-3.7 C
Toronto
Thursday, January 22, 2026
spot_img
Homeਪੰਜਾਬਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਨਵਾਂ ਮੋੜ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਨਵਾਂ ਮੋੜ

ਬਾਦਲਾਂ ਖਿਲਾਫ ਗਵਾਹੀ ਦੇਣ ਵਾਲਾ ਹਿੰਮਤ ਸਿੰਘ ਪਲਟਿਆ
ਕਿਹਾ, ਸੁਖਜਿੰਦਰ ਸਿੰਘ ਰੰਧਾਵਾ ਦੇ ਦਬਾਅ ਹੇਠ ਦਿੱਤੀ ਸੀ ਗਵਾਹੀ, ਰੰਧਾਵਾ ਨਾਲ ਮੀਟਿੰਗ ਦੀਆਂ ਤਸਵੀਰਾਂ ਹੋਣ ਦੀ ਗੱਲ ਕਹੀ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋਂ ਬੇਦਅਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਲੀਕ ਹੋਈ ਜਾਂਚ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਈ ਹੈ।
ਕਮਿਸ਼ਨ ਕੋਲ ਬਾਦਲਾਂ ਖਿਲਾਫ ਗਵਾਹੀ ਦੇਣ ਵਾਲੇ ਮੁੱਖ ਗਵਾਹ ਗਿਆਨੀ ਗੁਰਮੁੱਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਆਪਣੀ ਗਵਾਹੀ ਤੋਂ ਮੁੱਕਰਦੇ ਹੋਏ ਦੋਸ਼ ਲਾਇਆ ਹੈ ਕਿ ਉਸ ‘ਤੇ ਝੂਠੀ ਗਵਾਹੀ ਦੇਣ ਲਈ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਬਾਅ ਬਣਾਇਆ ਸੀ। ਹਿੰਮਤ ਸਿੰਘ ਨੇ ਇੱਥੇ ਕੁਝ ਚੋਣਵੇਂ ਪੱਤਰਕਾਰਾਂ ਸਾਹਮਣੇ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ‘ਤੇ ਜਸਟਿਸ ਰਣਜੀਤ ਸਿੰਘ ਦੇ ਦਫਤਰ ਵਿਚ ਜਮ੍ਹਾਂ ਕਰਵਾਏ ਗਏ ਸਾਰੇ ਦਸਤਾਵੇਜ਼ਾਂ ‘ਤੇ ਦਸਤਖਤ ਕਰਨ ਲਈ ਦਬਾਅ ਪਾਇਆ।
12 ਅਕਤੂਬਰ, 2017 ਨੂੰ ਰੰਧਾਵਾ ਨੇ ਉਨ੍ਹਾਂ ਆਪਣੇ ਮੋਹਾਲੀ ਸਥਿਤ ਨਿਵਾਸ ‘ਤੇ ਬੁਲਾਇਆ। ਉਥੋਂ ਉਨ੍ਹਾਂ ਦੇ ਕਰੀਬੀ ਦੋ ਮਿੱਤਰ ਉਸ (ਹਿੰਮਤ ਸਿੰਘ) ਨੂੰ ਕਮਿਸ਼ਨ ਦੇ ਦਫਤਰ ਵਿਚ ਲੈ ਗਏ ਤੇ ਉਸ ਤੋਂ ਦਬਾਅ ਹੇਠ ਕਈ ਕਾਗਜ਼ਾਂ ‘ਤੇ ਬਿਨਾ ਪੜ੍ਹੇ ਰੰਧਾਵਾ ਦੇ ਕਰੀਬੀਆਂ ਨੇ ਦਸਤਖਤ ਕਰਵਾਏ।
ਹਿੰਮਤ ਸਿੰਘ ਨੇ ਕਿਹਾ ਕਿ ਹੁਣ ਜਦੋਂ ਰਿਪੋਰਟ ਲੀਕ ਹੋਣ ‘ਤੇ ਉਸ ਨੂੰ ਸੱਚਾਈ ਪਤਾ ਲੱਗੀ ਕਿ ਧੋਖੇ ਨਾਲ ਉਸ ਕੋਲੋਂ ਝੂਠੀ ਗਵਾਹੀ ਲਈ ਗਈ ਹੈ ਤਾਂ ਉਹ ਮੀਡੀਆ ਸਾਹਮਣੇ ਪੇਸ਼ ਹੋਇਆ ਹੈ। ਸੋਮਵਾਰ ਨੂੰ ਹਿੰਮਤ ਸਿੰਘ ਨੇ ਦੋਸ਼ ਲਾਇਆ ਕਿ ਜਸਟਿਸ ਰਣਜੀਤ ਸਿੰਘ ਨੇ ਉਸ ਨੂੰ ਫਾਈਲ ਵਿਚ ਦੋ ਥਾਵਾਂ ‘ਤੇ ਦਸਤਖਤ ਕਰਨ ਲਈ ਕਿਹਾ। ਉਹ ਉਸ ਨੂੰ ਪੁੱਛਦੇ ਰਹੇ ਕਿ ਕੀ ਉਹ (ਹਿੰਮਤ ਸਿੰਘ) ਆਪਣੇ ਪੱਖ ‘ਤੇ ਕਾਇਮ ਰਹੇਗਾ? ਹਿੰਮਤ ਸਿੰਘ ਨੇ ਦਾਅਵਾ ਕੀਤਾ ਕਿ ਉਸ ਕੋਲ ਸੁਖਜਿੰਦਰ ਸਿੰਘ ਰੰਧਾਵਾ ਤੇ ਜਸਟਿਸ ਰਣਜੀਤ ਸਿੰਘ ‘ਚ ਮੀਟਿੰਗ ਦੀਆਂ ਤਸਵੀਰਾਂ ਵੀ ਹਨ। ਉਸ ਨੇ ਕਿਹਾ ਕਿ ਕੋਈ ਵੀ ਸੁਤੰਤਰ ਏਜੰਸੀ ਇਹ ਜਾਂਚ ਕਰ ਸਕਦੀ ਹੈ ਕਿ ਰੰਧਾਵਾ ਉਸ ਨੂੰ ਇਸ ਮੁੱਦੇ ਬਾਰੇ ਗੱਲ ਕਰਨ ਲਈ ਕਹਿੰਦੇ ਸਨ।
ਸ਼ੁਰੂ ਵਿਚ ਉਸ ਨੇ ਸੋਚਿਆ ਕਿ ਕਮਿਸ਼ਨ ਸਿੱਖਾਂ ਨੂੰ ਇਨਸਾਫ ਦਿਵਾਏਗਾ, ਪਰ ਹੁਣ ਜਦੋਂ ਉਸ ਨੂੰ ਸੂਚਨਾ ਮਿਲੀ ਹੈ ਕਿ ਇਸ ਰਿਪੋਰਟ ਦਾ ਮੰਤਵ ਸਿਆਸੀ ਹੈ ਤਾਂ ਉਸ ਨੇ ਕਮਿਸ਼ਨ ਵਿਰੁੱਧ ਬੋਲਣ ਦਾ ਫੈਸਲਾ ਕੀਤਾ ਹੈ। ਹਿੰਮਤ ਸਿੰਘ ਦੇ ਇਸ ਤਾਜ਼ੇ ਬਿਆਨ ਨਾਲ ਬੇਅਦਬੀ ਦੇ ਮਾਮਲੇ ‘ਤੇ ਪੰਜਾਬ ਦੀ ਸਿਆਸਤ ‘ਚ ਭੂਚਾਲ ਆਉਣ ਦੀ ਸੰਭਾਵਨਾ ਹੈ।
ਬਾਦਲਾਂ ਦੇ ਇਸ਼ਾਰੇ ‘ਤੇ ਮਾਰੀ ਪਲਟੀ : ਰੰਧਾਵਾ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਿੰਮਤ ਸਿੰਘ ਦੇ ਦੋਸ਼ ਝੂਠੇ ਹਨ ਤੇ ਉਸ ਨੇ ਬਾਦਲਾਂ ਦੇ ਇਸ਼ਾਰੇ ‘ਤੇ ਬਿਆਨ ਪਲਟਿਆ ਹੈ। ਉਨ੍ਹਾਂ ਕਿਹਾ ਕਿ ਹਿੰਮਤ ਸਿੰਘ ਮੈਨੂੰ ਮਿਲਿਆ ਸੀ ਕਿ ਮੈਨੂੰ ਨੌਕਰੀ ਦਿਵਾਓ, ਮੈਂ ਗੁਰੂ ਦਾ ਸਿੱਖ ਹਾਂ। ਹੁਣ ਉਹ ਬਾਦਲਾਂ ਦੇ ਇਸ਼ਾਰੇ ‘ਤੇ ਝੂਠ ਬੋਲ ਰਿਹਾ ਹੈ। ਉਸ ਨੇ ਆਪਣੇ ਭਰਾ ਗਿਆਨੀ ਗੁਰਮੁੱਖ ਸਿੰਘ ਦੇ ਲਿਖਤੀ ਬਿਆਨ ਮੈਨੂੰ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਸਨ। ਮੈਂ ਜਸਟਿਸ ਰਣਜੀਤ ਸਿੰਘ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਮੈਂ ਕਦੇ ਵੀ ਹਿੰਮਤ ਸਿੰਘ ਨੂੰ ਨਹੀਂ ਬੁਲਾਇਆ ਅਤੇ ਨਾ ਹੀ ਬਿਆਨ ਦਰਜ ਕਰਵਾਉਣ ਲਈ ਸੰਮਨ ਕੀਤੇ ਸਨ, ਸਗੋਂ ਉਹ ਖੁਦ ਪੰਜਾਬੀ ਵਿਚ ਬਿਆਨ ਲੈ ਕੇ ਆਇਆ ਸੀ। ਇਕ ਸਵਾਲ ਦੇ ਜਵਾਬ ਵਿਚ ਰੰਧਾਵਾ ਨੇ ਕਿਹਾ ਕਿ ਹਿੰਮਤ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਦਾ ਹੁਣ ਬਾਦਲਾਂ ਨਾਲ ਸਮਝੌਤਾ ਹੋ ਚੁੱਕਿਆ ਹੈ, ਇਸ ਲਈ ਇਹ ਆਪਣੇ ਸਟੈਂਡ ਤੋਂ ਪਲਟ ਰਹੇ ਹਨ ਜੋ ਕਿ ਸਿੱਖੀ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਹੈ।
ਹਿੰਮਤ ਦੇ ਬਿਆਨ ‘ਤੇ ਆਇਆ ਸੀ ਬਾਦਲਾਂ ਦਾ ਨਾਂ
ਰਿਪੋਰਟ ਮੁਤਾਬਕ ਹਿੰਮਤ ਸਿੰਘ ਨੇ ਡੇਰਾ ਮੁਖੀ ਨੂੰ ਮਾਫੀ ਦਿੱਤੇ ਜਾਣ ਦੇ ਪਿਛੋਕੜ ਬਾਰੇ ਵੇਰਵੇ ਦਿੱਤੇ ਸਨ ਜਿਸ ਤੋਂ ਬਾਅਦ ਡੇਰਾ ਮੁਖੀ ਨੂੰ ਮਾਫ ਕਰਨ ਦੀ ਆਗਿਆ ਦਿੱਤੀ ਗਈ। ਇਹ ਮਾਫੀ ਇਕ ਡੀਲ ਦਾ ਹਿੱਸਾ ਸੀ ਜੋ ਬਾਦਲਾਂ ਦੀ ਸਿਰਸਾ ਡੇਰਾ ਨਾਲ ਸੀ। ਕਮਿਸ਼ਨ ਨੇ ਇਹ ਵੀ ਪਾਇਆ ਕਿ ਜਦੋਂ ਬਾਦਲਾਂ ਲਾਲ ਇਹ ਡੀਲ ਸਿਰੇ ਨਹੀਂ ਚੜ੍ਹੀ ਤਾਂ ਡੇਰਾ ਪ੍ਰੇਮੀਆਂ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਹਿੰਮਤ ਸਿੰਘ ਵਲੋਂ ਦਿੱਤੇ ਬਿਆਨ ਅਨੁਸਾਰ 16 ਸਤੰਬਰ 2016 ਨੂੰ ਸੂਬੇ ਦੇ ਸਾਰੇ ਜਥੇਦਾਰਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਬੁਲਾਇਆ ਗਿਆ ਸੀ। ਉਹ ਉਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਇਨੋਵਾ ਗੱਡੀ ਵਿਚ ਗਏ ਸਨ। ਬਾਦਲ ਦੀ ਕੋਠੀ ‘ਤੇ ਉਸ ਸਮੇਂ ਦੇ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਡੇਰਾ ਮੁਖੀ ਦਾ ਮਾਫੀ ਮੰਗਣ ਵਾਲਾ ਇਕ ਪੱਤਰ (ਹਿੰਦੀ ਵਿਚ ਲਿਖਿਆ) ਪੜ੍ਹਿਆ। ਹਿੰਮਤ ਸਿੰਘ ਨੇ ਕਮਿਸ਼ਨ ਨੂੰ ਦੱਸਿਆ ਸੀ ਕਿ ਉਸ ਦੇ ਭਰਾ ਨੇ ਅੰਮ੍ਰਿਤਸਰ ਪੁੱਜਣ ‘ਤੇ ਮਾਫੀ ਦੇਣ ਦਾ ਵਿਰੋਧ ਕੀਤਾ ਸੀ। ਦੂਜੇ ਜਥੇਦਾਰ ਉਸ ਦੇ ਘਰ ਗਏ ਸਨ। ਇਹ ਸਭ ਉਸਦੀ ਮੌਜੂਦਗੀ ਵਿਚ ਹੋਇਆ ਸੀ।
ਹਿੰਮਤ ਸਿੰਘ ਦੇ ਖੁਲਾਸੇ ਤੋਂ ਬਾਅਦ ਅਕਾਲੀ ਦਲ ਕਾਂਗਰਸ ‘ਤੇ ਹਮਲਾ
ਜਸਟਿਸ ਰਣਜੀਤ ਸਿੰਘ ਅਤੇ ਰੰਧਾਵਾ ‘ਤੇ ਦਰਜ ਹੋਵੇ ਕੇਸ : ਸ਼੍ਰੋਮਣੀ ਅਕਾਲੀ ਦਲ
ਚੰਡੀਗੜ੍ਹ : ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਮਾਮਲੇ ਵਿਚ ਹਿੰਮਤ ਸਿੰਘ ਵਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਅਕਾਲੀ ਦਲ ਨੇ ਉਕਤ ਕਮਿਸ਼ਨ ਨੂੰ ਸਰਕਾਰੀ ਕਮਿਸ਼ਨ ਦੱਸਦੇ ਹੋਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਕੈਬਨਿਟ ਤੋਂ ਅਤੇ ਜਸਟਿਸ ਰਣਜੀਤ ਸਿੰਘ ਨੂੰ ਕਮਿਸ਼ਨ ਵਿਚੋਂ ਹਟਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਮੰਗ ਕੀਤੀ ਗਈ ਕਿ ਉਕਤ ਦੋਵਾਂ ਖਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਵੇਦਨਸ਼ੀਲ ਅਤੇ ਧਾਰਮਿਕ ਮੁੱਦੇ ‘ਤੇ ਝੂਠੇ ਸਬੂਤ ਤਿਆਰ ਕਰਨ ਦੇ ਮਾਮਲੇ ‘ਤੇ ਮਾਮਲਾ ਦਰਜ ਕੀਤਾ ਜਾਵੇ। ਮੀਟਿੰਗ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਰਮਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਬਿਕਰਮ ਸਿੰਘ ਮਜੀਠੀਆ ਵੀ ਹਾਜ਼ਰ ਸਨ।

RELATED ARTICLES
POPULAR POSTS