Breaking News
Home / ਹਫ਼ਤਾਵਾਰੀ ਫੇਰੀ / ਮਿਸ਼ਨ 2019 ਲਈ ਕਾਂਗਰਸ ਨੂੰ ਪ੍ਰਿਅੰਕਾ ਦਾ ਸਹਾਰਾ

ਮਿਸ਼ਨ 2019 ਲਈ ਕਾਂਗਰਸ ਨੂੰ ਪ੍ਰਿਅੰਕਾ ਦਾ ਸਹਾਰਾ

ਪ੍ਰਿਅੰਕਾ ਗਾਂਧੀ ਸਿਆਸੀ ਪਿੜ ਵਿਚ ਨਿੱਤਰੀ
ਰਾਹੁਲ ਗਾਂਧੀ ਨੇ ਬਣਾਇਆ ਜਨਰਲ ਸਕੱਤਰ, ਮਾਂ ਸੋਨੀਆ ਗਾਂਧੀ ਦੀ ਸੀਟ ਰਾਏ ਬਰੇਲੀ ਤੋਂ ਲੜ ਸਕਦੀ ਹੈ ਚੋਣ
‘ਮੈਨੂੰ ਖੁਸ਼ੀ ਹੈ ਕਿ ਪ੍ਰਿਅੰਕਾ ਲੋਕ ਸਭਾ ਚੋਣਾਂ ਦੌਰਾਨ ਉਤਰ ਪ੍ਰਦੇਸ਼ ਵਿਚ ਮੇਰੀ ਮੱਦਦ ਕਰੇਗੀ। ਉਹ ਪੂਰੀ ਤਰ੍ਹਾਂ ਸਮਰੱਥ ਹੈ’
-ਰਾਹੁਲ ਗਾਂਧੀ
‘ਕੁਝ ਪਾਰਟੀਆਂ ਲਈ ਪਰਿਵਾਰ ਹੀ ਸਭ ਕੁਝ ਹੈ। ਭਾਜਪਾ ‘ਚ ਵਰਕਰਾਂ ਦੀਆਂ ਇੱਛਾਵਾਂ ਮੁਤਾਬਕ ਫੈਸਲੇ ਲਏ ਜਾਂਦੇ ਹਨ’
– ਨਰਿੰਦਰ ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸਰਗਰਮ ਸਿਆਸਤ ਵਿਚ ਉਤਾਰਨ ਦਾ ਐਲਾਨ ਕਰਕੇ ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਦੀ ਜੰਗ ਵਿਚ ਆਪਣਾ ਟਰੰਪ ਕਾਰਡ ਖੇਡ ਦਿੱਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਦੇ ਰੂਪ ਵਿਚ ਸਿਆਸਤ ‘ਚ ਉਤਰੀ ਪ੍ਰਿਅੰਕਾ ਗਾਂਧੀ ਨੂੰ ਪੂਰਬੀ ਉਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ। ਸੂਬੇ ਵਿਚ ਜਨਰਲ ਵਰਗ ਖਾਸ ਤੌਰ ‘ਤੇ ਬ੍ਰਾਹਮਣਾਂ ਨੂੰ ਨਾਲ ਜੋੜਨ ਦੀ ਰਣਨੀਤੀ ਤਹਿਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਿਅੰਕਾ ਨੂੰ ਸਿਆਸਤ ਵਿਚ ਲਿਆਂਦਾ ਹੈ। ਉਨ੍ਹਾਂ ਨੂੰ ਪੂਰਬੀ ਉਤਰ ਪ੍ਰਦੇਸ਼ ਦੀ ਕਮਾਨ ਸੌਂਪ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸਿੱਧੇ ਚੁਣੌਤੀ ਦੇਣ ਦਾ ਸਾਫ ਸੰਦੇਸ਼ ਦਿੱਤਾ ਹੈ। ਇਸ ਨੂੰ ਕਾਂਗਰਸ ਦੇ ਫਰੰਟ ਫੁੱਟ ‘ਤੇ ਖੇਡਣ ਦੀ ਰਣਨੀਤੀ ਦੱਸ ਕੇ ਰਾਹੁਲ ਨੇ ਪਾਰਟੀ ਦੇ ਇਨ੍ਹਾਂ ਇਰਾਦਿਆਂ ਨੂੰ ਜ਼ਾਹਰ ਵੀ ਕਰ ਦਿੱਤਾ।
ਇਸ ਦੇ ਇਲਾਵਾ ਜਯੋਤਿਰਾਦਿੱਤਿਆ ਸਿੰਧੀਆ ਨੂੰ ਪਹਿਲੀ ਵਾਰੀ ਕਾਂਗਰਸ ਦਾ ਜਨਰਲ ਸਕੱਤਰ ਬਣਾਉਂਦੇ ਹੋਏ ਉਨ੍ਹਾਂ ਨੂੰ ਪੱਛਮੀ ਉਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ। ਇਨ੍ਹਾਂ ਦੋਵਾਂ ਨੌਜਵਾਨ ਚਿਹਰਿਆਂ ਨੂੰ ਸਿਆਸੀ ਜੰਗ ਵਿਚ ਉਤਾਰ ਕੇ ਕਾਂਗਰਸ ਨੇ ਨਾ ਸਿਰਫ ਭਾਜਪਾ ਲਈ, ਬਲਕਿ ਸਪਾ-ਬਸਪਾ ਦੇ ਮਜ਼ਬੂਤ ਮੰਨੇ ਜਾ ਰਹੇ ਗਠਜੋੜ ਲਈ ਵੀ ਚੁਣੌਤੀ ਵਧਾ ਦਿੱਤੀ ਹੈ। ਰਾਹੁਲ ਨੇ ਉਤਰ ਪ੍ਰਦੇਸ਼ ਵਿਚ ਸਪਾ-ਬਸਪਾ ਗਠਜੋੜ ਵਿਚ ਥਾਂ ਨਾ ਮਿਲਣ ਤੋਂ ਪ੍ਰੇਸ਼ਾਨ ਪਾਰਟੀ ਨੇਤਾਵਾਂ, ਵਰਕਰਾਂ ਨੂੰ ਪ੍ਰਿਅੰਕਾ ਦੀ ਸਿਆਸੀ ਐਂਟਰੀ ਦਾ ‘ਟਾਨਿਕ’ ਦੇ ਦਿੱਤਾ ਹੈ। ਪ੍ਰਿਅੰਕਾ ਦੇ ਸਿੱਧੇ ਸਿਆਸਤ ‘ਚ ਆਉਣ ਦੀ ਚਰਚਾ ਵੈਸੇ ਤਾਂ ਲੰਬੇ ਸਮੇਂ ਤੋਂ ਹੁੰਦੀ ਰਹੀ ਹੈ ਪਰ ਕਾਂਗਰਸ ਅਤੇ ਰਾਹੁਲ ਲਈ ਇਹ ਸਭ ਤੋਂ ਫੈਸਲਾਕੁੰਨ ਅਤੇ ਨਾਜ਼ੁਕ ਸਮਾਂ ਹੈ। ਭਾਜਪਾ ਅਤੇ ਸਪਾ-ਬਸਪਾ ਗਠਜੋੜ ਦੀ ਲੜਾਈ ਵਿਚ ਚੋਣ ਅਖਾੜੇ ਤੋਂ ਬਾਹਰ ਹੋਣ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਕਾਂਗਰਸ ਲਈ ਇਸਦੇ ਸਿਵਾਏ ਕੋਈ ਦੂਜਾ ਬਦਲ ਨਹੀਂ ਸੀ। ਇਸੇ ਲਈ ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਇੱਧਰ ਅਮੇਠੀ ਦੌਰੇ ਦੀ ਸ਼ੁਰੂਆਤ ਕੀਤੀ ਤਾਂ ਉਧਰ ਦਿੱਲੀ ਵਿਚ ਉਸੇ ਸਮੇਂ ਕਾਂਗਰਸ ਨੇ ਪ੍ਰਿਅੰਕਾ ਅਤੇ ਜਯੋਤਿਰਾਦਿੱਤਿਆ ਨੂੰ ਜਨਰਲ ਸਕੱਤਰ ਬਣਾਉਣ ਦਾ ਐਲਾਨ ਕੀਤਾ। ਪ੍ਰਿਯੰਕਾ ਆਪਣਾ ਅਹੁਦਾ ਫਰਵਰੀ ਦੇ ਪਹਿਲੇ ਹਫਤੇ ਵਿਚ ਸੰਭਾਲਣਗੇ। ਇਸ ਤੋਂ ਇਲਾਵਾ ਗੁਲਾਮ ਨਬੀ ਆਜ਼ਾਦ ਨੂੰ ਹਰਿਆਣਾ ਦਾ ਇੰਚਾਰਜ ਲਾਇਆ ਗਿਆ ਹੈ, ਜਦਕਿ ਕੇ.ਸੀ ਵੇਣੁਗੋਪਾਲ ਨੂੰ ਰਾਸ਼ਟਰੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਮਿਲੀ ਹੈ।
ਵਿਦੇਸ਼ ਵਸਣ ਦੀ ਲਾਲਸਾ ਨੇ ਖੂਨ ਦੇ ਰਿਸ਼ਤਿਆਂ ਨੂੰ ਕੀਤਾ ਤਾਰ-ਤਾਰ
ਸਕੇ ਭੈਣ,-ਭਰਾ ਵਿਆਹ ਕਰਵਾ ਕੇ ਪਹੁੰਚੇ ਆਸਟਰੇਲੀਆ
ਭੈਣ-ਭਰਾ ਸਮੇਤ 6 ਵਿਅਕਤੀਆਂ ‘ਤੇ ਪਰਚਾ ਦਰਜ
ਬਾਲਿਆਂਵਾਲੀ/ਬਿਊਰੋ ਨਿਊਜ਼ : ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਇਸ ਕਦਰ ਜਨੂੰਨ ਸਵਾਰ ਹੈ ਕਿ ਵਿਦੇਸ਼ੀ ਧਰਤੀ ‘ਤੇ ਵੱਸਣ ਦੀ ਚਾਹਤ ਨੇ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕੀਤੇ ਜਾਣ ਦੀਆਂ ਰੋਜ਼ਾਨਾ ਅਜਿਹੀਆਂ ਸ਼ਰਮਨਾਕ ਸੂਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ, ਇਸੇ ਤਰ੍ਹਾਂ ਦਾ ਇਕ ਮਾਮਲਾ ਬਾਲਿਆਂਵਾਲੀ ਵਿਖੇ ਸਾਹਮਣੇ ਆਇਆ ਹੈ ਕਿ ਇਕ ਲੜਕੀ ਅਮਨਦੀਪ ਕੌਰ ਨੇ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਹਮ-ਮਸ਼ਵਰਾ ਹੋ ਕੇ ਸਕੀ ਮਾਸੀ ਦੀ ਲੜਕੀ ਰਣਵੀਰ ਕੌਰ ਦੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਆਸਟ੍ਰੇਲੀਆ ਵਿਚ (ਪੀ. ਆਰ.) ਆਪਣੇ ਸਕੇ ਭਾਈ ਮਨਪ੍ਰੀਤ ਸਿੰਘ ਸਿਵੀਆਂ ਨਾਲ ਵਿਆਹ ਕਰਵਾ ਕੇ ਆਸਟ੍ਰੇਲੀਆ ਜਾ ਵੱਸੇ ਹਨ। ਫ਼ਿਲਹਾਲ ਪੁਲਿਸ ਥਾਣਾ ਬਾਲਿਆਂਵਾਲੀ ਨੇ ਉਕਤ ਸਕੇ ਭੈਣ-ਭਾਈ ਸਮੇਤ 6 ਜਣਿਆਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਰਣਵੀਰ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ 100 ਫੁੱਟੀ ਰੋਡ ਬਠਿੰਡਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰੀ ਸਕੀ ਮਾਸੀ ਜਸਵਿੰਦਰ ਕੌਰ ਪਤਨੀ ਬੂਟਾ ਸਿੰਘ ਸਿਵੀਆਂ ਨੇ ਆਪਣੇ ਸਾਰੇ ਪਰਿਵਾਰ ਨਾਲ ਮਿਲੀ ਭੁਗਤ ਕਰਕੇ ਮੇਰੇ ਦਸਤਾਵੇਜ਼ਾਂ ਦੇ ਆਧਾਰ ‘ਤੇ ਮੇਰੇ ਨਾਂ ‘ਤੇ ਜਾਅਲੀ ਪਾਸਪੋਰਟ ਬਣਵਾ ਲਿਆ ਅਤੇ ਉਸ ‘ਤੇ ਤਸਵੀਰ ਅਮਨਦੀਪ ਕੌਰ ਦੀ ਲਗਾ ਦਿੱਤੀ ਅਤੇ ਮੇਰੇ ਤੋਂ ਬਗੈਰ ਪੁੱਛੇ ਮੈਨੂੰ ਬੈਂਕ ਵਿਚ ਹਿੱਸੇਦਾਰ ਵੀ ਬਣਾ ਲਿਆ ਜਦਕਿ ਬੈਂਕ ਦੇ ਰਿਕਾਰਡ ‘ਚ ਖਾਤਾ ਮੇਰੇ ਨਾਂ ਹੈ ਪਰ ਤਸਵੀਰ ਅਮਨਦੀਪ ਕੌਰ ਦੀ ਲੱਗੀ ਹੋਈ ਹੈ। ਰਣਵੀਰ ਕੌਰ ਨੇ ਦੱਸਿਆ ਕਿ ਅਮਨਦੀਪ ਕੌਰ ਦਾ ਸਕਾ ਭਾਈ ਮਨਪ੍ਰੀਤ ਸਿੰਘ ਆਸਟ੍ਰੇਲੀਆ ਦਾ (ਪੀ. ਆਰ.) ਹੋ ਗਿਆ ਸੀ, ਫ਼ਿਰ ਸਾਰੇ ਪਰਿਵਾਰ ਨੇ ਗਿਣੀ-ਮਿਥੀ ਸਕੀਮ ਤਹਿਤ ਅਮਨਦੀਪ ਕੌਰ ਦਾ ਆਪਣੇ ਸਕੇ ਭਰਾ ਨਾਲ 9 ਦਸੰਬਰ 2012 ਨੂੰ ਕਿਸੇ ਗੁਰੂ ਘਰ ਵਿਚ ਬਕਾਇਦਾ ਆਨੰਦ ਕਾਰਜ ਕਰਵਾ ਕੇ ਵਿਆਹ ਕਰਵਾ ਦਿੱਤਾ ਅਤੇ ਮੇਰੇ ਨਾਂ ‘ਤੇ ਬਣਾਏ ਜਾਅਲੀ ਪਾਸਪੋਰਟ ਅਤੇ ਹੋਰ ਦਸਤਾਵੇਜ਼ਾਂ ਦੇ ਸਹਾਰੇ ਪਤੀ-ਪਤਨੀ ਬਣ ਕੇ ਆਸਟ੍ਰੇਲੀਆ ਜਾ ਵੱਸੇ ਹਨ। ਵਿਆਹ ਸਮੇਂ ਨਾਨੀ ਦਲੀਪ ਕੌਰ ਨੇ ਵੀ ਝੂਠਾ ਹਲਫ਼ੀਆ ਬਿਆਨ ਦਿੱਤਾ ਹੈ। ਇਸ ਸਬੰਧੀ ਥਾਣਾ ਮੁਖੀ ਜੈ ਸਿੰਘ ਨੇ ਕਿਹਾ ਕਿ ਰਣਵੀਰ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਬਠਿੰਡਾ ਦੇ ਬਿਆਨਾਂ ਦੇ ਆਧਾਰ ‘ਤੇ ਸਕੇ ਭੈਣ-ਭਾਈ ਅਮਨਦੀਪ ਕੌਰ, ਮਨਪ੍ਰੀਤ ਸਿੰਘ ਤੇ ਜਗਰੂਪ ਸਿੰਘ ਪੁੱਤਰੀ/ਪੁੱਤਰ ਬੂਟਾ ਸਿੰਘ, ਜਸਵਿੰਦਰ ਕੌਰ ਪਤਨੀ ਬੂਟਾ ਸਿੰਘ, ਬੂਟਾ ਸਿੰਘ ਪੁੱਤਰ ਜੀਤ ਸਿੰਘ ਅਤੇ ਉਕਤ ਦੀ ਨਾਨੀ ਦਲੀਪ ਕੌਰ ਪਤਨੀ ਆਤਮਾ ਸਿੰਘ ਸਾਰੇ ਵਾਸੀ ਬਾਲਿਆਂਵਾਲੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …