10 ਮਾਰਚ ਤੋਂ 10 ਅਪ੍ਰੈਲ ਤੱਕ ਹੋਵੇਗੀ ਆਨਲਾਈਨ ਵੋਟਿੰਗ
ਚੰਡੀਗੜ੍ਹ/ਬਿਊੁਰੋ ਨਿਊਜ਼
ਪੰਜਾਬ ਵਿਚ ਯੂਥ ਕਾਂਗਰਸ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਤਹਿਤ 10 ਮਾਰਚ ਤੋਂ 10 ਅਪ੍ਰੈਲ ਤੱਕ ਆਨਲਾਈਨ ਵੋਟਿੰਗ ਹੋਵੇਗੀ। ਇਹ ਪਹਿਲੀ ਵਾਰ ਹੈ ਕਿ ਵੋਟਿੰਗ ਆਨਲਾਈਨ ਹੋਣ ਜਾ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਨਵੀਂ ਕਾਰਜਕਾਰਨੀ ਦਾ ਐਲਾਨ ਅਪ੍ਰੈਲ ਮਹੀਨੇ ਵਿਚ ਹੋ ਜਾਵੇਗਾ। ਨਤੀਜਿਆਂ ਤੋਂ ਪਹਿਲਾਂ ਮੌਜੂਦਾ ਟੀਮਾਂ ਆਪਣੇ ਪੱਧਰ ’ਤੇ ਸੰਗਠਨ ਦੀਆਂ ਗਤੀਵਿਧੀਆਂ ਚਲਾਉਂਦੀਆਂ ਰਹਿਣਗੀਆਂ। ਪੰਜਾਬ ਦੇ 23 ਜ਼ਿਲ੍ਹਾ ਪ੍ਰਧਾਨਾਂ ਅਤੇ 117 ਹਲਕਾ ਪ੍ਰਧਾਨਾਂ ਸਣੇ ਹੋਰ ਅਹੁਦਿਆਂ ਲਈ ਚੋਣਾਵੀ ਤਰੀਕਾਂ ਦਾ ਐਲਾਨ ਕਰਨ ਲਈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਚੰਡੀਗੜ੍ਹ ’ਚ ਮੁੱਖ ਦਫਤਰ ਵਿਚ ਮੀਟਿੰਗ ਵੀ ਕੀਤੀ ਸੀ। ਮੀਡੀਆ ਦੀ ਰਿਪੋਰਟ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਚੋਣਾਂ ਨੂੰ ਲੈ ਕੇ ਕਿਸੇ ਨੂੰ ਵੀ ਕੋਈ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ਼ 20 ਫਰਵਰੀ ਤੋਂ 26 ਫਰਵਰੀ ਤੱਕ ਦਾਖਲ ਕਰ ਸਕਦਾ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 27 ਫਰਵਰੀ ਤੋਂ 2 ਮਾਰਚ ਤੱਕ ਕੀਤੀ ਜਾਵੇਗੀ ਅਤੇ 2 ਮਾਰਚ ਨੂੰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਜਾਵੇਗਾ।