ਤਲਵਿੰਦਰ ਸਿੰਘ ਬੁੱਟਰ
ਸਿੱਖ ਧਰਮ ਵਿਚ ਭਾਰਤੀ ਸੱਭਿਅਤਾ ਦੇ ਹਰੇਕ ਦਿਨ-ਦਿਹਾੜੇ ਤੇ ਤਿਓਹਾਰ ਨੂੰ ਗੁਰੂ ਸਾਹਿਬਾਨ ਨੇ ਨਵੇਂ ਸੰਕਲਪ, ਉਸਾਰੂ ਉਦੇਸ਼ ਤੇ ਸਿੱਖ ਫ਼ਲਸਫ਼ੇ ਦੇ ਪ੍ਰਸੰਗ ਵਿਚ ਪੇਸ਼ ਕੀਤਾ ਹੈ। ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਨੇ ਵਿਸਾਖੀ ਦਾ ਮੇਲਾ ਗੋਇੰਦਵਾਲ ਸਾਹਿਬ ਵਿਖੇ ਸਿੱਖਾਂ ਲਈ ਸਤਿਸੰਗਤ ਕਰਨ, ਗੁਰੂ ਦਰਸ਼ਨ ਅਤੇ ਗੁਰੂ ਜਸ ਸਰਵਣ ਕਰਨ ਦੇ ਵਿਸ਼ੇਸ਼ ਦਿਹਾੜੇ ਵਜੋਂ ਮਨਾਉਣਾ ਸ਼ੁਰੂ ਕੀਤਾ ਅਤੇ ਇਸ ਦਿਹਾੜੇ ਨੂੰ ਦਸਵੇਂ ਜਾਮੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜਨਾ ਦਿਵਸ ਵਜੋਂ ਸਿੱਖ ਇਤਿਹਾਸ ਦਾ ਇਨਕਲਾਬੀ ਦਿਹਾੜਾ ਬਣਾ ਦਿੱਤਾ, ਇਸੇ ਤਰ੍ਹਾਂ ਹੀ ਸਿੱਖ ਧਰਮ ਵਿਚ ਹੋਲੀ ਨੂੰ ਗੁਰੂ ਸਾਹਿਬਾਨ ਨੇ ਇਕ-ਦੂਜੇ ‘ਤੇ ਰੰਗ ਸੁੱਟਣ ਦੀ ਦੁਨਿਆਵੀ ਖੇਡ ਦੀ ਥਾਂ ਗੁਰਮਤਿ ਦੇ ਰੂਹਾਨੀ ਪੰਧ ਦੀਆਂ ਅਧਿਆਤਮਿਕ ਉਚਾਈਆਂ ਤੱਕ ਪਹੁੰਚਣ ਦੇ ਖੇੜੇ ਦੀ ਪ੍ਰਤੀਕ ਦੱਸਿਆ ਹੈ, ਉਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲਾ-ਮਹੱਲਾ’ ਪੇਸ਼ ਕਰਦਿਆਂ, ਹੋਲੀ ਨੂੰ ਨਵੇਂ ਤੇ ਸਿੱਖ ਸੱਭਿਆਚਾਰ ਦੇ ਹੁਲਾਸ ਤੇ ਚੜ੍ਹਦੀਕਲਾ ਦੇ ਦਿਹਾੜੇ ਵਜੋਂ ਪ੍ਰਸਿੱਧ ਕਰ ਦਿੱਤਾ।
ਜਿਸ ਸਮੇਂ ਸਾਹਿਬ-ਏ-ਕਮਾਲਿ, ਬਾਦਸ਼ਾਹ ਦਰਵੇਸ਼, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲਾ-ਮਹੱਲਾ’ ਦੀ ਰੀਤ ਆਰੰਭ ਕੀਤੀ ਸੀ, ਉਸ ਵੇਲੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਪੈਦਾ ਹੋਏ ਹਾਲਾਤ ਸਿੱਖਾਂ ਕੋਲੋਂ ਇਕੋ ਸਮੇਂ ਸ਼ਾਸਤਰ ਅਤੇ ਸ਼ਸਤਰ ਕਲਾ ਵਿਚ ਨਿਪੁੰਨ ਹੋਣ ਦੀ ਮੰਗ ਕਰਦੇ ਸਨ। ‘ਹੋਲੇ -ਮਹੱਲੇ’ ਦਾ ਆਰੰਭ ਸੰਨ 1700 ਈਸਵੀ, ਸੰਮਤ 1757 ਚੇਤ ਵਦੀ 1 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ ‘ਤੇ ਕੀਤਾ ਗਿਆ। ਦਸਮ ਪਾਤਸ਼ਾਹ ਨੇ ਸਿੱਖ ਕੌਮ ਨੂੰ ਹੱਕ ਲੈਣ ਅਤੇ ਜ਼ੁਲਮਾਂ ਦਾ ਨਾਸ਼ ਕਰਨ ਲਈ ਹਥਿਆਰਬੰਦ ਹੋ ਕੇ ਸੰਘਰਸ਼ ਕਰਨ ਦਾ ਰਾਹ ਦਿਖਾਇਆ। ਦਸਮ ਪਿਤਾ ਨੇ ਆਤਮਿਕ ਵਿਗਾਸ ਦੇ ਨਾਲ-ਨਾਲ ਘੋੜਿਆਂ ਤੇ ਹਾਥੀਆਂ ਦੀ ਅਸਵਾਰੀ, ਨਗਾਰਿਆਂ ਦੀਆਂ ਉਚੀਆਂ ਆਵਾਜ਼ਾਂ, ਕਿਲ੍ਹਿਆਂ ਦੀ ਉਸਾਰੀ, ਜੰਗੀ ਖੇਡਾਂ ਦੇ ਅਭਿਆਸਾਂ ਆਦਿ ਰਾਹੀਂ ਇਨ੍ਹਾਂ ਸੰਕਲਪਾਂ ਨੂੰ ਅਮਲ ‘ਚ ਲਿਆਂਦਾ।
ਅਜੋਕੀ ਸਿੱਖ ਸੱਭਿਅਤਾ ਅਤੇ ਵਿਰਾਸਤ ਦੇ ਵਿਕਾਸ ਤੇ ਵਿਗਾਸ ਦੇ ਦੌਰਾਨ ਸਿੱਖ ਇਤਿਹਾਸ ਅਤੇ ਪ੍ਰੰਪਰਾਵਾਂ ਨਾਲ ਜੁੜੇ ‘ਹੋਲੇ-ਮਹੱਲੇ’ ਵਰਗੇ ਕੌਮੀ ਦਿਹਾੜਿਆਂ ਨੂੰ ਨਵੇਂ ਸੰਕਲਪਾਂ ਲਈ ਵਰਤੇ ਜਾਣ ਦੀ ਲੋੜ ਹੈ। ਸਿੱਖ ਚਿੰਤਕਾਂ ਦੇ ਦ੍ਰਿਸ਼ਟੀਕੋਣ ਤੋਂ ਅਜੋਕੇ ਹਾਲਾਤ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਹਾਲਾਤ ਤੋਂ ਬਹੁਤੇ ਵੱਖਰੇ ਨਹੀਂ ਹਨ। ਅੱਜ ਦਾ ਸਿੱਖ ਆਤਮਿਕ ਅਤੇ ਸਰੀਰਕ, ਦੋਵਾਂ ਪੱਖਾਂ ਤੋਂ ਕਮਜ਼ੋਰ ਪੈ ਰਿਹਾ ਹੈ। ਇਕ ਪਾਸੇ ਭਾਰਤ ਵਿਚ ਸਿੱਖ ਕੌਮ ਆਲੇ-ਦੁਆਲੇ ਦੇ ਵਿਰੋਧੀ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਹਾਲਾਤ ਨਾਲ ਜੂਝ ਰਹੀ ਹੈ ਅਤੇ ਦੂਜੇ ਪਾਸੇ ਪੰਥਕ ਵਿਕਾਸ ਤੇ ਵਿਗਾਸ ਦੇ ਉਦੇਸ਼ਾਂ ਦੀ ਪੂਰਤੀ ਲਈ ਸੰਘਰਸ਼ ਦੀ ਸਥਿਤੀ ਵਿਚ ਹੈ। ਵਿਦੇਸ਼ਾਂ ਵਿਚ ਸਿੱਖ ਆਪਣੀ ਵੱਖਰੀ ਕੌਮੀ ਹੋਂਦ ਅਤੇ ਧਾਰਮਿਕ ਆਜ਼ਾਦੀ ਲਈ ਲੜ ਰਹੇ ਹਨ, ਸਿੱਖ ਨੌਜਵਾਨੀ ਆਪਣੇ ਮੂਲ ਨਾਲੋਂ ਟੁੱਟ ਰਹੀ ਹੈ। ਸਿੱਖ ਸਮਾਜ ਅਤੇ ਰਾਜਨੀਤੀ ਦਾ ‘ਅਮਲ’ ਸਿੱਖੀ ਆਦਰਸ਼ ਨਾਲੋਂ ਬਿਲਕੁਲ ਹੀ ਉਲਟੀ ਦਿਸ਼ਾ ਵਿਚ ਚੱਲ ਰਿਹਾ ਹੈ। ਇਨ੍ਹਾਂ ਸਮੁੱਚੇ ਮੌਜੂਦਾ ਹਾਲਾਤ ਨੂੰ ਸਨਮੁੱਖ ਰੱਖਦਿਆਂ ਚਿੰਤਾ ਦੀ ਥਾਂ ਚਿੰਤਨ ਵੱਲ ਧਿਆਨ ਕੇਂਦਰਿਤ ਹੋਣਾ ਸਭ ਤੋਂ ਪਹਿਲੀ ਲੋੜ ਹੈ। ‘ਹੋਲਾ-ਮਹੱਲਾ’ ਸਿੱਖ ਕੌਮ ਦੀ ਸ਼ਕਤੀ ਨੂੰ ਜਥੇਬੰਦ ਕਰਨ ਅਤੇ ਉਸਾਰੂ ਰੁਚੀਆਂ ਦਾ ਪ੍ਰਸਾਰ ਕਰਨ ਦਾ ਜ਼ਰੀਆ ਬਣਨਾ ਚਾਹੀਦਾ ਹੈ।
ਮੌਜੂਦਾ ਸਮੇਂ ਸਭ ਤੋਂ ਵੱਡੀ ਲੋੜ ਸੰਸਾਰੀ ਰੁਝਾਨਾਂ ਅਤੇ ਸਰੋਕਾਰਾਂ ਮੁਤਾਬਕ ਸਿੱਖ ਦ੍ਰਿਸ਼ਟੀਕੋਣ ਅਤੇ ਵਿਚਾਰਧਾਰਾ ਨੂੰ ਆਲਮੀ ਪ੍ਰਸੰਗ ਵਿਚ ਪੇਸ਼ ਕਰਨ ਦੀ ਹੈ। ਸਿੱਖ ਕੌਮ ਨੂੰ ਦੁਨੀਆਂ ਦੀਆਂ ਦੂਜੀਆਂ ਸਫ਼ਲ ਕੌਮਾਂ ਦੇ ਮੁਕਾਬਲੇ ਆਪਣੇ ਅਮੀਰ ਬੌਧਿਕ ਵਿਰਸੇ ਅਤੇ ਸਰਬ-ਸਾਂਝੀਵਾਲਤਾ ਦੀ ਵਿਚਾਰਧਾਰਾ ਅਨੁਸਾਰ ‘ਆਲਮੀ ਜੀਵਨ ਮਨੋਰਥ’ ਤੈਅ ਕਰਕੇ ਉਸ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਤਾਂ ਜੋ ਇਕ ਸੁਖਾਵੇਂ ਸਰਬਪੱਖੀ ਮਨੁੱਖੀ ਵਿਕਾਸ ਦੇ ਨਮੂਨੇ ਦੀ ਭਾਲ ਵਿਚ ਭਟਕ ਰਹੀ ਲੋਕਾਈ ਸਾਹਮਣੇ ਜੀਵਨ ਦਾ ਇਕ ਸਾਵਾਂ, ਸਰਬਪੱਖੀ ਅਤੇ ਸਰਬਸਾਂਝਾ ‘ਗੁਰਮਤਿ ਆਧਾਰਿਤ ਅਮਲੀ ਨਮੂਨਾ’ ਪੇਸ਼ ਕੀਤਾ ਜਾ ਸਕੇ।
ਅਜੋਕੇ ਸਮੇਂ ਸਿੱਖ ਕੌਮ ਦੇ ਸਿਆਸੀ ਆਗੂਆਂ ਦੇ ਡਿੱਗ ਰਹੇ ਕਿਰਦਾਰ ਅਤੇ ਗੁਆਚ ਰਹੀਆਂ ਰਾਜਨੀਤਕ ਕਦਰਾਂ-ਕੀਮਤਾਂ ‘ਮੀਰੀ-ਪੀਰੀ’ ਦੇ ਸੰਕਲਪ ਨੂੰ ਮੁੜ ਰੂਪਮਾਨ ਕਰਨ ਦੀ ਮੰਗ ਕਰਦੀਆਂ ਹਨ। ਸਿੱਖ ਧਰਮ ਵਿਚ ਧਰਮ ਤੇ ਰਾਜਨੀਤੀ ਦੇ ਸੁਮੇਲ ਦੇ ਇਸ ਸੰਕਲਪ ਬਾਰੇ ਨਵੀਆਂ ਅੰਤਰ ਦ੍ਰਿਸ਼ਟੀਆਂ ਪੈਦਾ ਕਰਨ, ਸਿੱਖ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਨਿਰਧਾਰਿਤ ਕਰਨ ਲਈ ਸਮੁੱਚੀਆਂ ਸਿੱਖ ਸਿਆਸੀ ਧਿਰਾਂ ਨੂੰ ਇਕ ਮੰਚ ‘ਤੇ ਇਕੱਤਰ ਕਰਕੇ ਚਿੰਤਨ ਕੀਤਾ ਜਾਣਾ ਚਾਹੀਦਾ ਹੈ। ਇਸ ਉਦਮ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ‘ਹੋਲੇ-ਮਹੱਲੇ’ ਮੌਕੇ ਸਿੱਖ ਸਿਆਸੀ ਧਿਰਾਂ ਕੋਲੋਂ ਵੱਖੋ-ਵੱਖਰੀਆਂ ਡਫ਼ਲੀਆਂ ਛੁਡਾ ਕੇ ਇਕ ਮੰਚ ‘ਤੇ ਇਕੱਤਰ ਕਰਕੇ ਨਵੀਆਂ ‘ਧਰਮ ਤੇ ਰਾਜਨੀਤੀ’ ਦੇ ਸੁਮੇਲ ਦੀਆਂ ਕਦਰਾਂ-ਕੀਮਤਾਂ ਨੂੰ ਰੂਪਮਾਨ ਕਰਨ ਅਤੇ ਸਿਹਤਮੰਦ ਰਾਜਨੀਤੀ ਦੇ ਉਭਾਰ ਲਈ ਹੰਭਲਾ ਮਾਰਨਾ ਚਾਹੀਦਾ ਹੈ।
ਮੌਜੂਦਾ ਸਮੇਂ ਸਿੱਖ ਨੌਜਵਾਨੀ ਦੀ ਹਾਲਤ ਸਭ ਤੋਂ ਤਰਸਯੋਗ ਹੈ। ਅਗਲੀ ਸਿੱਖ ਪੀੜ੍ਹੀ ਅੰਦਰ ਸਿੱਖੀ ਜਜ਼ਬਾ ਤਾਂ ਹੈ ਪਰ ਲੋੜ ਹੈ ਉਨ੍ਹਾਂ ਨੂੰ ਸਹੀ ਦਿਸ਼ਾ ਦਿਖਾਉਣ ਦੀ। ਸਿੱਖ ਨੌਜਵਾਨੀ ਸਾਹਮਣੇ ਕੋਈ ਰੋਲ ਮਾਡਲ ਨਹੀਂ ਹੈ। ਇਸੇ ਕਰਕੇ ਸਿੱਖ ਨੌਜਵਾਨੀ ਅਛੋਪਲੇ ਹੀ ਆਪਣੇ ਵਿਰਸੇ ਨਾਲੋਂ ਦੂਰ ਜਾ ਰਹੀ ਹੈ। ਪਤਿਤਪੁਣਾ ਅਤੇ ਨਸ਼ਾਖੋਰੀ ਨਵੀਂ ਪੀੜ੍ਹੀ ਨੂੰ ਘੁਣ ਵਾਂਗ ਖਾ ਰਿਹਾ ਹੈ। ‘ਹੋਲੇ-ਮਹੱਲੇ’ ਵਰਗੇ ਰਵਾਇਤੀ ਜੋੜ-ਮੇਲਿਆਂ ਦੇ ਜਾਹੋ-ਜਲਾਲ ਤਾਂ ਹੀ ਕਾਇਮ ਰਹਿਣਗੇ, ਜੇਕਰ ਅਗਲੀ ਪੀੜ੍ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧੁਰੋਂ ਬਖ਼ਸ਼ੀ ਸਿੱਖੀ ਦਾਤ ਅਤੇ ਨਿਆਰੇ ਸਰੂਪ ਨੂੰ ਸੰਭਾਲ ਕੇ ਰੱਖੇਗੀ।
