ਪੁਸਤਕ-ਰੀਵਿਊ
ਪੁਸਤਕ : ‘ਲੀਗਲ ਗਾਈਡ ਫ਼ਾਰ ਐੱਨ.ਆਰ.ਆਈਜ਼’, ਲੇਖਕ ਆਰ.ਪੀ.ਐੱਸ. ਵਾਲੀਆ, ਚੰਡੀਗੜ੍ਹ: ਚਾਵਲਾ ਪਬਲੀਕੇਸ਼ਨਜ਼, 2017,
ਪੰਨੇ 490 (ਕੀਮਤ 790 ਰੁਪਏ)
(ਰੀਵਿਊਕਾਰ: ਡਾ. ਸੁਖਦੇਵ ਸਿੰਘ ਝੰਡ)
ਰਵਿੰਦਰ ਪਾਲ ਸਿੰਘ ਵਾਲੀਆ ਪੰਜਾਬ ਸਰਕਾਰ ਦੇ ਸੇਵਾ-ਮੁਕਤ ਪੀ.ਸੀ.ਐੱਸ. ਅਫ਼ਸਰ ਹਨ। ਵਿਗਿਆਨ ਦੇ ਵਿਦਿਆਰਥੀ ਹੁੰਦਿਆਂ ਉਨ੍ਹਾਂ ਬੌਟਨੀ ਦੇ ਵਿਸ਼ੇ ਵਿਚ ਐੱਮ.ਐੱਸ.ਸੀ. ਤੋਂ ਬਾਅਦ 1975 ਐੱਮ.ਫ਼ਿਲ. ਕਰਨ ਪਿੱਛੋਂ ਖਾਲਸਾ ਕਾਲਜ ਪਟਿਆਲਾ ਵਿਖੇ ਲੈੱਕਚਰਾਰ ਦੇ ਤੌਰ ‘ਤੇ ਨੌਕਰੀ ਸ਼ੁਰੂ ਕੀਤੀ। ਫਿਰ 1984 ਵਿਚ ਪੀ.ਸੀ.ਐੱਸ. ਦੇ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਪੰਜਾਬ ਸਰਕਾਰ ਦੇ ਸਿਵਲ ਅਫ਼ਸਰ ਬਣੇ। ਇੱਥੇ ਵੱਖ-ਵੱਖ ਮਹਿਕਮਿਆਂ ਵਿਚ ਕਈ ਅਹੁਦਿਆਂ ‘ਤੇ ਨੌਕਰੀ ਕਰਦਿਆਂ ਹੋਇਆਂ ਵਕਾਲਤ ਦੀ ਪੜ੍ਹਾਈ ਕਰਨ ਦਾ ਸ਼ੌਕ ਪੈਦਾ ਹੋ ਗਿਆ ਅਤੇ 1998 ਵਿਚ ਐਕਸਾਈਜ਼ ਐਂਡ ਟੈੱਕਸੇਸ਼ਨ ਮਹਿਕਮੇ ਵਿਚ ਸਰਵਿਸ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸ਼ਾਮ ਦੀਆਂ ਕਲਾਸਾਂ ਲਗਾ ਕੇ ਐੱਲ.ਐੱਲ.ਬੀ. ਦੀ ਡਿਗਰੀ ਪ੍ਰਾਪਤ ਕੀਤੀ।
ਦਸੰਬਰ 2012 ਵਿਚ ਹੋਈ ਸੇਵਾ-ਮੁਕਤੀ ਤੋਂ ਬਾਅਦ ਉਹ ਟੋਰਾਂਟੋ ਆਪਣੀ ਬੇਟੀ ਕੋਲ ਆ ਗਏ। ਇੱਥੇ ਆ ਕੇ ਉਨ੍ਹਾਂ ਵੇਖਿਆ ਅਤੇ ਮਹਿਸੂਸ ਕੀਤਾ ਕਿ ਐੱਨ.ਆਰ.ਆਈ ਵੀਰਾਂ/ਭੈਣਾਂ ਨੂੰ ਭਾਰਤੀ ਕਾਨੂੰਨਾਂ ਦੀ ਬੜੀ ਘੱਟ ਜਾਂ ਸੀਮਤ ਜਿਹੀ ਜਾਣਕਾਰੀ ਹੈ ਅਤੇ ਉਹ ਆਪਣੇ ਨਿੱਕੇ-ਨਿੱਕੇ ਮਸਲਿਆਂ ਬਾਰੇ ਕਾਨੂੰਨੀ ਰਾਇ ਲੈਣ ਲਈ ਵਕੀਲਾਂ ਕੋਲ ਜਾਂਦੇ ਹਨ ਅਤੇ ਉਨ੍ਹਾਂ ਨੂੰ ਭਾਰੀ ਫ਼ੀਸਾਂ ਅਦਾ ਕਰਦੇ ਹਨ। ਇਹ ਸੋਚ ਕੇ ਉਨ੍ਹਾਂ ਨੇ ਭਾਰਤੀ ਕਾਨੂੰਨ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ-ਭਰਪੂਰ ਆਰਟੀਕਲ ਲਿਖ ਕੇ 2013 ਵਿਚ ‘ਸਿੱਖ ਸਪੋਕਸਮੈਨ’ (ਬਰੈਂਪਟਨ), ‘ਇੰਡੀਆ ਵੀਕਲੀ’ (ਨਵੀਂ ਦਿੱਲੀ) ਅਤੇ ‘ਫ਼ੋਰਥ ਪੁਆਇੰਟ’ (ਨਵੀਂ ਦਿੱਲੀ) ਨੂੰ ਭੇਜਣੇ ਸ਼ੁਰੂ ਕਰ ਦਿੱਤੇ ਅਤੇ ਇਸ ਦੇ ਨਾਲ ਹੀ ਬਰੈਂਪਟਨ ਵਿਚ ਚੱਲ ਰਹੇ ‘ਪਰਵਾਸੀ ਰੇਡੀਓ’ ‘ਤੇ ਵੀ ਕਾਨੂੰਨੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ।
ਇਸ ਸਮੇਂ ਭਾਰਤੀ-ਮੂਲ ਦੇ 16 ਮਿਲੀਅਨ ਪਰਵਾਸੀ ਰੋਜ਼ੀ-ਰੋਟੀ ਦੀ ਖ਼ਾਤਰ ਜਾਂ ਬਿਹਤਰ ਜੀਵਨ ਦੀ ਤਲਾਸ਼ ਵਿਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਵੱਸੇ ਹੋਏ ਹਨ ਅਤੇ ਇਨ੍ਹਾਂ ਨੂੰ ਭਾਰਤੀ ਕਾਨੂੰਨ ਦੇ ਵੱਖੋ-ਵੱਖਰੇ ਪਹਿਲੂਆਂ ਦੀ ਜਾਣਕਾਰੀ ਦੀ ਜ਼ਰੂਰਤ ਅਕਸਰ ਪੈਂਦੀ ਹੈ। ਉਨ੍ਹਾਂ ਦੀ ਇਸ ਲੋੜ ਨੂੰ ਪੂਰਿਆਂ ਕਰਨ ਲਈ ਰਵਿੰਦਰ ਪਾਲ ਸਿੰਘ ਵਾਲੀਆ ਵੱਲੋਂ ਅੰਗਰੇਜ਼ੀ ਵਿਚ ਤਿਆਰ ਕੀਤੀ ਗਈ ਇਹ ਪੁਸਤਕ ‘ਲੀਗਲ ਗਾਈਡ ਫ਼ਾਰ ਐੱਨ.ਆਰ.ਆਈਜ਼.’ ਬੜੀ ਲਾਭਦਾਇਕ ਸਿੱਧ ਹੋ ਸਕਦੀ ਹੈ। ਪੁਸਤਕ ਵਿਚ ਕਾਨੂੰਨੀ ਜਾਣਕਾਰੀ ਬੜੀ ਸਰਲ ਭਾਸ਼ਾ ਵਿਚ ਦਿੱਤੀ ਗਈ ਹੈ ਅਤੇ ਅੰਗਰੇਜ਼ੀ ਦਾ ਆਮ ਗਿਆਨ ਰੱਖਣ ਵਾਲਾ ਪਾਠਕ ਇਸ ਤੋਂ ਲੋੜੀਂਦੀ ਜਾਣਕਾਰੀ ਬੜੀ ਆਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ। ਵਾਲੀਆ ਜੀ ਨੇ ਇਸ ਪੁਸਤਕ ਨੂੰ 9 ਵੱਖ-ਵੱਖ ਭਾਗਾਂ ਵਿਚ ਦਿੱਤੇ ਗਏ 63 ਚੈਪਟਰਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ 6 ਅਧਿਆਇ ਵਿਦੇਸ਼ਾਂ ਵਿਚ ਪਰਵਾਸ, ਪਰਵਾਸੀਆਂ, ਇੰਮੀਗਰੇਸ਼ਨ ਅਤੇ ਵੀਜ਼ੇ ਸਬੰਧੀ ਆਮ ਜਾਣਕਾਰੀ ਵਾਲੇ ਹਨ। ਦੂਸਰੇ ਭਾਗ ਵਿਚ ਲੇਖਕ ਵੱਲੋਂ ‘ਐੱਨ.ਆਰ.ਆਈ ਸੰਮੇਲਨ’ (2014), ‘ਪਰਵਾਸੀ ਸੰਗਤ-ਦਰਸ਼ਨ’ (2015), ‘ਪਰਵਾਸੀ ਭਾਰਤੀ ਦਿਵਸ’ (2015), ‘ਪਰਵਾਸੀ ਹਰਿਆਣਾ ਦਿਵਸ’ (2017) ਅਤੇ ਅਜਿਹੇ ਹੋਰ ਐੱਨ. ਆਰ. ਆਈ. ਸਰਕਾਰੀ ਇਕੱਠਾਂ ਬਾਰੇ ਗੱਲ ਕੀਤੀ ਗਈ ਹੈ। ਤੀਸਰਾ ਭਾਗ ਐੱਨ. ਆਰ. ਆਈਜ਼ ਲਈ ਬੈਂਕਿੰਗ ਅਤੇ ਚੌਥਾ ਭਾਗ ਉਨ੍ਹਾਂ ਲਈ ਟੈੱਕਸੇਸ਼ਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਾ ਹੈ। ਪੰਜਵੇਂ ਭਾਗ ਵਿਚ ਜ਼ਮੀਨ, ਚੱਲ ਤੇ ਅਚੱਲ ਜਾਇਦਾਦ, ਜਮ੍ਹਾਂਬੰਦੀ, ਜ਼ਮੀਨ ਦੀ ਵੰਡ ਤੇ ਵੇਚਣ, ਪਾਵਰ ਆਫ਼ ਅਟਾਰਨੀ, ਵਸੀਅਤ, ਆਦਿ ਜਿਨ੍ਹਾਂ ਤੋਂ ਪਰਿਵਾਰਾਂ ਵਿਚ ਬਹੁਤੇ ਝਗੜੇ ਪੈਦਾ ਹੁੰਦੇ ਹਨ ਅਤੇ ਮਸਲੇ ਕੋਰਟਾਂ/ਕਚਹਿਰੀਆਂ ਵਿਚ ਪਹੁੰਚਦੇ ਹਨ ਤੇ ਐੱਨ ਆਰ. ਆਈਜ਼ ਦੀ ਬੜੀ ਖੱਜਲ-ਖੁਆਰੀ ਹੁੰਦੀ ਹੈ, ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ।
ਪੁਸਤਕ ਦਾ ਛੇਵਾਂ ਭਾਗ ਐਨ.ਆਰ. ਆਈਜ. ਲਈ ਭਾਰਤ ਵਿਚ ਜਾਇਦਾਦ ਖਰੀਦਣ ਅਤੇ ਵੇਚਣ ਬਾਰੇ ਗਾਈਡ-ਲਾਈਨਜ਼ ਮੁਹੱਈਆ ਕਰਦਾ ਹੈ, ਜਦ ਕਿ ਇਸ ਤੋਂ ਅਗਲੇ ਦੋ ਭਾਗ (ਸੱਤਵਾਂ ਤੇ ਅੱਠਵਾਂ) ਭਾਰਤੀ ਫ਼ੌਜਦਾਰੀ ਕਾਨੂੰਨ ਅਤੇ ਪਰਿਵਾਰ ਸਬੰਧੀ ਕਾਨੂੰਨ ਬਾਰੇ ਹਨ ਅਤੇ ਅਖ਼ੀਰਲੇ ਭਾਗ ਵਿਚ ਪੰਜਾਬ ਸਰਕਾਰ ਵੱਲੋਂ ਐੱਨ.ਆਰ.ਆਈਜ਼. ਸਬੰਧੀ ਪਾਲਸੀਆਂ ਅਤੇ ਉਨ੍ਹਾਂ ਦੀ ਭਲਾਈ ਲਈ ਸਮੇਂ-ਸਮੇਂ ਚੁੱਕੇ ਗਏ ਵੱਖ-ਵੱਖ ਕਦਮਾਂ ਬਾਰੇ ਜਾਣਕਾਰੀ ਮੌਜੂਦ ਹੈ। ਇਸ ਵਿਚ ਐੱਨ.ਆਰ.ਆਈਜ. ਲਈ ਬਣਾਈਆਂ ਗਈਆਂ ਸਪੈਸ਼ਲ ਅਦਾਲਤਾਂ, ‘ਸਿੰਗਲ ਵਿੰਡੋ ਸਿਸਟਮ’, ਸਪਾਊਜ਼ ਨੂੰ ਜਾਇਦਾਦ ਟ੍ਰਾਂਸਫਰ ਕਰਨ ਅਤੇ ਪਾਵਰ ਆਫ਼ ਅਟਾਰਨੀ ਦੇਣ ਬਾਰੇ ਪੰਜਾਬ ਸਰਕਾਰ ਦੀਆਂ ਪਾਲਸੀਆਂ ਦਾ ਵਿਸ਼ੇਸ਼ ਵਰਨਣ ਹੈ।
ਚਾਵਲਾ ਪਬਲੀਕੇਸ਼ਨਜ਼, ਚੰਡੀਗੜ੍ਹ ਵੱਲੋਂ ਛਾਪੀ ਗਈ ਲੱਗਭੱਗ ਪੰਜ ਸੌ ਸਫ਼ਿਆਂ (ਕੇਵਲ 10 ਹੀ ਘੱਟ) ਦੀ ਇਹ ਭਾਰਤੀ ਕਾਨੂੰਨ ਬਾਰੇ ਜਾਣਕਾਰੀ ਭਰਪੂਰ ਗਾਈਡ ਵਿਦੇਸ਼ਾਂ ਵਿਚ ਵੱਸੇ ਪਰਵਾਸੀਆਂ ਲਈ ਬੜੀ ਉਪਯੋਗੀ ਸਾਬਤ ਹੋ ਸਕਦੀ ਹੈ ਜੇਕਰ ਉਹ ਇਸ ਵਿਚ ਸ਼ਾਮਲ ਕੀਤੀ ਗਈ ਜਾਣਕਾਰੀ ਨੂੰ ਆਪਣੇ ਮਸਲਿਆਂ ਨੂੰ ਸੁਲਝਾਉਣ ਲਈ ਵਰਤੋਂ ਵਿਚ ਲਿਆਉਣ ਦੀ ਖੇਚਲ ਕਰਨ। ਪੁਸਤਕ ਦੇ ਆਰੰਭ ਵਿਚ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ; ਅਖਿਲੇਸ਼ ਮਿਸ਼ਰਾ, ਕਾਊਂਸਲ ਜਨਰਲ ਆਫ਼ ਇੰਡੀਆ (ਟੋਰਾਂਟੋ); ਅਸ਼ੋਕ ਅਗਰਵਾਲ, ਐਡਵੋਕੇਟ ਜਨਰਲ ਪੰਜਾਬ ਵਰਗੀਆਂ ਮਹੱਤਵ-ਪੂਰਨ ਸ਼ਖ਼ਸੀਅਤਾਂ ਵੱਲੋਂ ਲਿਖੇ ਗਏ ਮੁੱਖ-ਬੰਦ ਵਜੋਂ ਦਰਜ ਸ਼ਬਦ ਇਸ ਦੀ ਖ਼ੂਬਸੂਰਤੀ ਅਤੇ ਮਹੱਤਤਾ ਵਿਚ ਹੋਰ ਵੀ ਵਾਧਾ ਕਰਦੇ ਹਨ।
ਮੈਂ ਪੁਸਤਕ ਦੇ ਲੇਖਕ ਰਵਿੰਦਰ ਪਾਲ ਸਿੰਘ ਵਾਲੀਆ ਨੂੰ ਇਹ ਜਾਣਕਾਰੀ ਭਰਪੂਰ ਪੁਸਤਕ ਲਿਆਉਣ ‘ਤੇ ਆਪਣੇ ਵੱਲੋਂ ਹਾਰਦਿਕ ਵਧਾਈ ਪੇਸ਼ ਕਰਦਾ ਹਾਂ ਅਤੇ ਐੱਨ.ਆਰ.ਆਈ ਵੀਰਾਂ/ਭੈਣਾਂ ਨੂੰ ਇਸ ਨੂੰ ਖਰੀਦ ਕੇ ਪੜ੍ਹਨ ਅਤੇ ਆਪਣੇ ਘਰਾਂ ਦੀਆਂ ਲਾਇਬ੍ਰੇਰੀਆਂ ਵਿਚ ਰੱਖਣ ਦੀ ਸਿਫ਼ਾਰਿਸ਼ ਕਰਦਾ ਹਾਂ ਕਿਉਂਕਿ ਇਸ ਵਿਚਲੀ ਜਾਣਕਾਰੀ ਦੀ ਜੀਵਨ ਵਿਚ ਕਦੀ ਵੀ ਜ਼ਰੂਰਤ ਪੈ ਸਕਦੀ ਹੈ।