Breaking News
Home / ਕੈਨੇਡਾ / ਸ਼ਹੀਦ ਊਧਮ ਸਿੰਘ ਦੇ ਸ਼ਹੀਦੀ-ਦਿਵਸ ‘ਤੇ ਉਸਦੀ ਲਾਸਾਨੀ ਕੁਰਬਾਨੀ ਨੂੰ ਕੀਤਾ ਯਾਦ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ-ਦਿਵਸ ‘ਤੇ ਉਸਦੀ ਲਾਸਾਨੀ ਕੁਰਬਾਨੀ ਨੂੰ ਕੀਤਾ ਯਾਦ

Shaheed Udham Singh Day celebrated copy copyਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਨੇ ਵੀ ਕੀਤੀ ਸ਼ਮੂਲੀਅਤ
ਬਰੈਂਪਟਨ/ਸੁਖਦੇਵ ਸਿੰਘ ਝੰਡ
ਮੈਕਲਾਘਲਨ ਤੇ ਰੇਅਲਾਸਨ ਪਬਲਿਕ ਲਾਇਬ੍ਰੇਰੀ ਦੇ ਨਾਲ ਲੱਗਦੇ ਕਮਿਊਨਿਟੀ ਹਾਲ ਵਿੱਚ ਬੀਤੇ ਸ਼ਨੀਵਾਰ 30 ਜੁਲਾਈ ਨੂੰ ‘ਪੰਜਾਬੀ ਸੱਭਿਆਚਾਰਕ ਮੰਚ’ ਵੱਲੋਂ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗ਼ਮ ਦੌਰਾਨ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਬੜੇ ਖ਼ੂਬਸੂਰਤ ਤਰੀਕੇ ਨਾਲ ਯਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਮੱਘਰ ਸਿੰਘ ਹੰਸਰਾ, ਪੂਰਨ ਸਿੰਘ ਪਾਂਧੀ, ਜਰਨੈਲ ਸਿੰਘ ਅੱਚਰਵਾਲ, ਕਾਮਰੇਡ ਜਗਜੀਤ ਸਿੰਘ ਜੋਗਾ, ਬਲਬੀਰ ਸਿੰਘ ਸਹਿਦੇਵ ਅਤੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਸੁਸ਼ੋਭਿਤ ਸਨ।
ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਡਾ.ਬਲਜਿੰਦਰ ਸੇਖੋਂ, ਜਰਨੈਲ ਸਿੰਘ ਅੱਚਰਵਾਲ, ਕਾਮਰੇਡ ਜਗਜੀਤ ਸਿੰਘ ਜੋਗਾ, ਮਲੂਕ ਸਿੰਘ ਕਾਹਲੋਂ, ਬਲਦੇਵ ਸਿੰਘ ਸਹਿਦੇਵ, ਐੱਮ.ਪੀ. ਸੋਨੀਆ ਸਿੱਧੂ, ਕਰਨ ਅਜਾਇਬ ਸਿੰਘ ਸੰਘਾ ਤੇ ਕਈ ਹੋਰ ਸ਼ਾਮਲ ਸਨ, ਨੇ ਆਪਣੇ ਸੰਬੋਧਨਾਂ ਵਿੱਚ ਸ਼ਹੀਦ ਊਧਮ ਸਿੰਘ ਦੇ ਜੀਵਨ, ਉਸ ਦੇ ਅੱਖੀਂ ਡਿੱਠੇ ‘ਜੱਲ੍ਹਿਆਂਵਾਲੇ ਬਾਗ਼ ਦੇ ਦੁਖਾਂਤਕ ਕਾਂਡ’ ਅਤੇ ਇਸ ਦਾ ਬਦਲਾ ਲੈਣ ਲਈ ਪੂਰੇ 21 ਸਾਲ ਉਸ ਵੱਲੋਂ ਘਾਲੀ ਗਈ ਘਾਲਣਾ ਅਤੇ ਪੰਜਾਬ ਦੇ ਅੱਜਕੱਲ੍ਹ ਦੇ ਹਾਲਾਤ ਬਾਰੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ।  ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਹੋਇਆਂ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਰੱਖਣ ਅਤੇ ਇੱਥੇ ਕੈਨੇਡਾ ਵਿੱਚ ਜੀਵਨ ਨੂੰ ਹੋਰ ਬੇਹਤਰ ਬਨਾਉਣ ਲਈ ਵਾਤਾਵਰਣ ਦੀ ਸੰਭਾਲ ਬਾਰੇ ਸੂਚਨਾ ਪ੍ਰਾਪਤ ਕਰਨ ਬਾਰੇ ਆਪਣੇ ਸੰਖੇਪ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਭਰਾ ਨਾਲ ਬਚਪਨ ਵਿੱਚ ਦਾਦਾ-ਦਾਦੀ ਜੀ ਕੋਲੋਂ ਦੇਸ਼-ਭਗਤਾਂ ਦੀਆਂ ਜੀਵਨ-ਕਹਾਣੀਆਂ ਸੁਣੀਆਂ ਜੋ ਉਨ੍ਹਾਂ ਨੂੰ ਬੜੀਆਂ ਦਿਲਚਸਪ ਲੱਗਦੀਆਂ ਸਨ। ਸਮਾਗ਼ਮ ਵਿੱਚ ਔਰਤਾਂ ਦੀ ਸ਼ਮੂਲੀਅਤ ਘੱਟ ਮਹਿਸੂਸ ਕਰਦਿਆਂ ਉਨ੍ਹਾਂ ਅਜਿਹੇ ਸਮਾਗ਼ਮਾਂ ਵਿੱਚ ਮਰਦਾਂ ਨੂੰ ਆਪਣੀਆਂ ਪਤਨੀਆਂ ਅਤੇ ਧੀਆਂ-ਭੈਣਾਂ ਨੂੰ ਵੀ ਨਾਲ ਲਿਆਉਣ ਲਈ ਬੇਨਤੀ ਕੀਤੀ।
ਆਪਣੇ ਸੰਬੋਧਨ ਵਿੱਚ ਡਾ. ਬਲਜਿੰਦਰ ਸੇਖੋਂ ਨੇ ਭਾਰਤ ਵਿੱਚ ‘ਰੋਲਟ ਐਕਟ’ ਦੇ ਭਾਰੀ ਵਿਰੋਧ ਅਤੇ ਇਸ ਦੇ ਪ੍ਰਤੀਕਰਮ ਵਜੋਂ ਲੋਕਾਂ ਦਾ ਗੁੱਸੇ ਤੇ ਨਾਰਾਜ਼ਗੀ ਤੋਂ ਸ਼ੁਰੂ ਹੋ ਕੇ ਸ਼ਹੀਦ ਊਧਮ ਸਿੰਘ ਦੇ ਜੀਵਨ ਨਾਲ ਜੁੜੀਆਂ ਅਹਿਮ ਘਟਨਾਵਾਂ ਨੂੰ ਪੰਜਾਬ ਦੇ ਅੱਜ ਦੇ ਹਾਲਾਤ ਨਾਲ ਜੋੜ ਕੇ ਗੱਲ ਕੀਤੀ। ਕਾਮਰੇਡ ਜਗਜੀਤ ਸਿੰਘ ਜੋਗਾ ਨੇ ਸ਼ਹੀਦਾਂ ਨੂੰ ਯਾਦ ਕਰਨ ਦੇ ਮਕਸਦ ਅਤੇ ਊਧਮ ਸਿੰਘ ਦੇ ਧਰਮ-ਨਿਰਪੱਖ ਰਵੱਈਏ ਨੂੰ ਮੁੱਖ ਰੱਖਦਿਆਂ ਉਸ ਦੇ ਨਾਂ ‘ਰਾਮ ਮੁਹੰਮਦ ਸਿੰਘ’ ਦੇ ਨਾਲ ਲੱਗੇ ਉੱਪ-ਨਾਮ ‘ਆਜ਼ਾਦ’ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਨਾਲ ਹੀ ਪੰਜਾਬ ਵਿੱਚ ਅੱਜਕੱਲ੍ਹ ਚੱਲ ਰਹੀ ਬੇਰੋਜ਼ਗਾਰੀ, ਲੁੱਟ-ਮਾਰ ਅਤੇ ਨਸ਼ਿਆਂ ਦੀ ਭਰਮਾਰ ਦੀ ਗੱਲ ਕੀਤੀ। ਉਨ੍ਹਾਂ ਸ਼ਹੀਦ ਊਧਮ ਸਿੰਘ ਵੱਲੋਂ ਮਾਈਕਲ ਓਡਵਾਇਰ ਨੂੰ ਗੋਲੀ ਨਾਲ ਮਾਰਨਾ ‘ਪੁਆੜੇ ਦੀ ਜੜ੍ਹ’ ਤੀਕ ਪਹੁੰਚਣਾ ਕਿਹਾ। ਜਰਨੈਲ ਸਿੰਘ ਅੱਚਰਵਾਲ ਨੇ ਭਾਰਤ ਦੀ ਆਜ਼ਾਦੀ ਵਿੱਚ ਗ਼ਦਰ-ਪਾਰਟੀ ਦੇ ਮਹੱਤਵ-ਪੂਰਨ ਰੋਲ ਅਤੇ ਕਰਤਾਰ ਸਿੰਘ ਸਰਾਭਾ ਦੀ ਗੱਲ ਕਰਦਿਆਂ ਕਿਹਾ ਕਿ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਇੱਕ ਦੂਸਰੇ ਤੋਂ ਬਹੁਤ ਪ੍ਰਭਾਵਿਤ ਸਨ। ਮਲੂਕ ਸਿੰਘ ਕਾਹਲੋਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਹੋਇਆਂ ਅਜੋਕੀ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦੀ ਵੀ ਗੱਲ ਕੀਤੀ ਤਾਂ ਜੋ ਉਹ ਪੰਜਾਬ ਦੇ ਅਮੀਰ ਵਿਰਸੇ ਅਤੇ ਸ਼ਹੀਦਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਆਪਣੀ ਮਾਤ-ਭਾਸ਼ਾ ਵਿੱਚ ਪੜ੍ਹ ਸਕਣ, ਜਦ ਕਿ ਸੁਖਦੇਵ ਸਿੰਘ ਝੰਡ, ਹਰਜੀਤ ਬੇਦੀ, ਕੁੰਢਾ ਸਿੰਘ ਜੌਹਲ, ਮੱਲ ਸਿੰਘ ਬਾਸੀ, ਹਰਚੰਦ ਸਿੰਘ ਬਾਸੀ ਤੇ ਕਈ ਹੋਰ ਕਵੀਆਂ ਨੇ ਸ਼ਹੀਦ ਊਧਮ ਸਿੰਘ ਅਤੇ ਹੋਰ ਸ਼ਹੀਦਾਂ ਅਤੇ ਦੇਸ਼-ਪਿਆਰ ਦੀਆਂ ਕਵਿਤਾਵਾ ਸੁਣਾਈਆਂ। ਮੰਚ-ਸੰਚਾਲਨ ਦੀ ਜ਼ਿੰਮੇਂਵਾਰੀ ਕਾਮਰੇਡ ਸੁਖਦੇਵ ਧਾਲੀਵਾਲ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਹਾਜ਼ਰੀਨ ਵਿੱਚ ਬਲਰਾਜ ਚੀਮਾ, ਗੁਰਦੇਵ ਸਿੰਘ ਮਾਨ, ਗੁਰਜੀਤ ਸਿੰਘ ਸਿੱਧੂ, ਨਛੱਤਰ ਸਿੰਘ ਬਦੇਸ਼ਾ, ਕੁਲਜੀਤ ਗਿੱਲ, ਨਵਦੀਪ ਸਿੰਘ, ਗੁਰਮੀਤ ਸਿੰਘ ਸ਼ੇਰਗਿੱਲ, ਸੁਖਦੀਪ ਸਿੰਘ ਰੰਧਾਵਾ, ਭਾਗ ਸਿੰਘ ਬਰਾੜ, ਰੌਕੀ ਮਲਹੋਤਰਾ, ਸਾਧੂ ਸਿੰਘ, ਤੇਜਾ ਸਿੰਘ ਲਿਟ, ਸੁਰਿੰਦਰ ਸ਼ਰਮਾ, ਗੁਰਚਰਨ ਸਿੰਘ, ਕੁਲਵਿੰਦਰ ਸਿੰਘ, ਜਗਜੀਤ ਸਿੰਘ ਸਿੱਧੂ, ਬਲਕਾਰ ਸਿੰਘ ਖੱਖ, ਹਰਿੰਦਰ ਸਿੰਘ ਮੱਲ੍ਹੀ, ਪ੍ਰਕਾਸ਼ ਸਿੰਘ, ਕਰਮਜੀਤ ਸਿੰਘ ਆਦਿ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …