Breaking News
Home / ਮੁੱਖ ਲੇਖ / ਸਿੱਖ ਪਰੰਪਰਾ ‘ਚ ਗੁਰਪੁਰਬ ਮਨਾਉਣ ਦਾ ਉਦੇਸ਼ ਕੀ ਹੈ?

ਸਿੱਖ ਪਰੰਪਰਾ ‘ਚ ਗੁਰਪੁਰਬ ਮਨਾਉਣ ਦਾ ਉਦੇਸ਼ ਕੀ ਹੈ?

ਤਲਵਿੰਦਰ ਸਿੰਘ ਬੁੱਟਰ
ਸਿੱਖ ਪਰੰਪਰਾ ਅੰਦਰ ਦਸ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਕੌਮੀ ਦਿਹਾੜੇ ਮਨਾਉਣ ਦਾ ਮਹਾਨ ਉਦੇਸ਼ਾਤਮਿਕ ਮਹੱਤਵ ਹੈ। ਗੁਰੂ ਸਾਹਿਬਾਨ ਦੇ ਸਰੀਰਕ ਜਾਮਿਆਂ ਵਿਚੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀ ਅਦੁੱਤੀ ਕਰਨੀ, ਮਹਾਨ ਉਪਦੇਸ਼ਾਂ ਅਤੇ ਸਿਮਰਤੀ ਦੇ ਨਾਲ ਜੁੜਨ ਦੇ ਲਈ ਗੁਰਸਿੱਖ ਸੰਗਤਾਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਗੁਰਪੁਰਬ, ਗੁਰਤਾਗੱਦੀ ਗੁਰਪੁਰਬ ਅਤੇ ਜੋਤੀ-ਜੋਤਿ ਗੁਰਪੁਰਬ/ ਸ਼ਹੀਦੀ ਦਿਹਾੜੇ ਮਨਾਉਂਦੀਆਂ ਆਈਆਂ ਹਨ। ਇਸੇ ਤਰ੍ਹਾਂ ਗੁਰੂ ਕਾਲ ਦੇ ਮਹਾਂਪੁਰਖਾਂ ਅਤੇ ਪੁਰਾਤਨ ਸ਼ਹੀਦਾਂ-ਮੁਰੀਦਾਂ ਦੀ ਯਾਦ ਵਿਚ ਵੀ ਦਿਹਾੜੇ ਮਨਾਉਣ ਦੀ ਪਰੰਪਰਾ ਚੱਲੀ ਆ ਰਹੀ ਹੈ।
ਗੁਰੂ ਇਤਿਹਾਸ ‘ਚ ਸਭ ਤੋਂ ਪਹਿਲਾ ਤਾਰੀਖੀ ਮੇਲਾ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਗੋਇੰਦਵਾਲ ਵਿਚ ਵਿਸਾਖੀ ਮੌਕੇ ਮਨਾਉਣ ਦਾ ਜ਼ਿਕਰ ਮਿਲਦਾ ਹੈ, ਜਿੱਥੇ ਦੂਰ-ਦੁਰਾਡਿਓਂ ਪੰਧ ਤੈਅ ਕਰਕੇ ਆਉਂਦੀਆਂ ਸਿੱਖ ਸੰਗਤਾਂ ਇਕੱਤਰ ਹੋ ਕੇ ਆਪਣੇ ਆਤਮਿਕ ਅਤੇ ਸੰਸਾਰੀ ਕਲਿਆਣ ਲਈ ਗੁਰੂ-ਜਸ ਸਰਵਣ ਕਰਦੀਆਂ ਅਤੇ ਆਪਣੇ ਜੀਵਨ ਦੇ ਅਮਲ ਵਿਚ ਲਿਆਉਣ ਲਈ ਕੋਈ ਨਾ ਕੋਈ ਗੁਰ-ਉਪਦੇਸ਼ ਜ਼ਰੂਰ ਮਨ ਵਿਚ ਵਸਾ ਕੇ ਵਾਪਸ ਮੁੜਦੀਆਂ। ਇਤਿਹਾਸ ‘ਚ ਕਈ ਥਾਈਂ ਇਹ ਵੀ ਜ਼ਿਕਰ ਮਿਲਦਾ ਹੈ ਕਿ ਉਨ੍ਹਾਂ ਵੇਲਿਆਂ ਵਿਚ ਸਿੱਖਾਂ ਨੂੰ ਅਨਮਤਿ ਅਤੇ ਕਰਮ-ਕਾਂਡਾਂ ਵਿਚੋਂ ਬਾਹਰ ਕੱਢ ਕੇ ਸੱਚੀ ਗੁਰਮਤਿ ਨਾਲ ਜੋੜਣ ਲਈ ਗੁਰੂ ਸਾਹਿਬਾਨ ਨੇ ਮੱਸਿਆ, ਸੰਗਰਾਂਦ ਵਰਗੇ ਦਿਹਾੜਿਆਂ ਨੂੰ ਵੀ ਨਵਾਂ ਸੰਕਲਪ ਦਿੱਤਾ, ਜਿਸ ਬਹਾਨੇ ਸੰਗਤਾਂ ਗੁਰੂ-ਜਸ ਦੀ ਸਫ ਵਿਚ ਇਕੱਤਰ ਹੁੰਦੀਆਂ ਤੇ ਆਪਣੀ ਰੂਹਾਨੀ ਤੇ ਸੰਸਾਰੀ ਕਾਇਆ-ਕਲਪ ਕਰਦੀਆਂ ਸਨ।
ਗੁਰੂ ਕਾਲ ਤੋਂ ਬਾਅਦ, ਭਾਵੇਂ ਗੁਰਪੁਰਬ ਹੋਣ ਤੇ ਭਾਵੇਂ ਗੁਰੂ ਸਾਹਿਬਾਨ ਦੇ ਦੱਸੇ ਮਾਰਗ ‘ਤੇ ਚੱਲਦਿਆਂ ਜੀਵਨ ਮੁਕਤ ਹੋਏ ਮਹਾਂਪੁਰਖਾਂ ਦੇ ਦਿਹਾੜੇ, ਪ੍ਰਯੋਜਨ ਹਮੇਸ਼ਾ ਇਕੋ ਰਿਹਾ ਹੈ; ਜਾਗਤ-ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਇਕੱਤਰ ਹੋ ਕੇ ਸਤਿ-ਸੰਗਤ ਕਰਨੀ, ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੁੜ ਕੇ ਸਚਿਆਰਤਾ ਦੇ ਮਾਰਗ ‘ਤੇ ਚੱਲਣ ਲਈ ਆਪਣੀਆਂ ਸੁਰਤਾਂ ਨੂੰ ਬਲਵਾਨ ਕਰਨਾ ਅਤੇ ਪੰਥਕ ਰੂਪ ਵਿਚ ਮਜਬੂਤ ਹੋਣਾ।
ਅੰਤਰਮੁਖੀ ਤੇ ਅਨੁਭਵੀ ਸਿੱਖ ਫਿਲਾਸਫਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਗੁਰਪੁਰਬ ਮਨਾਉਣ ਦੇ ਉਦੇਸ਼ ਨੂੰ ਅਧਿਆਤਮਿਕ ਅੰਤਰ-ਦ੍ਰਿਸ਼ਟੀ ਤੋਂ ਪ੍ਰੀਭਾਸ਼ਿਤ ਕਰਦਿਆਂ ਲਿਖਦੇ ਹਨ, ਜੋ ਮਨੋਰਥ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਸੰਸਾਰੀ ਜਾਮੇ ਵਿਚ ਪ੍ਰਗਟ ਹੋਣ ਦਾ ਸੀ, ਉਹੀ ਸਾਡੇ ਲਈ ਗੁਰਪੁਰਬ ਮਨਾਉਣ ਦਾ ਹੋਣਾ ਚਾਹੀਦਾ ਹੈ। ਉਹ ਲਿਖਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਸਰਬਪੱਖੀ ਉਧਾਰ ਦੇ ਪਰਉਪਕਾਰ ਵਾਸਤੇ ਇਸ ਸੰਸਾਰੀ ਜਾਮੇ ਵਿਚ ਆਏ ਅਤੇ ਉਨ੍ਹਾਂ ਨੇ ਮਨੁੱਖਤਾ ਨੂੰ ਨਾਮ ਰੂਪੀ ਸੱਚੇ ਧਨ ਦਾ ਸੱਚਾ ਆਤਮਿਕ ਗਿਆਨ ਦੇ ਕੇ ਸੰਸਾਰੀ ਪ੍ਰਾਣੀਆਂ ਨੂੰ ਪਰਮਾਰਥ ਨਾਲ ਜੋੜਣ ਦਾ ਮਹਾਨ ਤਰਸ ਕੀਤਾ। ਇਸੇ ਤਰ੍ਹਾਂ ਸਾਡੇ ਦੁਆਰਾ ਗੁਰਪੁਰਬ ਮਨਾਉਣ ਦਾ ਮਨੋਰਥ ਵੀ ਪ੍ਰੇਮਾ-ਭਗਤੀ ਦੀ ਅਵਸਥਾ ਵਿਚ ਲੀਨ ਹੋ ਕੇ ਸਰਬ-ਵਿਆਪਕ ਵਾਹਿਗੁਰੂ ਦੀ ਚੇਤਨਾ ਵਿਚ ਅਭੇਦ ਹੁੰਦਿਆਂ ਪਰਮ ਪਦ ਦੀ ਪ੍ਰਾਪਤੀ ਹੋਣਾ ਚਾਹੀਦਾ ਹੈ।
ਗੁਰਪੁਰਬ ਮਨਾਉਣ ਦੇ ਮਨੋਰਥ ਨੂੰ ਭਾਈ ਗੁਰਦਾਸ ਜੀ, ਜਿਨ੍ਹਾਂ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਕੂੰਜੀ ਆਖਿਆ ਜਾਂਦਾ ਹੈ, ਵੀ ਇੰਜ ਸਪੱਸ਼ਟ ਕਰਦੇ ਹਨ:
ਕੁਰਬਾਨੀ ਤਿਨਾ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ॥
ਸਮੇਂ ਦੇ ਨਾਲ-ਨਾਲ ਸਿੱਖ ਪੰਥ ਨੇ ਗੁਰਪੁਰਬ, ਸ਼ਹੀਦੀ ਦਿਹਾੜਿਆਂ ਤੋਂ ਇਲਾਵਾ ਆਪਣੇ ਸਮਕਾਲੀ ਬਿਖੜੇ ਹਾਲਾਤਾਂ ਦੌਰਾਨ ਵੀ ਚੜ੍ਹਦੀਕਲਾ ਦਾ ਜਜ਼ਬਾ ਕਾਇਮ ਰੱਖਣ ਲਈ ਕੌਮੀ ਜੋੜ-ਮੇਲੇ ਅਤੇ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਮਨਾਉਣੀਆਂ ਸ਼ੁਰੂ ਕੀਤੀਆਂ, ਜਿਨ੍ਹਾਂ ਵਿਚੋਂ ਮੁੱਖ ਤੌਰ ‘ਤੇ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਪ੍ਰਕਾਸ਼ ਸ਼ਤਾਬਦੀ, 1975 ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੀ ਤ੍ਰੈਸ਼ਤਾਬਦੀ, ਜਿਸ ਵੇਲੇ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਪੂਰੇ ਪੰਜਾਬ ਵਿਚ 37 ਜਲੂਸ (ਨਗਰ ਕੀਰਤਨ) ਕੱਢ ਕੇ ਸਿੱਖ ਸਮਾਜ ਵਿਚ ਧਾਰਮਿਕ ਤੌਰ ‘ਤੇ ਆ ਚੁੱਕੇ ਨਿਘਾਰ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਪ੍ਰਚਾਰ ਵਹੀਰ ਚਲਾਈ। ਵੀਹਵੀਂ ਸਦੀ ‘ਚ ਵਿਸ਼ਵ ਪੱਧਰ ਦੇ ਸਭ ਤੋਂ ਵੱਡੇ ਸਿੱਖ ਸਮਾਰੋਹ ਵਜੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 1999 ਵਿਚ ਖ਼ਾਲਸਾ ਸਾਜਨਾ ਦੀ ਤ੍ਰੈਸ਼ਤਾਬਦੀ ਰਹੀ, ਜਦੋਂ ਪੂਰੀ ਕੌਮ ਨੂੰ ਅੰਮ੍ਰਿਤਧਾਰੀ ਬਣਾਉਣ ਦਾ ਨਾਅਰਾ ਦਿੱਤਾ ਗਿਆ।
ਇਸ ਤਰ੍ਹਾਂ ਸਮੇਂ-ਸਮੇਂ ਗੁਰ-ਇਤਿਹਾਸ ਤੋਂ ਸੇਧ ਲੈ ਕੇ ਗੁਰੂ ਸਾਹਿਬਾਨ ਦੀ ਪਾਵਨ ਯਾਦ ਵਿਚ ਜੁੜ ਬੈਠਣ ਲਈ ਕੁਝ ਹੋਰ ਪੁਰਬ ਮਨਾਉਣ ਦੀ ਵੀ ਪਿਰਤ ਚੱਲਦੀ ਆ ਰਹੀ ਹੈ, ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ, ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਆਦਿ।
ਚਾਹੀਦਾ ਤਾਂ ਇਹ ਸੀ ਕਿ ਇਹ ਸਭ ਗੁਰਪੁਰਬ, ਪਾਵਨ ਦਿਹਾੜਿਆਂ ਦਾ ਪਰਮ ਮਨੋਰਥ ਗੁਰ ਸੰਗਤ ਵਿਚ ਜੁੜ ਬੈਠਣਾ, ਆਪਣੇ ਸ਼ਾਨਾਮੱਤੇ ਸਿੱਖੀ ਵਿਰਸੇ ਵਿਚ ਪ੍ਰਪੱਕਤਾ ਹਾਸਲ ਕਰਨਾ ਅਤੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ ‘ਤੇ ਚੱਲ ਕੇ ਸੰਸਾਰ ਵਿਚ ਆਪਣੀ ਨਿਆਰੀ ਹੋਂਦ-ਹਸਤੀ ਨੂੰ ਕਾਇਮ ਰੱਖਣ ਦੀ ਪ੍ਰੇਰਨਾ ਹਾਸਲ ਕਰਨਾ ਬਣਿਆ ਰਹਿੰਦਾ ਪਰ ਸਮਾਂ ਪਾ ਕੇ ਅੱਜ ਗੁਰਪੁਰਬ ਅਤੇ ਕੌਮੀ ਦਿਹਾੜੇ ਸਿੱਖਾਂ ਲਈ ਮਹਿਜ ਮੇਲੇ ਬਣਦੇ ਜਾ ਰਹੇ ਹਨ। ਇਹ ਮੇਲੇ ਵੀ ਅਨਮਤੀ ਲੋਕਾਂ ਵਾਂਗ ਫੋਕੇ ਮਨਪ੍ਰਚਾਵੇ ਤੇ ਹੁੱਲੜਬਾਜ਼ੀ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ।
ਅੱਜ ਸਿੱਖ ਸਮਾਜ ਦੇ 90 ਫ਼ੀਸਦੀ ਤੋਂ ਵੱਧ ਲੋਕਾਂ ਨੇ ਅਗਿਆਨਤਾ ਵੱਸ ਗੁਰਪੁਰਬਾਂ, ਦਿਹਾੜਿਆਂ ਨੂੰ ਕਰਮ-ਕਾਂਡੀ ਰੂਪ ਦੇ ਦਿੱਤਾ ਹੈ। ਮਹਿਜ ਗੁਰਦੁਆਰੇ ਜਾ ਕੇ ਮੱਥਾ ਟੇਕਣਾ, ਲੰਗਰ ਛਕਣਾ ਅਤੇ ਰੌਣਕ-ਮੇਲਾ ਵੇਖ ਕੇ ਵਾਪਸ ਆਉਣ ਦੇ ਸਬੱਬ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਖ਼ਾਲਸੇ ਦੇ ਜਾਹੋ-ਜਲਾਲ ਦੇ ਪ੍ਰਤੀਕ ਹੋਲਾ-ਮਹੱਲਾ ਤੋਂ ਲੈ ਕੇ ਖ਼ਾਲਸਾ ਸਾਜਨਾ ਦਿਵਸ- ਵਿਸਾਖੀ, ਦੀਵਾਲੀ, ਵਟਾਲੇ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ, ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਅਤੇ ਡੇਰਾ ਬਾਬਾ ਨਾਨਕ ਦਾ ਚੋਲਾ ਸਾਹਿਬ ਦਾ ਮੇਲਾ (ਸੰਗ) ਤੱਕ ਸਭ ਜੋੜ-ਮੇਲੇ ਆਪਣੇ ਮਨੋਰਥਾਂ ਤੋਂ ਕਿਤੇ ਦੂਰ ਚਲੇ ਗਏ ਹਨ। ਇਨ੍ਹਾਂ ਦਿਹਾੜਿਆਂ ਮੌਕੇ ਰਵਾਇਤੀ ਧਾਰਮਿਕ ਦੀਵਾਨ ਤਾਂ ਸਜਦੇ ਹਨ ਪਰ ਇਨ੍ਹਾਂ ਜੋੜ ਮੇਲਿਆਂ ਮੌਕੇ ਨੌਜਵਾਨਾਂ ਨੂੰ ਟਰੈਕਟਰਾਂ ਉਤੇ ਕੰਨ੍ਹਪਾੜਵੀਂਆਂ ਆਵਾਜ਼ਾਂ ਵਿਚ ਗੀਤ-ਗਾਣੇ ਲਾ ਕੇ ਹਰਲ-ਹਰਲ ਕਰਦੇ ਇਧਰ-ਉਧਰ ਘੁੰਮਦਿਆਂ, ਮੋਟਰਸਾਈਕਲਾਂ ਉੱਤੇ ਪਟਾਕੇ ਮਾਰਦਿਆਂ ਅਤੇ ਟਿੱਚਰਬਾਜ਼ੀ ਕਰਦਿਆਂ ਵੇਖ ਕੇ ਸਹਿਜੇ ਹੀ ਸਿੱਖ ਕੌਮ ਦੀ ਅਜੋਕੀ ਦਸ਼ਾ ਤੇ ਦਿਸ਼ਾ ਦਾ ਅੰਦਾਜ਼ਾ ਲੱਗ ਜਾਂਦਾ ਹੈ।
ਅੱਜ ਸਿੱਖਾਂ ਦੇ ਸੁਭਾਅ ਦਾ ਇਹ ਹਿੱਸਾ ਬਣ ਗਿਆ ਹੈ ਕਿ ਆਪਣੇ ਬੱਚਿਆਂ ਦੇ ਸਿੱਖੀ ਮੁੱਖ ਧਾਰਾ ਤੋਂ ਦੂਰ ਜਾਣ, ਪਤਿਤਪੁਣੇ ਤੇ ਨਸ਼ਾਖੋਰੀ ਵਿਚ ਪੈਣ ਤੋਂ ਲੈ ਕੇ ਪੜ੍ਹਣ-ਲਿਖਣ ਵਿਚ ਤੰਗ-ਦਸਤੀ ਤੱਕ ਲਈ ਅਸੀਂ ਸਹਿਜੇ ਹੀ ਪੰਥਕ ਸੰਸਥਾਵਾਂ, ਧਰਮ ਪ੍ਰਚਾਰਕਾਂ ਅਤੇ ਆਪਣੇ ਰਾਗੀਆਂ-ਢਾਡੀਆਂ ਉੱਤੇ ਤੋੜਾ ਝਾੜ ਕੇ ਆਪਣੇ ਆਪ ਨੂੰ ਸੁਰਖਰੂ ਕਰ ਲੈਂਦੇ ਹਾਂ ਪਰ ਬੱਚਿਆਂ ਪ੍ਰਤੀ ਸਾਡੀ ਆਪਣੀ ਕੀ ਜ਼ਿੰਮੇਵਾਰੀ ਹੈ, ਇਹ ਅਸੀਂ ਕਦੇ ਨਹੀਂ ਸੋਚਦੇ-ਵਿਚਾਰਦੇ। ਰਾਗੀ-ਢਾਡੀ ਤੇ ਧਰਮ ਪ੍ਰਚਾਰਕ ਕੀ ਕਰਨਗੇ, ਜੇਕਰ ਅਸੀਂ ਆਪ ਅਤੇ ਆਪਣੇ ਬੱਚਿਆਂ ਨੂੰ ਲੈ ਕੇ ਸ਼ਬਦ ਗੁਰੂ ਦੀ ਹਜ਼ੂਰੀ ਵਿਚ ਚੌਂਕੜਾ ਮਾਰ ਕੇ ਗੁਰਬਾਣੀ ਤੇ ਗੁਰ-ਇਤਿਹਾਸ ਨਾਲ ਚੇਤਨਾ ਤੋਂ ਲੈ ਕੇ ਅਨੁਭਵ ਤੱਕ ਦਾ ਸਫਰ ਹੀ ਤੈਅ ਨਹੀਂ ਕਰਾਂਗੇ।
ਗੁਰਪੁਰਬਾਂ ਦੇ ਅਸਲ ਮਨੋਰਥ ਨੂੰ ਮੁਖਾਤਿਬ ਹੋਏ ਬਗੈਰ, ਇਨ੍ਹਾਂ ਮੌਕਿਆਂ ਉੱਤੇ ਲਾਏ ਲੰਗਰ ਤੇ ਨਗਰ ਕੀਰਤਨ ਕੱਢਣ ਲਈ ਮੋਟਰ-ਗੱਡੀਆਂ ਵਿਚ ਕਰੋੜਾਂ ਰੁਪਏ ਦੇ ਤੇਲ ਫੂਕਣੇ, ਪੰਥਕ ਸਰਮਾਏ ਦੇ ਉਜਾੜੇ ਤੋਂ ਵੱਧ ਕੁਝ ਵੀ ਨਹੀਂ ਹਨ। ਸਮਝਦਾਰੀ ਅਤੇ ਦੂਰਅੰਦੇਸ਼ੀ ਵਰਤਦਿਆਂ ਜੇਕਰ ਗੁਰਮਤਿ ਜੁਗਤ ਤੋਂ ਸੇਧ ਲਈਏ ਤਾਂ ਵਿਅਰਥ ਗਵਾਏ ਜਾਣ ਵਾਲੇ ਧਨ ਨੂੰ, ਗਰੀਬ ਸਿੱਖਾਂ ਦਾ ਜੀਵਨ ਪੱਧਰ ਉੱਚਾ ਚੁੱਕਣ, ਉਨ੍ਹਾਂ ਦੇ ਬੱਚਿਆਂ ਤੱਕ ਵਿਦਿਆ ਦਾ ਚਾਨਣ ਪਹੁੰਚਾਉਣ, ਗੁਰਬਾਣੀ ਤੇ ਇਤਿਹਾਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਬਿਮਾਰਾਂ-ਲੋੜਵੰਦਾਂ ਦੀ ਸਹਾਇਤਾ ਕਰਨ ਵਿਚ ਵੰਡਿਆ ਜਾ ਸਕਦਾ ਹੈ। ਸਿੱਖ ਸੰਸਥਾਵਾਂ ਨੂੰ ਵੀ ਗੁਰਪੁਰਬਾਂ, ਸ਼ਤਾਬਦੀਆਂ ਮੌਕੇ ਰਵਾਇਤੀ ਤਰੀਕਿਆਂ ਤੋਂ ਅੱਗੇ ਵੱਧਦਿਆਂ ਨੌਜਵਾਨਾਂ ਨਾਲ ਧਰਮ ਬਾਰੇ ਸੰਵਾਦ ਰਚਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਮਨੋਭਾਵਾਂ ਨੂੰ ਸਮਝ ਕੇ ਸਹੀ ਰਸਤਾ ਪ੍ਰੇਰਨਾ ਦੇ ਕੇ ਸਿੱਖੀ ਮੁੱਖ ਧਾਰਾ ‘ਚ ਪ੍ਰਪੱਕ ਬਣਾਉਣਾ ਚਾਹੀਦਾ ਹੈ। ਦਸ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਸ਼ਹੀਦਾਂ-ਮੁਰੀਦਾਂ ਦੇ ਦਿਹਾੜੇ ਮਨਾਉਣ ਦਾ ਇਹ ਵੀ ਇਕ ਮਨੋਰਥ ਬਣਾ ਕੇ ਅਸੀਂ ਪੰਥਕ ਰੂਪ ਵਿਚ ਵਿਗਾਸ ਵੱਲ ਉਡਾਰੀ ਭਰਨ ਦੇ ਸਮਰੱਥ ਹੋ ਸਕਦੇ ਹਾਂ।

 

 

Check Also

ਪੰਜਾਬ, ਪੰਜਾਬੀ ਤੇ ਪੰਜਾਬੀਆਂ ਦਾ ਮਾਣ : ਲੋਕ ਕਵੀ ਗੁਰਦਾਸ ਰਾਮ ‘ਆਲਮ’

ਡਾ. ਗੁਰਵਿੰਦਰ ਸਿੰਘ ਪੰਜਾਬੀਆਂ ਦਾ ‘ਅਸਲੀ ਗੁਰਦਾਸ’ ਗੁਰਦਾਸ ਰਾਮ ਆਲਮ ਹੈ, ਜਿਸ ਨੇ ਪੰਜਾਬੀ ਮਾਂ …