Breaking News
Home / ਪੰਜਾਬ / ਆਮ ਆਦਮੀ ਪਾਰਟੀ ਦੇ ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਦੀ ਕਵਾਇਦ ਹੋਈ ਸ਼ੁਰੂ

ਆਮ ਆਦਮੀ ਪਾਰਟੀ ਦੇ ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਦੀ ਕਵਾਇਦ ਹੋਈ ਸ਼ੁਰੂ

ਖਹਿਰਾ ਗੁੱਟ ਦੀ ਰਾਏ ਪਾਰਟੀ ਹਿਤ ‘ਚ ਹੋਈ ਤਾਂ ਪੰਜਾਬ ‘ਚ ਲਾਗੂ ਕਰਾਂਗੇ : ਕੇਜਰੀਵਾਲ
ਸੁਨਾਮ ‘ਚ ਬੰਦ ਕਮਰੇ ‘ਚ ਹੋਈ ਮੀਟਿੰਗ ‘ਚ ਮਾਨ ਸਮੇਤ 10 ਵਿਧਾਇਕ ਹੋਏ ਸ਼ਾਮਲ, ਖਹਿਰਾ ਧੜਾ ਰਿਹਾ ਗੈਰਹਾਜ਼ਰ
ਸੁਨਾਮ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪਾਰਟੀ ਤੋਂ ਨਾਰਾਜ਼ ਖਹਿਰਾ ਗੁੱਟ ਦੀ ਰਾਏ ‘ਤੇ ਵਿਚਾਰ ਕੀਤਾ ਜਾਵੇਗਾ। ਜੇਕਰ ਇਹ ਪਾਰਟੀ ਹਿਤ ‘ਚ ਹੋਇਆ ਤਾਂ ਇਸ ਨੂੰ ਪੰਜਾਬ ‘ਚ ਲਾਗੂ ਕੀਤਾ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਾਰਟੀ ਦੇ ਉਪ ਪ੍ਰਧਾਨ ਅਮਨ ਅਰੋੜਾ ਦੇ ਨਿਵਾਸ ‘ਤੇ ‘ਆਪ’ ਵਿਧਾਇਕਾਂ ਨਾਲ ਮੀਟਿੰਗ ਕਰਨ ਆਏ ਸਨ। ਉਨ੍ਹਾਂ ਦੇ ਨਾਲ ਪਾਰਟੀ ਦੇ ਪੰਜਾਬ ਇੰਚਾਰ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਵੀ ਸਨ। ਬੰਦ ਕਮਰੇ ‘ਚ ਹੋਈ ਬੈਠਕ ‘ਚ ਸੰਸਦ ਮੈਂਬਰ ਭਗਵੰਤ ਮਾਨ ਸਮੇਤ 10 ਵਿਧਾਇਕ ਹਰਪਾਲ ਚੀਮਾ ਦਿੜ੍ਹਬਾ, ਅਮਨ ਅਰੋੜਾ ਸੁਨਾਮ, ਮੀਤ ਹੇਅਰ ਬਰਨਾਲਾ, ਬੁਧਰਾਮ ਬਠਿੰਡਾ, ਮਨਜੀਤ ਬਿਲਾਸਪੁਰ, ਰੁਪਿੰਦਰ ਰੂਬੀ ਬਠਿੰਡਾ, ਬਲਜਿੰਦਰ ਕੌਰ ਤਲਵੰਡੀ ਸਾਬੋ, ਕੁਲਤਾਰ ਸਿੰਘ ਸੰਧਵਾ ਕੋਟਕਪੂਰਾ, ਅਮਰਜੀਤ ਸਿੰਘ ਸੰਦੋਆ ਰੋਪੜ, ਸਰਬਜੀਤ ਕੌਰ ਮਾਣੂਕੇ ਜਗਰਾਓਂ। ਸ਼ਾਮਲ ਹੋਏ ਜਦਕਿ ਖਹਿਰਾ ਗੁੱਟ ਇਸ ‘ਚੋਂ ਗੈਰ ਹਾਜ਼ਰ ਰਿਹਾ ਸਵਾ ਘੰਟੇ ਤੱਕ ਚੱਲੀ ਮੀਟਿੰਗ ਦੇ ਦੌਰਾਨ ਕੇਜਰੀਵਾਲ ਨੇ ‘ਆਪ’ ਵਿਧਾਇਕਾਂ ਨੂੰ ਖਹਿਰਾ ਦੇ ਨਾਲ ਚਲ ਰਹੇ ਵਿਧਾਇਕਾਂ ਅਤੇ ਵਰਕਰਾਂ ਨੂੰ ਮਨਾਉਣ ਦੇ ਹੁਕਮ ਦਿੱਤੇ। ਕੇਜਰੀਵਾਲਾ ਦਾ ਦਾਅਵਾ ਹੈ ਕਿ ਸੁਖਪਾਲ ਖਹਿਰਾ ਨੂੰ ਜਲਦੀ ਮਨਾ ਲਿਆ ਜਾਵੇਗਾ। ਉਨ੍ਹਾਂ ਸਾਫ਼ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਵਿਧਾਇਕ ਹੀ ਇਕ-ਦੂਜੇ ਨਾਲ ਸੰਪਰਕ ਕਰਨਗੇ ਅਤੇ ਜੇਕਰ ਜ਼ਰੂਤ ਪਈ ਤਾਂ ਉਹ ਖੁਦ ਵੀ ਨਾਰਾਜ਼ ਚੱਲ ਰਹੇ ਆਗੂਆਂ ਨਾਲ ਗੱਲਬਾਤ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਨੂੰ ਜੋੜਨਾ ਹੈ ਨਾ ਕਿ ਤੋੜਨਾ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਮਨੀਸ਼ ਸਿਸੋਦੀਆ ਦੇ ਨਾਲ ਦਿੱਲੀ ਤੋਂ ਸ਼ਤਾਬਦੀ ਰੇਲ ਗੱੜੀ ਰਾਹੀਂ ਸੰਗਰੂਰ ਪਹੁੰਚੇ ਸਨ। ਸੰਗਰੂਰ ਪਹੁੰਚਣ ‘ਤੇ ਉਨ੍ਹਾਂ ਦਾ ਸਵਾਗਤ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ।
ਕੈਪਟਨ ਨੂੰ ਕੰਮ ਕਰਨਾ ਨਹੀਂ ਆਉਂਦਾ ਤਾਂ ਸਿਸੋਦੀਆ 10 ਦਿਨਾਂ ‘ਚ ਸਿਖਾ ਦੇਣਗੇ
ਕੇਜਰੀਵਾਲ ਨੇ ਦਾਅਵਾ ਕੀਤਾ ਕਿ ‘ਆਪ’ ਨੇ ਸਾਢੇ ਤਿੰਨ ਸਾਲ ਦੌਰਾਨ ਦਿੱਲੀ ਦੇ ਹਾਲਾਤ ‘ਚ ਕਾਫ਼ੀ ਸੁਧਾਰ ਕੀਤਾ ਹੈ। ਸਰਕਾਰੀ ਸਕੂਲਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਣਾ ਦਿੱਤਾ ਗਿਆ। ਜੇਕਰ ‘ਆਪ’ ਦਿੱਲੀ ‘ਚ ਇੰਨਾ ਸੁਧਾਰ ਕਰ ਸਕਦੀ ਹੈ ਤਾਂ ਪੰਜਾਬ ‘ਚ ਕੈਪਟਨ ਕਿਉਂ ਨਹੀਂ ਕਰ ਸਕਦੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ‘ਚ ਆ ਕੇ ਬਦਲਾਅ ਦੇਖਣਾ ਚਾਹੀਦਾ ਹੈ। ਜੇਕਰ ਉਨ੍ਹਾਂ ਨੂੰ ਕੰਮ ਕਰਨਾ ਨਹੀਂ ਆਉਂਦਾ ਤਾਂ ਅਸੀਂ ਸਿਖਾ ਦਿਆਂਗੇ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੂੰ 10 ਦਿਨ ਦੇ ਲਈ ਪੰਜਾਬ ਛੱਡ ਦੇਣਗੇ। ਸਿਸੋਦੀਆ ਕੈਪਟਨ ਨੂੰ ਸਿਖਾ ਦੇਣਗੇ ਕਿ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੇ ਪ੍ਰਬੰਧ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ।
ਜਾਂਦੇ-ਜਾਂਦੇ ਸੁਲਾਹ ਦਾ ਰਸਤਾ ਖੋਲ੍ਹ ਗਏ ਅਰਵਿੰਦ ਕੇਜਰੀਵਾਲ
ਦਿੱਲੀ ਵਾਪਸ ਪਰਤੇ ਸਮੇਂ ਅਰਵਿੰਦ ਕੇਜਰੀਵਾਲ ਸੁਲਾਹ ਦਾ ਰਸਤਾ ਖੋਲ੍ਹ ਗਏ ਹਨ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਸੁਖਪਾਲ ਖਹਿਰਾ ਧੜੇ ਦੀਆਂ ਜਾਇਜ਼ ਮੰਗਾਂ ‘ਤੇ ਵਿਚਾਰ ਕੀਤਾ ਜਾ ਸਕਦਾ ਹੈ ਪ੍ਰੰਤੂ ਸਭ ਤੋਂ ਵੱਡੀ ਮੰਗ ਖੁਦਮੁਖਤਿਆਰੀ ਦੀ ਹੈ। ਇਸ ਨੂੰ ਲੈ ਕੇ ਦਿੱਲੀ ਅਤੇ ਪੰਜਾਬ ‘ਆਪ’ ‘ਚ ਅੰਦਰਖਾਤੇ ਲੜਾਈ ਚੱਲ ਰਹੀ ਹੈ। ਜੇਕਰ ਸੁਖਪਾਲ ਖਹਿਰਾ ਧੜਾ ਇਸ ਮੰਗ ਨੂੰ ਛੱਡ ਕੇ ਕੇਜਰੀਵਾਲ ਨਾਲ ਹੱਥ ਮਿਲਾ ਲੈਂਦਾ ਹੈ ਤਾਂ ਵਰਕਰਾਂ ਦੀ ਭੀੜ ਦਾ ਖਹਿਰਾ ਗੁੱਟ ਤੋਂ ਦੂਰ ਹੋਣਾ ਲਗਭਗ ਤਹਿ ਹੈ। ਇਸੇ ਦੌਰਾਨ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਆਪਣੇ ਦਮ ‘ਤੇ ਲੜੇਗੀ, ਕਾਂਗਰਸ ਨਾਲ ਸਮਝੌਤੇ ਦੀ ਗੱਲ ਨੂੰ ਉਨ੍ਹਾਂ ਨੇ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕਾਂਗਰਸ ਨਾਲ ਸਮਝੌਤੇ ਦੀ ਕੋਈ ਗੱਲ ਨਹੀਂ ਹੈ।
ਲੋਕ ਬਾਦਲ ਸਰਕਾਰ ਤੋਂ ਦੁਖੀ ਸਨ ਪਰ ਕੈਪਟਨ ਸਰਕਾਰ ਵੀ ਵਾਅਦੇ ‘ਤੇ ਖਰੀ ਨਹੀਂ ਉਤਰੀ
ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੇ ਬਾਦਲ ਸਰਕਾਰ ਤੋਂ ਦੁਖੀ ਹੋ ਕੇ ਪੰਜਾਬ ਦੀ ਵਾਗਡੋਰ ਕੈਪਟਨ ਦੇ ਹੱਥਾਂ ‘ਚ ਸੌਂਪੀ ਸੀ। ਪ੍ਰੰਤੂ ਕੈਪਟਨ ਆਪਣੇ ਇਕ ਵੀ ਵਾਅਦੇ ‘ਤੇ ਖਰਾ ਨਹੀਂ ਉਤਰੇ। ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ‘ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਨਜ਼ਰਅੰਦਾਜ਼ ਕਰਕੇ ਜਾਂਚ ਜਾਣ ਬੁੱਝ ਕੇ ਸੀਬੀਆਈ ਨੂੰ ਸੌਂਪ ਕੇ ਮਾਮਲੇ ਨੂੰ ਠੰਢੇ ਬਸਤੇ ‘ਚ ਪਾਉਣ ਦਾ ਯਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਦੀ ਲੀਕ ਰਿਪੋਰਟ ‘ਚ ਕਈ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਦੇ ਨਾਮ ਅਤੇ ਬਾਦਲਾਂ ਵੱਲ ਵੀ ਇਸ਼ਾਰਾ ਕੀਤਾ ਹੈ। ਰਿਪੋਰਟ ਨੂੰ ਜਨਤਕ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ।
ਇਹ ਵਿਧਾਇਕ ਸ਼ਾਮਲ ਹੋਏ ਮੀਟਿੰਗ ‘ਚ
ਹਰਪਾਲ ਚੀਮਾ ਦਿੜ੍ਹਬਾ, ਅਮਨ ਅਰੋੜਾ ਸੁਨਾਮ, ਮੀਤ ਹੇਅਰ ਬਰਨਾਲਾ, ਬੁਧਰਾਮ ਬਠਿੰਡਾ, ਮਨਜੀਤ ਬਿਲਾਸਪੁਰ, ਰੁਪਿੰਦਰ ਰੂਬੀ ਬਠਿੰਡਾ, ਬਲਜਿੰਦਰ ਕੌਰ ਤਲਵੰਡੀ ਸਾਬੋ, ਕੁਲਤਾਰ ਸਿੰਘ ਸੰਧਵਾ ਕੋਟਕਪੂਰਾ, ਅਮਰਜੀਤ ਸਿੰਘ ਸੰਦੋਆ ਰੋਪੜ, ਸਰਬਜੀਤ ਕੌਰ ਮਾਣੂਕੇ ਜਗਰਾਓਂ।
ਸਾਡੀ ਗੱਲ ਮੰਨ ਲੈਣ ਤਾਂ 1 ਮਿੰਟ ‘ਚ ਹੋ ਸਕਦਾ ਹੈ ਸਮਝੌਤਾ : ਸੁਖਪਾਲ ਖਹਿਰਾ
ਪਾਰਟੀ ਤੋਂ ਨਾਰਾਜ਼ ਚੱਲ ਰਹੇ ਵਿਧਾਇਕ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਖੁਦ ਫੈਸਲੇ ਲੈਣ ਦੇ ਅਧਿਕਾਰ ਦੀ ਮੰਗ ਮੰਨ ਲੈਣ ਤਾਂ 1 ਮਿੰਟ ‘ਚ ਉਨ੍ਹਾਂ ਨਾਲ ਸਮਝੌਤਾ ਹੋ ਜਾਵੇਗਾ। ਮੈਨੂੰ ਕੋਈ ਵੀ ਅਹੁਦਾ ਨਹੀਂ ਚਾਹੀਦਾ ਪ੍ਰੰਤੂ ਪੰਜਾਬ ‘ਚ ਆਮ ਆਦਮੀ ਪਾਰਟੀ ਆਪਣੇ ਫੈਸਲੇ ਖੁਦ ਕਰੇਗੀ। ਖਹਿਰਾ ਨੇ ਕਿਹਾ ਕਿ ਮੇਰੀ ਵਿਧਾਇਕ ਅਮਨ ਅਰੋੜਾ ਨਾਲ ਲਗਭਗ 2 ਘੰਟੇ ਗੱਲਬਾਤ ਹੋਈ ਪ੍ਰੰਤੂ ਮੈਂ ਰਾਜ ਦੇ ਤਿੰਨ ਕਰੋੜ ਲੋਕਾਂ ਨੂੰ ਪਿੱਠ ਨਹੀਂ ਦਿਖਾ ਸਕਦਾ। ਉਨ੍ਹਾਂ ਨਾਲ ਹੀ ਕਿਹਾ ਕਿ ਪਾਰਟੀ ਤੋਂ ਬਾਹਰ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਪਾਰਟੀ ਉਨ੍ਹਾਂ ਨੇ ਖੂਨ-ਪਸੀਨੇ ਨਾਲ ਬਣਾਈ ਹੈ। ਇਸ ਮੌਕੇ ‘ਤੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਕਾਲਾ ਢਿੱਲੋਂ, ਵਿਧਾਇਕ ਪਿਰਮਿਲ ਸਿੰਘ ਮੌਜੂਦ ਸਨ।
ਬਰਨਾਲਾ ‘ਚ ਸ਼ਰਧਾਂਜਲੀ ਸਮਾਗਮ ‘ਚ ਵੀ ਅਰਵਿੰਦ ਕੇਜਰੀਵਾਲ ਅਤੇ ਖਹਿਰਾ ਨੇ ਬਣਾਈ ਰੱਖੀ ਦੂਰੀ
ਆਮ ਆਦਮੀ ਪਾਰਟੀ ‘ਚ ਉਠੇ ਵਿਵਾਦ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਏ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੁਖਪਾਲ ਸਿੰਘ ਖਹਿਰਾ ਮਹਿਲਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਭੋਗ ਸਮਾਗਮ ‘ਚ ਪਹੁੰਚੇ ਪਰ ਦੋਵਾਂ ਨੇ ਆਪ ‘ਚ ਦੂਰੀ ਬਣਾਈ ਰੱਖੀ। ਨਾ ਤਾਂ ਦੋਵੇਂ ਆਗੂ ਇਕ ਦੂਜੇ ਨਾਲ ਮਿਲੇ ਅਤੇ ਨਾ ਹੀ ਆਪਣੇ ਭਾਸ਼ਣ ਦੌਰਾਨ ਦੋਵਾਂ ਨੇ ਇਕ ਦੂਜੇ ਦਾ ਨਾਂ ਲਿਆ। ਸ਼ਰਧਾਂਜਲੀ ਸਮਾਗਮ ‘ਚ ਕੇਜਰੀਵਾਲ ਅੱਗੇ ਬੈਠੇ ਤਾਂ ਸੁਖਪਾਲ ਖਹਿਰਾ ਸਮਰਥਕਾਂ ਦੇ ਨਾਲ ਉਨ੍ਹਾਂ ਦੇ ਨੇੜੇ ਲਗਭਗ 20 ਫੁੱਟ ਦੀ ਦੂਰੀ ‘ਤੇ ਬੈਠੇ ਰਹੇ। ਇਥੇ ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ 300 ਕਿਲੋਮੀਟਰ ਦੀ ਦੂਰੀ ਤਹਿ ਕਰਕੇ ਪੰਜਾਬ ਤਾਂ ਪਹੁੰਚ ਗਏ ਪ੍ਰੰਤੂ 20 ਕਦਮ ਨਾ ਚੱਲ ਕੇ ਨਾਰਾਜ਼ ਵਿਧਾਇਕਾਂ ਦੇ ਦਿਲਾਂ ਦੀ ਦੂਰੀ ਨਹੀਂ ਮਿਟਾ ਸਕੇ। ਪਾਰਟੀ ਦੇ ਅੱਠ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਪੰਜਾਬ ਦੌਰਾ ਸੀ। ਕੇਜਰੀਵਾਲ ਅਤੇ ਬਾਗੀ ਆਗੂ ਸੁਖਪਾਲ ਖਹਿਰਾ ਇਕੱਠੇ ਹੋਣ ਦੇ ਬਾਵਜੂਦ ਵੀ ਆਪਸ ‘ਚ ਕੋਈ ਗੱਲਬਾਤ ਨਾ ਕਰ ਸਕੇ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …