ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ : ਲੋਕਾਂ ਨੂੰ ਮਿਲੇਗੀ ਰਾਹਤ, ਖਜ਼ਾਨੇ ਨੂੰ ਵੀ ਹੋਵੇਗਾ ਲਾਭ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਹੁਣ ਹਰ ਤਰ੍ਹਾਂ ਰਜਿਸਟਰੀ ਤੋਂ ਐਨਓਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਇਸ ਸਬੰਧੀ ਇਕ ਪੋਸਟ ਪਾ ਕੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਵਿਸਥਾਰਤ ਜਾਣਕਾਰੀ ਸਭ ਨੂੰ ਦਿੱਤੀ ਜਾਵੇਗੀ। ਰਜਿਸਟਰੀ ’ਚ ਐਨਓਸੀ ਦੀ ਸ਼ਰਤ ਨਾਲ ਕਈ ਇਲਾਕਿਆਂ ’ਚ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਹ ਪ੍ਰਾਪਰਟੀ ਦੀ ਖਰੀਦਦਾਰੀ ਨਹੀਂ ਕਰ ਪਾ ਰਹੇ ਸਨ। ਇਹ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਸੀ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੂੰ ਵੱਡਾ ਨੁਕਸਾਨ ਵੀ ਹੋ ਰਿਹਾ ਸੀ। ਇਸ ਸ਼ਰਤ ਨੂੰ ਹਟਾਉਣ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਰਿਅਲ ਐਸਟੇਟ ਮਾਰਕੀਟ ਵਿਚ ਤੇਜੀ ਆਵੇਗੀ। ਉਧਰ ਸਿਆਸੀ ਮਾਹਰਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਇੰਤਕਾਲ ਕਰਵਾਉਣ ਸਬੰਧੀ ਕੈਂਪ ਲਗਾਏ ਗਏ ਸਨ ਅਤੇ ਬਾਅਦ ’ਚ ਮਕਾਨਾਂ ਦੇ ਨਕਸ਼ਿਆਂ ਨੂੰ ਸੈਲਫ ਅਟੈਸਟ ਕਰਨ ਦੀ ਸਹੂਲਤ ਵੀ ਪੰਜਾਬ ਵਾਸੀਆਂ ਦਿੱਤੀ ਗਈ। ਇਸ ਤੋਂ ਇਲਾਵਾਂ ਪੰਜਾਬ ਸਰਕਾਰ ਵੱਲੋਂ ਨਜਾਇਜ਼ ਦੱਸ ਕੇ ਕੱਟ ਗਏ 10 ਲੱਖ ਰਾਸ਼ਨ ਕਾਰਡਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ।