Breaking News
Home / ਮੁੱਖ ਲੇਖ / ਗੈਰ-ਕਾਨੂੰਨੀ ਪਰਵਾਸ, ਦਲਾਲਾਂ ਦਾ ਜਾਲ ਅਤੇ ਬੇਰੁਜ਼ਗਾਰੀ

ਗੈਰ-ਕਾਨੂੰਨੀ ਪਰਵਾਸ, ਦਲਾਲਾਂ ਦਾ ਜਾਲ ਅਤੇ ਬੇਰੁਜ਼ਗਾਰੀ

ਗੁਰਮੀਤ ਸਿੰਘ ਪਲਾਹੀ

ਛੋਟੀ ਮੋਟੀ ਨੌਕਰੀ ਲਈ ਲੋਕਾਂ ਦਾ ਅਣਦਿਸਦੇ ਰਾਹਾਂ ਉਤੇ ਨਿਕਲ ਜਾਣਾ ਇਹ ਦਰਸਾਉਂਦਾ ਹੈ ਕਿ ਦੇਸ਼ ਭਾਰਤ ਵਿੱਚ ਅਸੰਗਿਠਤ ਖੇਤਰ ਵਿੱਚ ਰੁਜ਼ਗਾਰ ਦੇ ਹਾਲਤ ਕਿੰਨੇ ਭੈੜੇ ਹਨ। ਇਹੋ ਜਿਹੀਆਂ ਹਾਲਤਾਂ ਵਿੱਚ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਦੇਸ਼ ਦੇ ਕੋਨੇ-ਕੋਨੇ ਦਲਾਲਾਂ ਦਾ ਇਸ ਕਿਸਮ ਦਾ ਤੰਤਰ ਵਿਛਿਆ ਹੋਇਆ ਹੈ ਕਿ ਜੋ ਉਹਨਾ ਨੂੰ ਝੂਠੇ ਦਿਲਾਸੇ ਦੇਕੇ, ਝੂਠ ਫਰੇਬ ‘ਚ ਫਸਾ ਕੇ, ਜੋਖਮ ਭਰੇ ਇਲਾਕਿਆਂ ਵਿੱਚ ਭੇਜ ਦਿੰਦਾ ਹੈ। ਕਈ ਵੇਰ ਤਾਂ ਇਸ ਕਿਸਮ ਦੀ ਵਿਦੇਸ਼ ਯਾਤਰਾ ਉਹਨਾ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਕੀ ਕੋਈ 25 ਦਸੰਬਰ, 1996 ਨੂੰ ਵਾਪਰੇ ”ਮਾਲਟਾ ਕਾਂਡ” ਨੂੰ ਭੁਲ ਸਕਦਾ ਹੈ, ਜਿਸ ਵਿੱਚ 283 ਨੌਜਵਾਨ, ਜਿਹੜੇ ਬੇੜੀ ਰਾਹੀਂ ਸਮੁੰਦਰ ਪਾਰ ਕਰਕੇ ਇਟਲੀ ਜਾ ਰਹੇ ਹਨ, ਸਮੁੰਦਰ ਵਿੱਚ ਹੀ ਡੁੱਬ ਮਰੇ ਸਨ।
ਰੋਟੀ ਕਮਾਉਣ ਗਏ 39 ਮਜ਼ਦੂਰ, ਜਿਸ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਸੀ, ਇਰਾਕ ਵਿੱਚ ਆਈ ਐਸ ਅਤਿਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ। ਇਹ ਇਕ ਇਹੋ ਜਿਹਾ ਦੁਖਾਂਤ ਹੈ ਜੋ ਚਾਰ ਸਾਲ ਪਹਿਲਾਂ ਵਾਪਰਿਆ ਪਰ ਇਸ ਘਟਨਾ ਦੀ ਪੁਸ਼ਟੀ ਹੁਣ ਹੋਈ ਹੈ। ਕੰਮ ਦੀ ਭਾਲ ਵਿੱਚ ਦੂਜੇ ਦੇਸ਼ ਜਾਕੇ ਸਮੂਹ ਵਿੱਚ ਅਤੰਕਵਾਦੀਆਂ ਦੇ ਹੱਥੀਂ ਮਾਰੇ ਜਾਣ ਤੋਂ ਵੱਡਾ ਦੁੱਖ ਹੋਰ ਕਿਹੜਾ ਹੋ ਸਕਦਾ ਹੈ, ਪਰੰਤੂ ਮੌਤ ਦੇ ਲਗਭਗ ਚਾਰ ਸਾਲ ਤੱਕ ਇਸਦਾ ਪਤਾ ਹੀ ਨਾ ਲੱਗਣਾ, ਹੋਰ ਵੀ ਦੁੱਖਦਾਈ ਹੈ। ਇਸ ਦੁਖਾਂਤ ਤੋਂ ਪੀੜਤ ਉਹਨਾ ਮਾਪਿਆਂ ਦੇ ਦੁੱਖ ਦੀ ਸਿਰਫ ਕਲਪਨਾ ਹੀ ਕੀਤੀ ਜਾ ਸਕਦੀ ਹੈ ਕਿ ਇਸ ਦੌਰਾਨ ਉਹਨਾ ਨਾਲ ਕਿਵੇਂ ਗੁਜਰੀ ਹੋਏਗੀ? ਕਿਵੇਂ ਕਦੇ ਆਸ, ਕਦੇ ਬੇਆਸ ਵਿੱਚ ਉਹਨਾ ਦਿਨ ਕਟੀ ਕੀਤੀ ਹੋਏਗੀ ਅਤੇ ਆਪਣੇ ਕਮਾਊ ਪੁੱਤਾਂ ਨੂੰ ਹੱਥੋਂ ਗੁਆਕੇ ਉਹਨਾ ਆਪਣੀ ਰੋਟੀ-ਰੋਜ਼ੀ ਦਾ ਹੀਲਾ-ਵਸੀਲਾ ਕਿਵੇਂ ਕੀਤਾ ਹੋਏਗਾ? ਇਹ ਮਾਰੇ ਗਏ ਲੋਕ 35000 ਰੁਪਏ ਮਹੀਨਾ ਦੀ ਨੌਕਰੀ ਲਈ ਇਰਾਕ ਗਏ ਸਨ।
ਇਹ ਘਟਨਾ ਚਾਰ ਸਾਲ ਪਹਿਲਾਂ ਮੂਸਲ ਵਿੱਚ ਵਾਪਰੀ। 40 ਭਾਰਤੀਆਂ ਵਿੱਚੋਂ ਇੱਕ ਵਿਅਕਤੀ ਇਸ ਘਟਨਾ ਵਿਚੋਂ ਬਚ ਗਿਆ। ਜਿਸਨੇ ਭਾਰਤ ਸਰਕਾਰ ਤੱਕ ਪਹੁੰਚ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪਰ ਉਸ ਨੂੰ ਚੁੱਪ ਰਹਿਣ ਲਈ ਆਖਿਆ ਗਿਆ। ਪਿਛਲੇ ਸਾਲ ਜੁਲਾਈ ਵਿੱਚ ਮੂਸਲ (ਇਰਾਕ) ਉਤੋਂ ਅਤੰਕੀਆਂ ਦਾ ਕਬਜ਼ਾ ਛੁਡਾ ਲਿਆ ਗਿਆ।
ਰਾਡਾਰ ਦੀ ਸਹਾਇਤਾ ਨਾਲ ਇੱਕ ਸਮੂਹਿਕ ਕਬਰ ਦਾ ਪਤਾ ਲੱਗਾ। ਕਬਰਾਂ ਵਿੱਚੋਂ ਸਰੀਰ ਕੱਢਕੇ ਇਹਨਾ ਦਾ ਡੀ ਐਨ ਏਸ ਟੈਸਟ ਕਰਵਾਇਆ ਗਿਆ। ਜਿਸਦੇ ਮਿਲਾਣ ਤੋਂ ਬਾਅਦ ਪੁਸ਼ਟੀ ਹੋਈ ਕਿ ਇਹ ਮਾਰੇ ਗਏ ਲੋਕ ਭਾਰਤ ਦੇ ਹਨ!
ਇਰਾਕ ਵਰਗਾ ਮੁਲਕ ਜਿਥੇ ਅਤੰਕ ਦਾ ਬੋਲਬਾਲਾ ਰਿਹਾ ਹੈ, ਉਸ ਇਲਾਕੇ ਵਿੱਚ ਵੀ ਭਾਰਤੀ ਲੋਕਾਂ ਦਾ ਮਜ਼ਬੂਰੀ ਵਿੱਚ ਪਹੁੰਚ ਜਾਣਾ ਜਾਂ ਦਲਾਲ ਏਜੰਟਾਂ ਵਲੋਂ ਪਹੁੰਚਾ ਦਿੱਤਾ ਜਾਣਾ, ਮਨੁੱਖੀ ਤਸਕਰੀ ਦੀ ਵੱਡੀ ਉਦਾਹਰਨ ਹੈ। ਮਨੁੱਖੀ ਤਸਕਰ ਪੂਰੇ ਦੇਸ਼ ਵਿੱਚ ਆਪਣਾ ਜਾਲ ਬਿਠਾਈ ਬੈਠੇ ਹਨ। ਨਿੱਤ ਦਿਹਾੜੇ ਏਜੰਟਾਂ ਵਲੋਂ ਲੋਕਾਂ ਨਾਲ ਠੱਗੀ-ਠੋਰੀ ਦੀਆਂ ਘਟਨਾਵਾਂ ਅਖਬਾਰੀ ਚਰਚਾ ‘ਚ ਸੁਰਖੀਆਂ ਬਣਦੀਆਂ ਹਨ, ਜਿਹੜੀਆਂ ਅਮਰੀਕਾ ਕੈਨੇਡਾ ‘ਚ ਨੌਜਵਾਨਾਂ ਨੂੰ ਪਹੁੰਚਾਉਣ ਲਈ ਲੱਖਾਂ ਦੀ ਹੋਈ ਠਗੀ ਦੀ ਦਾਸਤਾਨ ਬਿਆਨਦੀਆਂ ਹਨ। ਔਰਤਾਂ, ਲੜਕੀਆਂ ਨੂੰ ਅਰਬ ਦੇਸ਼ਾਂ ‘ਚ ਘਰੇਲੂ ਨੌਕਰਾਣੀਆਂ ਵਜੋਂ ਭੇਜਣ ਅਤੇ ਮੁੜ ਉਥੇ ਉਹਨਾ ਨਾਲ ਹੁੰਦੇ ਅਣ ਮਨੁੱਖੀ ਵਰਤਾਰੇ ਦੀਆਂ ਖਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ। ਠੱਗ-ਕਿਸਮ ਦੇ ਏਜੰਟ ਨੌਜਵਾਨਾਂ ਨੂੰ ਵਿਦੇਸ਼ਾਂ ‘ਚ ਪੱਕੀ ਰਿਹਾਇਸ਼ (ਪੀ ਆਰ) ਆਦਿ ਦਿਵਾਉਣ ਦੇ ਝਾਂਸੇ ਦੇ ਕੇ ਲੱਖਾਂ ਠਗਦੇ ਹਨ। ਸੈਂਕੜੇ ਨਹੀਂ, ਹਜ਼ਾਰਾਂ ਕੇਸ, ਪੁਲਿਸ ਕੋਲ ਇਸ ਸਬੰਧੀ ਦਰਜ਼ ਹਨ, ਪਰ ਇਸ ਕਿਸਮ ਦੇ ਵਪਾਰ ਨੂੰ ਠੱਲ ਨਹੀਂ ਪੈ ਰਹੀ। ਦੇਸ਼ ਵਿਚੋਂ, ਸੂਬੇ ਪੰਜਾਬ ਵਿਚੋਂ ਖਾਸ ਕਰਕੇ ਕਾਨੂੰਨੀ, ਗੈਰ-ਕਾਨੂੰਨੀ ਪ੍ਰਵਾਸ ਲਗਾਤਾਰ ਜਾਰੀ ਹੈ।
ਭਾਵੇਂ ਕਿ ਪੰਜਾਬੀਆਂ ਲਈ ਪ੍ਰਵਾਸ ਨਵਾਂ ਵਰਤਾਰਾ ਨਹੀਂ ਹੈ। ਸਦੀ ਪਹਿਲਾਂ ਤੋਂ ਹੀ ਪੰਜਾਬੀ ਕੈਨੇਡਾ, ਅਮਰੀਕਾ ਅਤੇ ਮਲਾਇਆ ਆਦਿ ਦੇਸ਼ਾਂ ਵਿੱਚ ਰੁਜ਼ਗਾਰ ਦੀ ਪਰਾਪਤੀ ਲਈ ਪੁੱਜੇ। ਪਰ ਸਤਰਵਿਆਂ ‘ਚ ਬਰਤਾਨੀਆਂ ਵੱਲ ਪੰਜਾਬੀਆਂ ਦੀਆਂ ਮੁਹਾਰਾਂ ਅਤੇ ਫਿਰ ਹਰ ਕਾਨੂੰਨੀ, ਗੈਰ-ਕਾਨੂੰਨੀ ਤਰੀਕਾ ਅਪਨਾਕੇ ਪੰਜਾਬ ਛੱਡਣਾ ਆਮ ਜਿਹੀ ਗੱਲ ਤੋਂ ਗਈ। ਲੰਦਨ ਦੇ ਇਕ ਅਖਬਾਰ ‘ਚ ਛਪੀ ਰਿਪੋਰਟ ਅਨੁਸਾਰ ਗੈਰ-ਕਾਨੂੰਨੀ ਤੌਰ ‘ਤੇ ਵਿਦੇਸ਼ ਭੇਜਣ ਵਾਲੀਆਂ ਹਜ਼ਾਰਾਂ ਹੀ ਕੰਪਨੀਆਂ ਪੰਜਾਬ ‘ਚ ਖੁਲ੍ਹੀਆਂ ਹੋਈਆਂ ਹਨ, ਜਿਹੜੀਆਂ ਕਹਿਣ ਨੂੰ ਤਾਂ ਕਾਨੂੰਨੀ ਹਨ, ਪਰ ਗੈਰ-ਕਾਨੂੰਨੀ ਢੰਗ ਆਪਣਾ ਕੇ, ਪਹਿਲਾਂ ਯੂਰਪ ਦਾ ਟੂਰਿਸਟ ਵੀਜ਼ਾ ਲਗਵਾਕੇ ਫਿਰ ਅੰਦਰੋ ਗਤੀ ਲੋਕਾਂ ਨੂੰ ਇੰਗਲੈਂਡ ਜਿਹੇ ਮੁਲਕਾਂ ‘ਚ ਵਾੜਨ ਦਾ ਕਾਰੋਬਾਰ ਕਰਦੀਆਂ ਹਨ, ਇਹਨਾ ਕੰਪਨੀਆਂ ਵਾਲਿਆਂ ਦਾ ਅਪਰਾਧਿਕ ਕਾਰੋਬਾਰ ਕਰਨ ਵਾਲੇ ਸਮਗਲਰਾਂ ਨਾਲ ਵੀ ਸਬੰਧ ਹੁੰਦਾ ਹੈ। ਰਿਪੋਰਟ ਅਨੁਸਾਰ ਪੰਜਾਬ ਰਹਿੰਦੇ ਲੋਕ ਪਹਿਲਾ ਪੁੱਜੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀਆਂ ਖਬਰਾਂ ਤੋਂ ਪ੍ਰੇਰਿਤ ਹੋਕੇ ਚੰਗੇ ਭਵਿੱਖ ਲਈ ਪ੍ਰਵਾਸ ਕਰਦੇ ਹਨ ਅਤੇ ਵਿਦੇਸ਼ ਪੁੱਜਣ ਲਈ ਹਰ ਤਰੀਕਾ ਅਪਨਾਉਂਦੇ ਹਨ।
