Breaking News
Home / ਮੁੱਖ ਲੇਖ / 16 ਨਵੰਬਰ : ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਆਜ਼ਾਦੀ ਘੁਲਾਟੀਆਂ ਦੀ ਦਾਸਤਾਨ-ਏ-ਸ਼ਹਾਦਤ

16 ਨਵੰਬਰ : ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਆਜ਼ਾਦੀ ਘੁਲਾਟੀਆਂ ਦੀ ਦਾਸਤਾਨ-ਏ-ਸ਼ਹਾਦਤ

ਅਸਲੀ ਨਾਇਕਾਂ ਗ਼ਦਰੀ ਸ਼ੇਰਾਂ ਦੀਆਂ ਮਾਰਾਂ ਅਤੇ ਅਜੋਕੇ ਖਲਨਾਇਕਾਂ ਫਾਸ਼ੀਵਾਦੀ ਗਿੱਦੜਾਂ ਦੀਆਂ ਕਲੋਲਾਂ
ਡਾ. ਗੁਰਵਿੰਦਰ ਸਿੰਘ
ਅੱਜ-ਕੱਲ੍ਹ ਸਰਕਾਰੀ ਅਤੇ ਦਰਬਾਰੀ ਲੋਕਾਂ ਵੱਲੋਂ ਇਹ ਬਿਰਤਾਂਤ ਜ਼ੋਰ-ਸ਼ੋਰ ਨਾਲ ਘੜਿਆ ਜਾ ਰਿਹਾ ਹੈ ਕਿ ਕੀ ਵਿਦੇਸ਼ਾਂ ‘ਚ ਰਹਿੰਦੇ ਹੋਏ ਵੀ ਆਪਣੇ ਦੇਸ਼ ਲਈ ਆਜ਼ਾਦੀ ਦਾ ਸੰਘਰਸ਼ ਲੜਿਆ ਜਾ ਸਕਦਾ ਹੈ ਅਤੇ ਸਰਕਾਰੀ ਜਬਰ ਖਤਮ ਕੀਤਾ ਜਾ ਸਕਦਾ ਹੈ? ਜੀ ਹਾਂ, ਅਜਿਹਾ ਬਿਲਕੁਲ ਹੋ ਸਕਦਾ ਹੈ। ਮਿਸਾਲ ਦੇਖਣੀ ਹੋਵੇ, ਤਾਂ ਗਦਰ ਲਹਿਰ ਦੇ ਮਹਾਨ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੈਂਕੜੇ ਹੀ ਉਹਨਾਂ ਯੋਧਿਆਂ ਤੋਂ ਮਿਲਦੀ ਹੈ, ਜਿਨ੍ਹਾਂ ਨੇ ਅਮਰੀਕਾ ਅਤੇ ਕੈਨੇਡਾ ਆ ਕੇ ਪਹਿਲਾਂ ਨਸਲਵਾਦ ਅਤੇ ਬਸਤੀਵਾਦ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਇੱਥੋਂ ਹੀ ਬ੍ਰਿਟਿਸ਼ ਇੰਡੀਆ ਸਰਕਾਰ ਦੇ ਖਿਲਾਫ ਐਲਾਨੇ-ਜੰਗ ਕੀਤਾ। ਇਥੇ ਅਖਬਾਰ ਕੱਢੇ, ਸੰਸਥਾਵਾਂ ਕਾਇਮ ਕੀਤੀਆਂ ਅਤੇ ਫਿਰ ਭਾਰਤ ਵਿੱਚੋਂ ਜ਼ਾਲਮ ਹਕੂਮਤ ਦੀ ਜੜ੍ਹ ਪੱਟੀ। ਅੱਜ ਵੀ ਇਹ ਗੱਲ ਕਹਿਣੀ ਉਚਿਤ ਹੋਵੇਗੀ ਕਿ ਕਿਸੇ ਦੇਸ਼ ਦੀ ਜ਼ਾਲਮ ਸਰਕਾਰ ਅਤੇ ਗੁਲਾਮੀ ਦੇ ਖਾਤਮੇ ਲਈ ਕਿ ਬਾਹਰਲੇ ਦੇਸ਼ਾਂ ਤੋਂ ਸੰਘਰਸ਼ ਲੜਿਆ ਜਾ ਸਕਦਾ ਹੈ। ਇਹ ਗੱਲ ਯਕੀਨਨ ਤੌਰ ‘ਤੇ ਸਹੀ ਹੈ। ਅੱਜ ਦੇ ਭਾਰਤ ਵਿੱਚ ਸਿਆਸੀ ਚੋਰਾਂ ਦੇ ਵੱਸ ਪੈ ਕੇ ਕੁਰਲਾ ਰਹੇ ਦੇਸਵਾਸੀਆਂ ਲਈ ਸੰਘਰਸ਼ ਕਰਨ ਵਾਲੇ ਜੁਝਾਰੂ, ਸ਼ਹੀਦ ਸਰਾਭਾ ਦੇ ਵਾਰਿਸ ਫਾਸ਼ੀਵਾਦੀ ਇੰਡੀਅਨ ਸਟੇਟ ਖਿਲਾਫ ਵਿਦੇਸ਼ਾਂ ਦੀ ਧਰਤੀ ਤੋਂ ਆਜ਼ਾਦੀ ਦੀ ਲਹਿਰ ਰਾਹੀਂ ਗ਼ਦਰੀ ਬਾਬਿਆਂ ਦਾ ਇਤਿਹਾਸ ਦੁਹਰਾ ਰਹੇ ਹਨ। ਆਓ, ਇਸ ਇਤਿਹਾਸ ਦੇ ਵਰਕੇ ਫਰੋਲ੍ਹੀਏ ਅਤੇ ਉੱਤਰੀ ਅਮਰੀਕਾ ਤੋਂ ਗਦਰ ਸੰਘਰਸ਼ ਕਰਨ ਵਾਲੇ ਸ਼ਹੀਦਾਂ ਦੀ ਦਾਸਤਾਨ ਸਾਂਝੀ ਕਰੀਏ।
”ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ,
ਵਿਦਾ ਬਖ਼ਸ਼ਣੀ ਖ਼ੁਸ਼ੀ ਦੇ ਨਾਲ ਸਾਨੂੰ
ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ,
ਕੱਟ ਸਕਦੀ ਨਹੀਂ ਤਲਵਾਰ ਸਾਨੂੰ
ਸਾਡੀ ਆਤਮਾ ਸਦਾ ਅਡੋਲ ਵੀਰੋ,
ਕਰੂ ਕੀ ਤੁਫੰਗ ਦਾ ਵਾਰ ਸਾਨੂੰ
ਖ਼ਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ,
ਦਿਸੇ ਚਮਕਦੀ ਨੇਕ ਮਿਸਾਲ ਸਾਨੂੰ।”
ਗ਼ਦਰ ਲਹਿਰ ਦੇ ਸਭ ਤੋਂ ਛੋਟੀ ਉਮਰ (19 ਸਾਲ 5 ਮਹੀਨੇ 23 ਦਿਨ) ਦੇ ਮਹਾਨ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗ਼ਦਰੀ ਯੋਧਿਆਂ ਵੱਲੋਂ ਸ਼ਹੀਦੀ ਖੁਮਾਰੀਆਂ ਮੌਕੇ, ਇਸ ਮਕਬੂਲ ਕਵਿਤਾ ਦਾ ਗਾਇਨ ਕੀਤਾ ਦੱਸਿਆ ਜਾਂਦਾ ਹੈ। 16 ਨਵੰਬਰ ਦਾ ਦਿਨ ਜਿੱਥੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਹੋਰ ਸਾਥੀਆਂ ਦਾ ਸ਼ਹੀਦੀ ਦਿਨ ਹੈ, ਉੱਥੇ ਹੀ ਕੈਨੇਡਾ ਦੇ ਮਹਾਨ ਯੋਧੇ ਲੂਈਸ ਰਿਆਲ ਦਾ ਵੀ ਸ਼ਹੀਦੀ ਦਿਹਾੜਾ ਹੈ। ਭਾਈ ਕਰਤਾਰ ਸਿੰਘ ਸਰਾਭਾ ਦਾ ਜਨਮ ਪੰਜਾਬ ਵਿੱਚ ਜ਼ਿਲ੍ਹਾ ਲੁਧਿਆਣਾ ‘ਚ ਪਿੰਡ ਦੇ ਪਿੰਡ ਸਰਾਭਾ ਦੇ ਬਾਬਾ ਬਚਨ ਸਿੰਘ ਦੇ ਪੁੱਤਰ ਸਰਦਾਰ ਮੰਗਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਾਹਿਬ ਕੌਰ ਦੀ ਕੁੱਖੋਂ 24 ਮਈ 1896 ਨੂੰ ਹੋਇਆ। ਗ਼ਦਰ ਲਹਿਰ ਦੇ ਜਰਨੈਲ, ਦਲੇਰ, ਸੂਰਬੀਰ ਅਤੇ ਤੂਫ਼ਾਨਾਂ ਦਾ ਸ਼ਾਹ ਅਸਵਾਰ ਭਾਈ ਕਰਤਾਰ ਸਿੰਘ ਸਿਰਫ਼ ਉੱਨੀ ਕੁ ਵਰਿਆਂ ਦੀ ਉਮਰ ਵਿੱਚ ਜੀਵਨ ਕੁਰਬਾਨ ਕਰ ਗਏ। 16 ਨਵੰਬਰ 1915 ਗ਼ਦਰ ਲਹਿਰ ਦੇ ਸਭ ਤੋਂ ਛੋਟੀ ਉਮਰ ਦੇ ਮਹਾਨ ਯੋਧੇ ਅਤੇ ‘ਗਦਰ’ ਅਖ਼ਬਾਰ ਦੇ ਸੰਪਾਦਕ ਭਾਈ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਲਾਹੌਰ ਜੇਲ੍ਹ ‘ਚ ਫਾਂਸੀ ਚੜ੍ਹਨ ਵਾਲੇ ਸੂਰਮਿਆਂ ਵਿੱਚ, ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹੀਦ ਭਾਈ ਜਗਤ ਸਿੰਘ ਪਿੰਡ ਸੁਰ ਸਿੰਘ, ਸ਼ਹੀਦ ਭਾਈ ਬਖਸ਼ੀਸ਼ ਸਿੰਘ ਪਿੰਡ ਗਿੱਲਵਾਲੀ, ਸ਼ਹੀਦ ਭਾਈ ਸੁਰੈਣ ਸਿੰਘ (ਛੋਟਾ) ਪਿੰਡ ਗਿੱਲ ਵਾਲੀ, ਸ਼ਹੀਦ ਭਾਈ ਸੁਰੈਣ ਸਿੰਘ (ਵੱਡਾ) ਪਿੰਡ ਗਿੱਲਵਾਲੀ, ਸ਼ਹੀਦ ਭਾਈ ਹਰਨਾਮ ਸਿੰਘ ਪਿੰਡ ਭੱਟੀ ਗੋਰਾਇਆ (ਸਿਆਲਕੋਟ), ਸ਼ਹੀਦ ਭਾਈ ਵਿਸ਼ਨੂੰ ਗਣੇਸ਼ ਪਿੰਗਲੇ ਯਰਵਦਾ (ਮਹਾਰਾਸ਼ਟਰ) ਸੱਤ ਗ਼ਦਰੀ ਯੋਧੇ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਚਾਲੀ ਹੋਰਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਹੋਰ ਲੰਮੀਆਂ ਸਜ਼ਾਵਾਂ ਹੋਈਆਂ ਇਹਨਾਂ ਵਿੱਚ ਬਾਬਾ ਸੋਹਣ ਸਿੰਘ ਭਕਨਾ , ਬਾਬਾ ਨਿਧਾਨ ਸਿੰਘ ਚੁਘਾ, ਬਾਬਾ ਜੁਆਲਾ ਸਿੰਘ ਠੱਠੀਆਂ, ਬਾਬਾ ਵਿਸਾਖਾ ਸਿੰਘ ਦਦੇਹਰ, ਪੰਡਿਤ ਜਗਤ ਰਾਮ ਤੇ ਪਰਮਾਨੰਦ ਜੀ ਸ਼ਾਮਲ ਸਨ।
16 ਨਵੰਬਰ ਕੈਨੇਡਾ ਦੇ ਮਹਾਨ ਯੋਧੇ ਲੂਈਸ ਰਿਆਲ ਦਾ ਸ਼ਹੀਦੀ ਦਿਨ ਵੀ ਹੈ। 16 ਨਵੰਬਰ 1885 ਵਿੱਚ ਕੈਨੇਡਾ ਦੀ ਧਰਤੀ ਤੇ ਮੈਟੀਸ ਭਾਈਚਾਰੇ ਦੇ ਆਗੂ ਅਤੇ ਮੈਨੀਟੋਬਾ ਦੇ ਵਿਦਰੋਹੀ ਯੋਧੇ ਲੂਈਸ ਰਿਆਲ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। 16 ਨਵੰਬਰ 2018 ਨੂੰ ਬੀਸੀ ਵਿਧਾਨ ਸਭਾ ਵਿਖੇ ਲੂਇਸ ਰਿਆਲ ਦਿਵਸ ਮਨਾਇਆ। ਇਸ ਮੌਕੇ ‘ਤੇ ਪ੍ਰੋਕਲੇਮੇਸ਼ਨ ਵੀ ਜਾਰੀ ਕੀਤਾ ਗਿਆ, ਜੋ ਕਿ ਇਕ ਚੰਗੀ ਗੱਲ ਹੈ। ਮਹਾਨ ਯੋਧਿਆਂ ਦੇ ਸੰਘਰਸ਼ ਯਾਦ ਰੱਖਣੇ ਜ਼ਰੂਰੀ ਹਨ। ਕੈਨੇਡਾ ਦੇ ਮੈਟੀਸ ਭਾਈਚਾਰੇ ਵਾਸਤੇ ਇਹ ਐਲਾਨਨਾਮਾ ਲੁਈਸ ਰਿਆਲ ਨੂੰ ਸੱਚੀ ਸ਼ਰਧਾਂਜਲੀ ਹੈ।
ਇਤਿਹਾਸ ਦੇ ਪੰਨੇ ਫਰੋਲੀਏ, ਤਾਂ ਪਤਾ ਲੱਗਦਾ ਹੈ ਕਿ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਚੜ੍ਹਦੀ ਜਵਾਨੀ ਵਿੱਚ ਅਮਰੀਕਾ ਪਹੁੰਚੇ। ਇੱਥੇ ਆ ਕੇ ਆਪਣੇ ਸਾਥੀਆਂ ਸਮੇਤ 21 ਅਪ੍ਰੈਲ 1913 ਨੂੰ ਗਦਰ ਪਾਰਟੀ ਦੀ ਨੀਂਹ ਰੱਖੀ ਅਤੇ ਪਹਿਲੀ ਨਵੰਬਰ 1913 ਵਿੱਚ ਆਰੰਭ ਹੋਏ ਗ਼ਦਰ ਅਖਬਾਰ ਦੇ ਪੰਜਾਬੀ ਅੰਕ ਦੇ ਮੋਢੀ ਸੰਪਾਦਕ ਬਣੇ। ਇਸੇ ਦੌਰਾਨ ਸੰਨ 1914 ਵਿੱਚ ਦੇਸ ਨੂੰ ਫ਼ਿਰੰਗੀਆਂ ਤੋਂ ਆਜ਼ਾਦ ਕਰਵਾਉਣ ਲਈ ਅਮਰੀਕਾ ਤੋਂ ਪੰਜਾਬ ਨੂੰ ਚਾਲੇ ਪਾ ਦਿੱਤੇ, ਜਿੱਥੇ ਜਾ ਕੇ 16 ਨਵੰਬਰ 1915 ਨੂੰ ਲਾਹੌਰ ਵਿਖੇ ਸ਼ਹੀਦੀ ਜਾਮ ਪੀ ਕੇ ਅਮਰ ਹੋ ਗਏ। ਸ਼ਹੀਦ ਭਾਈ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਇਤਿਹਾਸ ਵਿਚਾਰਦਿਆਂ ਇਹ ਵੇਖਣਾ ਬਣਦਾ ਹੈ ਕਿ ਜਿਸ ਉਦੇਸ਼ ਲਈ ਇਨ੍ਹਾਂ ਯੋਧਿਆ ਨੇ ਸ਼ਹੀਦੀਆਂ ਦਿੱਤੀਆਂ, ਕੀ ਉਹ ਉਦੇਸ਼ ਪੂਰਾ ਹੋਇਆ? ਕੀ ਇਨ੍ਹਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਏ? ਸੱਚ ਇਸ ਦੇ ਬਿਲਕੁਲ ਉਲਟ ਹੈ। ਅਸਲ ਨਾਇਕਾਂ ਗਦਰੀ ਸ਼ੇਰਾਂ ਦੀਆਂ ਮਾਰਾਂ ‘ਤੇ ਅੱਜ ਦੇ ਖਲਨਾਇਕ ਫਾਸ਼ੀਵਾਦੀ ਗਿੱਦੜ ਕਲੋਲਾਂ ਕਰ ਰਹੇ ਹਨ ਅਤੇ ਇਸ ਦੇ ਖਿਲਾਫ ਅੱਜ ਆਵਾਜ਼ ਬੁਲੰਦ ਕਰਨ ਵਾਲੇ ਮਰਜੀਵੜੇ ਹੀ ਸ਼ਹੀਦ ਸਰਾਭਾ ਅਤੇ ਗਦਰੀ ਬਾਬਿਆਂ ਦੇ ਵਾਰਿਸ ਹਨ।
ਗ਼ਦਰ ਪਾਰਟੀ ਦੇ ਬਹਾਦਰ ਯੋਧਿਆਂ ਦੁਆਰਾ ਕੀਤੇ ਇਨਕਲਾਬ ਦੇ ਪ੍ਰਸੰਗ ਵਿੱਚ ਇਹ ਵਿਚਾਰ-ਵਟਾਂਦਰਾ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਵੀਹਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਪਹਿਲਾ ਵਿਸ਼ਵ ਯੁੱਧ ਛਿੜਨ ਕਾਰਨ ਵੱਡੀ ਗਿਣਤੀ ਵਿੱਚ ਫਿਰੰਗੀ ਸੈਨਾ ਇੰਗਲੈਂਡ ਦੀ ਹਿਫਾਜ਼ਤ ਲਈ ਭੇਜੀ ਗਈ। ਇਹਨਾਂ ਹਾਲਤਾਂ ਨੂੰ ਸੁਨਹਿਰੀ ਮੌਕਾ ਭਾਪਦਿਆਂ ਹੋਇਆਂ ਸੰਨ 1914 ਵਿੱਚ ਗ਼ਦਰ ਪਾਰਟੀ ਦੁਆਰਾ, ਕੈਨੇਡਾ, ਅਮਰੀਕਾ ਸਮੇਤ ਵਿਦੇਸ਼ਾਂ ‘ਚ ਬੈਠੇ ਗਦਰੀਆਂ ਨੂੰ ਦੇਸ ਪਰਤਣ ਦਾ ਸੱਦਾ ਦਿੱਤਾ ਗਿਆ। ਵਤਨ ਵਾਪਸੀ ਮਗਰੋਂ ਉੱਤਰੀ ਭਾਰਤ ਦੀਆਂ ਪ੍ਰਮੁੱਖ ਛਾਉਣੀਆਂ ਦੇ ਦੇਸੀ ਫ਼ੌਜੀਆਂ ਅੰਦਰ ਬਗ਼ਾਵਤ ਫ਼ੈਲਾਉਣ ਲਈ ‘ਗ਼ਦਰ’ ਅਖਬਾਰ ਰਾਹੀਂ ਕ੍ਰਾਂਤੀਕਾਰੀ ਸਾਹਿਤਕ ਵਿਚਾਰਾਂ ਨੂੰ, ਵੱਧ ਤੋਂ ਵੱਧ ਵਰਤੋਂ ਵਿਚ ਲਿਆਂਦਾ ਗਿਆ। ਦੇਸ਼ ਭਰ ਦੇ ਗ਼ਦਰੀਆਂ ‘ਚ ਬਹੁਗਿਣਤੀ ਸਾਬਕਾ ਸਿੱਖ ‘ਫ਼ੌਜੀਆਂ’ ਦੀ ਹੋਣ ਕਾਰਨ, ਇਨਕਲਾਬੀਆਂ ਦੀ ਗ਼ਦਰ ਸਫਲਤਾ ਵਾਸਤੇ, ਆਸ ਦਾ ਚਾਨਣ ਵਧੇਰੇ ਫੈਲਿਆ। ਇਹ ਸੱਚ ਹੈ ਕਿ ਗ਼ਦਰ ਲਹਿਰ ਵਿਚ ਬੇਸ਼ੱਕ ਨੱਬੇ ਫ਼ੀਸਦੀ ਇਨਕਲਾਬੀ ਸਿੱਖ ਸਨ, ਪਰ ਗ਼ਦਰ ਪਾਰਟੀ ਅਤੇ ਗ਼ਦਰ ਲਹਿਰ ਵਿੱਚ ਸਭ ਧਰਮਾਂ ਨੂੰ ਸਮਾਨਤਾ ਦਿੱਤੀ ਗਈ ਸੀ।
ਫਿਰੋਜ਼ਪੁਰ ਛਾਉਣੀ ਵਿੱਚ ਗ਼ਦਰ ਫੈਲਾਉਣ ਲਈ ਜ਼ਿੰਮੇਵਾਰ ਆਗੂਆਂ ‘ਭਾਈ ਸਾਹਿਬ ਭਾਈ’ ਰਣਧੀਰ ਸਿੰਘ ਤੇ ਭਾਈ ਕਰਤਾਰ ਸਿੰਘ ਸਰਾਭਾ ਦੁਆਰਾ ਸੰਪਰਕ ਕਰਨ ਤੋਂ ਪਹਿਲਾਂ ਹੀ, ਗਦਰ ਮਚਾਉਣ ਦੀ ਸਾਜਿਸ਼ ‘ਚ ਸ਼ਾਮਿਲ ਫੌਜੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਗ਼ਦਰੀ ਮੁੱਲਾ ਸਿੰਘ ਮੀਰਾਕੋਟ ਨੂੰ ਕੈਦੀ ਬਣਾ ਲਿਆ ਗਿਆ, ਜੋ ਪੁਲਿਸ ਦਾ ਜ਼ੁਲਮ ਸਹਿਣ ਨਾ ਕਰਦੇ ਹੋਏ ਮਗਰੋਂ ਵਾਅਦਾ- ਮੁਆਫ਼ ਗਵਾਹ ਬਣ ਗਿਆ। ਮੁੱਲਾ ਸਿੰਘ ਵਾਂਗ ਹੀ ਪਾਰਟੀ ਕਾਰਕੁੰਨ ਅਮਰ ਸਿੰਘ ਵੀ ਸਰਕਾਰੀ ਕੁੱਟਮਾਰ ਅੱਗੇ ਝੁਕ ਗਿਆ ਤੇ ਆਪਣੇ ਸਰਗਰਮ ਸਾਥੀਆਂ ਦੇ ਟਿਕਾਣਿਆਂ ਦੇ ਭੇਦ ਖੋਲ ਦਿੱਤੇ। ਪੁਲਿਸ ਨੇ ਪਿੰਡਾਂ ਸ਼ਹਿਰਾਂ ਵਿੱਚ ਬਹੁਤ ਛਾਪੇ ਮਾਰੇ ਤੇ ਤਕਰੀਬਨ ਸਾਰੇ ਗ਼ਦਰੀ ਆਗੂਆਂ ਫੜ ਲਏ। ਦੂਸਰੇ ਪਾਸੇ ਮੁਖ਼ਬਰ ਕਿਰਪਾਲ ਸਿੰਹੁ ਦੁਆਰਾ ਹਕੂਮਤ ਨੂੰ ਗ਼ਦਰ ਦੀ ਸੂਹ ਦੇਣ ਤੇ ਕੌਮ ਨਾਲ ਗੱਦਾਰੀ ਕਰਨ ਦੇ ਇਨਾਮ ਵਜੋਂ ਤੀਹ ਹਜ਼ਾਰ ਰੁਪਏ ਨਕਦ ਤੇ ਪੰਜ ਮੁਰੱਬੇ ਜ਼ਮੀਨ ਮਿਲੀ, ਪਰ ਉਸ ਦੇ ਗੁਨਾਹਾਂ ਤੇ ਪਾਪਾਂ ਦੀ ਸਜ਼ਾ ਸਮਾਂ ਪਾ ਕੇ ਦੇਸ-ਭਗਤਾਂ ਨੇ 1932 ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦੇ ਕੇ ਦਿੱਤਾ।
ਫਿਰੰਗੀ ਮੁਖਬਰਾਂ ਦੀ ਸੂਚੀ ਇੱਕ ਹੋਰ ਨਾਂ ਨਵਾਬ ਖਾਂ ਹਲਵਾਰਾ, ਲੁਧਿਆਣਾ ਵੀ ਜ਼ਿਕਰਯੋਗ ਹੈ। ਇਹ ਇਹ ਅਮਰੀਕਾ ਦੇ ਔਰੇਗਨ ਸਟੇਟ ਦੇ ਸ਼ਹਿਰ ਆਸਟੇਰੀਆ ‘ਚ ਗ਼ਦਰੀ ਸਰਗਰਮੀਆਂ ‘ਚ ਆਗੂ ਰਿਹਾ ਅਤੇ ਮਗਰੋਂ ਲਾਹੌਰ ਕੇਸ ਅਤੇ ਫਿਰ ਅਮਰੀਕਾ ਸਾਜ਼ਿਸ਼ ਕੇਸ ਵਿੱਚ ਸਰਕਾਰੀ ਗਵਾਹ ਬਣਿਆ। ਗਦਰ ਦੇ ਮਨੋਰਥ ‘ਤੇ ਉਦੋਂ ਹੀ ਪਾਣੀ ਫਿਰ ਗਿਆ, ਜਦ ਗਦਰ ਮਚਾਉਣ ਦੀ ਤਾਰੀਖ ਤੋਂ ਪਹਿਲਾਂ ਹੀ ਇਤਲਾਹ ਅੰਗਰੇਜ਼ ਸਰਕਾਰ ਨੂੰ ਮੁਖ਼ਬਰਾਂ ਪਾਸੋਂ ਮਿਲ ਗਈ। ਮਾਈਕਲ ਉਡਵਾਇਰ ਆਪਣੇ ਸ਼ਬਦਾਂ ਵਿੱਚ ਲਿਖਦਾ ਹੈ ”19 ਫਰਵਰੀ, ਦੇ ਛਾਪੇ ਨੇ ਉਸ ਰਾਤ ਗਦਰ ਕਰਾਉਣ ਦੀ ਵਿਉਂਤ ਨੂੰ ਅਸਫ਼ਲ ਬਣਾ ਦਿੱਤਾ।ਅਸੀਂ ਖੁਫੀਆ ਭਾਸ਼ਾ ਵਿੱਚ ਸਿਆਲਕੋਟ ਫ਼ਿਰੋਜ਼ਪੁਰ ਅਤੇ ਰਾਵਲਪਿੰਡੀ ਆਦਿ ਵੱਖ-ਵੱਖ ਛਾਉਣੀਆਂ ਵਿੱਚ ਤਾਰਾਂ ਭੇਜ ਦਿੱਤੀਆਂ ਅਤੇ ਸੈਨਿਕ ਅਫ਼ਸਰਾਂ ਨੇ ਲਾਜ਼ਮੀ ਤੇ ਕਈ ਜਗਾਹ ਜ਼ਰੂਰਤ ਨਾਲੋਂ ਵਧੇਰੇ ਪੇਸ਼ਾਵਰ ਲਈਆਂ ਰਿਪੋਰਟਾਂ ਦੇ ਅਧਾਰ ‘ਤੇ ਪੰਜਾਬ ਭਰ ਵਿੱਚ ਕ੍ਰਾਂਤੀਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਵੱਡੇ ਪੱਧਰ ‘ਤੇ ਹੋ ਰਹੀਆਂ ਸਨ।”
ਗ਼ਦਰ ਦੀਆਂ ਕੋਸ਼ਿਸ਼ਾਂ ਨੂੰ ਫਿਰੰਗੀ ਭਾਰਤੀ ਸਰਕਾਰ ਨੇ ਅਸਫਲ ਬਣਾ ਦਿੱਤਾ ਸੀ। ਅਜਿਹੀ ਸਥਿਤੀ ਵਿੱਚ ਗ਼ਦਰ ਲਹਿਰ ਦੇ ਕਈ ਆਗੂਆਂ ਨੇ ਵਿਚਾਰ ਕੀਤੀ ਕਿ ਆਪਣੇ ਆਪ ਨੂੰ ਸਰਕਾਰੀ ਪੰਜਿਆਂ ਦੀ ਪਕੜ ਤੋਂ ਬਚਾਇਆ ਜਾਵੇ ਤੇ ਸਮਾਂ ਪਾ ਕੇ ਫਿਰ ਤੋਂ ਦੇਸ਼-ਭਗਤਾਂ ਨੂੰ ਸੰਗਠਿਤ ਕੀਤਾ ਜਾਏ। ਨੌਜਵਾਨ ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ ਟੁੰਡੀਲਾਟ ਨੇ ਰਾਸ ਬਿਹਾਰੀ ਬੋਸ ਨੂੰ ਪੁਲਿਸ ਹੱਥੋਂ ਬਚਾਉਣ ਲਈ ਲਾਹੌਰ ਸਟੇਸ਼ਨ ਤੇ ਪਹੁੰਚਾਇਆ, ਜਿੱਥੋਂ ਬੋਸ ਬਨਾਰਸ ਚੱਲਿਆ ਗਿਆ। ਮਗਰੋਂ ਉਹ ਸਰਕਾਰ ਤੋਂ ਬਚਦੇ-ਬਚਾਉਂਦੇ ਜਾਪਾਨ ਪਹੁੰਚ ਗਿਆ, ਜਿੱਥੇ ਕੁੱਝ ਸਮਾਂ ਬਾਅਦ ਬੋਸ ਦੀ ਮੌਤ ਹੋ ਗਈ। ਏਧਰ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਲਾਇਲਪੁਰ ਚਲੇ ਗਏ ਤੇ ਉੱਥੋਂ ਪਠਾਣਾਂ ਦਾ ਭੇਸ ਬਦਲ ਕੇ ਪੇਸ਼ਾਵਰ ਦੇ ਕਬਾਇਲੀ ਇਲਾਕੇ ਵਿੱਚ ਪਹੁੰਚ ਗਏ।
ਪਠਾਣੀ ਭੇਸ ਵਿੱਚ ਪੇਸ਼ਾਵਰ ‘ਚ ਭਾਈ ਸਰਾਭਾ ਅਤੇ ਉਨਾਂ ਦੇ ਸਾਥੀ ਪੂਰੀ ਤਰ੍ਹਾਂ ਸੁਰੱਖਿਅਤ ਸਨ, ਪਰ ਇਕ ਸਮੇਂ ਅਚਾਨਕ ਹੀ ਉਨਾਂ ਗ਼ਦਰ ਦੀ ਗੂੰਜ ਵਿੱਚ ਛਪੀ ਇਨਕਲਾਬੀ ਨਜ਼ਮ ‘ਬਣੀ ਸਿਰ ਸ਼ੇਰਾਂ ਕੀ ਜਾਣਾ ਭੱਜ ਕੇ!’ ਪੜ੍ਹੀ, ਤਾਂ ਮਨ ਅੰਦਰ ਆਪਣੀਆਂ ਜਾਨਾਂ ਬਚਾ ਕੇ, ਛੁਪਣ ‘ਤੇ ਡੂੰਘਾ ਅਫਸੋਸ ਹੋਇਆ। ਨਾਲ ਹੀ ਇਹ ਖ਼ਿਆਲ ਆਇਆ ਕਿ ਜੇਕਰ ਜਾਨ ਹੀ ਬਚਾਉਣੀ ਸੀ, ਤਾਂ ਅਮਰੀਕਾ ਤੋਂ ਸ਼ਹੀਦੀਆਂ ਦੇ ਵਾਅਦੇ ਕਰਕੇ ਆਉਣ ਦੀ ਕੀ ਲੋੜ ਸੀ । ਅਜਿਹੀ ਮਨ ਅੰਤਰ ਦੀ ਪੀੜਾ ਨੂੰ ਪਛਾਣਦਿਆਂ ਇਹ ਇਹ ਮਰਜੀਵੜੇ ਮੁੜ ਮੌਤ ਦੇ ਮੂੰਹ ਵਿੱਚ ਪਰਤਣ ਲਈ ਤਿਆਰ ਹੋਏ ਤੇ ਪੇਸ਼ਾਵਰ ਤੋਂ ਪੰਜਾਬ ਵੱਲ ਚੱਲ ਪਏ। ਤਿੰਨੇ ਸੂਰਮੇ 22 ਵੇਂ ਰਸਾਲੇ ਦੇ ਘੋੜਿਆਂ ਦੇ ਫਾਰਮ ਕੋਲ ਚੱਕ ਨੰਬਰ ਪੰਜ, ਸਰਗੋਧਾ ਪਹੁੰਚੇ, ਜਿੱਥੋਂ ਉਨ੍ਹਾਂ ਹਥਿਆਰ ਲੈ ਕੇ ਆਪਣੇ ਬੰਦੀ ਸਾਥੀਆਂ ਨੂੰ ਛੁਡਾਉਣ ਦੀ ਯੋਜਨਾ ਬਣਾਈ, ਪਰ ਉਨਾਂ ਦੀ ਇਹ ਵਿਉਂਤ ਸਿਰੇ ਨਾ ਚੜ੍ਹੀ, ਕਿਉਂਕਿ ਇੱਕ ਹੋਰ ਗੱਦਾਰ ਗੰਡਾ ਸਿੰਘ ਰਸਾਲਦਾਰ ਨੇ 2 ਮਾਰਚ 1915 ਈਸਵੀ ਨੂੰ ਤਿੰਨੇ ਸੂਰਮਿਆਂ ਨੂੰ ਪੁਲਿਸ ਪਾਸ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ। ਗ਼ਦਰੀ ਇਕੱਠੇ ਕਰਨ ਲਈ ਪੰਜਾਬ ਆ ਰਹੇ ਬਾਬਾ ਨਿਧਾਨ ਸਿੰਘ ਚੁੱਘਾ ਨੂੰ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਕਮਾਲਪੁਰਾ ਕੋਲੋਂ ਫੜ ਲਿਆ ਗਿਆ। ਦੂਜੇ ਪਾਸੇ ਸਾਜ਼ਿਸ਼ ਰਚਣ ਦੇ ਦੋਸ਼ ਅਧੀਨ ਮੀਆਂ ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ ਤੇ ਕਿਲੇ ‘ਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਗ਼ਦਰ 1915 ਦੇ ਇਤਿਹਾਸ ਵਿੱਚ ਇਹ ਮੁਕੱਦਮਾ ‘ਮੰਡੀ ਸਾਜ਼ਿਸ਼ ਕੇਸ’ ਦੇ ਨਾਂ ਵਜੋਂ ਪ੍ਰਸਿੱਧ ਹੈ।
ਗ਼ਦਰ ਲਹਿਰ ਦੇ ਇਨਕਲਾਬੀਆਂ ਨੂੰ ਵੱਡੀ ਗਿਣਤੀ ਵਿੱਚ ਫੜੇ ਜਾਣ ਮਗਰੋਂ ਹਿੰਦ ਰੱਖਿਆ ਕਾਨੂੰਨ (ਡਿਫੈਂਸ ਆਫ਼ ਇੰਡੀਆ ਐਕਟ ) ਦੀਆਂ ਧਾਰਾਵਾਂ ਅਨੁਸਾਰ ਬਹੁਤ ਸਾਰੇ ਮੁਕੱਦਮੇ ਚਲਾਏ ਗਏ। ਇਹਨਾਂ ਕੇਸਾਂ ਦਾ ਮੂਲ ਮੰਤਵ ‘ਇਨਕਲਾਬੀਆਂ ਨੂੰ ਆਜ਼ਾਦੀ ਸੰਗਰਾਮੀਆਂ ਸਾਬਤ ਕਰ ਕੇ ਸਜ਼ਾਵਾਂ ਦੇਣ ਦਾ ਨਹੀਂ, ਬਲਕਿ ਲੁਟੇਰੇ ਤੇ ਕਾਤਲ ਦਰਸਾ ਕੇ ਫਾਂਸੀਆਂ’ ਦੇਣ ਦਾ ਸੀ। ਜਿਵੇਂ ਅੱਜ ਵੀ ਇੰਡੀਅਨ ਫਾਸ਼ੀਵਾਦੀ ਸਰਕਾਰ ਖਿਲਾਫ ਦੇਸ਼ ਅੰਦਰ ਅਤੇ ਵਿਦੇਸ਼ ਵਿੱਚ ਲੜਨ ਵਾਲੇ ਯੋਧਿਆਂ ਨੂੰ, ਅੱਤਵਾਦੀ ਵੱਖਵਾਦੀ ਅਤੇ ਹਤਿਆਰੇ ਆਖ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਭਾਈ ਸਰਾਭਾ ਅਤੇ ਹੋਰਨਾਂ ਭਾਈਆਂ ਦੀ ਪੇਸ਼ੀ ਦੌਰਾਨ ਕਚਹਿਰੀ ਵਿੱਚ ‘ਮੁਜਰਿਮਾਂ’ ਪਾਸੋਂ ਕੋਈ ਅਪੀਲ ਦੀ ਸੰਭਾਵਨਾਵਾਂ ਨਹੀਂ ਸੀ, ਕੇਵਲ ਸਰਕਾਰ ਅੱਗੇ ਹੀ ਰਹਿਮ ਦੀ ਅਪੀਲ ਹੋ ਸਕਦੀ ਸੀ। ਗ਼ਦਰ ਦੇ ਗ਼ਦਰ ਲਹਿਰ ਦੇ ਆਗੂਆਂ ‘ਤੇ ਦਾਇਰ ਕੇਸਾਂ ਵਿੱਚ ਸਭ ਤੋਂ ਪਹਿਲਾਂ ਜ਼ਿਕਰ ‘ਲਾਹੌਰ ਸਾਜ਼ਿਸ਼ ਕੇਸ’ ਦੇ ਪਹਿਲੇ ਮੁਕੱਦਮੇ ਵਜੋਂ ਆਉਂਦਾ ਹੈ। ਇਹ ਮੁਕੱਦਮਾ 26 ਅਪਰੈਲ 1915 ਈਸਵੀ ਨੂੰ ਸੈਂਟਰਲ ਜੇਲ੍ਹ ਲਾਹੌਰ ਚ ਸ਼ੁਰੂ ਹੋਇਆ ਅਤੇ 13 ਸਤੰਬਰ 1915 ਈਸਵੀ ਨੂੰ ਬਾਦਸ਼ਾਹ ਬਨਾਮ ਆਨੰਦ ਕਿਸ਼ੋਰ ਤੇ ਹੋਰਨਾਂ ਦੇ ਨਾਂ ਅਧੀਨ ਅੰਕਿਤ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ। ਇਸ ਮੁਕੱਦਮੇ ਵਿੱਚ 64 ਮੁਲਜ਼ਮ ਰੱਖੇ ਗਏ ਸਨ, ਜਿਹੜੀ ਗਿਣਤੀ ਉਸੇ ਵੇਲੇ ਪੂਰੇ ਦੇਸ਼ ‘ਚ ਹੋਏ ਕਿਸੇ ਵੀ ਕੇਸ ‘ਚ ਸ਼ਾਮਲ ਮੁਲਜ਼ਮਾਂ ਤੋਂ ਵੱਧ ਸੀ।
ਇਸ ਕੇਸ ਵਿੱਚ ਸੱਤ ਗ਼ਦਰੀ ਯੋਧਿਆਂ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਭੱਟੀ ਗੁਰਾਇਆ, ਜਗਤ ਸਿੰਘ ਸੁਰਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ, ਵਿਸ਼ਨੂੰ ਗਣੇਸ਼ ਪਿੰਗਲੇ ਪੂਨਾ, ਸੁਰੈਣ ਸਿੰਘ ਗਿਲਵਾਲੀ ਤੇ ਇੱਕ ਹੋਰ ਯੋਧੇ ਸੁਰੈਣ ਸਿੰਘ ਨੂੰ 16 ਨਵੰਬਰ 1915 ਈਸਵੀ ਨੂੰ ਫਾਂਸੀ ਦਿੱਤੀ ਗਈ। ਇਸ ਤੋਂ ਇਲਾਵਾ ਚਾਲੀ ਹੋਰਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਹੋਰ ਲੰਮੀਆਂ ਸਜ਼ਾਵਾਂ ਸੁਣਾਈਆਂ ਗਈਆਂ। ”ਵਤਨ ਵਾਸੀਉ ਰੱਖਣਾ ਯਾਦ ਸਾਨੂੰ” ਸ਼ਹੀਦ ਸਰਾਭੇ ਦੀ ਮਸ਼ਹੂਰ ਕਵਿਤਾ ਹੈ, (ਗਦਰੀਆਂ ਦੀ ਸਾਂਝੀ ਕਵਿਤਾ) ਜੋ ਪਾਠ ਪੁਸਤਕਾਂ ‘ਚ ਵੀ ਪੜ੍ਹਾਈ ਜਾਂਦੀ ਹੈ, ਬੜੀ ਕਮਾਲ ਦੀ ਰਚਨਾ ਹੈ, ਜੋ ਇਨ੍ਹਾਂ ਗ਼ਦਰੀ ਯੋਧਿਆਂ ਨੇ ਫਾਂਸੀ ਦੇ ਰੱਸੇ ਚੁੰਮਣ ਤੋਂ ਕੁਝ ਦਿਨ ਪਹਿਲਾਂ ਸਾਂਝੇ ਤੌਰ ‘ਤੇ ਤਿਆਰ ਕੀਤੀ ਸੀ ਅਤੇ ਮਿਲ ਕੇ ਗਾਇਨ ਕਰਦੇ ਸਨ। ਇਸ ਦੇ ਕੁਝ ਬੰਦ ਕੱਟ ਦਿੱਤੇ ਗਏ ਸਨ, ਪਰ ਕਿਰਤੀ ਅਖ਼ਬਾਰ ਦੇ ਅਗਸਤ- ਸਤੰਬਰ 1926 ਦੇ ਅੰਕ ਵਿੱਚ ਅਤੇ ਭਾਈ ਮੋਹਨ ਸਿੰਘ ਵੈਦ ਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਏ ”ਕਿਰਤੀ” ਦੇ ਅੰਕ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ ਦੀ ਮਦਦ ਨਾਲ, ਸਿੱਖ ਚਿੰਤਕ ਅਜਮੇਰ ਸਿੰਘ ਨੇ ਹਾਸਲ ਕਰਕੇ ਆਪਣੀ ਕਿਤਾਬ ”ਤੂਫ਼ਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ” ਵਿੱਚ ਪੰਨਾ 340 ‘ਤੇ ਸ਼ਾਮਿਲ ਕੀਤੇ ਹਨ, ਜੋ ਕਿ ਮਨ ਨੂੰ ਹਲੂਣਾ ਦੇਣ ਵਾਲੇ ਹਨ। ਇਨ੍ਹਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਬਾਕੀ ਸਾਰੇ ਯੋਧੇ ਸਿੱਖੀ ਦੀ ਮਹਾਨ ਵਿਰਾਸਤ, ਇਤਿਹਾਸ ਅਤੇ ਸ਼ਹਾਦਤਾਂ ਤੋਂ ਸੇਧ ਲੈਂਦੇ ਪ੍ਰਤੀਤ ਹੁੰਦੇ ਹਨ :
”ਸਦਾ ਜੀਵਣਾ ਨਹੀਂ ਜਹਾਨ ਅੰਦਰ
ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀ
ਸਦਾ ਕੂੜ ਦੀ ਰਹੇ ਨਾਂ ਜ਼ਾਰਸ਼ਾਹੀ
ਸਦਾ ਜਾਬਰਾ ਹੱਥ ਤਲਵਾਰ ਨਾਹੀ
ਰੰਗ ਬਦਲਦੀ ਰਹੇਗੀ ਸਦਾ ਕੁਦਰਤ
ਬਣਦਾ ਵਖਤ ਕਿਸੇ ਦਾ ਯਾਰ ਨਾਹੀ
ਹੋਸੀ ਧਰਮ ਦੀ ਜਿੱਤ ਅਖੀਰ ਬੰਦੇ
ਬੇੜੀ ਪਾਪ ਦੀ ਲੱਗਣੀ ਪਾਰ ਨਾਹੀ
ਸਾਡੇ ਵੀਰਨੋ ਤੁਸਾਂ ਨੇ ਖੁਸ਼ ਰਹਿਣਾ
ਅਸੀ ਆਪਣੀ ਆਪ ਨਿਭਾ ਦਿਆਂਗੇ
ਦੁੱਖ ਝੱਲਾਂਗੇ ਹੱਸਕੇ ਵਾਂਗ ਮਰਦਾਂ
ਨਾਲ ਖ਼ੁਸ਼ੀ ਦੇ ਸੀਸ ਲਹਾ ਦਿਆਂਗੇ
ਖ਼ਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ
ਜੜ੍ਹ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ
ਥੋੜੇ ਦਿਨਾਂ ਤਾਂਈ ਬੇੜਾ ਪਾਰ ਹੋਸੀ
ਸਰੋਂ ਹੱਥ ਤੇ ਅਸੀ ਜਮਾਂ ਦਿਆਂਗੇ।”
ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਬ੍ਰਿਟਿਸ਼ ਇੰਡੀਅਨ ਸਾਮਰਾਜ ਦੇ ਬਸਤੀਵਾਦ ਦੇ ਖਿਲਾਫ ਸਨ, ਪਰ ਅੱਜ ਵੀ ਭਾਰਤ ਅੰਦਰ ਫਾਸ਼ੀਵਾਦ ਜ਼ੋਰਾਂ ‘ਤੇ ਹੈ। ‘ਅਖੌਤੀ ਆਜ਼ਾਦੀ’ ਦੇ ਬਾਵਜੂਦ ਭਾਰਤ ਅੰਦਰ ਘੱਟ-ਗਿਣਤੀਆਂ ‘ਤੇ ਜ਼ੁਲਮ ਦਿਨੋਂ-ਦਿਨ ਵਧ ਰਹੇ ਹਨ। ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਭਾਈਆਂ ਦੀ ਰੂਹ ਅੱਜ ਦੇ ਅਖੌਤੀ ਆਗੂਆਂ ਨੂੰ ਲਾਅਣਤ ਪਾ ਰਹੀ ਹੈ ਕਿ ਉਨ੍ਹਾਂ ਨੂੰ ਕੋਈ ਹੱਕ ਨਹੀਂ ਅਜਿਹੇ ਯੋਧਿਆਂ ਦੇ ਸ਼ਹੀਦੀ ਦਿਨ ਮਨਾਉਣ ਦਾ, ਜਿਨ੍ਹਾਂ ਦੇ ਸਿਧਾਂਤਾਂ ਦੇ ਉਲਟ ਫਾਸ਼ੀਵਾਦੀ ਰਾਜ ਕਰ ਰਹੇ ਹਨ। ਗਦਰ ਲਹਿਰ ਨੂੰ ਜਨਮ ਦੇਣ ਵਾਲੀ ਖਾਲਸਾ ਦੀਵਾਨ ਸੁਸਾਇਟੀ ਸੰਸਥਾ ਨੇ ਕੈਨੇਡਾ ਦੀ ਧਰਤੀ ਤੋਂ, ਭਾਰਤ ਵਿੱਚ ਹੋ ਰਹੇ ਜਬਰ ਦਾ ਵਿਰੋਧ ਕੀਤਾ ਸੀ, ਪਰ ਦੁੱਖ ਹੈ ਕਿ 70ਵਿਆਂ ਵਿਚ ਇੱਥੇ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸਵਾਗਤ ਕੀਤਾ ਗਿਆ, ਜਿਸ ਨੇ 1975 ਵਿੱਚ ਐਮਰਜੰਸੀ ਲਾਈ ਅਤੇ 1984 ਵਿੱਚ ਦਰਬਾਰ ਸਾਹਿਬ ‘ਤੇ ਹਮਲਾ ਕੀਤਾ। ਪਿਛਲੇ ਦਹਾਕੇ ‘ਚ ਇੱਥੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਗਿਆ, ਜਿਸ ਦੀ ਅਗਵਾਈ ਵਿੱਚ ਭਾਰਤ ਅੰਦਰ ਘੱਟ ਗਿਣਤੀਆਂ ‘ਤੇ ਜਬਰ ਢਾਇਆ ਜਾ ਰਿਹਾ ਹੈ ਅਤੇ ਅੱਜ ਕੱਲ੍ਹ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੰਦਭਾਗੀ ਗੱਲ ਇਹ ਹੈ ਕਿ ਗਦਰੀ ਬਾਬਿਆਂ ਦੇ ਅਸਥਾਨਾਂ ‘ਤੇ ਅੱਜ ਜਬਰ ਖਿਲਾਫ ਆਵਾਜ਼ ਉਠਾਉਣ ਦੀ ਥਾਂ, ਇੰਡੀਅਨ ਸਟੇਟ ਦੇ ਗੁਣ ਗਾਏ ਜਾ ਰਹੇ ਹਨ। ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ।
ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਹੋਰਨਾਂ ਭਾਈਆਂ ਦੇ ਸ਼ਹੀਦੀ ਦਿਨ ‘ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਭਾਰਤ ਅੰਦਰ ਫਾਸ਼ੀਵਾਦੀ ਤਾਕਤਾਂ ਦਾ ਮੂੰਹ ਭੰਨਿਆ ਜਾਏ ਅਤੇ ਹੱਕਾਂ ਲਈ ਗਦਰੀ ਬਾਬਿਆਂ ਦੀ ਧਰਤੀ ਤੋਂ ਇੱਕ ਵਾਰ ਫਿਰ ਜੂਝ ਰਹੇ ਮਰਜੀਵੜਿਆ ਨਾਲ, ਮੋਢੇ ਨਾਲ ਮੋਢਾ ਜੋੜ ਕੇ, ਸੰਘਰਸ਼ ਜਾਰੀ ਰੱਖਿਆ ਜਾਏ। ਕੌਮਾਂਤਰੀ ਪੱਧਰ ਅੱਜ ਗ਼ਦਰੀ ਯੋਧਿਆਂ ਦੇ ਸਿਧਾਂਤਾਂ ‘ਤੇ ਡਟ ਕੇ ਪਹਿਰਾ ਦਿੱਤਾ ਜਾਏ। ਤਦ ਹੀ ਇਹ ਸ਼ਹੀਦੀ ਦਿਨ ਮਨਾਉਣੇ ਸਾਰਥਕ ਹੋ ਸਕਦੇ ਹਨ, ਨਹੀਂ ਤਾਂ ਇਹ ਸਿਰਫ ਰਸਮਾਂ ਹੀ ਹਨ, ਇਸ ਤੋਂ ਵੱਧ ਕੁਝ ਨਹੀਂ। ਆਓ! ਇਸ ਮਕਸਦ ਲਈ ਸਾਰੇ ਇਕਮੁੱਠ ਹੋ ਕੇ ਯਤਨ ਕਰੀਏ ਅਤੇ ਇਨ੍ਹਾਂ ਯੋਧਿਆਂ ਦੀਆਂ ਸ਼ਹਾਦਤਾਂ ਨੂੰ ਚੇਤੇ ਕਰੀਏ!
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁਢਲੀ, ਐਬਸਫੋਰਡ, ਕੈਨੇਡਾ

 

Check Also

10 ਦਸੰਬਰ : ਮਨੁੱਖੀ ਹੱਕਾਂ ਦੇ 76ਵੇਂ ਵਰ੍ਹੇ ‘ਤੇ ਵਿਸ਼ੇਸ਼

‘ਮਨੁੱਖੀ ਅਧਿਕਾਰ ਦਿਵਸ’ ਬਨਾਮ ‘ਕਾਲੀ ਦਸਤਾਰ ਦਿਵਸ’ ਯੂ ਐਨ ਓ ਦਾ ਮਹਿਜ਼ ਘੋਸ਼ਣਾ-ਪੱਤਰ ਬਣ ਕੇ …