ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਖਡੂਰ ਸਾਹਿਬ ਵਿਧਾਨ ਹਲਕਾ ਤੋਂ ਅਕਾਲੀ ਦਲ ਦੇ ਨਵੇਂ ਚੁਣੇ ਗਏ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਅਹੁਦਾ ਤੇ ਭੇਤ ਗੁਪਤ ਰੱਖਣ ਦਾ ਹਲਫ਼ ਦਿਵਾਇਆ। ਬਾਦਲ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 65,664 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਣ ਦੀ ਵਧਾਈ ਦਿੱਤੀ। ਨਵੇਂ ਚੁਣੇ ਵਿਧਾਇਕ ਨਾਲ ਉਨ੍ਹਾਂ ਦੇ ਪਿਤਾ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਵੀ ਸਨ। ਇਸ ਮੌਕੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ, ਵਿਧਾਇਕ ਹਰੀ ਸਿੰਘ ਜ਼ੀਰਾ ਤੇ ਮਨਜੀਤ ਸਿੰਘ ਮੰਨਾ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਸਰ ਦੇ ਚੇਅਰਮੈਨ ਵੀਰ ਸਿੰਘ ਲੋਪੇਕੇ ਵੀ ਹਾਜ਼ਰ ਸਨ। ਪੰਜਾਬ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਅਲਵਿੰਦਰ ਪਾਲ ਸਿੰਘ ਪੱਖੋਕੇ ਅਤੇ ਡਾ. ਪਵਨ ਕੁਮਾਰ ਸਿੰਗਲਾ ਨੂੰ ਵੀ ਰਾਜ ਸੂਚਨਾ ਕਮਿਸ਼ਨਰਾਂ ਵਜੋਂ ਸਹੁੰ ਚੁਕਾਈ।

