Breaking News
Home / ਪੰਜਾਬ / ਭ੍ਰਿਸ਼ਟਾਚਾਰ ਰਾਜ ਖਤਮ ਕਰਕੇ ਲੋਕਾਂ ਦੀ ਸਰਕਾਰੀ ਬਣਾਵਾਂਗੇ : ਖਹਿਰਾ

ਭ੍ਰਿਸ਼ਟਾਚਾਰ ਰਾਜ ਖਤਮ ਕਰਕੇ ਲੋਕਾਂ ਦੀ ਸਰਕਾਰੀ ਬਣਾਵਾਂਗੇ : ਖਹਿਰਾ

ਕਿਹਾ, ਬਾਦਲ ਅਤੇ ਕੈਪਟਨ ਨੇ ਪੰਜਾਬੀਆਂ ਦੇ ਮਸਲਿਆਂ ਨੂੰ ਹੋਰ ਉਲਝਾਇਆ

ਕੋਟਕਪੂਰਾ/ਬਿਊਰੋ ਨਿਊਜ਼ : ਕੋਟਕਪੂਰਾ ਦੀ ਦਾਣਾ ਮੰਡੀ ਵਿੱਚ ‘ਆਪ’ ਦੇ ਬਾਗੀ ਧੜੇ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੀ ਵਾਲੰਟੀਅਰ ਕਨਵੈਨਸ਼ਨ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦੇ ਭ੍ਰਿਸ਼ਟਾਚਾਰ ਰਾਜ ਨੂੰ ਖ਼ਤਮ ਕਰਕੇ ਆਮ ਲੋਕਾਂ ਦੀ ਸਰਕਾਰ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਸਰਕਾਰ ਨੇ ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਉਲਝਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲੇ ਵਿਚਾਰਨ ਲਈ ਪੰਜਾਬ ਵਿਧਾਨ ਸਭਾ ਦੇ ਲੰਮੇ ਸਮੇਂ ਦੇ ਸੈਸ਼ਨ ਦੀ ਲੋੜ ਹੈ ਪਰ ਕੈਪਟਨ ਸਰਕਾਰ ਨੇ ਸਿਰਫ ਪੰਜ ਦਿਨਾਂ ਦਾ ਸੈਸ਼ਨ ਰੱਖਿਆ ਹੈ, ਜੋ ਰੌਲਾ-ਰੱਪਾ ਪਾ ਕੇ ਲੰਘਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਵਾਂ ‘ਤੇ ਰਿਪੇਅਰੀਅਨ ਐਕਟ ਮੁਤਾਬਕ ਪੰਜਾਬ ਦਾ ਵੱਡਾ ਹੱਕ ਬਣਦਾ ਹੈ, ਪਰ ਕੀਮਤੀ ਪਾਣੀ ਰਾਜਸਥਾਨ ਅਤੇ ਹਰਿਆਣਾ ਨੂੰ ਬਗੈਰ ਮੁਆਵਜ਼ੇ ਦੇ ਲੁਟਾਇਆ ਜਾ ਰਿਹਾ ਹੈ। ਦੋਵਾਂ ਰਾਜਾਂ ਨੂੰ ਹੁਣ ਤੱਕ ਦਿੱਤੇ ਪਾਣੀ ਦੀ ਕੀਮਤ 16 ਲੱਖ ਕਰੋੜ ਰੁਪਏ ਬਣਦੀ ਹੈ, ਜਿਸ ਦੀ ਵਸੂਲੀ ਲਈ ਦੋਵਾਂ ਸਰਕਾਰਾਂ ਨੇ ਹਾਲੇ ਤੱਕ ਕੋਈ ਯਤਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਪੁਲਿਸ ਵੱਲੋਂ ਕੀਤੇ ਗੋਲੀ ਕਾਂਡ ਦੇ ਦੋਸ਼ੀਆਂ ਦੀ ਬਾਦਲ ਸਰਕਾਰ ਨੇ ਕੋਈ ਨਿਸ਼ਾਨਦੇਹੀ ਨਹੀਂ ਕੀਤੀ ਅਤੇ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਨਾਮਜ਼ਦ ਹੋਏ ਪੁਲਿਸ ਅਫ਼ਸਰਾਂ ਅਤੇ ਰਾਜਸੀ ਲੋਕਾਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਠੰਢੇ ਬਸਤੇ ਵਿੱਚ ਪਾ ਦਿੱਤੀ ਗਈ ਹੈ। ਉਨ੍ਹਾਂ ‘ਆਪ’ ਵਿੱਚ ਪੈਦਾ ਹੋਏ ਵਿਵਾਦ ‘ਤੇ ਕਿਹਾ ਕਿ ਉਹ ਏਕਤਾ ਦੇ ਹੱਕ ਵਿੱਚ ਹਨ, ਪਰ ਉਹ ਬਠਿੰਡਾ ਕਨਵੈਨਸ਼ਨ ਵਿੱਚ ਪਾਸ ਕੀਤੇ 6 ਮਤਿਆਂ ਤੋਂ ਟੱਸ ਤੋਂ ਮੱਸ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦਾ ਢਾਂਚਾ ਪਿਛਲੇ 17 ਮਹੀਨਿਆਂ ਤੋਂ ਵਿਗੜਨ ਕਾਰਨ ਪਾਰਟੀ ਵਰਕਰ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਇਕਾਈ ਨੂੰ ਖੁਦਮੁਖਤਿਆਰ ਬਣਾ ਕੇ ਹੇਠਲੇ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ। ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਬਠਿੰਡਾ ਕਨਵੈਨਸ਼ਨ ਦੇ ਪਾਸ ਕੀਤੇ 6 ਮਤੇ ਹਾਜ਼ਰ ਇਕੱਠ ਕੋਲੋਂ ਹੱਥ ਖੜ੍ਹੇ ਕਰਵਾ ਕੇ ਪਾਸ ਕਰਵਾਏ। ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਉਹ ਅਰਵਿੰਦ ਕੇਜਰੀਵਾਲ ਦਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਨੂੰ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਨਹੀਂ ਸੀ ਮੰਗਣੀ ਚਾਹੀਦੀ ਸੀ। ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਜ਼ਿਲ੍ਹੇ ਦੇ ਵਾਲੰਟੀਅਰਾਂ ਵੱਲੋਂ ਹਾਜ਼ਰ 8 ਵਿਧਾਇਕਾਂ ਨੂੰ ਹਰੇ ਰੰਗ ਦੀਆਂ ਪੱਗਾਂ ਸੌਂਪ ਕੇ ਸਨਮਾਨਿਤ ਕੀਤਾ ਗਿਆ।

ਸਿੱਧੂ ਨੇ ਕਰਵਾਈ ਕਿਰਕਿਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਜਾਣਾ ਅਤੇ ਉਥੇ ਆਰਮੀ ਚੀਫ਼ ਨੂੰ ਜੱਫੀ ਪਾਉਣਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਹਿੰਗਾ ਪਵੇਗਾ, ਇਹ ਗੱਲ ਸਿੱਧੂ ਨੇ ਸੋਚੀ ਵੀ ਨਹੀਂ ਹੋਵੇਗੀ। ਬੇਸ਼ੱਕ ਕਾਂਗਰਸ ਸਿੱਧੂ ਦਾ ਬਚਾਅ ਕਰ ਰਹੀ ਹੈ ਪ੍ਰੰਤੂ ਇਸ ਮਾਮਲੇ ਨੇ ਵਿਰੋਧੀ ਪਾਰਟੀਆਂ ਨੂੰ ਬੈਠੇ ਬਿਠਾਈ ਸਰਕਾਰ ਨੂੰ ਘੇਰਨ ਦਾ ਮੌਕਾ ਦੇ ਦਿੱਤਾ ਹੈ। ਇਹੀ ਨਹੀਂ ਕਾਂਗਰਸ ‘ਚ ਹੀ ਸਿੱਧੂ ਦੇ ਵਿਰੋਧੀ ਆਗੂ ਵੀ ਸਰਗਰਮ ਹੋ ਗਏ ਹਨ। ਇਸ ਮਾਮਲੇ ਨੂੰ ਲੈ ਕੇ ਸਿੱਧੂ ਵਿਧਾਨ ਸਭਾ ਸੈਸ਼ਨ ‘ਚ ਵੀ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਰਹਿਣਗੇ। ਹੁਣ ਸਿੱਧੂ ਵਿਰੋਧੀ ਧਿਰ ਦੇ ਹਮਲਿਆਂ ਦਾ ਜਵਾਬ ਕਿਸ ਤਰ੍ਹਾਂ ਦੇਣਗੇ ਇਹ ਵੀ ਦਿਲਚਸਪ ਹੋਵੇਗਾ।

ਬਦਲੀਆਂ ਕਰਵਾਉਣ ਵਾਲਿਆਂ ਤੋਂ ਮੰਤਰੀ ਪ੍ਰੇਸ਼ਾਨ

ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਹੋਣ ਤੋਂ ਬਾਅਦ ਪੰਜਾਬ ਸਕੱਤਰੇਤ ‘ਚ ਮੰਤਰੀਆਂ ਨੂੰ ਮਿਲਣ ਵਾਲਿਆਂ ਦੀ ਭੀੜ ‘ਚ ਵਾਧਾ ਹੋ ਗਿਆ ਹੈ। ਕੁਝ ਲੋਕ ਤਾਂ ਆਪਣੇ ਹਲਕਿਆਂ ਨਾਲ ਸਬੰਧਤ ਕੰਮ ਸਬੰਧੀ ਉਨ੍ਹਾਂ ਨੂੰ ਮਿਲਣ ਆ ਰਹੇ ਹਨ ਤੇ ਜ਼ਿਆਦਾਤਰ ਬਦਲੀਆਂ ਦੀ ਸਿਫ਼ਾਰਸ਼ ਲੈ ਕੇ ਆ ਰਹੇ ਹਨ। ਅਜਿਹਾ ਕੋਈ ਦਿਨ ਨਹੀਂ ਜਿਸ ਦਿਨ ਮੰਤਰੀ ਦੇ ਕੋਲ ਬਦਲੀਆਂ ਵਾਲਿਆਂ ਦੀ ਸਿਫਾਰਸ਼ ਨਹੀਂ ਆਉਂਦੀ। ਇਸ ਨਾਲ ਸਬੰਧਤ ਮੰਤਰੀ ਦੇ ਵਿਭਾਗ ਦਾ ਕੰਮ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਕਈ ਮੰਤਰੀਆਂ ਨੇ ਆਪਣੇ ਕਮਰੇ ਦੇ ਬਾਹਰ ਬਦਲੀਆਂ ਬੰਦ ਹੋਣ ਦਾ ਨੋਟਿਸ ਲਗਵਾ ਦਿੱਤਾ ਹੈ।