ਪੰਜਾਬ ‘ਚ ਰਹਿਕੇ ਕ੍ਰਿਤ ਨਾ ਕਰਨ ਅਤੇ ਵਿਦੇਸ਼ ‘ਚ ਜਾਕੇ ਹਰ ਤਰ੍ਹਾਂ ਦਾ ਕੰਮ ਕਰਨ ਲਈ ਪੰਜਾਬੀ ਮਸ਼ਹੂਰ ਹੋ ਗਏ। ਨਜ਼ਦੀਕੀ ਰਿਸ਼ਤਿਆਂ ਦੀ ਅਹਿਮੀਅਤ ਭੁਲਕੇ ਨੇੜਲੇ ਰਿਸ਼ਤਿਆਂ ‘ਚ ਵਿਆਹ, ਫਿਰ ਆਇਲਿਟਸ ਕਰਕੇ ਜ਼ਾਅਲੀ ਵਿਆਹਾਂ ਦੀ ਲੜੀ ਨੇ ਪੰਜਾਬੀ ਭਾਈਚਾਰਕ ਰਿਸ਼ਤਿਆਂ ਉਤੇ ਭਰਵੀਂ ਸੱਟ ਮਾਰੀ ਪਰ ਪ੍ਰਵਾਸ ਦੇ ਕਾਨੂੰਨੀ, ਗੈਰ-ਕਾਨੂੰਨੀ ਕੰਮ ਲਗਾਤਾਰ ਜਾਰੀ ਰਹੇ। ਪੰਜਾਬ ‘ਚ ਸਮੇਂ ਸਮੇਂ ਹੋਈ ਮਾਰੋ-ਮਾਰੀ, ਘਾਟੇ ਦੀ ਖੇਤੀ ਤੋਂ ਪੰਜਾਬੀਆਂ ਦਾ ਮੋਹ ਟੁੱਟਣਾ, ਬੇਰੁਜ਼ਗਾਰੀ ‘ਚ ਵਾਧਾ ਆਦਿ ਵੀ ਪ੍ਰਵਾਸ ਦਾ ਕਾਰਨ ਬਣੇ, ਪਰ ਸਧਾਰਨ ਮਜ਼ਦੂਰ ਨੂੰ ਅਸੰਗਠਿਤ ਖੇਤਰ ਵਿੱਚ ਰੋਟੀ ਰੋਜ਼ੀ ਦਾ ਸਾਧਨ ਪੈਦਾ ਕਰਨ ‘ਚ ਨਾਕਾਮੀ ਵੀ ਵੱਡਾ ਕਾਰਨ ਬਣਿਆ।
ਖਾੜੀ ਦੇਸ਼ਾਂ ਵਿੱਚ ਪੰਜਾਬੀਆਂ ਦਾ ਪੁੱਜਣਾ ਇਸਦਾ ਵੱਡਾ ਪ੍ਰਮਾਣ ਹੈ, ਜਿਥੇ 15000ਰੁਪਏ ਮਾਸਿਕ ਤੱਕ ਦੀਆਂ ਨੌਕਰੀਆਂ ਲਈ ਵੀ ਘਰ-ਬਾਰ ਛੱਡਕੇ ਮਜ਼ਦੂਰੀ ਕਰਨ ਲਈ ਪੰਜਾਬੀ ਆਮ ਤੌਰ ‘ਤੇ ਪੁੱਜ ਜਾਂਦੇ ਹਨ। ਹੁਣ ਤਾਂ ਵੱਡੀ ਗਿਣਤੀ ‘ਚ ਪੰਜਾਬੀ ਲੜਕੀਆਂ ਵੀ ”ਘਰੇਲੂ ਨੌਕਰਾਣੀ” ਜਾਂ ਹੋਰ ਕੰਮਾਂ ਲਈ ਖਾੜੀ ਦੇਸ਼ਾਂ ‘ਚ ਪੁੱਜ ਜਾਂਦੀਆਂ ਹਨ ਭਾਵੇਂ ਕਿ ਸਰਦੇ ਪੁੱਜਦੇ ਘਰਾਂ ਦੇ ਨੌਜਵਾਨ ਜਾਂ ਔਖੇ ਸੌਖੇ ਭਾਰੀ ਭਰਕਮ ਫੀਸਾਂ ਇੱਕਠੀਆਂ ਕਰਕੇ ਆਇਲਿਟਸ ਪਾਸ ਕਰਕੇ, ਕੈਨੇਡਾ, ਅਸਟਰੇਲੀਆਂ, ਪੁੱਜਣ ਵਾਲੇ ਸਧਾਰਨ ਘਰਾਂ ਦੇ ਨੌਜਵਾਨਾਂ ਦਾ ਰੁਝਾਨ ਵੀ ਚਰਮ ਸੀਮਾ ਉਤੇ ਹੈ, ਜਿਥੇ ਉਹ ਇਸ ਆਸ ਨਾਲ ਪੁੱਜਦੇ ਹਨ ਕਿ ਪੜ੍ਹਾਈ ਕਰਕੇ ਉਹ ਪੀ.