ਸਿੱਖ ਵਿਦਿਅਕ, ਸੱਭਿਆਚਾਰਕ, ਖੇਡਾਂ ਸਮੇਤ ਸਮੁੱਚੇ ਸਿੱਖ ਕਦਰਾਂ-ਕੀਮਤਾਂ ਦੇ ਢਾਂਚੇ ਨੂੰ ਨਵੇਂ ਨਿਸ਼ਾਨਿਆਂ ‘ਤੇ ਸੇਧਿਤ ਕਰਨਾ ਚਾਹੀਦਾ ਹੈ। ਸਿੱਖੀ ਜੰਗਜੂ ਕਲਾਵਾਂ ਦੇ ਪ੍ਰਦਰਸ਼ਨ ਤਾਂ ‘ਹੋਲੇ-ਮਹੱਲੇ’ ਮੌਕੇ ਹੁੰਦੇ ਹੀ ਹਨ, ਪਰ ਇਨ੍ਹਾਂ ਮੁਕਾਬਲਿਆਂ ਨੂੰ ਅਨੁਸ਼ਾਸਨਬੱਧ, ਯੋਜਨਾਬੱਧ ਤਰੀਕੇ ਨਾਲ ਕਰਵਾਉਣ, ਸਿੱਖ ਨੌਜਵਾਨੀ ਦੀ ਇਨ੍ਹਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ, ਨੌਜਵਾਨ ਪੀੜ੍ਹੀ ਨੂੰ ਢਾਹੂ ਰੁਚੀਆਂ ਤੋਂ ਬਚਾਉਣ ਲਈ ਸਰੀਰਕ ਨਿਰੋਗਤਾ ਵੱਲ ਉਤਸ਼ਾਹਿਤ ਕਰਨ, ਖੇਡ ਭਾਵਨਾ ਪ੍ਰਫ਼ੁਲਤ ਕਰਨ, ਨਸ਼ਾਖੋਰੀ ਤੋਂ ਦੂਰ ਰਹਿਣ ਅਤੇ ਨੌਜਵਾਨ ਪੀੜ੍ਹੀ ਅੰਦਰ ਸਿੱਖੀ ਵਿਰਸੇ ਦਾ ਪ੍ਰਸਾਰ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਦੁਨੀਆ ਦਾ ਆਧੁਨਿਕ ਸਹੂਲਤਾਂ ਪ੍ਰਾਪਤ ਅਤੇ ਉਚ ਪੱਧਰ ਦਾ ਇਕ ਵਿਸ਼ਾਲ ਖੇਡ ਸਟੇਡੀਅਮ ਤਿਆਰ ਕਰਵਾਇਆ ਜਾਵੇ। ਸਿੱਖ ਜੰਗੀ ਕਲਾਵਾਂ ਦੇ ਕੌਮੀ ਮੁਕਾਬਲੇ ‘ਹੋਲੇ-ਮਹੱਲੇ’ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਕਰਵਾਏ ਜਾਣ ਅਤੇ ਜੇਤੂਆਂ ਨੂੰ ਆਕਰਸ਼ਕ ਅਤੇ ਭਾਰੀ ਇਨਾਮ ਵੰਡੇ ਜਾਣ ਦੀ ਪਿਰਤ ਸ਼ੁਰੂ ਕੀਤੀ ਜਾਵੇ। ਇਸ ਮੌਕੇ ਅਜੋਕੀ ਸਿੱਖ ਨੌਜਵਾਨੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲੜੀਵਾਰ ਗੁਰਮਤਿ ਕੈਂਪ ਲਗਾਉਣੇ ਚਾਹੀਦੇ ਹਨ, ਜਿਨ੍ਹਾਂ ਦੌਰਾਨ ਸਿੱਖ ਨੌਜਵਾਨਾਂ ਨੂੰ ਜੀਵਨ ਦੇ ਹਰ ਪੱਖ ਤੋਂ ਗੁਰਮਤਿ ਜੀਵਨ ਜਾਚ ਦੇ ਅਮਲ ਬਾਰੇ ਦ੍ਰਿੜ੍ਹ ਕੀਤਾ ਜਾਵੇ। ਸਿੱਖ ਨੌਜਵਾਨਾਂ ਦੇ ਪ੍ਰਤਿਭਾ ਖੋਜ, ਅਮਲੀ ਜੀਵਨ-ਜਾਚ ਅਤੇ ਮਨੁੱਖੀ ਵਿਹਾਰ ਮੁਕਾਬਲੇ ਕਰਵਾਏ ਜਾਣ ਤਾਂ ਜੋ ਸਿੱਖ ਨੌਜਵਾਨਾਂ ਨੂੰ ਸਿੱਖੀ ਨੈਤਿਕਤਾ, ਸਦਾਚਾਰ ਅਤੇ ਆਦਰਸ਼ਾਂ ਨਾਲ ਜੁੜਨ ਦਾ ਉਤਸ਼ਾਹ ਮਿਲ ਸਕੇ।
ਜਿਸ ਤਰ੍ਹਾਂ ਵੀਹਵੀਂ ਸਦੀ ਦੇ ਸ਼ੁਰੂ ਵਿਚ ‘ਚੀਫ਼ ਖ਼ਾਲਸਾ ਦੀਵਾਨ’ ਨੇ ਸਿੱਖ ਧਰਮ ਦੇ ਪ੍ਰਸਾਰ ਵਿਚ ਵਿਦਿਅਕ ਲਹਿਰ ਰਾਹੀਂ ਅਹਿਮ ਯੋਗਦਾਨ ਪਾਇਆ, ਉਸੇ ਤਰ੍ਹਾਂ ਮੌਜੂਦਾ ਸਮੇਂ ਸਿੱਖ ਵਿਦਿਅਕ ਪ੍ਰਬੰਧ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਨਵੀਂ ਪਹਿਲਕਦਮੀ ਦੀ ਲੋੜ ਹੈ। ਹਰ ਸਾਲ ‘ਹੋਲੇ-ਮਹੱਲੇ’ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਸਾਲਾਨਾ ਸਿੱਖ ਵਿਦਿਅਕ ਕਾਨਫਰੰਸ’ ਕਰਵਾਉਣ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿਚ ਦੁਨੀਆ ਭਰ ਤੋਂ ਸਿੱਖ ਵਿਦਿਅਕ ਸ਼ਾਸਤਰੀਆਂ ਨੂੰ ਬੁਲਾਇਆ ਜਾਵੇ ਤਾਂ ਜੋ ਸਿੱਖ ਵਿਦਿਅਕ ਪ੍ਰਣਾਲੀ ਦੀ ਸਮੇਂ-ਸਮੇਂ ‘ਤੇ ਪ੍ਰਭਾਵੀ ਰੂਪ-ਰੇਖਾ ਨਿਰਧਾਰਿਤ ਕੀਤੀ ਜਾ ਸਕੇ।
ਜਿਹੜੀਆਂ ਸਿੱਖ ਸ਼ਖ਼ਸੀਅਤਾਂ ਜੀਵਨ ਦੇ ਵੱਖੋ-ਵੱਖਰੇ ਖੇਤਰਾਂ ਵਿਚ ਕੌਮਾਂਤਰੀ ਪੱਧਰ ‘ਤੇ ਸਿੱਖੀ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ, ਉਨ੍ਹਾਂ ਨੂੰ ਕੌਮੀ ਸਨਮਾਨ ਦੇਣ ਦੀ ਨਵੀਂ ਉਸਾਰੂ ਪਿਰਤ ਸ਼ੁਰੂ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ‘ਹੋਲੇ-ਮਹੱਲੇ’ ਦੇ ਵਿਸ਼ੇਸ਼ ਮੌਕੇ ਨੂੰ ਚੁਣਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਸਿੱਖ ਨੌਜਵਾਨੀ ਲਈ ਰੋਲ ਮਾਡਲ ਵੀ ਉਭਰ ਕੇ ਸਾਹਮਣੇ ਆਉਣ ਦਾ ਸਬੱਬ ਬਣੇਗਾ।
‘ਹੋਲੇ-ਮਹੱਲੇ’ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਸਰਬ ਧਰਮ ਸੰਮੇਲਨ’ ਕਰਵਾਉਣ ਦੀ ਪਿਰਤ ਪਾਈ ਜਾਵੇ ਤਾਂ ਜੋ ਅੱਜ ਦੇ ਸਮੇਂ ਵਿਚ ਵਿਸ਼ਵ ਭਰ ਵਿਚ ਪੈਦਾ ਹੋ ਰਹੀ ਧਾਰਮਿਕ ਅਸਹਿਣਸ਼ੀਲਤਾ ਅਤੇ ਮਨੁੱਖੀ ਸਮੱਸਿਆਵਾਂ ਦੇ ਹੱਲ ਲਈ ਸਾਰੇ ਧਰਮਾਂ ਨੂੰ ਆਪੋ-ਆਪਣੀ ਸੁਹਿਰਦ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਕੀਤਾ ਜਾ ਸਕੇ ਅਤੇ ਮਨੁੱਖੀ ਸਦਾਚਾਰਕ, ਨੈਤਿਕ ਕਦਰਾਂ-ਕੀਮਤਾਂ ਵਿਚ ਧਰਮ ਦੀ ਪ੍ਰਸੰਗਿਕਤਾ ਬਣਾਈ ਰੱਖਣ ਦੇ ਉਪਰਾਲੇ ਆਰੰਭ ਕੀਤੇ ਜਾ ਸਕਣ। ਇਸ ਦੌਰਾਨ ਵਿਸ਼ਵ ਧਾਰਮਿਕ ਸਹਿਹੋਂਦ ਅਤੇ ਅੰਤਰ ਧਰਮ ਸੰਵਾਦ ਲਈ ਨਵੀਂ ਲਹਿਰ ਦਾ ਆਗਾਜ਼ ਵੀ ਕੀਤਾ ਜਾਵੇ।
ਸਿੱਖ ਧਰਮ ਦੀਆਂ ਧਾਰਮਿਕ, ਸਮਾਜਿਕ, ਬੌਧਿਕ, ਨੌਜਵਾਨ ਅਤੇ ਇਸਤਰੀ ਜਥੇਬੰਦੀਆਂ ਵਲੋਂ ਤਿੰਨ ਰੋਜ਼ਾ ‘ਹੋਲੇ-ਮਹੱਲੇ’ ਦੇ ਇਕ ਦਿਨ ‘ਧਰਮ ਪ੍ਰਚਾਰ ਕਾਨਫ਼ਰੰਸ’ ਕਰਵਾਉਣੀ ਚਾਹੀਦੀ ਹੈ, ਜਿਸ ਦੌਰਾਨ ਸਿੱਖਾਂ ਦੀਆਂ ਸਮਾਜਿਕ ਅਤੇ ਧਾਰਮਿਕ ਪ੍ਰਾਪਤੀਆਂ ਅਤੇ ਸਾਲ ਭਰ ਦੀਆਂ ਗਤੀਵਿਧੀਆਂ ਦਾ ਲੇਖਾ-ਜੋਖਾ ਕੀਤਾ ਜਾਵੇ ਅਤੇ ਚੁਣੌਤੀਆਂ ਦਾ ਚਿੰਤਨ ਕਰਕੇ ਸਿੱਖ ਧਰਮ ਪ੍ਰਚਾਰ ਦੀ ਲਹਿਰ ਨੂੰ ਨਵੀਂ ਸੇਧ ਦੇਣ ਦੀਆਂ ਨੀਤੀਆਂ ਤੈਅ ਕੀਤੀਆਂ ਜਾਣ।
ਅੱਜ ਜਦੋਂ ਵਿਦੇਸ਼ਾਂ ਵਿਚ ਸਿੱਖੀ ਪਛਾਣ, ਧਾਰਮਿਕ ਆਜ਼ਾਦੀ ਅਤੇ ਸੱਭਿਆਚਾਰਕ ਸਹਿਹੋਂਦ ਵਿਚ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਤਾਂ ‘ਹੋਲਾ-ਮਹੱਲਾ’ ਵਰਗਾ ਖ਼ਾਲਸਈ ਸੱਭਿਆਚਾਰ ਦਾ ਅਹਿਮ ਦਿਹਾੜਾ ਕੌਮਾਂਤਰੀ ਪੱਧਰ ‘ਤੇ ਸਿੱਖੀ ਮੂਲ, ਸਿੱਖ ਧਰਮ ਦੀ ਵਿਚਾਰਧਾਰਾ ਤੇ ਵਿਲੱਖਣਤਾ ਦੇ ਪ੍ਰਸਾਰ ਤੇ ਜਾਗਰੂਕਤਾ ਪੈਦਾ ਕਰਨ ਦਾ ਇਕ ਵਿਸ਼ਾਲ ਮੰਚ ਬਣ ਸਕਦਾ ਹੈ। ਪੱਛਮੀ ਦੇਸ਼ਾਂ, ਜਿਥੇ ਸਿੱਖਾਂ ਨੂੰ ਦਸਤਾਰ, ਕਿਰਪਾਨ ਜਾਂ ਹੋਰ ਸਿੱਖੀ ਪਹਿਰਾਵੇ ‘ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਥੇ ਕਿਤੇ ਸਿੱਖਾਂ ਪ੍ਰਤੀ ਨਸਲੀ ਭੁਲੇਖੇ ਪਾਏ ਜਾ ਰਹੇ ਹਨ, ਉਨ੍ਹਾਂ ਦੇਸ਼ਾਂ ਦੇ ਰਾਜਨੀਤਕਾਂ, ਸਮਾਜਿਕ, ਕੂਟਨੀਤਕ ਨੁਮਾਇੰਦਿਆਂ ਅਤੇ ਧਾਰਮਿਕ ਆਗੂਆਂ ਨੂੰ ‘ਹੋਲੇ-ਮਹੱਲੇ’ ਵਰਗੇ ਦਿਹਾੜਿਆਂ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਤੌਰ ‘ਤੇ ਬੁਲਾਉਣਾ ਚਾਹੀਦਾ ਹੈ, ਤਾਂ ਜੋ ਉਹ ਸਿੱਖ ਸੱਭਿਆਚਾਰ ਨੂੰ ਨੇੜਿਓਂ ਵੇਖ ਸਕਣ ਅਤੇ ਸਿੱਖ ਧਰਮ ਦੀ ਵੱਖਰੀ ਹੋਂਦ ਅਤੇ ਅਮਲਾਂ ਪ੍ਰਤੀ ਦੁਨੀਆ ਨੂੰ ਪ੍ਰਭਾਵੀ ਤਰੀਕੇ ਨਾਲ ਜਾਣੂ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਸਿੱਖ ਕੌਮ ਅੰਦਰ ਅਨੁਸ਼ਾਸਨਬੱਧਤਾ ਨੂੰ ਕਾਇਮ ਕਰਨ ਲਈ ਵੀ ਹੋਲੇ-ਮਹੱਲੇ ਵਰਗੇ ਕੌਮੀ ਜੋੜ ਮੇਲੇ ਨੂੰ ਇਕ ਜ਼ਰੀਆ ਬਣਾਉਣਾ ਚਾਹੀਦਾ ਹੈ। ਖ਼ਾਲਸਈ ਸੱਭਿਆਚਾਰ ਅਤੇ ਵਿਲੱਖਣਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਅਤੇ ਦਸਮ ਪਿਤਾ ਦੇ ਦਰਸਾਏ ਨਿਰਾਲੇ ਤੇ ਅਣਖੀਲੇ ਰਾਹ ‘ਤੇ ਕੌਮ ਨੂੰ ਤੋਰਨ ਲਈ ਸਿੱਖ ਆਗੂਆਂ, ਵਿਦਵਾਨਾਂ, ਧਾਰਮਿਕ ਸਰਬਰਾਹਾਂ ਅਤੇ ਬੁੱਧੀਜੀਵੀਆਂ ਨੂੰ ਆਪਣੀ ਜ਼ਿੰਮੇਵਾਰੀ ਸੰਭਾਲਣ ਲਈ ਅੱਗੇ ਆਉਣਾ ਚਾਹੀਦਾ ਹੈ।
Check Also
ਅਮਰੀਕੀ ਵਸਤਾਂ ਦਾ ਬਾਈਕਾਟ
ਤਰਲੋਚਨ ਮੁਠੱਡਾ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੁਬਾਰਾ ਅਹੁਦਾ ਸੰਭਾਲਣ ਪਿੱਛੋਂ ਦੁਨੀਆ ਭਰ …