-16 C
Toronto
Friday, January 30, 2026
spot_img
Homeਪੰਜਾਬ'ਆਪ' ਦੇ ਬਾਗੀ ਧੜੇ ਨੇ ਖਹਿਰਾ ਨੂੰ ਬਣਾਇਆ ਆਰਜੀ ਪ੍ਰਧਾਨ

‘ਆਪ’ ਦੇ ਬਾਗੀ ਧੜੇ ਨੇ ਖਹਿਰਾ ਨੂੰ ਬਣਾਇਆ ਆਰਜੀ ਪ੍ਰਧਾਨ

ਜ਼ਿਲ੍ਹਿਆਂ ਦੀਆਂ ਕਨਵੈਨਸ਼ਨਾਂ ਵਿਚੋਂ ਪ੍ਰਵਾਨਗੀ ਲੈ ਕੇ ਸੰਭਾਲਾਂਗਾ ਅਹੁਦਾ : ਖਹਿਰਾ
ਚੰਡੀਗੜ੍ਹ/ਬਿਊਰੋ ਨਿਊਜ਼ ઺ ਆਮ ਆਦਮੀ ਪਾਰਟੀ (ਆਪ) ਵੱਲੋਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ ਬਾਗੀ ਧਿਰ ਦੇ ਆਰਜ਼ੀ ਪ੍ਰਧਾਨ ਬਣ ਗਏ ਹਨ। ‘ਆਪ’ ਦੀ ਬਾਗੀ ਧਿਰ ਵੱਲੋਂ ਬਣਾਈ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਇਥੇ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਵਿੱਚ ਖਹਿਰਾ ਨੂੰ ਪੰਜਾਬ ਦਾ ਆਰਜ਼ੀ ਪ੍ਰਧਾਨ ਬਣਾਉਣ ਦਾ ਫੈਸਲਾ ਲਿਆ ਗਿਆ। ਖਹਿਰਾ ਦੇ ਬਾਗੀ ਧੜੇ ਨੇ ਜਲਦੀ ਹੀ ਆਪਣੀ ਸੂਬਾ ਕਾਰਜਕਾਰਨੀ ਕਮੇਟੀ ਬਣਾਉਣ ਸਮੇਤ ਜ਼ਿਲ੍ਹਿਆਂ ਦੇ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਬਾਗੀ ਧੜੇ ਦੀ ਪੀਏਸੀ ਦੀ ਇਥੇ ਹੋਈ ਮੀਟਿੰਗ ਤੋਂ ਬਾਅਦ ਵਿਧਾਇਕ ਕੰਵਰ ਸੰਧੂ ਨੇ ਖਹਿਰਾ ਨੂੰ ਆਪਣੇ ਧੜੇ ਦਾ ਆਰਜ਼ੀ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਖਹਿਰਾ ਨੇ ਕਿਹਾ ਕਿ ਉਹ ਜ਼ਿਲ੍ਹਿਆਂ ਦੀਆਂ ਕਨਵੈਨਸ਼ਨਾਂ ਵਿੱਚੋ ਪ੍ਰਵਾਨਗੀ ਲੈ ਕੇ ਇਹ ਅਹੁਦਾ ਸਾਂਭਣਗੇ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਆਏ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਗੀ ਧਿਰ ਨਾਲ ਗੱਲਬਾਤ ਕਰਨ ਲਈ ਕੁਝ ਵਿਧਾਇਕਾਂ ਦੀ ਜ਼ਿੰਮੇਵਾਰੀ ਲਾਈ ਸੀ ਅਤੇ ਲੋੜ ਪੈਣ ‘ਤੇ ਖੁਦ ਵੀ ਖਹਿਰਾ ਨੂੰ ਮਿਲਣ ਦੀ ਹਾਮੀ ਭਰੀ ਸੀ। ਕੇਜਰੀਵਾਲ ਦੀ ਇਸ ਪਹਿਲਕਦਮੀ ਦਾ ਹੁੰਗਾਰਾ ਭਰਨ ਦੀ ਥਾਂ ਬਾਗੀ ਧੜੇ ਵੱਲੋਂ ਆਪਣਾ ਵੱਖਰਾ ਪ੍ਰਧਾਨ ਨਿਯੁਕਤ ਕਰਨ ਤੋਂ ਸੰਕੇਤ ਮਿਲੇ ਹਨ ਕਿ ਖਹਿਰਾ ਧੜਾ ਹੁਣ ਪਾਰਟੀ ਨਾਲ ਸਮਝੌਤਾ ਕਰਨ ਦੇ ਰੌਂਅ ਵਿੱਚ ਨਹੀਂ ਹੈ ਅਤੇ ਵੱਖਰੇ ਤੀਜੇ ਸਿਆਸੀ ਬਦਲ ਲਈ ਢਾਂਚਾ ਤਿਆਰ ਕਰਨ ਦੀ ਤਾਕ ਵਿੱਚ ਹੈ। ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਤੀਜੇ ਬਦਲ ਦੀ ਭਾਲ ਵਿੱਚ ਹਨ ਅਤੇ ਉਹ ਜਲਦ ਹੀ ਤੀਸਰੀ ਧਿਰ ਉਸਾਰ ਕੇ ਲੋਕਾਂ ਨੂੰ ਕਾਂਗਰਸ ਤੇ ਅਕਾਲੀ ਦਲ ਤੋਂ ਨਿਜਾਤ ਦਿਵਾਉਣਗੇ। ਪੀਏਸੀ ਦੀ ਮੀਟਿੰਗ ਵਿੱਚ ਇਸ ਧਿਰ ਨਾਲ ਜੁੜੇ ਕੁੱਲ ਅੱਠ ਵਿਧਾਇਕਾਂ ਵਿੱਚੋਂ 6 ਵਿਧਾਇਕ ਖਹਿਰਾ, ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ ਕਮਾਲੂ ਸ਼ਾਮਲ ਹੋਏ ਜਦਕਿ ਦੋ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਤੇ ਮਾਸਟਰ ਬਲਦੇਵ ਸਿੰਘ ਹਾਜ਼ਰ ਨਹੀਂ ਸਨ। ਖਹਿਰਾ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦਾ ਧੜਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਨਿਯੁਕਤ ਕਰਨ ਦੇ ਫੈਸਲੇ ਨੂੰ ਰੱਦ ਕਰ ਚੁੱਕਾ ਹੈ, ਇਸ ਲਈ ਚੀਮਾ ਵੱਲੋਂ ਬੁਲਾਈ ਜਾ ਰਹੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਦੂਜੇ ਪਾਸੇ ਸੰਧੂ ਨੇ ਕਿਹਾ ਕਿ ਉਹ ਪਾਰਟੀ ਵਿੱਚ ਹਨ ਅਤੇ ‘ਆਪ’ ਨੂੰ ਮਜ਼ਬੂਤ ਕਰਨ ਲਈ ਹੀ ਸਰਗਰਮ ਹਨ। ਖਹਿਰਾ ਨੇ ਕਿਹਾ ਕਿ ਜੇ ਕੇਜਰੀਵਾਲ ਗੱਲਬਾਤ ਲਈ ਸੱਦਣਗੇ ਤਾਂ ਪੀਏਸੀ ਫੈਸਲਾ ਕਰੇਗੀ ਕਿ ਗੱਲਬਾਤ ਦਾ ਸੱਦਾ ਕਬੂਲ ਕਰਨਾ ਹੈ ਜਾਂ ਨਹੀਂ।
ਮਾਨਸ਼ਾਹੀਆ ਨੂੰ ਹਟਾ ਕੇ ਸੰਧਵਾਂ ਚੀਫ ਵ੍ਹਿਪ ਬਣਾਏ
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ‘ਆਪ’ ਦੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਵਿਧਾਨ ਸਭਾ ਵਿਚ ਚੀਫ ਵ੍ਹਿਪ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਚੀਫ ਵ੍ਹਿਪ ਨਿਯੁਕਤ ਕਰ ਦਿੱਤਾ ਹੈ। ਪਿਰਮਲ ਸਿੰਘ ਨੂੰ ਵੀ ਵ੍ਹਿਪ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਅਮਰਜੀਤ ਸਿੰਘ ਸੰਦੋਆ ਨੂੰ ਵ੍ਹਿਪ ਬਣਾਇਆ ਗਿਆ ਹੈ।

RELATED ARTICLES
POPULAR POSTS