ਆਰ. (ਪੱਕੀ ਰਿਹਾਇਸ਼ ਦਾ ਦਰਜ਼ਾ) ਪ੍ਰਾਪਤ ਕਰ ਲੈਣਗੇ। ਪਰ ਇਹ ਸਭ ਕੁਝ ਕਰਨ ਲਈ ਉਹਨਾ ਦੇ ਮਾਪਿਆਂ ਨੂੰ ਘਰ-ਬਾਰ, ਖੇਤ, ਗਹਿਣੇ ਰੱਖਣੇ ਪੈਂਦੇ ਹਨ, ਕਰਜ਼ੇ ਲੈਣੇ ਪੈਂਦੇ ਹਨ। ਵਿਦੇਸ਼ ਪੁੱਜਕੇ ਇਹਨਾ ਨੌਜਵਾਨ ਯੁਵਕ, ਯੁਵਤੀਆਂ ਨੂੰ ਔਖੇ ਕੰਮ ਘੱਟ ਪੈਸੇ ਲੈਕੇ ਕਰਨੇ ਪੈਂਦੇ ਹਨ, ਅਤੇ ਇਕੋ ਕਮਰੇ ‘ਚ ਪੰਜ ਪੰਜ ਛੇ ਲੋਕਾਂ ਨੂੰ ਰਿਹਾਇਸ਼ ਰੱਖਣੀ ਪੈਂਦੀ ਹੈ, ਉਵੇਂ ਹੀ ਜਿਵੇਂ ਯੂ.ਪੀ., ਬਿਹਾਰ, ਤੋਂ ਪੰਜਾਬ ਆਏ ਮਜ਼ਦੂਰਾਂ ਨੂੰ ਅਤਿ ਦੇ ਮਾੜੇ ਹਾਲਤਾਂ ‘ਚ ਰਹਿਣ ਤੇ ਘੱਟ ਪੈਸਿਆਂ ਤੇ ਨੌਕਰੀ ਕਰਨੀ ਪੈਂਦੀ ਹੈ।
ਸੰਗਠਿਤ ਅਤੇ ਗੈਰ-ਸੰਗਠਿਤ ਖੇਤਰਾਂ ‘ਚ ਨੌਕਰੀਆਂ ਦੀ ਕਮੀ ਨੇ ਦੇਸ਼ ‘ਚ ਵਡੇਰਾ ਸੰਕਟ ਪੈਦਾ ਕੀਤਾ ਹੋਇਆ ਹੈ। ਯੂ. ਐਨ.ਓ.ਦੀ ਇੰਟਰਨੈਸ਼ਨਲ ਲੇਬਰ ਔਰਗੇਨਾਈਜੇਸ਼ਨ (ਆਈ ਐਲ ਓ) ਨੇ ਕਿਹਾ ਹੈ ਕਿ 2017 ‘ਚ 17.8 ਮਿਲੀਅਨ ਲੋਕ ਬੇਰੁਜ਼ਗਾਰ ਸਨ, ਜੋ ਪਿਛਲੇ ਸਾਲ 17.7 ਮਿਲੀਅਨ ਸਨ ਅਤੇ 2018 ‘ਚ ਵਧਕੇ 18 ਮਿਲੀਅਨ ਹੋ ਗਏ ਹਨ ਅਤੇ ਬੇਰੁਜ਼ਗਾਰੀ ਦਾ ਰੁਝਾਨ ਵਿੱਚ ਵਾਧਾ ਸਲਾਨਾ 3.4 ਫੀਸਦੀ ਉਤੇ ਟਿਕਿਆ ਹੋਇਆ ਹੈ।
ਕੁਲ 1.34 ਬਿਲੀਅਨ ਅਬਾਦੀ ਵਿਚੋਂ ਅੱਧੀ ਆਬਾਦੀ 25 ਸਾਲ ਦੀ ਉਮਰ ਤੋਂ ਘੱਟ ਹੈ। ਹਰ ਸਾਲ ਵੱਡੀ ਗਿਣਤੀ ਇਹ ਆਬਾਦੀ ਨੌਕਰੀਆਂ ਦੀ ਤਲਾਸ਼ ਵਿੱਚ ਆ ਬਹਿੰਦੀ ਹੈ। ਦੇਸ਼ ਦੀ ਕੁਲ ਆਬਾਦੀ ਦਾ 50.3 ਫੀਸਦੀ ਹਰ ਕਿਸਮ ਦੀ ਮਜ਼ਦੂਰੀ ‘ਚ ਲੱਗੇ ਲੋਕ ਹਨ। ਉਸ ਵਿਚੋਂ 46 ਫੀਸਦੀ ਲੋਕ ਖੇਤ ਮਜ਼ਦੂਰੀ ਨਾਲ ਜੁੜੇ ਹਨ ਜਦਕਿ 22 ਫੀਸਦੀ ਨਿਰਮਾਣ ਅਤੇ 32 ਫੀਸਦੀ ਸਰਵਿਸ ਸੈਕਟਰ ਨਾਲ ਜੁੜੇ ਹਨ। ਸਾਲ 2016 ਵਿੱਚ ਦੇਸ਼ ਵਿੱਚ ਬੇਰੁਜ਼ਗਾਰੀ ਦਰ 7.97 ਫੀਸਦੀ ਸੀ, ਜਿਸ ਵਿੱਚ ਪੇਂਡੂ ਖੇਤਰ ‘ਚ 7.15 ਫੀਸਦੀ ਅਤੇ ਸ਼ਹਿਰੀ ਖੇਤਰ ‘ਚ 9.62 ਫੀਸਦੀ ਸੀ। ਮਗਨਰੇਗਾ ਦੇ ਲਾਗੂ ਹੋਣ ਨਾਲ ਬੇਰੁਜ਼ਗਾਰਾਂ ਦੀ ਪੇਂਡੂ ਖੇਤਰ ‘ਚ ਗਿਣਤੀ ‘ਚ ਕਮੀ ਦੇਖਣ ਨੂੰ ਮਿਲੀ ਹੈ।
ਦੇਸ਼ ਵਿੱਚ ਵਧ ਰਹੀ ਬੇਰੁਜ਼ਗਾਰੀ ਦਾ ਵਧਣਾ ਪ੍ਰਵਾਸ ਦਾ ਵੱਡਾ ਕਾਰਨ ਹੈ। ਅਸੰਗਠਿਤ ਖੇਤਰ ਵਿੱਚ ਰੁਜ਼ਗਾਰ ਦੇ ਸੰਕਟ ਦਾ ਕੋਈ ਤੋੜ ਲੱਭਕੇ ਹੀ ਇਸ ਬੇਰੁਜ਼ਗਾਰੀ ਵਾਲੇ ਵੱਡੇ ਸੰਕਟ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ। ਉਂਜ ਗੈਰ-ਕਾਨੂੰਨੀ ਪ੍ਰਵਾਸ ਨੂੰ ਠੱਲ ਪਾਉਣ ਲਈ ਅਤੇ ਮੋਸਿਲ ਜਿਹੀਆਂ ਘਟਨਾਵਾਂ ਰੋਕਣ ਲਈ, ਦੇਸ਼ ਭਰ ‘ਚ ਫੈਲੇ ਦਲਾਲਾਂ ਦੇ ਤੰਤਰ ਦੇ ਖਿਲਾਫ਼ ਵੱਡੀ ਸਰਕਾਰੀ ਕਾਰਵਾਈ ਕਰਨ ਦੀ ਵੀ ਲੋੜ ਹੈ, ਜਿਹੜੇ ਕਿ ਪੈਸੇ ਲੈਕੇ ਲੋਕਾਂ ਨੂੰ, ਜ਼ੋਖਮ ਭਰੇ ਇਲਾਕਿਆਂ ‘ਚ ਭੇਜ ਦਿੰਦੇ ਹਨ।
ੲੲੲ

Check Also

ਕਿਸਾਨ ਅੰਦੋਲਨ ਦੇ ਇੱਕ ਵਰ੍ਹੇ ਦਾ ਲੇਖਾ-ਜੋਖਾ

ਨਰਾਇਣ ਦੱਤ ਭਾਰਤੀ ਇਤਿਹਾਸ ਅੰਦਰ 1947, 1984, 2002, 2019 ਦੇ ਸਾਲ ਕਾਲੇ ਵਰ੍ਹੇ ਹਨ। ਇਨ੍ਹਾਂ …