਸਫੇ ਨੂੰ ਸ਼ੱਕ ਦੀ ਨਿਗਾ ਨਾਲ ਦੇਖਣ ਲੱਗਾ ਹੈ। ਮਹਿਜ਼ ਕੁਝ ਸਾਲਾਂ ਦੇ ਵਕਫੇ ਅੰਦਰ ਇਹ ਕਿੰਜ ਅਤੇ ਕਿਉਂ ਵਾਪਰ ਗਿਆ?
ਖੱਬੀ ਰਾਜਨੀਤੀ ਦੇ ਢਹਿੰਦੀਆਂ ਕਲਾਂ ਵਿਚ ਜਾਣ ਦੇ ਅਨੇਕਾਂ ਕਾਰਨ ਗਿਣਾਏ ਜਾਂਦੇ ਹਨ। ਦੇਸ਼, ਖਾਸਕਰ ਪੰਜਾਬ ਦੀ ਖੱਬੀ ਲਹਿਰ ਤੇ ਸਭ ਤੋਂ ਵੱਡਾ ਦੋਸ਼ ਤਾਂ ਇਹੋ ਲੱਗਦਾ ਹੈ ਕਿ ਕਮਿਊਨਿਸਟ ਪਾਰਟੀਆਂ ਭਾਰਤੀ/ਪੰਜਾਬੀ ਸਮਾਜ ਵਿਚ ਮੌਜੂਦ ਸਮਾਜਿਕ/ਆਰਥਿਕ ਹਕੀਕਤ ਨੂੰ ਅੱਖੋਂ ਉਹਲੇ ਕਰਦੀਆਂ ਰਹੀਆਂ ਅਤੇ ਰੂਸ/ਚੀਨ ਦੇ ਇਨਕਲਾਬ ਦਾ ਘੜਿਆ-ਘੜਾਇਆ ਮਾਡਲ ਭਾਰਤ/ਪੰਜਾਬ ਵਿਚ ਲਾਗੂ ਕਰਨ ਲਈ ਬਜ਼ਿਦ ਰਹੀਆਂ। ਇਹ ਵੀ ਰਾਇ ਹੈ ਕਿ ਕਮਿਊਨਿਸਟ ਪਾਰਟੀਆਂ ਆਪਣੇ-ਆਪ ਨੂੰ ਸਮਾਜ ਅੰਦਰ ਤੇਜ਼ੀ ਨਾਲ ਆ ਰਹੀਆਂ ਤਬਦੀਲੀਆਂ ਦੇ ਹਾਣ ਦਾ ਨਾ ਬਣਾ ਸਕੀਆਂ। ਇੱਕ ਤਬਕੇ ਦੀ ਰਾਇ ਹੈ ਕਿ ਕਮਿਊਨਿਸਟਾਂ ਨੇ ਵੱਖੋ ਵੱਖ ਸਮੂਹਾਂ (ਖਾਸਕਰ ਧਾਰਮਿਕ ਸਮੂਹਾਂ) ਦੇ ਇਤਿਹਾਸ/ਮਿਥਿਹਾਸ ਨੂੰ ਵਿਸਾਰਿਆ। ਸਦੀਆਂ ਤੋਂ ਆਪਣੇ ਇਤਿਹਾਸ/ਮਿਥਿਹਾਸ ਵਿਚ ਗੜੁੱਚ ਹੋ ਕੇ ਜ਼ਿੰਦਗੀ ਬਸਰ ਕਰ ਰਹੇ ਇਨਾਂ ਸਮੂਹਾਂ ਵਾਸਤੇ ਨਿਉਂ ਕੇ ਇਹ ਮੰਨ ਲੈਣਾ ਮੁਸ਼ਕਿਲ ਸੀ ਕਿ ਕਮਿਊਨਿਸਟਾਂ ਦਾ ‘ਦੋ ਜਮਾਤਾਂ’ ਵਾਲਾ ਫਲਸਫਾ ਹੀ ਸਭ ਤੋਂ ਉੱਤਮ ਹੈ। ਸਾਲਾਂ ਤੋਂ ਇਨਾਂ ਸੁਆਲਾਂ ਦੇ ਜੁਆਬ ਲੱਭਣ ਤੁਰੀਆਂ ਬਹਿਸਾਂ ਅਸੀਮ ਲੰਮੀਆਂ ਹਨ ਪਰ ਫਿਲਹਾਲ ਅਸੀਂ ਇੱਕ ਹੋਰ ਸਵਾਲ ਛੂਹਣ ਦੀ ਕੋਸ਼ਿਸ਼ ਕਰ ਰਹੇ ਹਾਂ।
ਪਿਛਲੇ ਕੁਝ ਸਾਲਾਂ ਦੌਰਾਨ ਹੋਈਆਂ ਵੱਡੀਆਂ ਰਾਜਨੀਤਕ ਤਬਦੀਲੀਆਂ, ਖਾਸਕਰ 2014 ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ, ਨੇ ਇੱਕ ਹੋਰ ਸੁਆਲ ਮੁੜ ਸੀਨ ਤੇ ਲਿਆਂਦਾ ਹੈ। ਇਹ ਸੁਆਲ ਹੈ, ਇਨਕਲਾਬ ਬਨਾਮ ਸੋਧਵਾਦ ਜਾਂ ਇਨਕਲਾਬ ਬਨਾਮ ਸੁਧਾਰਵਾਦ ਦਾ। ਸਵਾਲ ਹੈ : ਕੀ ਕਮਿਊਨਿਸਟ ਪਾਰਟੀਆਂ ਪਹਿਲਾਂ ਇਨਕਲਾਬ ਕਰਨ ਅਤੇ ਫਿਰ ਸਮਾਜ ਸੁਧਾਰ ਦੇ ਕਾਰਜ ਵਿੱਢਣ? ਜਾਂ ਸਮਾਜਿਕ ਸੁਧਾਰ ਦੇ ਅਮਲ ਵਿਚ ਜੁਟਦੇ ਹੋਏ ਸਹਿਜੇ ਸਹਿਜੇ ਲੋਕਾਂ ਨੂੰ ਰਾਜਨੀਤਕ ਤਬਦੀਲੀ ਲਈ ਤਿਆਰ ਕਰਨ?
ਇਸ ਸਵਾਲ ਨੂੰ ਹੱਥ ਪਾਉਣ ਤੋਂ ਪਹਿਲਾਂ ਸਾਨੂੰ ਕਮਿਊਨਿਸਟ ਪਾਰਟੀਆਂ ਦੇ ਇਨਕਲਾਬ ਕਰਨ ਦੇ ਫਲਸਫੇ ਨੂੰ ਉਡਦੀ ਨਜ਼ਰੇ ਸਮਝਣਾ ਪਵੇਗਾ। ਭਾਰਤ ਅੰਦਰ ਮੁੱਖ ਤੌਰ ਤੇ ਦੋ ਕਿਸਮ ਦੀਆਂ ਕਮਿਊਨਿਸਟ ਪਾਰਟੀਆਂ ਹਨ : ਚੋਣਾਂ ਲੜ ਕੇ ਇਨਕਲਾਬ ਕਰਨ ਦੀ ਨੀਤੀ ਵਿਚ ਯਕੀਨ ਰੱਖਣ ਵਾਲੀਆਂ ਅਤੇ ਹਥਿਆਰਬੰਦ ਤਰੀਕੇ ਨਾਲ ਇਨਕਲਾਬ ਕਰਨ ਦੀ ਚਾਹਤ ਰੱਖਣ ਵਾਲੀਆਂ; ਐਪਰ ਦੋਹਾਂ ਧਾਰਾਵਾਂ ਦੀ ਮੰਜ਼ਿਲ ਇੱਕ ਹੈ-ਰਾਜਸੱਤਾ ਤੇ ਕਬਜ਼ਾ ਕਰਨਾ।
ਇਨਾਂ ਦਾ ਫਲਸਫਾ ਹੈ ਕਿ ਪਾਰਟੀ ਪਹਿਲਾਂ ਇਨਕਲਾਬ ਕਰਕੇ ਰਾਜਸੱਤਾ ਤੇ ਕਬਜ਼ਾ ਕਰੇਗੀ ਅਤੇ ਫਿਰ ਕਮਿਊਨਿਸਟ ਨਿਜ਼ਾਮ ਦੀ ਉਸਾਰੀ ਦੇ ਰਾਹ ਪੈਂਦੇ ਹੋਏ ਸਮਾਜਿਕ/ਆਰਥਿਕ ਸੁਧਾਰ ਕਰੇਗੀ। ਮੌਜੂਦਾ ਢਾਂਚਾ (ਸੰਸਥਾਵਾਂ) ਢਹਿਢੇਰੀ ਹੋਵੇਗਾ ਅਤੇ ਅਸਲ ਮਾਇਨਿਆਂ ਵਿਚ ਮਨੁੱਖ ਦਾ ਕਲਿਆਣ ਲੋਚਦੀਆਂ ਸੰਸਥਾਵਾਂ ਦੀ ਉਸਾਰੀ ਹੋਵੇਗੀ। ਇਸੇ ਉਸਾਰੀ ਦੌਰਾਨ ਬੰਦੇ (ਮਨੁੱਖ) ਦੀ ਸ਼ਖ਼ਸੀਅਤ ਵਿਚ ਵੀ ਸੁਧਾਰ ਹੋਵੇਗਾ ਅਤੇ ਉਹ ਆਦਰਸ਼ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਵਾਲਾ ਮਨੁੱਖ ਬਣੇਗਾ; ਭਾਵ, ਪਹਿਲਾਂ ਇਨਕਲਾਬ ਹੋਵੇਗਾ ਅਤੇ ਉਸ ਤੋਂ ਪਿੱਛੋਂ ਸਮਾਜ ਸੁਧਾਰਕ ਸੰਸਥਾਵਾਂ ਦੀ ਉਸਾਰੀ ਹੋਵੇਗੀ।
ਕਮਿਊਨਿਸਟ ਪਾਰਟੀਆਂ ਮੁਤਾਬਕ ਇਨਕਲਾਬ ਤੋਂ ਪਹਿਲਾਂ ਸੁਧਾਰ ਕਰਨ ਵਿਚ ਜੁਟੇ ਇਨਸਾਨ/ਗਰੁੱਪ/ਪਾਰਟੀਆਂ ਅਸਲ ਵਿਚ ਸੁਧਾਰਵਾਦ/ਸੋਧਵਾਦ ਦੀ ਰਾਜਨੀਤੀ ਕਰਦੇ ਹਨ। ਸੁਧਾਰਵਾਦੀ/ਸੋਧਵਾਦੀ ਕਾਰਜ ਇਨਕਲਾਬ ਨੂੰ ਹੋਰ ਪਿਛਾਂਹ ਧੱਕਦੇ ਹਨ। ਉਨਾਂ ਮੂਜਬ ਅਜਿਹੀਆਂ ਸੋਧਵਾਦੀ ਧਿਰਾਂ ਦਾ ਖਾਸਾ ਅਸਲ ਵਿਚ ਪ੍ਰੈੱਸ਼ਰ ਕੁੱਕਰ ਦੀ ਸੀਟੀ ਵਰਗਾ ਹੁੰਦਾ ਹੈ ਜੋ ਸਮਾਜ ਅੰਦਰ ਨਿਜ਼ਾਮ ਵਿਰੁੱਧ ਪਨਪ ਰਹੇ ਗੁੱਸੇ ਨੂੰ ਨਿਕਾਸ ਬਖਸ਼ ਦਿੰਦੀਆਂ ਹਨ। ਵਕਤੀ ਤੌਰ ‘ਤੇ ਲੋਕਾਂ ਦਾ ਗੁੱਸਾ ਠੰਢਾ ਹੋ ਜਾਂਦਾ ਹੈ ਅਤੇ ਉਹ ਇਨਕਲਾਬ ਦੇ ਪੰਧ ਤੋਂ ਭਟਕ ਜਾਂਦੇ ਹਨ।
ਇਹੀ ਕਾਰਨ ਹੈ ਕਿ ਅਸੀਂ ਕਦੇ ਨਹੀਂ ਤੱਕਿਆ ਹੋਵੇਗਾ ਕਿ ਕਮਿਊਨਿਸਟ ਪਾਰਟੀ ਦਾ ਪਿੰਡਾਂ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰਨ ਜਾਂ ਪਿੰਡ ਵਿਚ ਕੋਈ ਖੇਡ ਮੇਲਾ/ਪੁਸਤਕ ਮੇਲਾ ਕਰਵਾਉਣ ਵਿਚ ਮੋਹਰੀ ਰੋਲ ਹੋਵੇ। ਪਿੰਡ ਪੱਧਰ ਤੇ ਪ੍ਰਾਇਮਰੀ/ਸੈਕੰਡਰੀ ਸਕੂਲ ਚਲਾਉਣੇ, ਡਿਸਪੈਂਸਰੀਆਂ ਚਲਾਉਣੀਆਂ ਜਾਂ ਪਿੰਡਾਂ ਵਿਚ ਸਹਿਕਾਰੀ ਸੁਸਾਇਟੀਆਂ/ਸਾਂਝੇ ਖੇਤੀ ਫਾਰਮ ਚਲਾਉਣੇ ਤਾਂ ਦੂਰ ਦਾ ਸੁਪਨਾ ਹੈ। ਕਮਿਊਨਿਸਟਾਂ ਦਾ ਫਲਸਫਾ ਕਹਿੰਦਾ ਹੈ ਕਿ ਅਜਿਹੇ ਕਾਰਜਾਂ ਨੂੰ ਹੱਥ ਇਨਕਲਾਬ ਹੋ ਜਾਣ ਤੋਂ ਬਾਅਦ ਪਾਇਆ ਜਾਵੇਗਾ। ਉਦਾਹਰਣ ਦੇ ਤੌਰ ਤੇ ਖੱਬੀਆਂ ਪਾਰਟੀਆਂ ਦੀ ਲੰਮੇਂ ਸਮੇਂ ਤੋਂ ਮੰਗ ਹੈ ਕਿ ਸਕੂਲੀ ਵਿੱਦਿਆ ਮੁਫਤ/ਸਸਤੀ ਅਤੇ ਵਿਗਿਆਨਕ ਹੋਵੇ ਪਰ ਅਜਿਹਾ ਕੋਈ ਸਕੂਲ ਖੋਲਣ/ਚਲਾਉਣ ਵਿਚ ਖੱਬੀਆਂ ਪਾਰਟੀਆਂ ਦੀ ਪਹਿਲਕਦਮੀ ਗਾਇਬ ਹੈ। ਇਹ ਅਪਵਾਦ ਹੋ ਸਕਦਾ ਹੈ ਕਿ ਕਿਸੇ ਪਿੰਡ/ਸ਼ਹਿਰ ਵਿਚ ਕੋਈ ਕਾਮਰੇਡ/ਗਰੁੱਪ ਅਜਿਹੇ ‘ਸੁਧਾਰਵਾਦੀ’ ਕੰਮਾਂ ਵਿਚ ਜੁਟਦੇ ਹੋਣ ਪਰ ਅਜਿਹੀ ਸਰਗਰਮੀ ਵਿੱਢਣਾ ਕਮਿਊਨਿਸਟਾਂ ਦੀ ਰਾਜਨੀਤਕ ਲੀਹ/ਪ੍ਰੈਕਟਿਸ ਦਾ ਹਿੱਸਾ ਉੱਕਾ ਨਹੀਂ ਹੈ।
ਅਜਿਹੀ ਸੁਧਾਰਵਾਦੀ ਸਰਗਰਮੀ ਦੀ ਅਣਹੋਂਦ ਖੱਬੀਆਂ ਪਾਰਟੀਆਂ ਦੇ ਇਮਾਨਦਾਰ ਕਾਰਕੁਨਾਂ ਨੂੰ ਕਿੰਜ ਪ੍ਰਭਾਵਿਤ ਕਰਦੀ ਹੈ?ਪ੍ਰਭਾਵਿਤ ਕਰਦੀ ਵੀ ਹੈ ਜਾਂ ਨਹੀਂ? ਕੀ ਅਜਿਹੀ ਸਰਗਰਮੀ ਦੀ ਅਣਹੋਂਦ ਆਹਿਸਤਾ ਆਹਿਸਤਾ ਖੱਬੀਆਂ ਪਾਰਟੀਆਂ ਦੇ ਸੁਹਿਰਦ ਕਾਰਕੁਨਾਂ ਦੇ ਇੱਕ ਹਿੱਸੇ ਦੀ ਨਿਰਾਸ਼ਾ ਦਾ ਕਾਰਨ ਬਣਦੀ ਹੈ? ਕੀ ਇਹੀ ਨਿਰਾਸ਼ਾ ਉਨ੍ਹਾਂ ਕਈ ਕਾਰਨਾਂ ਵਿਚੋਂ ਇੱਕ ਤਾਂ ਨਹੀਂ ਜਿਸ ਕਾਰਨ ਇਨਕਲਾਬ ਪਛੜ ਗਿਆ?
ਕੁਦਰਤ ਨੇ ਮਨੁੱਖ ਦੀ ਫਿਤਰਤ ਕੁਝ ਅਜਿਹੀ ਘੜੀ ਹੈ ਕਿ ਉਸ ਨੂੰ ਨਿੱਕੇ-ਵੱਡੇ ਟੀਚੇ ਮਿੱਥਣਾ ਤੇ ਫਿਰ ਉਨਾਂ ਟੀਚਿਆਂ ਨੂੰ ਸਰ ਕਰਨ ਵਿਚ ਆਨੰਦ ਆਉਂਦਾ ਹੈ। ਕੁਝ ਟੀਚੇ ਇਨਸਾਨ ਇਕੱਲਾ ਮਿੱਥਦਾ ਹੈ ਅਤੇ ਕੁਝ ਇਨਸਾਨਾਂ ਦਾ ਸਮੂਹ। ਇਨਕਲਾਬ ਵੀ ਅਜਿਹਾ ਹੀ ਟੀਚਾ ਹੈ; ਐਪਰ ਕਮਿਊਨਿਸਟ ਫਿਲਾਸਫੀ ਮੁਤਾਬਕ, ਇਹ ਟੀਚਾ ਸਰ ਕਰਨ ਲਈ ਜ਼ਰੂਰੀ ਹੈ ਕਿ ਇਸ ਨੂੰ ਸਰ ਕਰਨ ਜਾ ਰਿਹਾ ਬੰਦਾ/ਸਮਾਜ, ਇਨਕਲਾਬ ਆਉਣ ਤੱਕ ਇਸ ਜੱਦੋ-ਜਹਿਦ ਵਿਚ ਮਸਰੂਫ ਰਹੇ। ਹੁਣ ਸਵਾਲ ਹੈ ਕਿ ਉਹ ਟੀਚਾ, ਜੋ ਹਜ਼ਾਰਾਂ ਲੱਖਾਂ ਕੁਰਬਾਨੀਆਂ ਅਤੇ ਲੰਮੀ ਜੱਦੋ-ਜਹਿਦ ਬਾਅਦ ਸਰ ਹੋਣਾ ਹੈ, ਅਜਿਹੇ ਟੀਚੇ ਸਰ ਕਰਨ ਲਈ ਕੀ ਬੰਦਾ/ਸਮਾਜ ਲਗਾਤਾਰ ਉਸ ਜੱਦੋ-ਜਹਿਦ ਵਿਚ ਮਸਰੂਫ ਰਹੇਗਾ? ਕਮਿਊਨਿਸਟ ਫਿਲਾਸਫੀ ਨੇ ਕਾਰਕੁਨਾਂ/ਸਮਾਜ ਲਈ ਇਨਕਲਾਬ ਰੂਪੀ ਇਕਹਿਰਾ ਟੀਚਾ ਮਿੱਥ ਦਿੱਤਾ ਹੈ। ਉਸ ਤੋਂ ਉਰਾਂ ਕੋਈ ਮੰਜ਼ਿਲ ਨਹੀਂ, ਕੋਈ ਟੀਚਾ ਨਹੀਂ। ਜਦ ਲੱਖਾਂ ਕੁਰਬਾਨੀਆਂ ਦੇ ਬਾਵਜੂਦ ਇਨਕਲਾਬ ਜਿਹੀ ਦੂਰ-ਦਸੇਂਦੀ ਮੰਜ਼ਿਲ ਵੱਲ ਇੱਕ ਕਦਮ ਵੀ ਪੁੱਟਿਆ ਮਹਿਸੂਸ ਨਹੀਂ ਹੁੰਦਾ ਅਤੇ ਕਿਸੇ ਵੀ ਕਿਸਮ ਦੀ ਕੋਈ ਸੰਰਚਨਾ/ਸੰਸਥਾ ਦੀ ਉਸਾਰੀ ਹੁੰਦੀ ਨਜ਼ਰ ਨਹੀਂ ਪੈਂਦੀ ਤਾਂ ਅਵਚੇਤਨ ਵਿਚ ਉਸ ਆਨੰਦ ਦੀ ਥੁੜ ਮਹਿਸੂਸ ਹੋਣ ਲੱਗਦੀ ਹੈ ਜਿਸ ਦਾ ਸਰੂਰ ਮਨੁੱਖੀ ਫਿਤਰਤ ਨੂੰ ਨਿੱਕੀਆਂ-ਵੱਡੀਆਂ ਮੰਜ਼ਿਲਾਂ ਸਰ ਕਰਕੇ ਆਉਂਦਾ ਹੈ। ਸਮਾਂ ਪਾ ਕੇ ਇਸ ਆਨੰਦ ਦੀ ਅਣਹੋਂਦ ਨਿਰਾਸ਼ਾ ਨੂੰ ਜਨਮ ਦਿੰਦੀ ਹੈ। ਕਿਸੇ ਵੀ ਕਿਸਮ ਦੀ ਹਕੀਕੀ ਸੰਸਥਾ ਦੀ ਉਸਾਰੀ ਦੀ ਅਣਹੋਂਦ ਮਹਿਸੂਸ ਕਰਦਿਆਂ ਉਹ ਕਾਰਕੁਨ ਜੋ ਇਮਾਨਦਾਰੀ ਨਾਲ ਇਨਕਲਾਬੀ ਸਮਾਜਿਕ ਤਬਦੀਲੀ ਵਿਚ ਆਪਣਾ ਯੋਗਦਾਨ ਪਾਉਣ ਦਾ ਅਹਿਦ ਕਰਕੇ ਘਰੋਂ ਤੁਰਿਆ ਹੁੰਦਾ ਹੈ, ਅਖੀਰ ਵਾਪਸ ਆਪਣੇ ਘਰ ਪਰਤ ਜਾਂਦਾ ਹੈ।
ਇਹ ਨਹੀਂ ਕਿ ਕਮਿਊਨਿਸਟ ਪਾਰਟੀਆਂ ਇਨਕਲਾਬ ਤੋਂ ਉਰਾਂ ਕੋਈ ਟੀਚਾ ਨਹੀਂ ਮਿੱਥਦੀਆਂ ਸਗੋਂ ਮੌਜੂਦਾ ਦੌਰ ਦੌਰਾਨ ਇਹੀ ਤਾਂ ਉਹ ਧਿਰਾਂ ਹਨ ਜੋ ਸਮਾਜ ਦੇ ਹਾਸ਼ੀਏ ‘ਤੇ ਧੱਕੇ ਤਬਕਿਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੀਆਂ ਹਨ। ਅਜਿਹੇ ਤਬਕਿਆਂ ਲਈ ਪਿੰਡਾਂ/ਸ਼ਹਿਰਾਂ ਵਿਚ ਉਨਾਂ ਦੀਆਂ ਫੌਰੀ ਮੰਗਾਂ ਲਈ ਜਾਂ ਸਰਕਾਰੀ ਜਬਰ ਖਿਲਾਫ ਸੈਂਕੜੇ ਸੰਘਰਸ਼ ਲੜਦੀਆਂ ਹਨ ਤੇ ਸੰਘਰਸ਼ ਜਿੱਤਣ ਦੇ ਟੀਚੇ ਮਿੱਥਦੀਆਂ ਹਨ ਪਰ ਅਜਿਹੇ ਸੰਘਰਸ਼ ਜੋ ਬਿਨਾ ਸ਼ੱਕ ਇਮਾਨਦਾਰੀ ਤੇ ਦਲੇਰੀ ਨਾਲ ਲੜੇ ਜਾਂਦੇ ਹਨ, ਕਿਸੇ ਹਕੀਕੀ ਸੰਸਥਾ ਦੀ ਉਸਾਰੀ ਦਾ ਮੁੱਢ ਨਹੀਂ ਬੰਨਦੇ। ਸੰਘਰਸ਼ ਲੜੇ ਜਾਂਦੇ ਹਨ; ਕੁਝ ਜਿੱਤ ਲਏ ਜਾਂਦੇ ਹਨ ਤੇ ਕੁਝ ਵਿਚ ਹਾਰ ਹੋ ਜਾਂਦੀ ਹੈ। ਅਜਿਹੇ ਸੰਘਰਸ਼ਾਂ ਵਿਚ ਕਾਰਜਸ਼ੀਲ ਰਹਿਣ ਵਾਲੇ ਆਮ ਬਾਸ਼ਿੰਦੇ ਸੰਘਰਸ਼ ਮੁੱਕਣ ਤੋਂ ਬਾਅਦ ਕਿਸੇ ਵੀ ਅਜਿਹੀ ਸਰਗਰਮੀ ਦਾ ਹਿੱਸਾ ਨਹੀਂ ਬਣਦੇ ਜਿਸ ਦਾ ਮੰਤਵ ਕਿਸੇ ਹਕੀਕੀ ਸੰਸਥਾ ਦੀ ਉਸਾਰੀ ਹੋਵੇ ਅਤੇ ਜਿਸ ਦੀ ਦਿਨ-ਬ-ਦਿਨ ਹੁੰਦੀ ਉਸਾਰੀ, ਕਾਰਕੁਨਾਂ ਅਤੇ ਸੰਘਰਸ਼ ਵਿਚ ਕਾਰਜਸ਼ੀਲ ਰਹਿਣ ਵਾਲੇ ਆਮ ਬਾਸ਼ਿੰਦਿਆਂ ਲਈ ਸਰੂਰ ਦਾ ਸਬੱਬ ਬਣਦੀ ਹੋਵੇ।
ਫਿਰ ਵਾਪਰਦਾ ਇਹ ਹੈ ਕਿ ਸੰਘਰਸ਼ ਦੌਰਾਨ ਅਗਵਾਈ ਕਰਨ ਵਾਲੀ ਖੱਬੀ ਧਿਰ ਦੇ ਨਜ਼ਦੀਕ ਆਏ ਲੋਕ ਹੌਲੀ ਹੌਲੀ ਇਸ ਧਿਰ ਤੋਂ ਦੂਰ ਹੋਈ ਜਾਂਦੇ ਹਨ ਅਤੇ ਮੁੜ ਰੋਜ਼ਮੱਰਾ ਦੀ ਗੁਜ਼ਰ-ਬਸਰ ਵਿਚ ਮਸਰੂਫ ਹੋ ਜਾਂਦੇ ਹਨ। ਪਿਛਲੇ ਕਈ ਸਾਲਾਂ ਤੋਂ ਇਹੀ ਚੱਕਰੀ ਘੁੰਮ ਰਹੀ ਜਾਪਦੀ ਹੈ (ਪੰਜਾਬ ਅੰਦਰ ਇਸ ਰੁਝਾਨ ਦਾ ਇੱਕੋ-ਇੱਕ ਅੱਪਵਾਦ ਮਾਲਵੇ ਦੇ ਕੁਝ ਪਿੰਡਾਂ ਅੰਦਰ ਦਲਿਤਾਂ ਦਾ ਪੰਚਾਇਤੀ ਜ਼ਮੀਨਾਂ ਲਈ ਲੜਿਆ ਜਾ ਰਿਹਾ ਸੰਘਰਸ਼ ਹੈ। ਜ਼ਮੀਨ ਹਾਸਲ ਕਰ ਲੈਣ ਤੋਂ ਬਾਅਦ ਸਾਂਝੀ ਖੇਤੀ ਕਰਨ ਅਤੇ ਫਿਰ ਸਾਂਝੇ ਫਾਰਮ ਦੇ ਰੋਜ਼ਾਨਾ ਸੰਚਾਲਨ ਦੀ ਲੋੜ, ਸਮਾਜਿਕ ਸੰਸਥਾ ਦੀ ਉਸਾਰੀ ਦਾ ਮੁੱਢ ਬੰਨਦੀ ਜਾਪਦੀ ਹੈ)।
ਦੂਜੇ ਪਾਸੇ ਕਮਿਊਨਿਸਟ ਪਾਰਟੀਆਂ ਤੋਂ ਉਲਟ ਤਸਵੀਰ ਪੇਸ਼ ਕਰਦਾ ਅਮਲ ਹੈ। ਅਜਿਹੀਆਂ ਉਦਾਹਰਣਾਂ ਆਮ ਮਿਲਦੀਆਂ ਹਨ ਜਿੱਥੇ ਵਿਅਕਤੀ/ਜਾਂ ਨਿੱਕੇ ਜਿਹੇ ਸਮੂਹ ਵੱਲੋਂ ਵਿਢਿਆ ਕੋਈ ਸਮਾਜਿਕ ਕਾਰਜ ਹੌਲੀ ਹੌਲੀ ਸੰਸਥਾ ਦੀ ਉਸਾਰੀ ਕਰਦਾ ਗਿਆ ਅਤੇ ਜਿਸ ਨੇ ਪਿੰਡਾਂ/ਸ਼ਹਿਰਾਂ ਵਿਚ ਵਸਦੇ ਲੋਕਾਈ ਦੇ ਇੱਕ ਘੇਰੇ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਅਜਿਹੀਆਂ ਸਮਾਜ ਸੁਧਾਰਕ ਸੰਸਥਾਵਾਂ ਨਾਲ ਜੁੜੇ ਲੋਕਾਂ ਦੀ ਦਿਨ-ਰਾਤ ਕੀਤੀ ਮਿਹਨਤ ਨੇ ਇਨਾਂ ਸੰਸਥਾਵਾਂ ਨੂੰ ਹੋਰ ਵਿਸ਼ਾਲ ਕੀਤਾ। ਕਈਆਂ ਨੇ ਤਾਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇਨਾਂ ਸੰਸਥਾਵਾ ਦੇ ਲੇਖੇ ਲਾਇਆ। ਇਸ ਵਚਨਬੱਧਤਾ ਨਾਲ ਕਾਰਜ ਕਰਨ ਪਿੱਛੇ ਇੱਕੋ ਹੀ ਕਾਰਨ ਹੁੰਦਾ ਹੈ। ਸੰਸਥਾ ਦੀ ਸਰਗਰਮੀ ਲਈ ਮਿਥਿਆ ਟੀਚਾ ਅਤੇ ਉਸ ਟੀਚੇ ਦੀ ਪੂਰਤੀ, ਸੰਸਥਾਵਾਂ ਦੇ ਕਾਰਕੁਨਾਂ/ਲਾਭਪਾਤਰੀਆਂ ਨੂੰ ਆਨੰਦ/ਤਸੱਲੀ ਬਖ਼ਸ਼ਦੇ ਹਨ। ਸਿਰਫ ਪੁਰਾਣੇ ਕਾਰਕੁਨ ਹੀ ਸੰਸਥਾ ਨਾਲ ਬੱਝੇ ਨਹੀਂ ਰਹਿੰਦੇ ਸਗੋਂ ਕਾਰਕੁਨਾਂ ਦਾ ਘੇਰਾ ਸਾਲ-ਦਰ-ਸਾਲ ਵਿਸ਼ਾਲ ਹੋਈ ਜਾਂਦਾ ਹੈ।
ਹੁਣ ਸਵਾਲ ਹੈ: ਕੀ ਸਮਾਜ ਸੁਧਾਰ ਦੇ ਕਾਰਜ ਵਿਚ ਰੁੱਝੀਆਂ ਸੰਸਥਾਵਾਂ ਰਾਜਨੀਤਕ ਸੱਤਾ ਤੇ ਕਾਬਜ਼ ਹੋਣ ਦਾ ਵਾਹਕ ਵੀ ਬਣ ਸਕਦੀਆਂ ਹਨ? ਅਜੋਕੇ ਦੌਰ ਵਿਚ ਇਸ ਦੀ ਬਿਹਤਰੀਨ ਉਦਾਹਰਨ ਆਰਐੱਸਐੱਸ ਹੈ। ਆਪਣੇ ਰਾਜਨੀਤਕ, ਮਜ਼ਦੂਰ, ਕਿਸਾਨ ਜਾਂ ਵਿਦਿਆਰਥੀ ਵਿੰਗਾਂ ਤੋਂ ਇਲਾਵਾ ਸੰਘ ਨੇ ਦਹਾਕਿਆਂ ਬੱਧੀ ਅਜਿਹੀਆਂ ਦਰਜਨਾਂ ਸੰਸਥਾਵਾਂ ਦਾ ਨਿਰਮਾਣ ਕੀਤਾ ਜਿਨਾਂ ਨੇ ਸਮਾਜ ਸੁਧਾਰ ਦੇ ਕਾਰਜਾਂ ਦੇ ਨਾਲੋ-ਨਾਲ ਸੰਘ ਦੇ ਰਾਜਨੀਤਕ ਟੀਚੇ ਦੀ ਪ੍ਰਾਪਤੀ ਲਈ ਜ਼ਮੀਨ ਤਿਆਰ ਕੀਤੀ (ਆਰਐੱਸਐੱਸ ਨੇ ਬੱਚਿਆਂ ਨੂੰ ਪੜਾਉਣ ਲਈ ਪਹਿਲਾ ਸਕੂਲ 1946 ਵਿਚ ਖੋਲ ਦਿੱਤਾ ਸੀ)। ਅਜਿਹੀਆਂ ਸੰਸਥਾਵਾਂ ਵੱਲੋਂ ਤਿਆਰ ਕੀਤਾ ਕਾਡਰ ਅੱਜ ਇਸ ਕਦਰ ਤਾਕਤਵਰ ਹੈ ਕਿ ਕੌਮੀ ਪੱਧਰ ‘ਤੇ ਕਿਸੇ ਹੋਰ ਰਾਜਨੀਤਕ ਧਿਰ ਲਈ ਇਸ ਦਾ ਮੁਕਾਬਲਾ ਕਰਨਾ ਬਹੁਤ ਔਖਾ ਕਾਰਜ ਜਾਪਦਾ ਹੈ (ਭਾਵੇਂ ਇਹ ਵੀ ਸੱਚ ਹੈ ਕਿ ਸੰਘ ਦੇ ਰਾਜਨੀਤਕ ਪਿੜ ਉੱਤੇ ਛਾ ਜਾਣ ਦੇ ਹੋਰ ਵੀ ਕੁਝ ਮਹੱਤਵਪੂਰਨ ਕਾਰਨ ਹਨ)।
ਮੁੱਕਦੀ ਗੱਲ, ਭਾਰਤੀ/ਪੰਜਾਬੀ ਸਮਾਜ ਵਿਚ ਵਿਚਰਦਿਆਂ ਮਹਿਜ਼ ਰਾਜਨੀਤਕ/ਆਰਥਿਕ ਮਸਲਿਆਂ ਤੇ ਸੰਘਰਸ਼ ਕਰਦੇ ਹੋਏ ਲੋਕਾਂ ਨੂੰ ਸਿੱਧਮ-ਸਿੱਧਾ ਇਨਕਲਾਬ ਲਈ ਅਤੇ ‘ਵੱਡੀਆਂ’ ਕੁਰਬਾਨੀਆਂ ਕਰਨ ਲਈ ਪ੍ਰੇਰਦੇ ਰਹਿਣਾ ਲੰਬੇ ਦੌਰ ਵਿਚ ਖੱਬੀਆਂ ਪਾਰਟੀਆਂ ਅਤੇ ਲੋਕਾਈ ਦੇ ਵਿਚ ਵਿੱਥ ਪੈਦਾ ਕਰਦਾ ਹੈ। ਇਸ ਵਿੱਥ ਨੂੰ ਪੂਰਨ ਲਈ ਖੱਬੀਆਂ ਪਾਰਟੀਆਂ ਵੱਲੋਂ ਸੰਚਾਲਤ ਸਮਾਜ-ਸੁਧਾਰਕ ਸੰਸਥਾਵਾਂ ਸਹਾਈ ਹੋ ਸਕਦੀਆਂ ਹਨ। ਇਹ ਪਾਰਟੀਆਂ ਅਜਿਹੀਆਂ ਸੰਸਥਾਵਾਂ ਰਾਹੀਂ ਆਪਣੇ ਇਨਕਲਾਬੀ ਫਲਸਫੇ ਦੀ ਰਸਾਈ ਲੋਕਾਂ ਤੱਕ ਕਰਨ। ਅਜਿਹੀ ਪਹਿਲਕਦਮੀ ਨੇਕਦਿਲ ਇਨਸਾਨਾਂ ਦੀ ਵੱਡੀ ਗਿਣਤੀ ਨੂੰ ਖੱਬੀਆਂ ਪਾਰਟੀਆਂ ਨਾਲ ਜੋੜਨ ਵਿਚ ਸਹਾਈ ਹੋਵੇਗੀ। ਕਾਰਕੁਨਾਂ ਨੂੰ ਫੌਰੀ ਕੁਝ ਉਸਰਦਾ ਦਿਸੇਗਾ। ਉਹ ਲੰਮਾ ਸਮਾਂ ਉਤਸ਼ਾਹ ਵਿਚ ਰਹਿੰਦੇ ਹੋਏ ਕਾਰਜਸ਼ੀਲ ਰਹਿਣਗੇ।

Check Also

ਭਾਰਤ ਵਿਚ ਵਧ ਰਿਹਾ ਆਰਥਿਕ ਪਾੜਾ

ਡਾ. ਗਿਆਨ ਸਿੰਘ 20 ਜਨਵਰੀ, 2020 ਨੂੰ ਸਵਿਟਰਜ਼ਰਲੈਂਡ ਦੇ ਸ਼ਹਿਰ ਦਾਵੋਸ ਵਿਚ ਵਰਲਡ ਇਕਨੋਮਿਕ ਫੋਰਮ …