Breaking News
Home / ਨਜ਼ਰੀਆ / ਇਹ ਪੱਤਰ ਲੋਕਾਂ ਲਈ ਪੇਸ਼ ਕੀਤਾ ਗਿਆ, ਨਵੰਬਰ 2, 2017 ਨੂੰ

ਇਹ ਪੱਤਰ ਲੋਕਾਂ ਲਈ ਪੇਸ਼ ਕੀਤਾ ਗਿਆ, ਨਵੰਬਰ 2, 2017 ਨੂੰ

ਸਾਡੀਆਂ ਸਿਹਤ ਸੇਵਾਵਾਂ ਸੱਚ-ਮੁੱਚ ਹੀ ਸੰਕਟ ‘ਚ : ਲਿੰਡਾ ਜੈਫਰੇ
ਸਾਡੇ ਵਿੱਚੋਂ ਬਹੁਤਿਆਂ ਨੇ ਬਰੈਂਪਟਨ ਸਿਵਿਕ ਹਸਪਤਾਲ ਵਿੱਚ ਭਾਰੀ ਭੀੜ-ਭੜੱਕੇ ਦੀਆਂ ਔਕੜਾਂ ਸਬੰਧੀ ਜਾਂ ਤਾਂ ਆਪ ਅਨੁਭਵ ਕੀਤਾ ਹੈ ਜਾਂ ਫਿਰ ਲੋਕਾਂ ਤੋਂ ਸੁਣਿਆਂ ਹੋਇਆ ਹੈ।
ਸਾਡੀਆਂ ਸਿਹਤ ਸੇਵਾਵਾਂ ਇਸ ਵੇਲ਼ੇ ਸੱਚ-ਮੁੱਚ ਹੀ ਸੰਕਟ ਵਿੱਚ ਹਨ।
ਸਿਹਤ ਸੇਵਾਵਾਂ ਸਬੰਧੀ ਸਾਡਾ ਅੱਜ ਦਾ ਢਾਂਚਾ ਅਤੇ ਇਸ ਨੂੰ ਚਲਾਉਣ ਲਈ ਮਿਲ਼ ਰਿਹਾ ਧਨ ਬਰੈਂਪਟਨ ਦੀ ਧੜਾ-ਧੜ ਵਧ ਰਹੀ ਵਸੋਂ ਦੀਆਂ ਲੋੜਾਂ ਦੇ ਬਿਲਕੁਲ ਹੀ ਹਾਣ ਦਾ ਨਹੀਂ ਹੈ।
2003 ਦੀਆਂ ਸੂਬਾਈ ਚੋਣਾਂ ਜਿੱਤ ਕੇ ਅਸੈਂਬਲੀ ਵਿੱਚ ਜਾਣ ਦਾ ਮੇਰਾ ਅਸਲ ਤੇ ਮੁੱਖ ਮੰਤਵ ਇਸੇ ਸਮੱਸਿਆ ਨੂੰ ਹੱਲ ਕਰਨ ਲਈ ਯਤਨ ਕਰਨ ਦਾ ਸੀ।
ਮੈਂ ਬਰੈਂਪਟਨ ਵਿੱਚ ਚੰਗੇਰੀਆਂ ਸਿਹਤ ਸੇਵਾਵਾਂ ਲਈ ਉਦੋਂ ਹੀ ਸੰਘਰਸ਼ ਕਰਨਾ ਆਰੰਭ ਕਰ ਦਿੱਤਾ ਸੀ ਜਦੋਂ ਕਿ ਇਸ ਕੋਲ਼ ਸਿਹਤ ਸੇਵਾਵਾਂ ਲਈ ਕੇਵਲ ਇੱਕੋ ਹੀ ਸਾਧਨ ਸੀ – ਪਹਿਲੇ ਪੀਲ ਮੈਮੋਰੀਅਲ ਹਸਪਤਾਲ ਵਾਲ਼ੀ ਬਿਲਡਿੰਗ ਜੋ 1925 ਵਿੱਚ ਉਸਾਰੀ ਗਈ ਸੀ ਜੋ ਸਦਾ ਹੀ ਇੱਥੋਂ ਦੀ ਵਧ ਰਹੀ ਵਸੋਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਯਤਨ ਕਰਦੀ ਰਹੀ ਸੀ।
ਉੱਥੇ ਕਈ ਵੇਰ ਸਾਡੇ ਕੋਲ਼ ਕੇਵਲ ਇੱਕੋ ਹੀ ਐਲੀਵੇਟਰ ਕੰਮ ਕਰ ਰਿਹਾ ਹੁੰਦਾ ਸੀ। ਸਾਨੂੰ ਅੱਗ ਲੱਗਣ ਅਤੇ ਹੜ੍ਹ ਦੀਆਂ ਸਮੱਸਿਆਵਾਂ ਨਾਲ਼ ਜੂਝਣਾ ਪੈਂਦਾ ਸੀ। ਅਤੇ ਮੇਰੇ ਵਾਸਤੇ ਸਭ ਤੋਂ ਵੱਡੀ ਮੁਸੀਬਤ ਉਦੋਂ ਆਈ ਜਦੋਂ ਟ੍ਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਸਾਰੀ ਬਿਲਡਿੰਗ ਖਾਲੀ ਕਰਨੀ ਪਈ ਸੀ।
ਮੈਂ ਉਸੇ ਵੇਲ਼ੇ ਇਹ ਪ੍ਰਣ ਕੀਤਾ ਸੀ ਕਿ ਮੈਂ ਸਾਡੇ ਸ਼ਹਿਰ ਦੀਆਂ ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਹਰ ਸੰਭਵ ਯਤਨ ਕਰਾਂਗੀ। ਮੈਂ ਐੱਮਪੀਪੀ ਵਾਸਤੇ ਚੋਣ ਲੜੀ, ਜਿੱਤੀ ਅਤੇ ਅਗਲੇ ਪੂਰੇ ਦਹਾਕਾ ਭਰ ਮੇਰਾ ਕੁਈਨ ਪਾਰਕ ਵਿੱਚ ਬਿਤਾਇਆ ਹਰ ਇੱਕ ਦਿਨ, ਇਸ ਲਈ ਵਧੇਰੇ ਧਨ ਜੁਟਾਉਣ ਤੇ ਚੰਗੇਰੀਆਂ ਸੇਵਾਵਾਂ ਬਨਾਉਣ ਦੇ ਮੈਂ ਲੇਖੇ ਲਾਇਆ। ਆਖਰਕਾਰ 2007 ਵਿੱਚ ਬਰੈਂਪਟਨ ਸਿਵਿਕ ਹਸਪਤਾਲ ਖੋਹਲਣ ਵਿੱਚ ਅਸੀਂ ਸਫਲ ਹੋ ਗਏ।
ਇਸ ਪ੍ਰਬੰਧ ਨੂੰ ਹੋਰ ਸਮਰੱਥਾਵਾਨ ਬਨਾਉਣ ਲਈ ਪਹਿਲੇ ਪੜਾਅ ਵਜੋਂ ਫਰਵਰੀ 2017 ਵਿੱਚ ‘ਪੀਲ ਮੈਮੋਰੀਅਲ ਸੈਂਟਰ ਫਾਰ ਇਨਟੈਗ੍ਰੇਟਿਡ ਹੈੱਲਥ ਐਂਡ ਵੈੱਲਨੈੱਸ’ ਖੋਹਲਿਆ ਗਿਆ ਅਤੇ ਹੁਣ ‘ਐਰਨਓਕਕਿਡਜ’ 2018 ਦੇ ਆਰੰਭਕ ਦਿਨਾਂ ਵਿੱਚ ਖੋਹਲਿਆ ਜਾਵੇਗਾ।
ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਬਰੈਂਪਟਨ ਸਿਵਿਕ ਹਸਪਤਾਲ ਦੀ ਐਮਰਜੈਂਸੀ ਵਿੱਚ ਦੁਖੀਏ ਮਾਂ-ਬਾਪ ਨਾਲ਼ ਇਲਾਜ ਲਈ ਘੰਟਿਆਂ ਵੱਧੀ ਉਡੀਕ ਕਰਨੀ ਕਿਤਨਾ ਅਸਹਿ ਤੇ ਅਕਹਿ ਕਹਿਰ ਹੈ। ਬਰੈਂਪਟਨ ਸਿਵਿਕ ਹਸਪਤਾਲ ਓਨਟਾਰੀਓ ਦਾ ਸਭ ਤੋਂ ਵੱਡਾ ਭਾਈਚਾਰਕ ਹਸਪਤਾਲ ਹੈ ਅਤੇ ਇਸ ਦੀ ਐਮਰਜੈਂਸੀ ਕੈਨੇਡਾ ਦੀਆਂ ਅਤੀ ਰੁਝੇਵੇਂ ਭਰੀਆਂ ਐਮਰਜੈਂਸੀਆਂ ਵਿੱਚੋਂ ਇੱਕ ਹੈ। ਇਹ ਇੱਕ ਆਧੁਨਿਕ ਅਤੇ ਸਮਰੱਥ ਸੇਵਾਵਾਂ ਕੇਂਦਰ ਹੈ ਤੇ ਇਸਦਾ ਸਟਾਫ਼ ਚੰਗੀ ਸਿੱਖਿਆ ਪ੍ਰਾਪਤ ਅਤੇ ਆਪਣੀਆਂ ਸੇਵਾਵਾਂ ਨੂੰ ਪਰਨਾਇਆ ਹੋਇਆ ਹੈ। ਠੀਕ ਹੈ ਕਿ ਸਾਡੇ ਡਾਕਟਰ, ਨਰਸਾਂ, ਸਟਾਫ਼ ਅਤੇ ਵਾਲੰਟੀਅਰ ਸਮੁੱਚ ਵਿੱਚ ਸਰਬੋਤਮ ਹਨ – ਸਾਡੇ ਨਾਗਰਿਕਾਂ ਨੂੰ ਉੱਚੇ ਦਰਜੇ ਦੀਆਂ ਸੇਵਾਵਾਂ ਦੇਣ ਲਈ ਉਹ ਦਿਨ ਤੇ ਰਾਤ ਯਤਨ ਕਰ ਰਹੇ ਹਨ – ਮੈਂ ਚੰਗੀ ਤਰ੍ਹਾਂ ਇਹ ਵੀ ਜਾਣਦੀ ਹਾਂ ਕਿ ਉਨ੍ਹਾਂ ਲਈ ਹੋਰ ਵਧੇਰੇ ਸ੍ਰੋਤ ਚਾਹੀਦੇ ਹਨ।
ਲੱਗਭੱਗ ਹਰ ਦਿਨ ਹੀ ਸਾਡੇ ਡਾਕਟਰ ਅਤੇ ਨਰਸਾਂ, ਹਸਪਤਾਲ ਵਿੱਚ ਅੰਤਾਂ ਦੀ ਗਿਣਤੀ ਵਿੱਚ ਪਹੁੰਚੇ ਮਰੀਜ਼ਾਂ ਨੂੰ ਸੇਵਾਵਾਂ ਦੇਣ ਦੀਆਂ ਸਿਰਤੋੜ ਯਤਨ ਕਰ ਰਹੇ ਹਨ – ਮਰੀਜ਼ਾਂ ਦਾ ਇਹ ਬੇਓੜਕਾ ਭੀੜ-ਭੜੱਕਾ ਕੋਈ ਇੱਕੇ-ਦੁੱਕੇ ਦਿਨ ਦੀ ਸਮੱਸਿਆ ਨਹੀਂ ਹੈ, ਇਹ ਤਾਂ ਹੁਣ ਹਰ ਦਿਨ ਦਾ ਹੀ ਨੇਮ ਬਣ ਗਿਆ ਹੈ। ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਬਹੁਤ ਹੀ ਫਿਕਰ ਹੈ ਕਿ ਸਾਡੇ ਸੇਵਾਵਾਂ ਦੇਣ ਵਾਲ਼ੇ ਮਾਹਰ ਇਹ ਵਾਧੂ ਭਾਰ ਕਦੋਂ ਤੀਕਰ ਸਹਾਰ ਸਕਣਗੇ ਜੇ ਸਾਡੀ ‘ਮਨਿਸਟਰੀ ਆਫ ਹੈੱਲਥ ਐਂਡ ਲੌਂਗ ਟਰਮ ਕੇਅਰ’ ਗੰਭੀਰ ਹੋ ਕੇ ਇਨ੍ਹਾਂ ਦੀ ਸਹਾਇਤਾ ਲਈ ਸ਼ੀਘਰ ਨਹੀਂ ਬਹੁੜਦੀ?
ਸਾਰੇ ਪਿਛਲੇ ਦਹਾਕੇ ਵਿੱਚ ਪ੍ਰੌਵਿੰਸ਼ੀਅਲ ਹੈੱਲਥ ਕੇਅਰ ਇਨਵੈਸਟਮੈਂਟ ਵਜੋਂ ਬਰੈਂਪਟਨ ਨੂੰ 2 ਬਿਲੀਅਨ ਡਾਲਰ ਮਿਲੇ ਹਨ – ਅਸਲੋਂ ਅਜੇ ਵੀ ਇਹ ਲੋੜਾਂ ਤੋਂ ਕਿਤੇ ਅਧੂਰੇ ਹਨ। ਇਸ ਵੇਲ਼ੇ ਕੈਨੇਡਾ ਭਰ ਵਿੱਚ ਤੇਜੀ ਨਲ਼ ਵਧ ਰਹੇ ਸ਼ਹਿਰਾਂ ਵਿੱਚੋਂ ਬਰੈਂਪਟਨ ਦੂਜੇ ਸਥਾਨ ਉੱਤੇ ਹੈ। ਅੱਜ ਅਸਾਡੇ ਭਾਈਚਾਰੇ ਦੀਆਂ ਸਿਹਤ ਸੇਵਾਵਾਂ ਸਮੇ ਸਿਰ ਪੂਰੀਆਂ ਨਾ ਹੋਣ ਕਾਰਨ ਸਾਨੂੰ ਭਾਰੀ ਔਕੜਾਂ ਆ ਰਹੀਆਂ ਹਨ, ਜੇ ਸਭ ਕੁੱਝ ਅਬਦਲ, ਇਸੇ ਤਰ੍ਹਾਂ ਚਲਦਾ ਰਿਹਾ ਤਾਂ ਸਥਿਤੀ ਬਹੁਤ ਹੀ ਗੰਭੀਰ ਹੋ ਜਾਏਗੀ।
ਫਟਾ-ਫਟੀ ਪ੍ਰਬੰਧ ਵਜੋਂ ਪ੍ਰੌਵਿੰਸ਼ੀਅਲ ਸਰਕਾਰ ਨੂੰ ਚਾਹੀਦਾ ਹੈ ਕਿ ਉਹ ‘ਪੀਲ ਮੈਮੋਰੀਅਲ ਸੈਂਟਰ ਫਾਰ ਇਨਟੈਗ੍ਰੇਟਿਡ ਹੈੱਲਥ ਐਂਡ ਵੈੱਲਨੈੱਸ’ ਦੇ ਦੂਜੇ ਪੜਾ ਨੂੰ ਤੁਰੰਤ ਸਵੀਕਾਰ ਕਰੇ ਅਤੇ ਉਸਦੀ ਉਸਾਰੀ ਆਰੰਭ ਦੇਵੇ।
ਦੂਰ-ਦਰਸ਼ੀ ਸਮੇਂ ਦੇ ਪਰਬੰਧ ਵਜੋਂ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਗੰਭੀਰਤਾ ਨਾਲ਼ ਤੀਜੇ ਹਸਪਤਾਲ ਦੀ ਉਸਾਰੀ ਵੱਲ ਤੁਰੰਤ, ਅੱਜ ਤੋਂ ਹੀ, ਅੱਗੇ ਵਧੀਏ, ਜਿਵੇਂ ਕਿ 2041 ਤੱਕ ਇਸ ਸ਼ਹਿਰ ਦੀ ਆਬਾਦੀ ਤਕਰੀਬਨ ਇੱਕ ਮਿਲੀਅਨ ਹੋ ਜਾਵੇਗੀ।
ਅਸੀਂ ਬਰੈਂਪਟਨ ਸ਼ਹਿਰ ਵਿੱਚ ਭਵਿੱਖ ਦੇ ਸਾਡੇ ਤੀਸਰੇ ਹਸਪਤਾਲ ਲਈ ਲੋੜੀਂਦੀ ਸੁਰੱਖਿਅਤ ਥਾਂ ਅਤੇ ਜ਼ਮੀਨ ਦੀ ਵਿਓਂਤਬੰਦੀ ਆਰੰਭ ਕਰ ਦਿੱਤੀ ਹੈ। ਸਾਨੂੰ ਇਸ ਵੇਲ਼ੇ ਉਂਟੈਰੀਓ ਪ੍ਰੌਵਿੰਸ ਵੱਲੋਂ ਇਸ ਵਚਨਬੱਧਤਾ ਦੀ ਲੋੜ ਹੈ ਕਿ ਉਸ ਵੱਲੋਂ ਇਸ ਹਸਪਤਾਲ ਲਈ ਧਨ ਜੁਟਾਉਣ ਅਤੇ ਯੋਜਨਾਬੰਦੀ ਕਰਨ ਦੀ ਕਾਰਵਾਈ ਟੌਪ ਗੇਅਰ ਵਿੱਚ ਪਾ ਦਿੱਤੀ ਗਈ ਹੈ।
ਬਰੈਂਪਟਨ ਦਾ ਹੈੱਲਥ ਕੇਅਰ ਸਿਸਟਮ ਸੁਧਾਰਨ ਸਬੰਧੀ ਮੈਂ ਆਪਣੀ ਪ੍ਰੌਵਿੰਸ਼ੀਅਲ ਸਰਕਾਰ ਨੂੰ ਕਈ ਵੇਰ ਮਿਲ਼ ਅਤੇ ਲਾਬੀ ਕਰ ਚੁੱਕੀ ਹਾਂ। ਮੇਰੀ ਕਾਊਂਸਲ ਅਤੇ ਮੈਂ ਦੋਹਾਂ, ਪ੍ਰੌਵਿੰਸ਼ੀਅਲ ਵਿਰੋਧੀ ਧਿਰ ਦੇ ਆਗੂਆਂ ਤੇ ਪਾਰਟੀਆਂ ਨੂੰ ਮਿਲ ਕੇ ਅਤੇ ਲਾਬੀ ਕਰਕੇ ਬਰੈਂਪਟਨ ਦੇ ਹੈੱਲਥ ਕੇਅਰ ਦੀਆਂ ਗੰਭੀਰ ਸਮੱਸਿਆਵਾਂ ਸਬੰਧੀ ਚੌਕੰਨਾ ਕਰ ਚੁੱਕੇ ਹਾਂ। ‘ਵਿਲੀਅਮ ਔਸਲਰ ਹੈੱਲਥ ਸਿਸਟਮ’ ਅਤੇ ‘ਸੈਂਟਰਲ ਵੈੱਸਟ ਲੋਕਲ ਹੈੱਲਥ ਇੰਟੈਗਰੇਸ਼ਨ ਨੈੱਟਵਰਕ’ ਦੇ ਆਗੂਆਂ ਨਾਲ਼ ਵਿਧੀਵੱਧ ਤਰੀਕੇ ਨਾਲ਼ ਲਗਾਤਾਰ ਮੇਰਾ ਮਿਲਣਾ ਜ਼ਾਰੀ ਹੈ ਤਾਂ ਕਿ ਉਹ ਉਪਾ ਲੱਭੇ ਜਾਣ ਜਿਨ੍ਹਾਂ ਨਾਲ਼ ਬਰੈਂਪਟਨ ਦੀਆਂ ਅੱਜ ਦੀਆਂ ਅਤੇ ਭਵਿੱਖ ਦੀਆਂ ਹੈੱਲਥ ਕੇਅਰ ਲੋੜਾਂ ਸਦਾ ਲਈ ਪੂਰੀਆਂ ਕੀਤੀਆਂ ਜਾ ਸਕਣ।
