82 ਫੀਸਦੀ ਕਰੋਨਾ ਪੀੜਤ ਮਰੀਜ਼ ਹੋਏ ਠੀਕ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਪਰਤਣ ਤੋਂ ਬਾਅਦ ਪੰਜਾਬ ‘ਚ ਇੱਕਦਮ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਗਈ ਸੀ ਪਰ ਹੁਣ ਪੰਜਾਬ ਲਈ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਕੁੱਲ ਮਰੀਜ਼ਾਂ ‘ਚੋਂ 82 ਫੀਸਦੀ ਕਰੋਨਾ ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ। 17 ਫੀਸਦੀ ਮਰੀਜ਼ ਦਾਖਲ ਹਨ ਜਦਕਿ 1.93 ਫੀਸਦੀ ਲੋਕਾਂ ਦੀ ਮੌਤ ਹੋ ਚੁਕੀ ਹੈ। ਇਨ੍ਹਾਂ ‘ਚੋਂ ਕਈ ਹੋਰ ਸੂਬਿਆਂ ਦੇ ਵਸਨੀਕ ਹਨ ਜੋ ਪੰਜਾਬ ‘ਚ ਕਰੋਨਾ ਵਾਇਰਸ ਤੋਂ ਪੀੜਤ ਹੋਏ ਹਨ। 2068 ਮਰੀਜ਼ਾਂ ‘ਚੋਂ 1714 ਮਰੀਜ਼ ਠੀਕ ਹੋ ਚੁੱਕੇ ਹਨ। 40 ਦੀ ਮੌਤ ਹੋ ਗਈ ਹੈ। ਚਾਰ ਜ਼ਿਲ੍ਹਿਆਂ ਪਠਾਨਕੋਟ, ਬਰਨਾਲਾ, ਫਿਰੋਜ਼ਪੁਰ ਅਤੇ ਤਰਨਤਾਰਨ ਵਿੱਚ ਕੋਈ ਸਰਗਰਮ ਕੇਸ ਨਹੀਂ ਹੈ। 9 ਜ਼ਿਲ੍ਹਿਆਂ ਕਪੂਰਥਲਾ, ਬਠਿੰਡਾ, ਫਾਜ਼ਿਲਕਾ, ਮੋਗਾ, ਸੰਗਰੂਰ, ਹੁਸ਼ਿਆਰਪੁਰ, ਮੁਹਾਲੀ, ਅੰਮ੍ਰਿਤਸਰ, ਗੁਰਦਾਸਪੁਰ ਵਿੱਚ 1 ਤੋਂ 5 ਸਰਗਰਮ ਕੇਸ ਹਨ। ਬਾਕੀ 9 ਜ਼ਿਲ੍ਹਿਆਂ ਜਲੰਧਰ, ਲੁਧਿਆਣਾ, ਪਟਿਆਲਾ, ਨਵਾਂਸ਼ਹਿਰ, ਮੁਕਤਸਰ, ਰੋਪੜ, ਫਤਿਹਗੜ ਸਾਹਿਬ, ਮਾਨਸਾ, ਫਰੀਦਕੋਟ ਵਿੱਚ 6 ਤੋਂ 90 ਸਰਗਰਮ ਕੇਸ ਹਨ। ਉਧਰ ਪੂਰੇ ਪੰਜਾਬ ਅੰਦਰ ਲੰਘੇ ਐਤਵਾਰ ਨੂੰ ਲੁਧਿਆਣਾ ‘ਚ 23, ਨਵਾਂ ਸ਼ਹਿਰ ‘ਚ 5, ਫਰੀਦਕੋਟ 4, ਅੰਮ੍ਰਿਤਸਰ ਅਤੇ ਜਲੰਧਰ ‘ਚ 3-3 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਜਦਕਿ ਹੁਸ਼ਿਆਰਪੁਰ ਅਤੇ ਪਠਾਨਕੋਟ ਜ਼ਿਲ੍ਹੇ ‘ਚ ਅੱਜ 1-1 ਕਰੋਨਾ ਪੀੜਤ ਦੀ ਮੌਤ ਹੋ ਗਈ। ਚੰਡੀਗੜ੍ਹ ‘ਚ ਅੱਜ ਫਿਰ ਕਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ।