Breaking News
Home / ਮੁੱਖ ਲੇਖ / ਖੁਦਕੁਸ਼ੀ ਦਾ ਵਰਤਾਰਾ : ਮਨੁੱਖੀ ਵਿਕਾਸ ‘ਤੇ ਪ੍ਰਸ਼ਨ ਚਿੰਨ੍ਹ

ਖੁਦਕੁਸ਼ੀ ਦਾ ਵਰਤਾਰਾ : ਮਨੁੱਖੀ ਵਿਕਾਸ ‘ਤੇ ਪ੍ਰਸ਼ਨ ਚਿੰਨ੍ਹ

ਡਾ. ਸ਼ਿਆਮ ਸੁੰਦਰ ਦੀਪਤੀ
ਮਨ ਉਦਾਸ ਹੈ, ਕੁਝ ਵੀ ਚੰਗਾ ਨਹੀਂ ਲੱਗ ਰਿਹਾ… ਬੰਦਾ ਆ ਕੇ ਡਾਕਟਰ ਨੂੰ ਕਹਿੰਦਾ ਹੈ। ਡਾਕਟਰ ਅੰਗਰੇਜ਼ੀ ਵਿਚ ‘ਡਿਪਰੈਸ਼ਨ’ ਲਿਖ ਦਿੰਦਾ ਹੈ ਜਿਸ ਦਾ ਸ਼ਬਦਕੋਸ਼ੀ ਅਰਥ ‘ਉਦਾਸੀ’ ਹੈ। ਫਿਰ ਡਾਕਟਰ ਨੇ ਕੀ ਲੱਭਿਆ? ਦਵਾਈ ਦਿੱਤੀ, ਐਂਟੀ-ਡਿਪਰੈਸੇਂਟ, ਉਦਾਸੀ ਨੂੰ ਠੀਕ ਕਰਨ ਵਾਲੀ, ਨਾ ਕਿ ਰੋਕਣ ਵਾਲੀ। ਦਵਾਈ ਦਾ ਅਸਰ ਖ਼ਤਮ, ਉਦਾਸੀ ਫਿਰ ਤੋਂ। ਉਦਾਸੀ ਕਿਉਂ ਹੈ? ਕਿਸ ਕਰਕੇ ਹੈ? ਅਸਲੀ ਕਾਰਨ ਲੱਭਿਆ ਹੀ ਨਹੀਂ। ਲੱਛਣ ਨੂੰ ਹੀ ਬਿਮਾਰੀ ਦਾ ਨਾਂ ਦੇ ਦਿੱਤਾ। ਇਸ ਲਗਾਤਾਰਤਾ ਵਿਚ ਆਪਣੀ ਹੋਂਦ ਨੂੰ ਬੇਮਤਲਬ ਸਮਝਣਾ, ਕਿਸੇ ਤਰ੍ਹਾਂ ਦੀ ਕੋਈ ਆਸ-ਉਮੀਦ ਨਾ ਹੋਣੀ, ਤੇ ਫਿਰ ‘ਜੀਣ ਦਾ ਕੀ ਫਾਇਦਾ’ ਵਰਗੇ ਖ਼ਿਆਲ ਹੀ ਖ਼ੁਦਕੁਸ਼ੀ ਵੱਲ ਜਾਣ ਦੀ ਨਿਸ਼ਾਨਦੇਹੀ ਕਰਦੇ ਹਨ ਜਦੋਂਕਿ ‘ਕੁਝ ਵੀ ਚੰਗਾ ਨਹੀਂ ਲੱਗਦਾ’ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮਨੋਵਿਗਿਆਨਕ ਸਮਝ ਮੁਤਾਬਕ, ਜੀਵ ਵਿਚ ਜ਼ਿੰਦਾ ਰਹਿਣ ਦੀ ਲਾਲਸਾ ਸਭ ਤੋਂ ਤਾਕਤਵਰ ਹੈ। ਜਿਊਣਾ ਕੁਦਰਤੀ ਇੱਛਾ ਹੈ। ਵਾਹ ਲੱਗੇ, ਕੋਈ ਵੀ ਜੀਵ ਮਰਨਾ ਨਹੀਂ ਚਾਹੁੰਦਾ। ਕੁਦਰਤ ਵੀ ਹਰ ਜੀਵ ਦੀ ਮਦਦ ਕਰਦੀ ਹੈ।
