Breaking News
Home / ਮੁੱਖ ਲੇਖ / ਮੁੱਦਿਆਂ ਤੋਂ ਭਟਕ ਚਿਹਰਿਆਂ ‘ਚ ਉਲਝਿਆ ਪੰਜਾਬ

ਮੁੱਦਿਆਂ ਤੋਂ ਭਟਕ ਚਿਹਰਿਆਂ ‘ਚ ਉਲਝਿਆ ਪੰਜਾਬ

ਮੁੱਖ ਮੰਤਰੀ ਚਿਹਰਾ ਐਲਾਨਣ ‘ਤੇ ਲੱਗੇ ਰੋਕ ਜਾਂ ਪੂਰੇ ਪੰਜਾਬ ‘ਚੋਂ ਚੋਣ ਲੜਨ ਮੁੱਖ ਮੰਤਰੀ ਦੇ ਦਾਅਵੇਦਾਰ
ਦੀਪਕ ਸ਼ਰਮਾ ਚਨਾਰਥਲ, ਸੀਨੀਅਰ ਪੱਤਰਕਾਰ
ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਲੋਕਾਂ ਨੂੰ ਕਰੋਨਾ ਹੈ, ਪਰ ਹਕੀਕਤ ਦੱਸਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਚੋਣ ਬੁਖਾਰ ਹੈ। ਬੇਸ਼ੱਕ ਕਰੋਨਾ ਦੀਆਂ ਹਦਾਇਤਾਂ ਕਾਰਨ ਜਾਂ ਰਾਜਨੀਤਕ ਪਾਰਟੀਆਂ ਤੋਂ ਮੁੱਖ ਤੌਰ ‘ਤੇ ਲੋਕਾਂ ਦੇ ਹੋਏ ਮੋਹ ਭੰਗ ਕਾਰਨ ਚੋਣ ਸਰਗਰਮੀਆਂ ਵਿਚ ਪਹਿਲਾਂ ਵਰਗੀ ਰੌਣਕ ਨਜ਼ਰ ਨਹੀਂ ਆਉਂਦੀ, ਪਰ ਜਦੋਂ ਲੀਡਰਾਂ ਤੋਂ ਲੈ ਕੇ ਵੋਟਰਾਂ ਤੱਕ ਫਰੋਲਾ-ਫਰਾਲੀ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਦ ਚੋਣ ਬੁਖਾਰ ਆਪਣਾ ਸੇਕ ਵਿਖਾਉਣ ਲੱਗਦਾ ਹੈ। ਚਾਹੇ ਕੋਈ ਮੰਨੇ, ਚਾਹੇ ਕੋਈ ਨਾ ਮੰਨੇ ਸੱਚਾਈ ਇਹ ਹੈ ਕਿ ਪੰਜਾਬ ਦਾ ਹਰ ਵੋਟਰ ਉਮੀਦਵਾਰ ਬਣਨ ਦੀ ਇੱਛਾ ਰੱਖਦਾ ਹੈ ਤੇ ਹਰ ਉਮੀਦਵਾਰ ਐਮ.ਐਲ.ਏ. ਬਣਨਾ ਚਾਹੁੰਦਾ ਹੈ ਅਤੇ ਹਰ ਐਮ.ਐਲ.ਏ. ਮੰਤਰੀ ਬਣਨ ਦੀ ਲਾਲਸਾ ਰੱਖਦਾ ਹੈ ਤੇ ਹਰ ਮੰਤਰੀ ਚਾਹੁੰਦਾ ਹੈ ਕਿ ਮੇਰੇ ਮੂਹਰੇ ‘ਮੁੱਖ’ ਲੱਗ ਜਾਵੇ ਤੇ ਮੈਂ ਮੁੱਖ ਮੰਤਰੀ ਬਣ ਜਾਵਾਂ।
ਨਵੰਬਰ-ਦਸੰਬਰ 2021 ਦੌਰਾਨ ਸਭਨਾਂ ਦੀ ਚਿੰਤਾ ਪੰਜਾਬ ਨੂੰ ਲੈ ਕੇ ਸੀ, ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਸੀ, ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਸੀ, ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੀ, ਪਰ ਜਨਵਰੀ 2022 ਚੜ੍ਹਦਿਆਂ ਹੀ ਸਭ ਨੂੰ ਚਿੰਤਾ ਪਾਰਟੀਆਂ ਦੀ, ਉਮੀਦਵਾਰਾਂ ਦੀ ਤੇ ਮੁੱਖ ਮੰਤਰੀ ਦੇ ਚਿਹਰਿਆਂ ਦੀ ਹੈ। ਪੰਜਾਬ ਦੇ ਬੁਨਿਆਦੀ ਤੇ ਹੱਕੀ ਮੁੱਦੇ ਬਹੁਤ ਪਿੱਛਾਂਹ ਰਹਿ ਗਏ ਹਨ ਤੇ ਚਿਹਰਿਆਂ ਦੀ ਲੜਾਈ ਬਹੁਤ ਅਗਾਂਹ ਨਿਕਲ ਚੁੱਕੀ ਹੈ। ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸ਼ਜ਼ਾਵਾਂ ਦਿਵਾਉਣ ਦੀ ਗੱਲ ਇਹ ਲੀਡਰ ਫਿਰ ਕਰਨਗੇ, ਰੁਜ਼ਗਾਰ ਕਿਉਂ ਨਹੀਂ ਮਿਲਿਆ ਤੇ ਅਗਲੀ ਵਾਰ ਕਿਵੇਂ ਮਿਲੇਗਾ, ਉਸਦੀ ਗੱਲ ਸੱਤਾਧਾਰੀ ਤੇ ਵਿਰੋਧੀ ਧਿਰ ਬਣ ਕੇ ਕਰਨਗੇ। ਹਾਂ, ਮਾਫੀਆ ਰਾਜ ਵਾਲੇ ਆਪਣਾ ਰਾਜਭਾਗ ਦਾ ਸਮਾਂ ਭੁੱਲ ਕੇ ਦੂਸਰਿਆਂ ‘ਤੇ ਮਾਫੀਆ ਰਾਜ ਹੋਣ ਦੇ ਦੋਸ਼ ਮੜ੍ਹ ਰਹੇ ਹਨ ਤੇ ਮਾਫੀਆ ਨਾਲ ਸਾਂਝ ਰੱਖਣ ਵਾਲੀ ਸੱਤਾਧਾਰੀ ਧਿਰ ਵੀ ਹੁਣ ਮਾਫੀਆ ਮੁਕਾਉਣ ਦੀ ਗੱਲ ਜ਼ਰੂਰ ਕਰ ਰਹੀ ਹੈ। ਪਰ ਇਹ ਸਭ ਗੱਲਾਂ ਹੀ ਹਨ, ਹਕੀਕਤ ਵਿਚ ਕੋਈ ਰਾਜਨੀਤਕ ਪਾਰਟੀ ਪੰਜਾਬ ਦੇ ਮੁੱਦਿਆਂ ‘ਤੇ ਚੋਣ ਨਾ ਲੜਨਾ ਚਾਹੁੰਦੀ ਹੈ, ਨਾ ਲੜਨ ਦਾ ਦਮ ਰੱਖਦੀ ਹੈ ਤਾਹੀਓਂ ਤਾਂ ਵੋਟਰਾਂ ਨੂੰ ਚਿਹਰਿਆਂ ਦੀ ਰਾਜਨੀਤੀ ਵਿਚ ਉਲਝਾਇਆ ਜਾ ਰਿਹਾ ਹੈ।
ਸੱਤਾਧਾਰੀ ਧਿਰ ਕਾਂਗਰਸ ਵਿਚ ਮੁੱਖ ਮੰਤਰੀ ਦੇ ਚਿਹਰਿਆਂ ਦੀ ਲਿਸਟ ਖਾਸੀ ਲੰਬੀ ਹੈ। ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ ਤੇ ਤ੍ਰਿਪਤ ਰਾਜਿੰਦਰ ਬਾਜਵਾ ਤੋਂ ਇਲਾਵਾ ਹੋਰ ਵੀ ਕਈ ਲੀਡਰ ਹਨ, ਜਿਹੜੇ ਮੁੱਖ ਮੰਤਰੀ ਦਾ ਚਿਹਰਾ ਬਣਨਾ ਲੋਚਦੇ ਹਨ। ਹਾਂ, ਮੁੱਖ ਦੌੜ ਵਿਚ ਚੰਨੀ ਤੇ ਸਿੱਧੂ ਹੀ ਹਨ ਤੇ ਹੋ ਸਕਦਾ ਹੈ ਕਿ ਜਦੋਂ ਤੱਕ ਇਹ ਲੇਖ ਤੁਸੀਂ ਪੜ੍ਹ ਰਹੇ ਹੋਵੇ ਤਦ ਤੱਕ ਇਨ੍ਹਾਂ ਵਿਚੋਂ ਇਕ ਨੂੰ ਕਾਂਗਰਸ ਚਿਹਰਾ ਵੀ ਐਲਾਨ ਚੁੱਕੀ ਹੋਵੇ, ਪਰ ਚੋਣ ਨਤੀਜਿਆਂ ਤੋਂ ਬਾਅਦ ਜੇਕਰ ਕਾਂਗਰਸ ਸਰਕਾਰ ਬਣਾਉਣ ਦੀ ਹਾਲਤ ਵਿਚ ਆਈ ਤਦ ਇਕ ਛੁਪਿਆ ਚਿਹਰਾ ਮਨਪ੍ਰੀਤ ਬਾਦਲ ਵੀ ਸਾਹਮਣੇ ਪ੍ਰਗਟ ਹੋ ਸਕਦਾ ਹੈ ਤੇ ਜੇ ਦਾਅ ਲੱਗਿਆ ਤਾਂ ਜਾਖੜ ਵੀ ਦਾਅਵੇਦਾਰੀ ਨਹੀਂ ਛੱਡਣਗੇ। ਪਰ ਇਹ ਸਭ ਕੁਝ ਤਾਂ ਹੀ ਸੰਭਵ ਹੈ, ਜਦੋਂ ਕਾਂਗਰਸ ਸਰਕਾਰ ਬਣਾਉਣ ਦੀ ਸਥਿਤੀ ਵਿਚ ਆਵੇ।
20 ਫਰਵਰੀ ਤੱਕ ਕੀ ਹੋਵੇਗਾ, ਉਹ ਤਾਂ ਅੱਜ ਕਹਿਣਾ ਮੁਸ਼ਕਲ ਹੈ, ਪਰ ਇਸ ਵਕਤ ਜਦੋਂ ਇਹ ਲੇਖ ਮੈਂ ਲਿਖ ਰਿਹਾ ਹਾਂ, ਤਦ ਨਾ ਤਾਂ ਕਾਂਗਰਸ ਪਿਛਲਾ ਇਤਿਹਾਸ ਦੁਹਰਾਉਣ ਦੀ ਸਥਿਤੀ ‘ਚ ਨਜ਼ਰ ਆ ਰਹੀ ਹੈ ਤੇ ਉਲਟ ਹਾਲਤ ਇਹ ਬਣੀ ਹੋਈ ਹੈ ਕਿ ਚੰਨੀ ਚਮਕੌਰ ਤੇ ਭਦੌੜ ਵਿਚ ਫਸੇ ਨਜ਼ਰ ਆ ਰਹੇ ਹਨ ਤੇ ਸਿੱਧੂ ਦੀਆਂ ਮੁਸ਼ਕਲਾਂ ਵੀ ਅੰਮ੍ਰਿਤਸਰ ਪੂਰਬੀ ਵਿਚ ਵਧ ਗਈਆਂ ਹਨ।
ਜਿਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਉਸ ਨੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਭਗਵੰਤ ਮਾਨ ਦੇ ਨਾਮ ਦਾ ਐਲਾਨ ਵੀ ਕਰ ਦਿੱਤਾ ਹੈ ਤੇ ਪ੍ਰਚਾਰ ਵੀ ਸਿਖਰਾਂ ‘ਤੇ ਹੈ। ਇਹ ਵੱਖਰੀ ਗੱਲ ਹੈ ਕਿ ਭਗਵੰਤ ਮਾਨ ਨਾਲੋਂ ਵੱਧ ਪਾਰਟੀ ਵਲੋਂ ਅੱਜ ਵੀ ਕੇਜਰੀਵਾਲ ਦਾ ਨਾਮ ਹੀ ਪ੍ਰਚਾਰਿਆ ਜਾ ਰਿਹਾ ਹੈ ਤੇ ਪੰਜਾਬ ਵਿਚ ਪੂਰੀ ਰਣਨੀਤੀ ਵੀ ਰਾਘਵ ਚੱਢਾ ਰਾਹੀਂ ਦਿੱਲੀ ਦੀ ਟੀਮ ਨੇ ਆਪਣੇ ਕਬਜ਼ੇ ਵਿਚ ਲਈ ਹੋਈ ਹੈ। ਬੇਸ਼ੱਕ ਪਾਰਟੀ ਇਕ ਮੌਕਾ ਕੇਜਰੀਵਾਲ ਦੇ ਨਾਮ ‘ਤੇ ਵੋਟਾਂ ਮੰਗ ਰਹੀ ਹੋਵੇ, ਪਰ ਵੋਟਾਂ ਭਗਵੰਤ ਦੇ ਨਾਂ ‘ਤੇ ਹੀ ਮਿਲਣੀਆਂ ਹਨ, ਇਹ ਪਾਰਟੀ ਨੂੰ ਵੀ ਪਤਾ ਹੈ। ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੇ ਆਪਣੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੋਕਾਂ ਸਾਹਮਣੇ ਖੁੱਲ੍ਹਾ ਐਲਾਨ ਕੇ ਪਾਰਟੀ ਦੇ ਅੰਦਰ ਦੇ ਮਸਲੇ ਨੂੰ ਸੁਲਝਾ ਲਿਆ ਹੈ, ਹੁਣ ਮਸਲਾ ਓਨੀਆਂ ਸੀਟਾਂ ਹਾਸਲ ਕਰਨ ਦਾ ਹੈ, ਜਿਸ ਨਾਲ ਉਹ ਸਰਕਾਰ ਵਿਚ ਆ ਸਕਣ। ਭਗਵੰਤ ਮਾਨ ਦੀ ਧੂਰੀ ਹਲਕੇ ਵਾਲੀ ਸੀਟ ਜਿੱਥੇ ਸਿੱਧੀ ਪਾਰਟੀ ਦੇ ਖਾਤੇ ਵਿਚ ਜਾਂਦੀ ਨਜ਼ਰ ਆ ਰਹੀ ਹੈ, ਉਥੇ ਮਾਲਵੇ ਵਾਲੀ ਹਵਾ ਦੁਆਬੇ ਤੇ ਮਾਝੇ ਵਿਚ ਚੱਲਦੀ ਹੋਈ ਦਿਖਾਈ ਨਹੀਂ ਦੇ ਰਹੀ। ਇਸ ਲਈ ਆਮ ਆਦਮੀ ਪਾਰਟੀ ਲਈ ਵੀ ਚਿਹਰਾ ਸਪੱਸ਼ਟ ਹੋਣ ਦੇ ਬਾਵਜੂਦ ਅਜੇ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਕਿ ਉਹ ਸਰਕਾਰ ਬਣਾਉਣ ਵਾਲੇ ਅੰਕੜੇ ਨੂੰ ਸਿੱਧਿਆਂ ਛੂਹ ਸਕਣਗੇ ਜਾਂ ਨਹੀਂ।
ਅਕਾਲੀ ਦਲ ਵਿਚ ਚਿਹਰੇ ਵਾਲਾ ਕੋਈ ਮਸਲਾ ਹੀ ਨਹੀਂ। ਸੁਖਬੀਰ ਸਿੰਘ ਬਾਦਲ ਨੇ ਖੁਦ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਲਿਆ ਹੈ। ਬੇਸ਼ੱਕ ਅਕਾਲੀ ਦਲ ਕੋਲ ਇਕ ਪੱਕਾ ਵੋਟ ਬੈਂਕ ਹੈ, ਜੋ 2017 ਵਿਚ ਪਾਰਟੀ ਦੇ ਸਭ ਤੋਂ ਔਖੇ ਤੇ ਮਾੜੇ ਦੌਰ ਦੌਰਾਨ ਵੀ ਉਨ੍ਹਾਂ ਨੂੰ ਪੈ ਗਿਆ ਸੀ। ਸੋ ਇਸ ਲਈ ਅਕਾਲੀ ਦਲ ਪਿਛਲੀਆਂ ਵਿਧਾਨ ਸਭਾ ਚੋਣਾਂ ਜਿੰਨੀਆਂ ਵੋਟਾਂ ਦੀ ਆਸ ਤਾਂ ਕਰ ਰਿਹਾ ਹੈ, ਪਰ ਸਰਕਾਰ ਬਣਾਉਣ ਦੀ ਸਥਿਤੀ ਵਿਚ ਅਕਾਲੀ ਦਲ ਅਜੇ ਕਿਤੇ ਨਜ਼ਰ ਨਹੀਂ ਆ ਰਿਹਾ। ਬੱਸ ਚਿਹਰਾ ਹੀ ਸਾਫ ਨਜ਼ਰ ਆ ਰਿਹਾ ਹੈ। ਹਾਂ, ਅਕਾਲੀ ਦਲ ਨੂੰ ਆਪਣੇ ਲੀਡਰਾਂ ਤੇ ਵੋਟਰਾਂ ਨਾਲੋਂ ਵੱਧ ਆਸ ਭਾਜਪਾ ਤੋਂ ਹੈ ਕਿ ਜੇਕਰ ਭਾਰਤੀ ਜਨਤਾ ਪਾਰਟੀ, ਕੈਪਟਨ ਦੀ ਪੰਜਾਬ ਲੋਕ ਕਾਂਗਰਸ ਤੇ ਢੀਂਡਸਿਆਂ ਦੀ ਸੰਯੁਕਤ ਅਕਾਲੀ ਦਲ ਦੁਹਾਈ ਦੇ ਅੰਕੜੇ ਨੂੰ ਛੂਹ ਗਈ ਤਾਂ ਸ਼ਾਇਦ ਅਸੀਂ ਵੀ ਗਠਜੋੜ ਕਰਕੇ ਜੋੜ-ਤੋੜ ਕਰਨ ਦੀ ਸਥਿਤੀ ਵਿਚ ਆ ਜਾਈਏ। ਚਿਹਰਾ ਤਾਂ ਸੰਯੁਕਤ ਸਮਾਜ ਮੋਰਚੇ ਨੇ ਵੀ ਸਾਫ ਕੀਤਾ ਹੋਇਆ ਹੈ ਕਿ ਬਲਬੀਰ ਸਿੰਘ ਰਾਜੇਵਾਲ ਸੰਯੁਕਤ ਸਮਾਜ ਮੋਰਚੇ ਦਾ ਚਿਹਰਾ ਹਨ। ਬੇਸ਼ੱਕ, ਸੰਯੁਕਤ ਸਮਾਜ ਮੋਰਚਾ ਕਈ ਸੀਟਾਂ ‘ਤੇ ਰਵਾਇਤੀ ਪਾਰਟੀਆਂ ‘ਤੇ ਭਾਰੂ ਪੈਂਦਾ ਨਜ਼ਰ ਆ ਰਿਹਾ ਹੈ, ਪਰ ਜ਼ਿਆਦਾਤਰ ਥਾਵਾਂ ‘ਤੇ ਮੋਰਚੇ ਦੀ ਭੂਮਿਕਾ ਕਿਸੇ ਦੀ ਜਿੱਤ ਨੂੰ ਹਾਰ ਵਿਚ ਬਦਲਣ ਵਾਲੀ ਹੋਵੇਗੀ। ਸੋ ਸਰਕਾਰ ਬਣਨ ਦਾ ਪਾਰਟੀਆਂ ਦਾ ਜੋੜ ਘਟਾ ਸੰਯੁਕਤ ਸਮਾਜ ਮੋਰਚਾ ਵਿਗਾੜ ਜ਼ਰੂਰ ਸਕਦਾ ਹੈ, ਚਾਹੇ ਉਹਨਾਂ ਦਾ ਆਪਣਾ ਹਿਸਾਬ-ਕਿਤਾਬ ਰਤਾ ਵੀ ਫਿੱਟ ਨਾ ਬੈਠੇ।
ਗੱਲ ਆਪਾਂ ਚਿਹਰਿਆਂ ਦੀ ਕਰ ਰਹੇ ਸੀ ਕਿ ਹਰ ਪਾਰਟੀ ਆਪੋ-ਆਪਣੇ ਮੁੱਖ ਮੰਤਰੀ ਦੇ ਚਿਹਰਿਆਂ ਨੂੰ ਐਲਾਨ ਕੇ ਜਾਂ ਉਭਾਰ ਕੇ ਵੱਖ-ਵੱਖ ਵਰਗਾਂ ਦੀਆਂ, ਧਰਮਾਂ ਦੀਆਂ, ਜਾਤਾਂ ਦੀਆਂ ਵੋਟਾਂ ਹਾਸਲ ਕਰਨ ਲਈ ਤਰਲੋਮੱਛੀ ਹਨ, ਪਰ ਇਸ ਚਿਹਰਿਆਂ ਦੀ ਜੰਗ ਵਿਚ ਪੰਜਾਬ ਨੂੰ ਭੁਲਾਇਆ ਜਾ ਰਿਹਾ ਹੈ, ਪੰਜਾਬ ਦੇ ਮੁੱਦਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਵੋਟਰਾਂ ਨੂੰ ਇਕ ਵਾਰ ਫਿਰ ਸੰਵਿਧਾਨ ਦੇ ਉਲਟ ਜਾ ਕੇ ਮੂਰਖ ਬਣਾਇਆ ਜਾ ਰਿਹਾ ਹੈ। ਸੰਵਿਧਾਨ ਤਾਂ ਕਹਿੰਦਾ ਹੈ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਪਹਿਲਾਂ ਵਿਧਾਇਕ ਚੁਣੇ ਜਾਣਗੇ, ਫਿਰ ਵੱਖ-ਵੱਖ ਪਾਰਟੀਆਂ ਦੇ ਵਿਧਾਇਕ ਆਪੋ-ਆਪਣੇ ਵਿਧਾਇਕ ਦਲਾਂ ਦੇ ਲੀਡਰ ਦੀ ਚੋਣ ਕਰਨਗੇ ਤੇ ਜਿਸ ਪਾਰਟੀ ਕੋਲ ਬਹੁਮਤ ਹੋਵੇਗਾ, ਉਸ ਪਾਰਟੀ ਦੇ ਵਿਧਾਇਕਾਂ ਦਾ ਲੀਡਰ ਮੁੱਖ ਮੰਤਰੀ ਬਣੇਗਾ। ਪਰ ਇੱਥੇ ਸੰਵਿਧਾਨ ਦੇ ਉਲਟ ਇਕ ਹਲਕੇ ਦੀਆਂ ਵੋਟਾਂ ਲੈ ਕੇ ਕਿਸੇ ਇਕ ਉਮੀਦਵਾਰ ਨੂੰ ਮੁੱਖ ਮੰਤਰੀ ਵਜੋਂ ਥੋਪੇ ਜਾਣ ਦੀ ਪਿਰਤ ਪੈ ਗਈ ਹੈ। ਜਾਂ ਤਾਂ ਇਸ ਐਲਾਨ ਵਾਲੀ ਪਿਰਤ ‘ਤੇ ਰੋਕ ਲੱਗੇ ਜਾਂ ਫਿਰ ਸੰਵਿਧਾਨ ‘ਚ ਸੋਧ ਕਰਕੇ ਮੁੱਖ ਮੰਤਰੀਆਂ ਦੇ ਉਮੀਦਵਾਰ ਸਰਪੰਚ ਵਾਂਗ ਪੂਰੇ ਪੰਜਾਬ ਵਿਚੋਂ ਚੋਣ ਲੜਿਆ ਕਰਨਗੇ। ਜਿਵੇਂ ਪਿੰਡ ਵਿਚ ਹਰ ਵੋਟਰ ਦੋ-ਦੋ ਵੋਟਾਂ ਪਾਉਂਦਾ ਹੈ, ਇਕ ਵੋਟ ਆਪਣੇ ਵਾਰਡ ‘ਚੋਂ ਪੰਚ ਚੁਣਨ ਲਈ ਤੇ ਦੂਸਰੀ ਸਰਪੰਚ ਦੇ ਉਮੀਦਵਾਰਾਂ ਵਿਚੋਂ ਇਕ ਨੂੰ ਜੋ ਪੂਰੇ ਪਿੰਡ ਵਿਚੋਂ ਸਰਪੰਚੀ ਦੀ ਚੋਣ ਲੜ ਰਿਹਾ ਹੁੰਦਾ ਹੈ। ਇੰਝ ਜਿਸ ਨੂੰ ਵੀ ਲੱਗਦਾ ਹੈ ਕਿ ਮੈਂ ਪੂਰੇ ਪੰਜਾਬ ਦੀ ਅਗਵਾਈ ਕਰ ਸਕਦਾ ਹਾਂ, ਉਹਨਾਂ ਮੁੱਖ ਮੰਤਰੀ ਦੇ ਦਾਅਵੇਦਾਰ ਉਮੀਦਵਾਰਾਂ ਨੂੰ ਪੂਰੇ ਪੰਜਾਬ ਵਿਚੋਂ ਵੱਖਰੀ ਚੋਣ ਲੜਾਈ ਜਾਇਆ ਕਰੇ ਤੇ ਫਿਰ ਪੂਰਾ ਪੰਜਾਬ ਫੈਸਲਾ ਕਰੇ ਕਿ ਅਸੀਂ ਆਪਣਾ ਮੁੱਖ ਮੰਤਰੀ ਕਿਸ ਨੂੰ ਚੁਣਨਾ ਹੈ। ਪਰ ਇਸ ਵਾਰ ਦਾ ਖੇਡ ਤਾਂ ਖੇਡਿਆ ਜਾ ਚੁੱਕਾ ਹੈ। ਬੱਸ, ਗੋਟੀਆਂ ਫਿੱਟ ਹਨ, ਕਿਲ੍ਹੇ ‘ਤੇ ਕਬਜ਼ੇ ਦੀ ਤਿਆਰੀ ਹੈ, ਪਾਓ ਵੋਟਾਂ ਤੇ ਫਿਰ ਕਰੋ ਨਤੀਜਿਆਂ ਦਾ ਇੰਤਜ਼ਾਰ ਤੇ ਉਸ ਤੋਂ ਬਾਅਦ ਪੰਜ ਸਾਲ ਕਰਦੇ ਰਹਿਣਾ ਲੀਡਰਾਂ ਦਾ ਇੰਤਜ਼ਾਰ ਤੇ ਉਹਨਾਂ ਦੇ ਦਿਖਾਏ ਸੁਪਨਿਆਂ ਦੇ ਸਕਾਰ ਹੋਣ ਦਾ ਇੰਤਜ਼ਾਰ। ਰੱਬ ਖੈਰ ਕਰੇ!

Check Also

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਦੀ ਪ੍ਰਸੰਗਿਕਤਾ

ਤਲਵਿੰਦਰ ਸਿੰਘ ਬੁੱਟਰ ਸੰਸਾਰ ਇਤਿਹਾਸ ਵਿਚ ਆਪਣੇ ਅਕੀਦੇ ਅਤੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ …