Breaking News
Home / ਨਜ਼ਰੀਆ / ਕੁੱਝ ਸੁਣੀਆਂ ਕੁਝ ਡਿੱਠੀਆਂ

ਕੁੱਝ ਸੁਣੀਆਂ ਕੁਝ ਡਿੱਠੀਆਂ

ਕਲਵੰਤ ਸਿੰਘ ਸਹੋਤਾ
604-589-5919
ਪੁਰਾਣੇ ਬਜ਼ੁਰਗ ਵੜੇ ਸੂਰਮੇਂ, ਕਾਮੇਂ, ਤਕੜੇ, ਖੁੱਲਾ ਡੁੱਲਾ ਖਾਣ ਪੀਣ ਵਾਲੇ ਤੇ ਫੌਲਾਦੀ ਜੁੱਸੇ ਵਾਲੇ ਹੋਇਆ ਕਰਦੇ ਸਨ। ਉਹਨਾਂ ਦੇ ਕਾਰਨਾਮਿਆਂ ਦੀਆਂ ਗੱਲਾਂ ਸੁਣ ਕੇ ਇੰਜ ਲਗਦਾ ਹੈ ਕਿ ਜਿਵੇਂ ਉਹ ਲੋਹੇ ਦੇ ਬਣੇ ਹੋਣ। ਇਸ ਲੇਖ ‘ਚ ਜਿਹੜਾ ਮੈਂ ਜ਼ਿਕਰ ਕਰਨ ਲੱਗਿਆਂ ਉਹ ਕੋਈ ਮਨੋ ਕਲਪਤ ਜਾਂ ਖਿਆਲੀ ਗੱਲਾਂ ਨਹੀਂ।, ਬਲਕਿ ਕੁਝ ਆਪ ਦੇਖੀਆਂ ਤੇ ਕੁੱਝ ਆਪਣੇ ਸਤਿਕਾਰਤ ਬਜ਼ੁਰਗਾਂ ਤੋਂ ਕੰਨੀਂ ਸੁਣੀਆਂ ਹੋਈਆਂ ਹਨ। ਇਨ੍ਹਾਂ ਗੱਲਾਂ ਦਾ ਲਿਖਤੀ ਰੂਪ ‘ਚ ਲਿਆਉਣਾਂ ਮੈਂ ਇਸ ਕਰਕੇ ਵੀ ਜ਼ਰੂਰੀ ਤੇ ਅਹਿਮ ਸਮਝਦਾ ਹਾਂ ਕਿ ਭਵਿੱਖ ‘ਚ ਇਨ੍ਹਾਂ ਦੀ ਦੰਦ ਕਥਾ ਕਰਨ ਵਾਲਾ ਵੀ ਕੋਈ ਨਹੀਂ ਹੋਣਾਂ ਤੇ ਇੰਜ ਇਹ ਸਾਰੀਆਂ ਘਟਨਾਵਾਂ ਹਮੇਸ਼ਾਂ ਲਈ ਅਲੋਪ ਹੋ ਜਾਣੀਆਂ ਹਨ।
ਮੇਰੇ ਬਾਪੂ ਜੀ ਅਕਸਰ ਗੱਲ ਕਰਿਆ ਕਰਦੇ ਸਨ ਬਜ਼ੁਰਗ ਜੈਮਲ ਸਿੰਘ ਦੀ, ਜਿਨ੍ਹਾਂ ਦਾ ਘਰ ਸਾਡੇ ਪਿਛਵਾੜੇ ਸੀ ਤੇ ਸਾਡੀ ਕੰਧ ਨਾਲ ਕੰਧ ਸਾਂਝੀ ਸੀ। ਇਕ ਵਾਰੀ ਉਹਨਾਂ ਦੇ ਘਰ ਦੇ ਦਲਾਨ ਦੀ ਲਟੈਣ ਟੁੱਟ ਗਈ ਤੇ ਛੱਤ ਡਿਗਣ ਨੂੰ ਕਰਨ ਲੱਗੀ ਤਾਂ ਉਹ ਆਪਣੇ ਪੁੱਤ ਨੂੰ ਕਹਿਣ ਲੱਗਾ ਕਿ ਜਾਹ ਖੂਹ ਤੋਂ ਫਲਾਣੇ ਦਰੱਖ਼ਤ ਨਾਲ਼ੋ ਥੱਮ੍ਹੀ ਵੱਢ ਕੇ ਲਿਆ। ਪੁੱਤ ਥੱਮ੍ਹੀ ਲੈਣ ਚਲਾ ਗਿਆ ਤੇ ਬਜ਼ੁਰਗ ਜੈਮਲ ਸਿੰਘ ਟੁੱਟ ਰਹੀ ਲਟੈਣ ਦੇ ਥੱਲੇ ਸਿਰ ਦੇ ਕੇ ਖੜ੍ਹ ਗਿਆ ਤੇ ਛੱਤ ਨੂੰ ਡਿਗਣ ਤੋਂ ਥੰਮੀਂ (ਰੋਕੀ) ਰੱਖਿਆ ਜਿੰਨਾਂ ਚਿਰ ਉਸ ਦਾ ਪੁੱਤਰ ਥੱਮ੍ਹੀ ਲੈ ਕੇ ਨਹੀਂ ਆਇਆ। ਥੱਮ੍ਹੀ ( ਦਰੱਖਤ ਦਾ ਵੱਡਾ ਭਾਰੀ ਟਾਹਣਾਂ ) ਆਈ ਤੇ ਲਟੈਣ ਥੱਲੇ ਉਸ ਥੱਮ੍ਹੀ ਨੂੰ ਖੜੀ ਕਰ ਜਦੋਂ ਬਜ਼ੁਰਗ ਜੈਮਲ ਸਿੰਘ ਛੱਤ ਦੇ ਭਾਰ ਤੋਂ ਫਾਰਗ ਹੋਇਆ ਤਾਂ ਉਸ ਦੇ ਪੁੱਤਰ ਨੇ ਪੁਛਿਆ ਕਿ ਬਾਪੂ ਛੱਤ ਦਾ ਭਾਰ ਤਾਂ ਨਹੀਂ ਬਹੁਤਾ ਲੱਗਿਆ? ਤਾਂ ਅੱਗੋਂ ਮੂੰਹ ‘ਤੇ ਹੱਥ ਫੇਰਦਿਆਂ ਜੁਆਬ ਦਿੱਤਾ ਕਿ ਕਾਕਾ ਛੱਤ ਭਾਰੀ ਸੀ, ਜਿਸ ਕਰਕੇ ਉੱਪਰਲਾ ਜਬ੍ਹਾੜਾ ਕੁਝ ਬਾਹਰ ਨੂੰ ਆ ਗਿਆ ਹੈ। ਪਤਾ ਨਹੀਂ ਕਿੰਨਾਂ ਚਿਰ ਲੱਗਿਆ ਹੋਊ ਖੂਹ ‘ਤੇ ਜਾਣ ਆਉਣ ਨੂੰ ਅਤੇ ਦਰੱਖ਼ਤ ਨਾਲ਼ੋਂ ਥੰਮ੍ਹੀ ਵੱਢਣ ਨੂੰ, ਉਤਨਾਂ ਚਿਰ ਬਾਬਾ ਜੈਮਲ ਸਿੰਘ ਸਾਰੀ ਛੱਤ ਦਾ ਭਾਰ ਸਿਰ ਤੇ ਲੈ ਕੇ ਖੜ੍ਹਾ ਰਿਹਾ।
ਉਸੇ ਬਜ਼ੁਰਗ ਜੈਮਲ ਸਿੰਘ ਦੀ ਇੱਕ ਗੱਲ ਹੋਰ ਬਾਪੂ ਜੀ ਸੁਣਾਇਆ ਕਰਦੇ ਸੀ, ਕਿ ਉਹਨਾਂ ਦੀ ਗੱਡ (ਲੋਹੇ ਨਾਲ ਮੜ੍ਹੀ ਹੋਣ ਕਰਕੇ ਇਹ ਗੱਡੇ ਨਾਲ਼ੋ ਭਾਰੀ ਹੁੰਦੀ ਸੀ ) ਸਮਰਾਮਾਂ ਵਾਲੇ ਰਿਸ਼ਤੇਦਾਰ ਮੰਗ ਕੇ ਲੈ ਗਏ। ਸਮਰਾਮਾਂ ਸਾਡੇ ਪਿੰਡੋਂ ਦਸ ਬਾਰਾਂ ਕੋਹ ਹਨ। ਬਜ਼ੁਰਗ ਇੱਕ ਦੋ ਵਾਰੀ ਤੁਰ ਕੇ ਕਹਿਣ ਗਿਆ ਕਿ ਭਾਈ ਸਾਡੀ ਗੱਡ ਹੁਣ ਛੱਡ ਆਓ, ਸਾਨੂੰ ਚਾਹੀਦੀ ਹੈ। ਅੱਗੋਂ ਸਮਰਾਮਾਂ ਵਾਲੇ ਰਿਸ਼ਤੇਦਾਰ ਗੱਲ ਆਈ ਗਈ ਕਰਦੇ ਰਹੇ। ਤੀਸਰੀ ਵਾਰੀ ਉਹ ਫਿਰ ਗਿਆ ਤੇ ਕਹਿਣ ਲੱਗਾ ਕਿ ਭਾਈ ਸਾਡੀ ਗੱਡ ਹੁਣ ਛੱਡ ਆਓ ਧੁਲੇਤੇ ਸਾਨੂੰ ਵੀ ਲੋੜ ਹੈ। ਅੱਗੋਂ ਰੁੱਖੇ ਲਹਿਜੇ ‘ਚ ਜੁਆਬ ਮਿਲਿਆ ਕਿ ਕਣਕ ਦੀ ਬਿਜਾਈ ਦਾ ਸਮਾਂ ਹੈ ਵਿਹਲ ਲੱਗਾ ਤਾਂ ਦੇਖਾਂਗੇ। ਇਹ ਗੱਲ ਸੁਣ ਕੇ ਬਜੁਰਗ ਜੈਮਲ ਸਿੰਘ ਕਹਿਣ ਲੱਗਾ ਕਿ ਚੰਗਾ ਜੇ ਤੁਸੀਂ ਨਹੀਂ ਛੱਡਣ ਜਾ ਸਕਦੇ ਤਾਂ ਮੈਂ ਲੈ ਜਾਂ? ਇਹ ਸੁਣ ਕੇ ਸਮਰਾਮਾਂ ਵਾਲੇ ਰਿਸ਼ਤੇਦਾਰ ਹੱਸੇ ਤੇ ਕਹਿੰਦੇ ਲੈ ਜਾਹ: ਉਹਨਾਂ ਨੂੰ ਪਤਾ ਸੀ ਕਿ ਇਹ ਕਿਹੜਾ ਬਲਦ ਲੈ ਕੇ ਆਇਆ ਜਿਹੜਾ ਹੁਣੇ ਹੀ ਗੱਡ ਜੋੜ ਕੇ ਲੈ ਜਾਊ। ਇਹ ਸੁਣਦੇ ਹੀ ਬਜ਼ੁਰਗ ਨੇ ਉੱਪਰ ਲਈ ਖੇਸੀ ਚੌਫਲੀ ਕਰਕੇ ਮੋਢੇ ‘ਤੇ ਰੱਖੀ ਤੇ ਗੱਡ ਦਾ ਊਟਣਾਂ ਉਸੇ ਮੋਢੇ ਤੇ ਧਰ, ਦਸ ਬਾਰਾਂ ਕੋਹ ਧੂ ਕੇ ਗੱਡ ਪਿੰਡ ਲੈ ਆਇਆ। ਇਹੋ ਜਿਹਾ ਸੂਰਮਾਂ ਸੀ ਸਾਡਾ ਗੁਆਂਢੀ ਬਜ਼ੁਰਗ ਜੈਮਲ ਸਿੰਘ।
ਇੱਕ ਗੱਲ ਹੋਰ ਮੇਰੇ ਬਾਪੂ ਜੀ ਆਪਣੇ ਬਾਬੇ ਸੁੰਦਰ ਸਿੰਘ ਦੀ ਸੁਣਾਇਆ ਕਰਦੇ ਸੀ ਕਿ ਇੱਕ ਵਾਰੀ ਉਹ ਮੱਕੀ ਦੀਆਂ ਛੱਲੀਆਂ ਦੀ ਪੰਡ ਖੂਹ ਤੋਂ ਚੁੱਕ ਕੇ ਘਰ ਲਿਆਇਆ ਤਾਂ ਕਹਿੰਦਾ ਕਿ ਅੱਜ ਪੰਡ ਭਾਰੀ ਲੱਗੀ ਹੈ ਤੇ ਜੋਖ ਕੇ ਦੇਖਣਾਂ ਕਿ ਕਿੰਨਾਂ ਭਾਰ ਹੈ? ਪੰਡ ਦੀਆਂ ਛੱਲੀਆਂ ਜਦ ਜੋਖੀਆਂ ਤਾਂ ਸੋਲ਼ਾਂ ਮਣ ਹੋਈਆਂ। ਇੱਥੇ ਇਹ ਦੱਸ ਦੇਈਏ ਕਿ ਸੋਲ਼ਾਂ ਸੇਰ ( ਇੱਕ ਪੱਕਾ ਸੇਰ ਕਿੱਲੋ ਤੋਂ ਰਤਾ ਘੱਟ ਹੁੰਦਾ ਹੈ ) ਪੱਕਿਆਂ ਦਾ ਇੱਕ ਮਣ ਹੁੰਦਾ ਹੈ; ਸੋ 16 ਨੂੰ 16 ਨਾਲ ਜਰਬ ਦੇਈਏ ਤਾਂ 256 ਸੇਰ ਪੱਕੇ, ਜਣੀਂ ਸਵਾ ਦੋ ਢਾਈ ਕੁਐਂਟਲ ਭਾਰ ਸਿਰ ‘ਤੇ ਚੱਕ ਕੇ ਘਰ ਲੈ ਆਇਆ।
ਸਾਡੇ ਘਰਾਂ ‘ਚੋਂ ਬਾਬਾ ਸੀ, ਦੂਸਰੀ ਸਾਖ ਤੋਂ; ਉਸ ਨੂੰ ਸਾਰੇ ਬਾਬਾ ਰੋਡਾ ਕਹਿੰਦੇ ਸਨ, ਉਸ ਦਾ ਅਸਲੀ ਨਾਮ ਤਾਂ ਹਰਦਿਆਲ ਸਿੰਘ ਸੀ। ਰੋਡਾ ਨਾਂਉ ਕਿਉਂ ਪਿਆ ਇਸ ਵਾਰੇ ਕੋਈ ਪਤਾ ਨਹੀਂ। ਇੱਕ ਵਾਰੀ ਉਹ ਪਿੰਡ ਦੇ ਰਿਖੀ ਨਾਮੀਂ ਹਲਵਾਈ ਨਾਲ ਸ਼ਰਤ ਲਾ ਬੈਠਾ, ਕਹਿਣ ਲੱਗਾ ਕਿ ਮੈਂ ਚਾਰ ਸੇਰ ਪੱਕੀਆਂ ਜਲੇਬੀਆਂ ਖਾ ਜਾਊਂ। ਚਾਰ ਸੇਰ ਪੱਕੇ ਨੂੰ ਕੱਚੀ ਧੜੀ ਕਿਹਾ ਜਾਂਦਾ ਸੀ। ਉਸ ਵਕਤ ਕਿੱਲੋਗ੍ਰਾਮ ਨਹੀਂ ਸੀ ਪ੍ਰਚੱਲਤ ਹੋਏ। ਜਿਵੇਂ ਉੱਪਰ ਜ਼ਿਕਰ ਕੀਤਾ ਇੱਕ ਸੇਰ ਪੱਕਾ ਕਿੱਲੋਗ੍ਰਾਮ ਤੋਂ ਥੋੜ੍ਹਾ ਜਿਹਾ ਘੱਟ ਤੋਲ ਰੱਖਦਾ ਸੀ। ਰਿਖੀ ਹਲਵਾਈ ਕਹਿਣ ਲੱਗਾ ਕਿ ਜੇ ਤੂੰ ਚਾਰ ਸੇਰ ਜਲੇਬੀਆਂ ਖਾ ਜਾਏਂ ਤਾਂ ਮੈਂ ਤੈਥੋਂ ਕੁੱਝ ਨਹੀਂ ਲੈਣਾਂ ਤੇ ਜੇ ਤੇਥੋਂ ਨਾਂ ਖਾ ਹੋਈਆਂ ਤਾਂ ਚਾਰ ਸੇਰ ਜਲੇਬੀਆਂ ਦੇ ਪੈਸੇ ਦੇਣੇ ਪੈਣਗੇ। ਉਹਨਾਂ ਸਮਿਆਂ ‘ਚ ਚਾਰ ਸੇਰ ਜਲੇਬੀਆਂ ਯੋਗੇ ਤਾਂ ਕੀ ਇੱਕ ਪਾਈਆ ਚੀਜ਼ ਖਰੀਦਣ ਯੋਗੀ ਵੀ ਨਗਦੀ ਨਹੀਂ ਸੀ ਹੁੰਦੀ। ਇਹ ਸ਼ਰਤ ਲਾਕੇ ਬਾਬਾ ਰੋਡਾ ਚਾਰ ਸੇਰ ਪੱਕੀਆਂ ਜਲੇਬੀਆਂ ਖਾ ਕੇ ਮੁੱਛਾਂ ‘ਤੇ ਹੱਥ ਫੇਰ ਹਲਵਾਈ ਦੀ ਹਫਤੇ ਦੀ ਕਮਾਈ ਦਾ ਕੂੰਡਾ ਕਰ ਗਿਆ। ਜੇ ਨਾਂ ਖਾ ਸਕਦਾ ਤਾਂ ਬਾਬੇ ਰੋਡੇ ਤੋਂ ਛੇ ਮਹੀਨਿਆਂ ‘ਚ ਵੀ ਨਹੀਂ ਸੀ ਪੈਸੇ ਮੋੜ ਹੋਣੇ।
ਉਸੇ ਬਾਬੇ ਰੋਡੇ ਦੀ ਇੱਕ ਗੱਲ ਹੋਰ ਸਾਡੇ ਘਰਾਂ ‘ਚੋਂ ਹੀ ਮੇਰੇ ਤਾਇਆ ਜੀ ਦੇ ਪੁੱਤ ਸੋਹਣ ਸਿੰਘ ਨੇ ਕਈ ਵਾਰੀ ਸੁਣਾਈ ਕਿ ਇੱਕ ਵਾਰੀ ਬਾਬਾ ਰੋਡਾ, ਚਾਚਾ ਗੁਰਮੀਤ ਅਤੇ ਸੋਹਣ ਸਿੰਘ ਕਿਸੇ ਦੇ ਆਭਤੇ ਗੱਡੇ ‘ਤੇ ਇੱਟਾਂ ਲੈਕੇ ਅੱਪਰੇ ਛੱਡਣ ਗਏ। ਬਰਸਾਤਾਂ ਦੇ ਦਿਨ ਸਨ, ਸਾਡੇ ਪਿੰਡੋਂ ਅੱਪਰਾ ਤਿਨ ਚਾਰ ਕੁ ਮੀਲ ਹੈ। ਰਾਹ ਕੱਚੇ ਸਨ; ਖੁੱਭਲੀਆਂ, ਟੋਏ, ਗਾਰਾ ਗਾਹੁੰਦੇ ਮਸਾਂ ਅੱਪਰੇ ਪੁੱਜੇ: ਭੁੱਖ ਨਭਾਣੇ ਇੱਟਾਂ ਲਾਹ ਗੱਡਾ ਖਾਲੀ ਕੀਤਾ ਤਾਂ ਉਸੇ ਘਰ ਹੀ ਰੋਟੀ ਖਾਣ ਬੈਠ ਗਏ। ਘਰ ਵਾਲੀ ਬੀਬੀ ਪਰੌਠੇ ਪਕਾਈ ਗਈ ਤੇ ਇਹ ਤਿੰਨੇ ਜਣੇ ਖਾਈ ਗਏ। ਬੀਬੀ ਨੂੰ ਕਈ ਵਾਰੀ ਵਾਰ ਵਾਰ ਆਟਾ ਗੁੰਨਣਾਂ ਪਿਆ ਤੇ ਆਖਿਰ ਆਟਾ ਵੀ ਮੁੱਕ ਗਿਆ ਤਾਂ ਘਰ ਵਾਲਾ ਆਪਣੇ ਆਪ ਨੂੰ ਕੋਸੇ ਤੇ ਨਾਲੇ ਗਾਲ਼ਾਂ ਕੱਢੇ ਅਤੇ ਤੋਬਾ ਕਰੇ ਕਿ ਮੁੜਕੇ ਕਿਸੇ ਨੂੰ ਆਭਤੇ ਕੰਮ ਲਈ ਨਹੀਂ ਕਹਿਣਾਂ, ਪੈਸੇ ਦੇ ਕੇ ਕੰਮ ਕਰਾਉਣ ‘ਚ ਹੀ ਭਲਾ ਹੈ। ਉਹ ਆਪਣੇ ਥਾਂ ਸਹੀ ਸੀ ਕਿ ਬੀਬੀ ਤਾਂ ਘੰਟਿਆਂ ਬੱਧੀ ਚੁੱਲੇ ਭੱਠੀ ਮੁਹਰੇ ਤਪਦੀ ਸੜਦੀ ਪਰੌਠੇ ਪਕਾਈ ਗਈ ਤੇ ਇਹ ਤਿੰਨੇ ਆਭਤੀ ਫਿਰ ਵੀ ਨਾਂ ਰੱਜੇ ਜਦ ਕਿ ਬਾਬਾ ਰੋਡਾ ਸੱਤਰ (70), ਚਾਚਾ ਗੁਰਮੀਤ ਅਠਤਾਲੀ (48) ਤੇ ਭਾਜੀ ਸੋਹਣ ਸਿੰਘ ਨੇ ਤਾਂ ਮਸਾਂ ਦਸ (10) ਹੀ ਪਰੌਠੇ ਖਾਧੇ।
ਮੈਂ ਇੱਕ ਹੋਰ ਗੱਲ ਆਪਣੇ ਬਾਪੂ ਜੀ ਦੇ ਬਾਬਾ ਜੀ ਦੀ ਦੱਸਦਾਂ, ਇਕ ਵਾਰੀ ਉਹ ਆਪਣੇ ਨਾਨਕੀਂ ਗਏ, ਦੋ ਤਿੰਨ ਦਿਨ ਰਹਿ ਕੇ ਘਰ ਆਏ ਤਾਂ ਉਹਨਾਂ ਦੀ ਮਾਂ ਨੇ ਪੁੱਛਿਆ ਕਿ ਕਾਕਾ ਤੂੰ ਖਾਲੀ ਹੱਥੀ ਘਰ ਆ ਗਿਆਂ ਤੇਰੀ ਮਾਮੀ ਨੇ ਕੁੱਝ ਦਿੱਤਾ ਨਹੀਂ ? ਅੱਗੋਂ ਉਹ ਬੋਲੇ ਕਿ ਮਾਂ ਮੈਨੂੰ ਮਾਮੀ ਨੇ ਧੜੀ (ਚਾਰ ਸੇਰ ਪੱਕੀ) ਕੁ ਸ਼ੱਕਰ ਦਿੱਤੀ ਸੀ: ਆਹ ਪਰਨੇ ‘ਚ ਮੈਂ ਬੰਨ ਲਈ, ਤੁਰਿਆਂ ਆਉਦਿਆਂ ਜਦੋਂ ਭੁੱਖ ਲੱਗੀ ਤਾਂ ਲੱਪ ਲੱਪ ਕਰਕੇ ਖਾਂਦਾ ਆਇਆ, ਆਖਿਰ ਜਦੋਂ ਮੁੱਕ ਗਈ ਤਾਂ ਪਿੰਡ ਗੜ੍ਹੀ ਦੇ ਮੋੜ ਕੋਲ ਆ ਕੇ ਪਰਨਾਂ ਝਾੜ ਦਿੱਤਾ। ਅੱਜ ਸਾਨੂੰ ਦੋ ਚੱਮਚ ਵੀ ਸੱਕਰ ਦੇ ਹਜ਼ਮ ਕਰਨੇ ਔਖੇ ਹਨ।
ਇਹ ਗੱਲ ਵੀ ਸੁਣਨ ਵਾਲੀ ਹੈ, ਉਹ ਹੈ ਕਰਮੂੰ ਪੰਡਤ ਦੀ। ਉਸ ਦਾ ਕੱਦ ਪੰਜ ਕੁ ਫੁੱਟ, ਗੋਲ ਮੋਲ ਤੇ ਜੁੱਸਾ ਬੜਾ ਨਿੱਗਰ। ਪੰਡਤ ਜੀ ਹਫ਼ਤੇ ‘ਚ ਕਈ ਵਾਰੀ ਸਾਡੇ ਲਗਲੇ ਪਿੰਡ ਰਾਜਪੁਰੇ ਆਪਣੇ ਜਜਮਾਨਾਂ ਦੇ ਜਾਇਆ ਕਰਦੇ ਸੀ; ਗੱਲ ਇੰਜ ਹੋਈ ਕਿ ਰਸਤੇ ‘ਚ ਇੱਕ ਜ਼ਿਮੀਂਦਾਰ ਦਾ ਵੇਲਣਾਂ ਚੱਲਦਾ ਸੀ ਗੰਨਾਂ ਪੀੜ ਕੇ ਗੁੜ ਬਣਾਉਣ ਲਈ; ਅਕਸਰ ਹੀ ਜ਼ਿਮੀਂਦਾਰ ਨੇ ਕਹਿਣਾਂ ਕਿ ਪੰਡਤ ਜੀ ਆ ਜਾਓ ਰਸ ਪੀ ਜਾਓ: ਅੱਗੋਂ ਕਰਮੂੰ ਪੰਡਤ ਨੇ ਕੋਈ ਨਾਂ ਪੀ ਲਾਂਗੇ ਕਹਿ ਕੇ ਅੱਗੇ ਚਲੇ ਜਾਣਾਂ। ਜਦੋਂ ਲਗਾਤਾਰ ਕਈ ਦਿਨ ਉਹ ਜ਼ਿਮੀਂਦਾਰ ਇਸ ਤਰ੍ਹਾਂ ਕਹਿੰਦਾ ਰਿਹਾ ਤਾਂ ਕਰਮੂੰ ਪੰਡਤ ਇਕ ਦਿਨ ਕਹਿੰਦਾ ਲਓ ਸਰਦਾਰ ਜੀ ਅੱਜ ਰਸ ਪੀ ਹੀ ਜਾਂਦੇ ਹਾਂ। ਬੇਲਣਾਂ ਬਲਦਾਂ ਨਾਲ ਚੱਲਦਾ ਸੀ। ਬੇਲਣੇ ‘ਚ ਇੱਕ ਇੱਕ ਦੋ ਦੋ ਗੰਨੇ ਲਾ ਛੋਟੀ ਜਿਹੀ ਤਤੀਰੀ ਰਸ ਦੀ ਮੁਹਰੇ ਪਏ ਪੀਪੇ ‘ਚ ਡਿਗ ਪੀਪਾ ਭਰਦਾ ਸੀ। ਇੰਜ ਚਾਰ ਪੀਪੇ ਭਰਨ ਨਾਲ ਇੱਕ ਪੱਤ ( ਕੜਾਹੇ ‘ਚ ਪਾ ਕਾੜ੍ਹਨ ਯੋਗੀ ਰਸ ) ਯੋਗੀ ਰਸ ਹੁੰਦੀ ਸੀ। ਬਾਟੀ (ਖੁੱਲ੍ਹਾ ਭਾਂਡਾ) ਫੜ ਕਰਮੂੰ ਪੰਡਤ ਬੇਲਣੇ ਮੋਹਰੇ ਰਸ ਪੀਣ ਬੈਠ ਗਿਆ ਪੰਡਤ ਜੀ ਬਾਟੀ ਭਰਨ ਪੀ ਜਾਣ। ਇੱਕ, ਦੋ, ਤਿੰਨ, ਚਾਰ, ਪੰਜ——–। ਜੱਟ ਦਾ ਮੁੰਡਾ ਬੈਠਾ ਬੇਲਣੇ ‘ਚ ਗੰਨੇ ਲਾਈ ਜਾਵੇ ਤੇ ਨਾਲੇ ਪੰਡਤ ਦੀਆਂ ਬਾਟੀਆਂ ਗਿਣੀ ਜਾਏ। ਜਦ ਮੁੰਡੇ ਦੀ ਗਿਣਤੀ ਤੋਂ ਵਾਧੂ ਬਾਟੀਆਂ ਹੋ ਗਈਆਂ ਤਾਂ ਉਹ ਗਿਣਨੋਂ ਵੀ ਹਟ ਗਿਆ; ਓਧਰੋਂ ਕੜਾਹੇ ‘ਚ ਉਬਲਦੀ ਰਸ ਦੀ ਪੱਤ ਆ ਗਈ, ਭਾਵ ਰਸ ਕੜ੍ਹ ਕੇ ਗੁੜ ਬਣਨ ਲਈ ਤਿਆਰ ਹੋ ਗਿਆ। ਬੇਲਣੇ ਮੋਹਰੇ ਪਿਆ ਪੀਪਾ ਤਾਂ ਭਰਿਆ ਹੀ ਨਾਂ, ਭਰਦਾ ਵੀ ਕਿਵੇਂ ਰਸ ਦਾ ਪਰਨਾਲਾ ਤਾਂ ਸਾਰਾ ਪੰਡਤ ਦੇ ਢਿੱਡ ‘ਚ ਜਾਈ ਗਿਆ। ਇਹ ਦੇਖ ਕੇ ਜੱਟ ਨੂੰ ਖਿਝ ਚੜ੍ਹੀ ਤੇ ਆਪਣੇ ਆਪ ਨੂੰ ਗਾਲ੍ਹਾਂ ਕੱਢਦਾ ਬੋਲੀ ਜਾਏ ਕਿ ਫਲਾਣਾਂ ਇਹੋ ਜਿਹਾ ਹੋਵੇ ਜੋ ਮੁੜਕੇ ਤੈਨੂੰ ਰਸ ਪੀਣ ਨੂੰ ਆਖੇ। ਇਹ ਸੁਣ ਕੇ ਬੜੇ ਹੀ ਠਰੰਮੇ ਨਾਲ ਕਰਮੂੰ ਪੰਡਤ ਬੋਲਿਆ ਕਿ ਜਜਮਾਨ ਜੀ ਤੁਸੀਂ ਰੋਜ ਹੀ ਕਹਿੰਦੇ ਸੀ ਕਿ ਪੰਡਤ ਜੀ ਰਸ ਪੀ ਜਾਓ, ਪੰਡਤ ਜੀ ਰਸ ਪੀ ਜਾਓ, ਮੈਂ ਇਸੇ ਕਰਕੇ ਟਾਲਦਾ ਰਿਹਾ ਕਿ—–। ਪਰ ਜਦੋਂ ਤੁਸੀਂ ਵਾਰ ਵਾਰ ਕਹਿਣੋਂ ਨਾਂ ਹਟੇ ਤਾਂ ਮੈਂ ਰਸ ਪੀਣ ਬੈਠ ਗਿਆ।
ਪੰਡਤ ਕਰਮੂੰ ਬੜਾ ਮੌਜੀ ਤੇ ਮਸਤ ਬਿਰਤੀ ਵਾਲਾ ਸੀ; ਉਸਨੇ ਸਾਰਾ ਜੀਵਨ ਬਿਨਾਂ ਕਿਸੇ ਕਾਹਲੀ, ਫਿਕਰ ਤੇ ਚਿੰਤਾ ਤੋਂ ਆਪਣੀ ਮੌਜ ਨਾਲ ਜੀਆ: ਹਮੇਸ਼ਾਂ ਆਪਣੇ ਅਨੰਦ ‘ਚ ਰਹਿੰਦਾ ਸੀ। ਨਿਆਣਿਆਂ ਨਾਲ ਨਿਆਣਾਂ ਤੇ ਸਿਆਣਿਆਂ ਨਾਲ ਸਿਆਣਾ। ਇੱਕ ਵਾਰੀ ਉਹਨਾਂ ਦੇ ਸ਼ਰੀਕੇ ਭਾਈਚਾਰੇ ‘ਚ ਵਿਆਹ ਸੀ, ਉਹ ਵੀ ਜੰਝ ਚਲਾ ਗਿਆ। ੳਸ ਸਮੇਂ ਵਿਆਹਾਂ ਸ਼ਾਦੀਆਂ ਵਿੱਚ ਲੱਡੂ ਜਲੇਬੀਆਂ ਸੌਂਕ ਨਾਲ ਬਣਾਏ ਜਾਂਦੇ ਸਨ, ਜਾਂਝੀ ਤੇ ਹੋਰ ਪ੍ਰਾਹੁਣੇ ਸੌਂਕ ਤੇ ਖੁੱਲ ਡੁੱਲ ਨਾਲ ਹੀ ਖਾਇਆ ਵੀ ਕਰਦੇ ਸਨ। ਇਹੀ ਕਰਮੂੰ ਪੰਡਤ ਉਸ ਵਿਆਹ ‘ਚ ਟੀਸੀ ਕੱਢੀ ਜਲੇਬੀਆਂ ਦੀ ਪਰਾਤ ਖਾ ਗਿਆ ਸੀ ਤੇ ਉਸ ਨੂੰ ਜਲੇਬੀਆਂ ਹਜਮ ਵੀ ਹੋ ਗਈਆਂ ਸਨ। ਜਿਹੜਾ ਪੀਪਾ (ਇੱਕ ਪੀਪੇ ‘ਚ ਕਰੀਬ ਸੋਲਾਂ ਲਿਟਰ ਰਸ ਪੈਂਦੀ ਹੈ) ਰਸ ਦਾ ਪੀ ਸਕਦਾ ਹੈ, ਉਸ ਦਾ ਪਰਾਤ ਜਲੇਬੀਆਂ ਦੀ ਖਾ ਜਾਣਾਂ ਕੋਈ ਅਚੰਭੇ ਵਾਲੀ ਗੱਲ ਨਹੀਂ।
ਪੰਜਾਬ ‘ਚ ਹਰੇ ਇਨਕਲਾਬ ਤੋਂ ਪਹਿਲਾਂ ਕੰਮੀ ਲੋਕ ਜ਼ਿਮੀਦਾਰਾਂ ਦੇ ਰੋਟੀ ਤੇ ਹੀ ਕੰਮ ਕਰਨ ਆ ਜਾਂਦੇ ਸਨ। ਪਰ ਰੋਟੀਆਂ ਉਹ ਰੱਜ ਕੇ ਖਾਂਦੇ ਸਨ। ਸਾਡੇ ਜਦੋਂ ਵੀ ਕਦੇ ਮੇਰੇ ਬਾਪੂ ਜੀ ਨਾਲ ਉਹ ਕੰਮ ਕਰਾਉਣ ਆਉਂਦੇ ਤਾਂ ਇੱਕ ਦੋ ਅਜਿਹੇ ਸਨ ਜਿਨ੍ਹਾਂ ਵਾਸਤੇ ਰੋਟੀਆਂ ਗਿਣਕੇ ਨਹੀਂ ਸਨ ਪਕਾਈਆਂ ਜਾਂਦੀਆਂ, ਬਲਕਿ ਗਿੱਠਾਂ ( ਚੀਚੀ ਤੋਂ ਗੂਠੇ ਤੱਕ ਦੀ ਉਚਾਈ) ਮਿਣਕੇ ਉਹਨਾਂ ਦੀਆਂ ਰੋਟੀਆਂ ਦਾ ਹਿਸਾਬ ਰੱਖਿਆ ਜਾਂਦਾ ਸੀ। ਇਹੋ ਜਿਹੀਆਂ ਸਨ ਪੁਰਾਣਿਆਂ ਕੁਝ ਗੱਲਾਂ ਤੇ ਘਟਨਾਵਾਂ ਜਿਹੜੀਆਂ ਅੱਜ ਦੇ ਜ਼ਮਾਨੇ ਮੁਤਾਬਕ ਮੰਨਣੀਆਂ ਮੁਸ਼ਕਲ ਲੱਗਦੀਆਂ ਹਨ। ਇਹ ਸਾਡੇ ਪੇਂਡੂ ਜੀਵਨ, ਸਾਡੇ ਰਹਿਣ ਸਹਿਣ ਤੇ ਸਾਡੀ ਮਿਲਵਰਤੋਂ ਆਦਿ ‘ਤੇ ਵੀ ਇਕ ਝਾਤ ਪਾਉਂਦੀਆਂ ਹਨ।

Check Also

1965 ਨੂੰ ਹੋਈ ਲੜਾਈ ਦੇ ਵਿਸ਼ੇਸ਼ ਸੰਦਰਭ ‘ਚ

ਪਾਕਿਸਤਾਨ ਨਾਲ ਹੋਈ ਰਣ-ਕੱਛ ਦੀ ਲੜਾਈ ਕੈਪਟਨ ਇਕਬਾਲ ਸਿੰਘ ਵਿਰਕ 647-631-9445 ਗੁਆਂਢੀ ਦੇਸ਼ ਪਾਕਿਸਤਾਨ ਨਾਲ …