ਮੈਨੂੰ ਤੁਹਾਡੀ ਸਹਾਇਤਾ ਦੀ ਬਹੁਤ ਲੋੜ ਹੈ – ਤੁਹਾਡੀ ਆਵਾਜ਼ ਬਹੁਤ ਹੀ ਮਹੱਤਵ ਪੂਰਨ ਹੈ ਜੋ ਪ੍ਰੌਵਿੰਸ਼ੀਅਲ ਪਾਰਲੀਮੈਂਟ ਦੇ ਸਥਾਨਕ ਮੈਂਬਰਾਂ, ‘ਮਨਿਸਟਰ ਆਫ ਹੈੱਲਥ ਐਂਡ ਲੌਂਗ-ਟਰਮ ਕੇਅਰ’ ਅਤੇ ਓਨਟਾਰੀਓ ਦੀ ਪ੍ਰੀਮੀਅਰ ਤੱਕ ਪਹੁੰਚਣੀ ਚਾਹੀਦੀ ਹੈ, ਅਸੀਂ ਜਾਨਣਾ ਚਾਹੁੰਦੇ ਹਾਂ ਕਿ ਬਰੈਂਪਟਨ ਦੀ ਹੈੱਲਥ ਕੇਅਰ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਉਹ ਕਿਹੜੇ ਯਤਨ ਕਰ ਰਹੇ ਹਨ। ਮੈਂ ਆਪਣੇ ਤੌਰ ਉੱਤੇ ਪ੍ਰੌਵਿੰਸ਼ੀਅਲ ਸਰਕਾਰ ਅਤੇ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਤੱਕ ਪਹੁੰਚ ਕਰਦੀ ਤੇ ਉਨ੍ਹਾਂ ਨੂੰ ਚਿਤੰਨ ਕਰਦੀ ਰਹਾਂਗੀ ਕਿ ਇਸ ਮੁੱਦੇ ਉੱਤੇ ਗੰਭੀਰਤਾ ਨਾਲ਼ ਸੋਚ ਵਿਚਾਰ ਕਰਨ ਤੇ ਇਸਨੂੰ ਪੱਕੇ ਤੌਰ ਉੱਤੇ ਨਜਿੱਠਣ ਕਿ ਇਹ ਮੁੱਦਾ ਕੱਲੇ-ਕੱਲੇ ਬਰੈਂਪਟਨ ਨਿਵਾਸੀ ਲਈ ਕਿਤਨਾ ਮਹੱਤਵ ਪੂਰਨ ਹੈ।
ਸਾਡੀ ਆਵਾਜ਼ ਸ਼ਕਤੀਸ਼ਾਲੀ ਹੈ, ਆਓ ਯਕੀਨ ਕਰੀਏ ਕਿ ਇਹ ਸੁਣੀ ਵੀ ਜਾਵੇ।
ਸੱਚੇ ਦਿਲੋਂ,
ਲਿੰਡਾ ਜੈਫਰੇ, ਮੇਅਰ ਆਫ ਬਰੈਂਪਟਨ

 

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …