ਹਾਈਕੋਰਟ ਨੇ ਯੂਟੀ ਪ੍ਰਸ਼ਾਸਨ ਨੂੰ ਦਿੱਤੇ ਨਿਰਦੇਸ਼
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਮੇਅਰ ਦੀ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ ਆਇਆ ਹੈ। ਹਾਈਕੋਰਟ ਨੇ 30 ਜਨਵਰੀ ਨੂੰ ਚੰਡੀਗੜ੍ਹ ਵਿਚ ਮੇਅਰ ਦੀ ਚੋਣ ਕਰਵਾਉਣ ਲਈ ਯੂਟੀ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਹੈ। ਇਸਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਚੰਡੀਗੜ੍ਹ ਵਿਚ ਮੇਅਰ ਦੀ ਚੋਣ ਵਾਲੇ ਦਿਨ ਕਿਸੇ ਵੀ ਸਿਆਸੀ ਪਾਰਟੀ ਦੇ ਬਾਹਰੀ ਸਮਰਥਕ ਜਾਂ ਅਧਿਕਾਰੀ ਨੂੰ ਨਗਰ ਨਿਗਮ ਦਫਤਰ ਵਿਚ ਆਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਅਦਾਲਤ ਨੇ ਕੌਂਸਲਰਾਂ ਨੂੰ ਸੁਰੱਖਿਆ ਦੇਣ ਦੇ ਵੀ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਦਿੱਤੇ ਸਨ ਕਿ ਜੇਕਰ ਪ੍ਰਸ਼ਾਸਨ ਮੇਅਰ ਚੋਣਾਂ ਲਈ ਸਹੀ ਮਿਤੀ ਤੈਅ ਨਹੀਂ ਕਰਦਾ ਤਾਂ ਫਿਰ ਅਦਾਲਤ ਚੋਣ ਦੀ ਮਿਤੀ ਨਿਰਧਾਰਤ ਕਰੇਗੀ। ਧਿਆਨ ਰਹੇ ਕਿ ਚੰਡੀਗੜ੍ਹ ਦੇ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਪਹਿਲਾਂ 18 ਜਨਵਰੀ ਨੂੰ ਹੋਣੀ ਸੀ, ਪਰ ਵੋਟਾਂ ਪੈਣ ਤੋਂ ਕੁਝ ਦੇਰ ਪਹਿਲਾਂ ਇਸ ਨੂੰ ਟਾਲ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿਚ ਚਲਾ ਗਿਆ ਸੀ।