ਸ਼ਮਸ਼ਾਨ ਘਾਟ ਵਿੱਚ,
ਇੱਕ ਖੋਪੜੀ,ਅਜੇ ਚਿਤਾ ਵੀ ਗਰਮ,
ਮੈਨੂੰ ਕੋਲ ਬੁਲਾਵੇ ।
ਜਿਵੇਂ ਉਹ ਮੈਨੂੰ ਕੁੱਝ ਕਹਿਣਾ ਚਾਹਵੇ।
ਅੱਖਾਂ ਦੇ ਸੁਰਾਖਾਂ ਥਾਣੀ,
ਝਾਕੇ ਮੈਨੂੰ,
ਬਹਿ ਗਿਆ ਹੋ ਮੈਂ ਵੀ ਨੇੜੇ।
ਮਨ ਵਿੱਚ ਆਇਆ,
ਪੁੱਛਾਂ, ਤੇਰੇ ਦੁੱਖ ਸਨ ਕਿਹੜੇ।
ਇਹ ਜੋ ਦਿਸਣ ਸੁਰਾਖ ਅੱਖਾਂ ਦੇ,
ਅੱਜ ਰਾਖ ਦੀ ਢੇਰੀ,
ਕਦੇ ਸਨ ਲੱਖਾਂ ਦੇ।
ਮੈਂ ਜ਼ਿੰਦਾ ਇਨਸਾਨ ਸਾਂ ਕਦੇ।
ਤਨੋਂ ਮਨੋਂ ਵੀ,
ਬਲਵਾਨ ਸਾਂ ਕਦੇ।
ਚਰਚੇ ਸ਼ਾਮ ਸਵੇਰੇ ਹੁੰਦੇ,
ਹਰ ਵਕਤ ਲੋਕਾਂ ਦੇ,
ਮੇਰੇ ਦੁਆਲੇ ਘੇਰੇ ਹੁੰਦੇ।
ਸਾਹਾਂ ਦੀ ਖੇਡ ਸੀ ਸਾਰੀ।
ਜਦੋਂ ਮੁੱਕ ਗਏ ਇੱਕ ਦਿਨ,
ਤੇ ਜ਼ਿੰਦਗੀ ਦੀ ਮੈਂ,
ਬਾਜ਼ੀ ਹਾਰੀ।
ਸ਼ਮਸ਼ਾਨ ਹੀ ਮੇਰਾ ਬਣੀ ਟਿਕਾਣਾ।
ਇਸ ਬਿਨਾਂ ਹੋਰ,
ਕਿੱਥੇ ਜਾਣਾ।
ਦੱਬਿਆ ਮੈਨੂੰ ਲੱਕੜਾਂ ਹੇਠ,
ਚੁੱਪ-ਚਾਪ ਸਭ ਰਹੇ ਸੀ ਦੇਖ।
ਲਾ ਕੇ ਅੱਗ ਚਲੇ ਗਏ ਸਾਰੇ,
ਹੋਰ ਕੀ ਕਰਨ ਉਹ ਵਿਚਾਰੇ।
ਰਾਖ ਠੰਢੀ ਜਦ ਹੋ ਜਾਵੇਗੀ।
ਕੱਠੀਆਂ ਕਰਕੇ ਹੱਡੀਆਂ,
ਇਹ ਖੋਪੜੀ!
ਕੁੱਜੇ ਵਿੱਚ ਪੈ ਜਾਵੇਗੀ।
ਕਿਸੇ ਨਾ ਮੈਨੂੰ ਘਰ ਨੂੰ ਖੜ੍ਹਣਾ।
ਲੈ ਤਾਂ ਜਾਣ,
ਪਰ ਸਭ ਨੇ ਡਰਨਾ।
ਜਿਸ ਦਾ ਮੈਂ ਕਦੇ ਸਾਂ ਮਾਲਕ,
ਉਹੀ ਵਿਹੜਾ,ਉਹੀ ਸਭ ਕੁੱਝ।
ਦੋ ਕੁ ਦਿਨਾਂ ਦਾ ਰੋਣਾ ਧੋਣਾ,
ਫਿਰ ਭੁੱਲ ਜਾਣਾ,
ਤੇ ਵਾਧੂ ਕਿਸੇ ਕੋਲ ਸਮਾਂ ਨਾ ਹੋਣਾ।
ਤੁਰ ਪੈਣਗੇ ਕੁੱਜਾ ਚੁੱਕ।
ਤੇ ਗੰਗਾ ਵਿੱਚ ਜਾ,
ਦੇਣਗੇ ਭੁੱਕ।
ਕਿਰਿਆ ਕਰਮ ਕਰਨਗੇ।
ਮੇਰੇ ਨਮਿੱਤ ਹਾਜ਼ਰੀ ਭਰਨਗੇ।
ਹੌਲੀ ਹੌਲੀ ਸਭ ਕੁੱਝ,
ਹੋ ਜਾਵੇਗਾ ਆਮ।
ਚੜੂ ਸਵੇਰਾ ਪਊਗੀ ਸ਼ਾਮ।
ਚਲਦੀ ਦੁਨੀਆਂਦਾਰੀ ਰਹਿਣੀ,
ਮੇਰੀ ਕਿਸੇ ਨੂੰ ਲੋੜ ਨਾ ਪੈਣੀ।
ਵਾਰੀ ਵਾਰੀ ਜਾਣਾ ਪੈਣਾ,
ਇੱਥੇ ਕਿਸੇ ਨਾ ਬੈਠਾ ਰਹਿਣਾ।
ਅੱਜ ਵਾਰੀ ਹੈ ਮੇਰੀ,
ਕੱਲ੍ਹ ਨੂੰ ਹੋਣਾ,
ਕਿਸੇ ਹੋਰ ਨੇ ਢੇਰੀ।
ਇਹੀ ਤਾਂ ਹੈ ਸਭ ਦਾ ਅੰਤ।
ਡੋਰ ਹੈ ਸਭ ਦੀ,
ਉਸ ਹੱਥ ਭਗਵੰਤ।
– ਸੁਲੱਖਣ ਮਹਿਮੀ
+647-786-6329