ਕੁਦਰਤ ਨੇ ਸਭ ਨੂੰ ਬਚਾ ਕੇ ਰੱਖਣ ਲਈ ਕਿਸੇ ਵੀ ਤਰ੍ਹਾਂ ਦੀ ਆਫ਼ਤ ਦਾ ਸਾਹਮਣਾ ਕਰਨ ਲਈ ਕੁਝ ਨਾ ਕੁਝ ਮੁਹੱਈਆ ਕਰਵਾਇਆ ਹੈ। ਕਿਸੇ ਨੂੰ ਤਿੱਖੇ ਦੰਦ, ਕਿਸੇ ਨੂੰ ਨਹੁੰ, ਕਿਸੇ ਨੂੰ ਡੰਗ ਤੇ ਜ਼ਹਿਰ ਅਤੇ ਕਿਸੇ ਨੂੰ ਤੇਜ਼ ਰਫ਼ਤਾਰੀ ਦੀ ਸਮਰੱਥਾ। ਮਨੁੱਖ ਕੋਲ ਨਹੁੰ ਵੀ ਨੇ, ਦੰਦ ਵੀ, ਤੇਜ਼ ਦੌੜਨ ਦੀ ਸਮਰੱਥਾ ਵੀ ਹੈ ਅਤੇ ਦਰੱਖਤ ਤੇ ਚੜ੍ਹ ਜਾਣ ਦਾ ਹੁਨਰ ਵੀ। ਇਨ੍ਹਾਂ ਦੇ ਨਾਲ ਹੀ ਬਹੁਤ ਵਿਲੱਖਣ ਗੁਣਾਂ ਵਾਲਾ ਦਿਮਾਗ ਵੀ। ਇਸ ਵਿਸ਼ੇਸ਼ਤਾ ਕਾਰਨ ਮਨੁੱਖ ਨੂੰ ਹਰ ਵਾਰੀ ਲੁਕਣ, ਭੱਜਣ ਦੀ ਲੋੜ ਨਹੀਂ ਪੈਂਦੀ ਸਗੋਂ ਹਾਲਾਤ ਨੂੰ ਸਮਝ ਕੇ ਨਜਿੱਠਣਾ ਵੀ ਆਉਂਦਾ ਹੈ। ਇਸ ਤਰ੍ਹਾਂ ਦੀ ਕਾਬਲੀਅਤ ਹੁੰਦਿਆਂ ਮਨੁੱਖ ਹੀ ਇਕੱਲਾ ਜੀਵ ਹੈ ਜੋ ਸੋਚ-ਸਮਝ ਕੇ ਆਪ ਮੌਤ ਨੂੰ ਕਲਾਵੇ ਵਿਚ ਲੈਂਦਾ ਹੈ। ਜੀਵ ਵਿਕਾਸ ਵਿਚ ਮਨੁੱਖ ਨੂੰ ਮੋਹਰੀ ਥਾਂ ਹਾਸਿਲ ਹੈ। ਇਹ ਸਥਾਨ ਉਸ ਨੇ ਕੁਦਰਤ ਨਾਲ ਸਮੇਂ ਸਮੇਂ ਆਢਾ ਲਾਉਣ ਕਾਰਨ ਪ੍ਰਾਪਤ ਕੀਤਾ ਹੈ। ਇਹ ਸੰਘਰਸ਼ ਕੁਦਰਤ ਅੰਦਰ ਆਪਣੇ ਆਪ ਨੂੰ ਬਚਾ ਕੇ ਰੱਖਣ ਦਾ ਸੀ ਤੇ ਅੱਜ ਵੀ ਹੈ। ਕੁਦਰਤ ਨਾਲ ਹੋਏ ਇਸ ਸੰਘਰਸ਼ ਦੌਰਾਨ ਕੁਦਰਤੀ ਆਫ਼ਤਾਂ ਤੋਂ ਘਬਰਾ ਕੇ ਮਨੁੱਖ ਨੂੰ ਕਦੇ ਖ਼ੁਦਕੁਸ਼ੀ ਦਾ ਖ਼ਿਆਲ ਨਹੀਂ ਆਇਆ। ਨਾ ਹੀ ਅਜਿਹਾ ਵਰਤਾਰਾ ਅੱਜ ਤੱਕ ਕਿਸੇ ਹੋਰ ਜੀਵ ਵਿਚ ਦੇਖਣ ਨੂੰ ਮਿਲਿਆ ਹੈ। ਜੇਕਰ ਸਮਝੀਏ ਤਾਂ ਖ਼ੁਦਕੁਸ਼ੀ ਵਰਗਾ ਵਰਤਾਰਾ ਮਨੁੱਖ ਨੇ ਸਮਾਜ ਸਿਰਜ ਕੇ ਉਸ ਵਿਚ ਰਹਿਣ ਦੇ ਚਲਨ ਤਹਿਤ ਜਦੋਂ ਜਿਊਣਾ ਸ਼ੁਰੂ ਕੀਤਾ, ਉਸ ਕਾਰਜ ਸ਼ੈਲੀ ਵਿਚੋਂ ਕਿਤੇ ਖ਼ੁਦਕੁਸ਼ੀ ਦੀ ਪੈਦਾਇਸ਼ ਹੋਈ। ਖ਼ੁਦਕੁਸ਼ੀ ਕੁਦਰਤ ਦਾ ਅਮਲ ਨਹੀਂ। ਇਸ ਤਰ੍ਹਾਂ ਖ਼ੁਦਕੁਸ਼ੀ ਸਮਾਜਿਕ ਹਾਲਾਤ ਦੀ ਦੇਣ ਹੈ ਤੇ ਇਸ ਨੂੰ ਸਮਝਣ ਲਈ ਸਮਾਜ ਦੀਆਂ ਪਰਤਾਂ ਸਮਝਣ ਦੀ ਲੋੜ ਹੈ। ਇਸ ਪ੍ਰਸੰਗ ਵਿਚ ਖ਼ੁਦਕੁਸ਼ੀ ਕਰਨ ਵਾਲੇ ਜਾਂ ਅਸਫ਼ਲ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਉੱਤੇ ਝਾਤ ਮਾਰੀਏ ਤਾਂ ਅਨੇਕਾਂ ਹੀ ਸਰਵੇਖਣਾਂ ਦੇ ਆਧਾਰ ਤੇ ਕਾਰਨਾਂ ਦੀ ਲੰਮੀ ਸੂਚੀ ਤਿਆਰ ਹੋ ਸਕਦੀ ਹੈ। ਤਣਾਅ, ਉਦਾਸੀ, ਬੇਗਾਨਗੀ ਦੇ ਅਹਿਸਾਸ, ਤੇ ਫਿਰ ਹੀਣਭਾਵਨਾ ਵਿਚੋਂ ਖ਼ੁਦਕੁਸ਼ੀ ਆਖਰੀ ਕਦਮ ਹੈ। ਇਹ ਭਾਵ ਹਰ ਉਮਰ ਵਿਚ ਦੇਖਣ ਨੂੰ ਮਿਲਦੇ ਹਨ। ਨੌਜਵਾਨੀ ਨੂੰ ਮੁਕਾਬਲੇਬਾਜ਼ੀ ਵਿਚ ਧੱਕੇ ਜਾਣ ਤੇ ਕੁਝ ਪ੍ਰਾਪਤ ਕਰਨ ਦਾ ਦਬਾਅ, ਬੁਢਾਪੇ ਵਿਚ ਜ਼ਿੰਦਗੀ ਦੇ ਮੁਲੰਕਣ ਰਾਹੀਂ ਆਪਣੀ ਥਾਂ ਲੱਭਣ ਦੀ ਪ੍ਰੇਸ਼ਾਨੀ। ਔਰਤ ਦੀ ਹਾਲਤ ਬਾਰੇ ਤਾਂ ਅਸੀਂ ਸਾਰੇ ਜਾਣੂ ਹਾਂ ਕਿ ਉਹ ਆਪਣੀ ਜ਼ਿੰਦਗੀ ਦੇ ਦੋ ਘਰਾਂ ਵਿਚ ਆਪਣੀ ਪਛਾਣ ਹੀ ਲੱਭਦੀ ਰਹਿੰਦੀ ਹੈ। ਇਨ੍ਹਾਂ ਹਾਲਾਤ ਵਿਚ ਵੀ ਹੋਰ ਅਨੇਕਾਂ ਸੂਖ਼ਮ ਕਾਰਨ ਹਨ ਪਰ ਜੇ ਇਨ੍ਹਾਂ ਵਿਚੋਂ ਦੋ ਕੇਂਦਰੀ ਬਿੰਦੂਆਂ ਦੀ ਗੱਲ ਕਰਨੀ ਹੋਵੇ ਤਾਂ ਹਰ ਹਾਲਾਤ ਵਿਚ ਇਹ ਹਨ- ਕੋਈ ਉਮੀਦ ਨਜ਼ਰ ਨਾ ਆਉਣੀ, ਹਰ ਪਾਸੇ ਧੁੰਦਲਕਾ ਅਤੇ ਇਸ ਨਾ-ਉਮੀਦੀ ਵਿਚ ਕੋਈ ਵੀ ਥਾਪੜਾ ਨਾ ਦੇਣ ਵਾਲਾ, ਹਿੰਮਤ ਵਧਾਉਣ ਵਾਲਾ ਜਾਂ ਹੱਥ ਵਿਚ ਹੱਥ ਲੈਣ ਵਾਲਾ ਨਾ ਹੋਣਾ; ਮਤਲਬ ਨਾ-ਉਮੀਦੀ ਤੇ ਬੇਸਹਾਰਾ ਹੋਣ ਦਾ ਅਹਿਸਾਸ ਤੇ ਨਤੀਜਾ ਇਹ ਨਿਕਲਦਾ ਹੈ: ਫਿਰ ਜੀਅ ਕੇ ਕੀ ਕਰਨਾ ਹੈ! ਦੁਨੀਆ ਜਾਂ ਸਾਡੇ ਮੁਲਕ ਵਿਚ ਕਿੰਨੇ ਲੋਕ ਉਦਾਸ ਹਨ, ਕਿੰਨੇ ਖ਼ੁਦਕੁਸ਼ੀ ਕਰਦੇ ਹਨ ਤੇ ਕਿੰਨੇ ਕੋਸ਼ਿਸ਼ ਕਰਦੇ ਹਨ ਅਤੇ ਉਹ ਖ਼ੁਦਕੁਸ਼ੀ ਲਈ ਕੀ ਢੰਗ ਵਰਤਦੇ ਹਨ, ਇਹ ਸਭ ਇੰਨਾ ਮਹੱਤਵਪੂਰਨ ਨਹੀਂ ਹੈ ਜਿੰਨਾ ਇਹ ਕਿ ਉਨ੍ਹਾਂ ਨੂੰ ਖ਼ੁਦਕੁਸ਼ੀ ਦੇ ਪੜਾਅ ਤੱਕ ਪਹੁੰਚਣ ਹੀ ਕਿਉਂ ਦਿੱਤਾ ਗਿਆ। ਇਕ ਭਰੇ-ਭੁਕੰਨੇ ਪਰਿਵਾਰ ਅਤੇ ਦੋਸਤਾਂ ਦੇ ਮੇਲੇ ਵਿਚੋਂ ਕਿਸੇ ਨੂੰ ਇਕ ਪਲ ਲਈ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਅਜਿਹਾ ਗੰਭੀਰ ਹਾਦਸਾ ਵਾਪਰ ਸਕਦਾ ਹੈ। ਖ਼ੁਦਕੁਸ਼ੀ ਦੀ ਵਾਰਦਾਤ ਇਕ ਮਿੰਟ ਵਿਚ ਉਬਾਲ ਵਾਂਗ ਨਹੀਂ ਹੁੰਦੀ, ਭਾਵੇਂ ਕਿਹਾ ਇਹ ਜਾਂਦਾ ਹੈ ਕਿ ਰਾਤੀਂ ਬੱਸ ਪਿਤਾ ਨਾਲ ਝੜਪ ਹੋ ਗਈ, ਪਤੀ ਨਾਲ ਤਕਰਾਰ ਹੋ ਗਿਆ ਜਾਂ ਦਫਤਰ ਵਿਚ ਬੌਸ ਨਾਲ ਕਿਹਾ-ਸੁਣੀ ਹੋ ਗਈ, ਪਰ ਉਹ ਪਲ ਤ੍ਰੇੜ ਪੈ ਚੁੱਕੇ ਪੱਥਰ ਲਈ ਆਖਰੀ ਵਾਰ ਹੁੰਦਾ ਹੈ, ਜਦੋਂਕਿ ਤਣਾਅ ਤੇ ਨਿਰਾਸ਼ਾ ਦੇ ਆਲਮ ਵਿਚ ਲੰਘਦੇ ਹੋਏ ਬੰਦੇ ਵੱਲੋਂ ਨਿਰਾਸ਼ ਸ਼ਬਦਾਂ ਦੀ ਚੋਣ, ਖਾਣ-ਪੀਣ, ਪਹਿਨਣ ਵਿਚ ਉਤਸ਼ਾਹ ਨਾ ਹੋਣਾ, ਸਮਾਜਿਕ ਸਮਾਗਮਾਂ ਵਿਚ ਜਾਣ ਲਈ ਪਾਸਾ ਵੱਟਣਾ ਆਦਿ ਵਿਹਾਰ ਸੰਕੇਤ ਕਰ ਰਹੇ ਹੁੰਦੇ ਹਨ ਕਿ ਉਸ ਨਾਲ ਗੱਲ ਕੀਤੀ ਜਾਵੇ, ਪਰ ਨਾ ਹੀ ਸਾਡੇ ਵਿਚ ਗੰਭੀਰਤਾ ਹੈ ਤੇ ਨਾ ਹੀ ਸਾਡੇ ਕੋਲ ਸਮਾਂ। ਇਹ ਠੀਕ ਹੈ ਕਿ ਬਹੁਤ ਵਾਰੀ ਗੱਲ ਦੀ ਗੰਭੀਰਤਾ ਅੰਕੜਿਆਂ ਵਿਚ ਸਿਮਟ ਜਾਂਦੀ ਹੈ ਪਰ ਉਹ ਕਈ ਪੱਖਾਂ ਤੋਂ ਹਾਲਾਤ ਨੂੰ ਸਮਝਣ ਵਿਚ ਮਦਦ ਵੀ ਕਰਦੀ ਹੈ, ਜੇਕਰ ਉਹ ਸੰਵੇਦਨਸ਼ੀਲਤਾ ਨਾਲ ਵਿਚਾਰੇ-ਪਰਖੇ ਜਾਣ। ਸਾਡੇ ਮੁਲਕ ਵਿਚ ਖ਼ੁਦਕੁਸ਼ੀ ਦੀ ਜਦੋਂ ਵੀ ਗੱਲ ਚਲਦੀ ਹੈ ਤਾਂ ਕਿਸਾਨਾਂ ਦੀ ਖ਼ੁਦਕੁਸ਼ੀ ਨੂੰ ਲੈ ਕੇ ਹੁੰਦੀ ਹੈ ਤੇ ਇਹ ਸਿਆਸੀ ਮੁੱਦਾ ਵੀ ਬਣਦੀ ਹੈ ਤੇ ਵੋਟ-ਪ੍ਰਾਪਤੀ ਨਾਲ ਵੀ ਜੁੜਦੀ ਹੈ, ਪਰ ਕੁਝ ਖ਼ੁਦਕੁਸ਼ੀਆਂ ਵਿਚੋਂ ਸਭ ਤੋਂ ਵੱਧ ਦਰ ਨੌਜਵਾਨਾਂ ਦੀ ਹੈ ਜੋ ਤਕਰੀਬਨ ਹਰ 4 ਮਿੰਟਾਂ ਵਿਚ ਇਕ ਹੈ। ਦੁਨੀਆ ਭਰ ਵਿਚ ਨੌਂ ਲੱਖ ਨੌਜਵਾਨ ਖ਼ੁਦਕੁਸ਼ੀ ਕਰਦੇ ਹਨ ਤੇ ਇਨ੍ਹਾਂ ਵਿਚੋਂ ਤਕਰੀਬਨ 1.35 ਲੱਖ ਸਾਡੇ ਮੁਲਕ ਤੋਂ ਹਨ। ਔਰਤਾਂ ਵਿਚ ਖ਼ੁਦਕੁਸ਼ੀ ਕਰਨ ਲਈ ਕੋਸ਼ਿਸ਼ਾਂ ਵੱਧ ਹੁੰਦੀਆਂ ਪਰ ਕਰਨ ਵਾਲਿਆਂ ਵਿਚੋਂ ਮਰਦਾਂ ਦੀ ਗਿਣਤੀ ਵੱਧ ਹੈ। ਉਦਾਸੀ ਔਰਤਾਂ ਵਿਚ ਪੁਰਸ਼ਾਂ ਤੋਂ ਦੁੱਗਣੀ ਹੁੰਦੀ ਹੈ ਪਰ ਨਸ਼ੇ ਮਰਦ ਵੱਧ ਕਰਦੇ ਹਨ। ਇਸ ਨੂੰ ਸਮਾਜਿਕ ਪ੍ਰਸੰਗ ਵਿਚ ਵਿਚਾਰਿਆ ਜਾ ਸਕਦੇ ਹੈ। ਉਪਰ ਅਸੀਂ ਦੋ ਮੁੱਖ ਅਹਿਸਾਸ ਦੀ ਗੱਲ ਕੀਤੀ ਹੈ ਜਿਸ ਨੂੰ ਸਮਾਜਿਕ ਰਿਸ਼ਤਿਆਂ ਦੇ ਨਜ਼ਰੀਏ ਤੋਂ ਦੇਖਣ-ਸਮਝਣ ਦੀ ਲੋੜ ਹੈ। ਸਮਾਜ ਹੈ ਹੀ ਆਪਸੀ ਰਿਸ਼ਤਿਆਂ ਦੇ ਤਾਣੇ-ਬਾਣੇ ਦਾ ਨਾਂ। ਅਸੀਂ ਦੇਖ ਸਕਦੇ ਹਾਂ ਕਿ ਮੌਜੂਦਾ ਸਮੇਂ ਦੌਰਾਨ ਰਿਸ਼ਤਿਆਂ ਵਿਚ ਦੂਰੀ ਜ਼ਰੂਰ ਵਧੀ ਹੈ ਪਰ ਜਿਹੜੀ ਗੱਲ ਸਭ ਤੋਂ ਵੱਧ ਧਿਆਨ ਮੰਗਦੀ ਹੈ, ਉਹ ਹੈ ਆਪਸੀ ઠਵਿਸ਼ਵਾਸ ਦੀ ਘਾਟ। ਇਸ ਨੂੰ ਕਈ ਪੱਖਾਂ ਤੋਂ ਸਮਝਿਆ ਜਾ ਸਕਦਾ ਹੈ। ਉਂਜ ਡੂੰਘਾਈ ਅਤੇ ਜੜ੍ਹ ਤੱਕ ਜਾਣ ਦੀ ਹੱਦ ਤੱਕ ‘ਡੈੱਡਲਾਈਨ’ ਵਰਗੀ ਕਾਰਜ ਸ਼ੈਲੀ ਦੀ ਅੰਨ੍ਹੀ ਦੌੜ, ਸਭ ਨੂੰ ਲਤਾੜਦੇ ਹੋਏ ਅੱਗੇ ਵਧਣ ਦੀ ਹੋੜ। ਫਿਰ ਸਾਰੇ ਰਿਸ਼ਤੇ ਬੇਮਾਇਨੇ ਹੋ ਜਾਂਦੇ ਹਨ। ਦੁਨੀਆ ਭਰ ਦਾ ਵਰਤਾਰਾ 10/90 ਦੇ ਸਿਰਲੇਖ ਹੇਠ ਚਿਤਰਿਆ ਜਾ ਰਿਹਾ ਹੈ। ਦੁਨੀਆ ਦੀ ਦੌਲਤ 10 ਫ਼ੀਸਦੀ ਹੱਥਾਂ ਵਿਚ ਹੈ, ਜਿੰਨੀ ਬਾਕੀ 90 ਫ਼ੀਸਦੀ ਕੋਲ। ਦੌਲਤ ਸਾਡੇ ਆਧੁਨਿਕ ਯੁੱਗ ਦਾ ਵਿਕਾਸ ਸੂਚਕ ਹੈ। ਪ੍ਰਤੀ ਵਿਅਕਤੀ ਆਮਦਨ। ਇਹ ਸਮੇਂ-ਸਮੇਂ ਬਦਲੇ/ਸੋਧੇ ਜਾਂਦੇ ਹਨ ਅਤੇ ਹਰ ਕੋਈ ਆਪੋ-ਆਪਣੇ ਖੇਮੇ ਵਿਚ ਇਨ੍ਹਾਂ ਨੂੰ ਵਿਚਾਰਦਾ ਹੈ ਪਰ ਇਕ ਪਾਸਾ ਹੋਰ ਹੈ: ਕੀ ਇਨ੍ਹਾਂ ਨੂੰ ਨੀਂਦ ਦੀ ਗੋਲੀ ਖਾ ਕੇ ਸੌਣ ਵਾਲੇ ਲੋਕਾਂ ਦੀ ਤਾਦਾਦ ਨਾਲ ਜੋੜ ਕੇ ਦੇਖਿਆ ਜਾਂਦਾ ਹੈ? ਮਨੁੱਖੀ ਵਿਕਾਸ ਦੀ ਗੱਲ ਕਰਾਂਗੇ ਤਾਂ ਸਾਡੇ ਕੋਲ ਬਹੁਤ ਕੁਝ ਹੈ, ਕਹਿਣ ਨੂੰ ਚੰਨ ਉੱਤੇ ਪਹੁੰਚ ਗਏ, ਮੰਗਲ ਗ੍ਰਹਿ ‘ਤੇ ਘਰ ਪਾਉਣ ਦੀ ઠਚਾਹਤ। ਰੋਬੋਟ, ਕੰਪਿਊਟਰ ਤੇ ਨਾਲ ਹੀ ਇਹ ਵੀ ਸੱਚ ਹੈ ਕਿ ਬਿਮਾਰੀਆਂ ਨਾਲ ਪੀੜਤ ਹੋਣ ਵਾਲੇ ਕਾਰਨਾਂ ਵਿਚੋਂ ਪਹਿਲਾ ਨੰਬਰ ਦਿਲ ਦੇ ਰੋਗਾਂ ਦਾ ਹੈ ਤੇ ਦੂਸਰਾ ਉਦਾਸੀ ਰੋਗ ਦਾ। ਹੁਣ ਜਿਸ ਰਫ਼ਤਾਰ ਨਾਲ ਉਦਾਸੀ ਵਧ ਰਹੀ ਹੈ, ਉਦਾਸੀ ਪਹਿਲਾ ਥਾਂ ਹਾਸਲ ਕਰਨ ਵੱਲ ਜਾ ਰਹੀ ਹੈ। ਉਦਾਸੀ ਅਤੇ ਵਿਕਾਸ! ਪ੍ਰਾਪਤੀਆਂ ਅਤੇ ਨਿਰਾਸ਼ਾ! ਕੀ ਇਹ ਵਿਰੋਧਾਭਾਸ ਨਹੀਂ? ਕੁਝ ਹਾਸਿਲ ਕਰਕੇ ਤਾਂ ਖੁਸ਼ੀ ਹੁੰਦੀ ਹੈ, ਆਪਣੀ ਕਾਢ ‘ਤੇ ਮਾਣ ਹੁੰਦਾ ਹੈ। ਫਿਰ ਇਹ ਕੀ? ਮਤਲਬ ਕਿਤੇ ਨਾ ਕਿਤੇ ਘਾਟ ਹੈ। ਖੁਸ਼ਹਾਲੀ ਹੈ, ਖੁਸ਼ੀ ਨਹੀਂ ਹੈ। ਆਦਮੀ ਪ੍ਰਾਪਤੀਆਂ ਕਰਦਾ ਦੌੜ ਰਿਹਾ ਹੈ। ਸਭ ਨੂੰ ਪਿੱਛੇ ਛੱਡਦਾ, ਧਕੇਲਦਾ ਤੇ ਫਿਰ ਨਿਸ਼ਾਨੇ ਉੱਤੇ ਪਹੁੰਚ ਕੇ ਆਲੇ-ਦੁਆਲੇ ਦੇਖਦਾ ਹੈ, ਕੋਈ ਨਹੀਂ ਹੁੰਦਾ। ਐਨ ਇਕੱਲਾ! ਗੱਲ ਕਿਸ ਨਾਲ ਸਾਂਝੀ ਕਰੇ। ਪ੍ਰਾਪਤੀ ਦੀ ਖੁਸ਼ੀ ਢਹਿ-ਢੇਰੀ ਹੋ ਜਾਂਦੀ ਹੈ। ਸਮੇਂ ਨੇ ਸਾਨੂੰ ਫਿਰ ਅੰਦਰੋਂ ਨਿਰਾਸ਼ ਹੁੰਦਿਆਂ, ਬਾਹਰੋਂ ਖੁਸ਼ ਅਤੇ ਚਮਕ-ਦਮਕ ਬਣਾ ਕੇ ਰੱਖਣਾ ਵੀ ਸਿਖਾਇਆ ਹੈ। ਦੋ ਸਾਲ ਪਹਿਲਾਂ ਵਿਸ਼ਵ ਸਿਹਤ ਸੰਸਥਾ ਨੇ ਦੁਨੀਆ ਦਾ ਧਿਆਨ ਇਸ ਹਾਲਤ ਵੱਲ ਖਿੱਚਿਆ ਸੀ, ਜਦੋਂ ਇਹ ਕਿਹਾ- ਉਦਾਸੀ: ਆਉ ਗੱਲਾਂ ਕਰੀਏ। ਭਾਵ ਸਪੱਸ਼ਟ ਸੀ ਕਿ ਸੰਵਾਦ ਦੀ ਤੰਦ ਨਾ ਤੋੜੀਏ ਪਰ ਗੱਲਾਂ ਕਿਸ ਨਾਲ ਕਰੀਏ? ਹੈ ਕੋਈ ਮਨ ਦੀ ਹਾਲਤ ਸੁਣਨ/ਸਮਝਣ ਵਾਲਾ? ਕੌਣ ਮੇਰੀ ਗੱਲ ਨੂੰ ਗੰਭੀਰਤਾ ਨਾਲ ਸੁਣੇਗਾ? ਦਰਦ ਨੂੰ ਮਹਿਸੂਸ ਕਰੇਗਾ? ਇਸ ਵਿਚ ਦੋ ਮੁੱਖ ਗੱਲਾਂ ਹਨ। ਪਹਿਲੀ ਹੈ ਸੁਣਨਾ ਅਤੇ ਦੂਸਰਾ ਹੈ ਦਰਦ ਨੂੰ ਗੰਭੀਰਤਾ ਨਾਲ ਲੈਣਾ। ‘ਨਾਨਕ ਦੁਖੀਆ ਸਭ ਸੰਸਾਰ’ ਦੀ ਭਾਵਨਾ ਉਦਾਸੀ ਰੋਗ ਵਿਚ ਕਾਰਗਰ ਨਹੀਂ ਹੁੰਦੀ- ‘ਕੀ ਤੂੰ ਇਕੱਲਾ ਹੀ ਦੁਖੀ ਹੈਂ?’ ਜਿਹੀ ਸਲਾਹ ਸਗੋਂ ਬੰਦੇ ਨੂੰ ਵੱਧ ਦੁਖੀ ਕਰਦੀ ਹੈ। ਹਿੰਮਤ, ਥਾਪੀ, ਇਹ ਅਹਿਸਾਸ ਕਿ ਘਬਰਾ ਨਾ, ਮੈਂ ਤੇਰੇ ਨਾਲ ਹਾਂ, ਹੀ ਅਸਲ ਇਲਾਜ ਹੈ; ਤਣਾਅ, ਉਦਾਸੀ ਘੱਟ ਕਰਨ ਅਤੇ ਬੰਦੇ ਨੂੰ ਖ਼ੁਦਕੁਸ਼ੀ ਦੇ ਫੈਸਲੇ ਤੋਂ ਵਾਪਸ ਮੋੜ ਲਿਆਉਣ ਦਾ।
ੲੲੲ

Check Also

ਦਲ ਬਦਲੂਆਂ ਨੇ ਦਲਦਲ ‘ਚ ਸੁੱਟਿਆ ਭਾਰਤੀ ਲੋਕਤੰਤਰ

ਗੁਰਮੀਤ ਸਿੰਘ ਪਲਾਹੀ ਭਾਰਤ ਦੇ ਸੂਬੇ ਰਾਜਸਥਾਨ ਵਿੱਚ ਕਾਂਗਰਸ ਦੇ 19 ਵਿਧਾਇਕ ਸਚਿਨ ਪਾਇਲਟ ਦੀ …