ਕਾਂਗਰਸੀਆਂ ਦੀ ਚਰਚਾ ਜਾਰੀ

ਅਜ਼ਾਦੀ ਦਿਹਾੜੇ ਮੌਕੇ ਲੁਧਿਆਣਾ ‘ਚ ਰਾਜ ਪੱਧਰੀ ਸਮਾਗਮ ‘ਚ ਆਏ ਮੁੱਖ ਮੰਤਰੀ ਕਾਂਗਰਸੀਆਂ ਨੂੰ ਨਵਾਂ ਹੀ ਕੰਮ ਦੇ ਗਏ। ਇਕ ਦਿਨ ਪਹਿਲਾਂ ਹੀ ਸ਼ਹਿਰ ‘ਚ ਪਹੁੰਚੇ ਮੁੱਖ ਮੰਤਰੀ ਨੇ ਅਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ‘ਤੇ ਅਜ਼ਾਦ ਦਿਲ ਹੋ ਕੇ ਸਭ ਨੂੰ ਗਲ਼ੇ ਲਗਾਇਆ। ਉਨ੍ਹਾਂ ਦੀ ਵਿਧਾਇਕ ਸੁਰਿੰਦਰ ਡਾਵਰ ਨਾਲ ਰਿਸ਼ਤਿਆਂ ‘ਚ ਦੂਰੀ ਦੀ ਚਰਚਾ ਹੁੰਦੀ ਰਹੀ ਪ੍ਰੰਤੂ ਕੈਪਟਨ ਉਨ੍ਹਾਂ ਦੇ ਘਰ ਚਾਹ ਪਾਰਟੀ ‘ਤੇ ਪਹੁੰਚ ਗਏ। ਉਥੇ ਸੀਨੀਅਰ ਵਿਧਾਇਕ ਰਾਕੇਸ਼ ਪਾਂਡੇ ਦੇ ਸਮਰਥਕ ਵੀ ਮੁੱਖ ਮੰਤਰੀ ਦੇ ਆਪਣੇ ਕੈਂਪ ‘ਚ ਆਉਣ ਦੀ ਆਸ ਲਗਾਈ ਬੈਠੇ ਰਹੇ ਪ੍ਰੰਤੂ ਮੁੱਖ ਮੰਤਰੀ ਦਾ ਉਥੇ ਨਾ ਜਾਣਾ ਅਤੇ ਚਾਹ ਪੀ ਕੇ ਸੁਰਿੰਦਰ ਡਾਵਰ ਦੀ ਸਿਆਸੀ ਤਾਕਤ ਵਧਾਉਣ ਜਿਹਾ ਕੰਮ ਕਰਨਾ ਪਾਰਟੀ ਵਰਕਰਾਂ ‘ਚ ਅਜੇ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ‘ਚ ਜ਼ਿਲ੍ਹਾ ਪ੍ਰਧਾਨਗੀ ਲਈ ਦੌੜ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਦੇ ਨਜ਼ਦੀਕੀ ਰਹੇ ਇਕ ਅਹੁਦੇਦਾਰ ਨੇ ਸ਼ਹਿਰ ‘ਚ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਕਹਿੰਦੇ ਹਨ ਕਿ 2019 ਚੋਣਾਂ ਦੇ ਲਈ ਪਾਰਟੀ ਦੀ ਮਜ਼ਬੂਤੀ ਲਈ ਕੰਮ ਚੱਲ ਰਿਹਾ ਹੈ ਪ੍ਰੰਤੂ ਅੰਦਰਖਾਤੇ ਦੌੜ ਜ਼ਿਲ੍ਹਾ ਪ੍ਰਧਾਨਗੀ ਦੀ ਹੈ। ਉਨ੍ਹਾਂ ਦੇ ਖਾਸਮਖਾਸ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਨ ਕੇ ਹੀ ਉਨ੍ਹਾਂ ਦੇ ਦੌੜ-ਭੱਜ ਕਰ ਰਹੇ ਹਨ। ਸਥਿਤੀ ਅਜਿਹੀ ਹੈ ਕਿ ਵਿਧਾਨ ਸਭਾ ਚੋਣਾਂ ‘ਚ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ ਉਹ ਵੀ ਆਰਾਮ ਚਾਹੁੰਦੇ ਹਨ ਅਤੇ ਜੋ ਦੌੜ-ਭੱਜ ਕਰ ਰਹੇ ਹਨ ਉਨ੍ਹਾਂ ਨੂੰ ਪਤਾ ਨਹੀਂ ਜ਼ਿੰਮੇਵਾਰੀ ਮਿਲੇਗੀ ਜਾਂ ਨਹੀਂ। ਉਧਰ ਪਾਰਟੀ ਗਤੀਵਿਧੀਆਂ ‘ਚ ਸ਼ਿਰਕਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਪੁਰਾਣੇ ਲੀਡਰਾਂ ਨੂੰ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ ਚੱਲ ਰਹੀ ਹੈ।

ਆਮ ਆਦਮੀ ਪਾਰਟੀ ਦਾ ਕਲੇਸ਼

ਪੰਜਾਬ ‘ਚ ਤੀਜੇ ਬਦਲ ਦੇ ਦੌਰ ‘ਤੇ ਆਈ ਆਮ ਆਦਮੀ ਪਾਰਟੀ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਰੁਕਣ ਦਾ ਨਾਂ ਨਹੀਂ ਲੈ ਰਹੀ। ਦੋ ਗੁੱਟਾਂ ‘ਚ ਵੰਡੀ ਪਾਰਟੀ ਦੇ ਆਗੂ ਇਕ-ਦੂਜੇ ‘ਤੇ ਹਮਲੇ ਕਰ ਰਹੇ ਹਨ। ਉਥੇ ਪਾਰਟੀ ਦੇ ਕਲੇਸ਼ ਤੋਂ ਵਿਰੋਧੀ ਪਾਰਟੀਆਂ ਦੇ ਆਗੂ ਫਾਇਦਾ ਲੈ ਰਹੇ ਹਨ ਅਤੇ ਆਗੂ ਖੂਬ ਚਟਕਾਰੇ ਲੈ ਕੇ ਗੱਲਾਂ ਕਰਦੇ ਹਨ।

 

 

Check Also

ਵਿਜੇ ਸਾਂਪਲਾ ਛੱਡ ਸਕਦੇ ਹਨ ਭਾਜਪਾ!

ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਰਕੇ ਹੋਏ ਨਰਾਜ਼ ਹੁਸ਼ਿਆਰਪੁਰ/ਬਿਊਰੋ ਨਿਊਜ਼ ਪੰਜਾਬ ਵਿਚ ਭਾਜਪਾ ਦੇ ਦਿੱਗਜ਼ …