ਡਾ. ਡੀ ਪੀ ਸਿੰਘ, 416-859-1856
ਪਾਤਰ:
ਵਿਨੋਦ : ਅਸ਼ੀਸ਼ ਦਾ ਪਿਤਾ, 50 ਸਾਲ ਦਾ ਬਜ਼ੁਰਗ
ਕਮਲੇਸ਼ : ਅਸ਼ੀਸ਼ ਦੀ ਮਾਤਾ, 47 ਸਾਲ ਦੀ ਔਰਤ,
ਅਸ਼ੀਸ਼ : 20 ਸਾਲ ਦਾ ਮੁੰਡਾ
ਪੁਸ਼ਪਾ: ਅਸ਼ੀਸ਼ ਦੀ ਦੋਸਤ ਕੁੜੀ, ਉਮਰ 22 ਸਾਲ
ਸਰੋਜ: ਯੂਨੀਵਰਸਿਟੀ ਪ੍ਰੋਫੈਸਰ
ਵਿਦਿਆਰਥੀ
ਡਾਕਟਰ
ਪਰਦਾ ਉੱਠਦਾ ਹੈ।
ਝਾਕੀ ਪਹਿਲੀ
(ਘਰ ਦੇ ਡਰਾਇੰਗ ਰੂਮ ਦਾ ਦ੍ਰਿਸ਼ ਹੈ। ਵਿਨੋਦ ਸੋਫੇ ਉੱਤੇ ਬੈਠਾ ਹੈ ਤੇ ਆਸ਼ੀਸ਼
ਡਾਇਨਿੰਗ ਟੇਬਲ ਤੇ ਬੈਠਾ ਨਾਸ਼ਤਾ ਕਰ ਰਿਹਾ ਹੈ। ਆਸ਼ੀਸ਼ ਤੇ ਉਸ ਦਾ ਪਿਤਾ ਕਿਸੇ ਗੱਲ ‘ਤੇ ਆਪਸ ਵਿਚ ਬਹਿਸ ਰਹੇ ਹਨ।)
ਆਸ਼ੀਸ਼: ਡੈਡ! ਤੁਹਾਨੂੰ ਕੁਝ ਨਹੀਂ ਪਤਾ।
ਵਿਨੋਦ: ਅਸਲ ਵਿਚ ਤਾਂ ਤੈਨੂੰ ਜ਼ਰਾ ਵੀ ਅਕਲ ਨਹੀ। ਬਿਲਕੁਲ ਨਾਸਮਝ ਹੈ ਤੂੰ। ਮੂਰਖ ਕਿਸੇ ਥਾਂ ਦਾ।
ਆਸ਼ੀਸ਼: ਤੁਸੀਂ ਤਾਂ ਹਮੇਸ਼ਾ ਖੁੱਦ ਨੂੰ ਹੀ ਠੀਕ ਸਮਝਦੇ ਹੋ।
ਵਿਨੋਦ: ਤੈਨੂੰ ਤਾਂ ਮੇਰੀ ਪਸੰਦ ਨਾਪਸੰਦ ਦਾ ਜ਼ਰਾ ਵੀ ਖਿਆਲ ਨਹੀਂ।
ਆਸ਼ੀਸ਼: ਤੁਸੀਂ ਮੇਰੀ ਗੱਲ ਸੁਨਣਾ ਹੀ ਨਹੀਂ ਚਾਹੁੰਦੇ। ……. ਤੁਹਾਡੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ।
ਵਿਨੋਦ: ਆਹੋ! ਤੇਰੇ ਅਨੁਸਾਰ ਤਾਂ ਸਾਰਾ ਕਸੂਰ ਮੇਰਾ ਹੀ ਹੈ। ……. ਜੇ ਤੈਨੂੰ ਮੇਰੇ ਵਿਚਾਰ ਠੀਕ ਨਹੀਂ ਲੱਗਦੇ ਤਾਂ ਜਿਥੇ ਮਰਜ਼ੀ ਜਾ। ਪਰ ਯਾਦ ਰੱਖ, ਜੇ ਇਕ ਵਾਰ ਤੂੰ ਸਰਦਲ ਟੱਪ ਗਿਆ ਤਾਂ ਇਸ ਘਰ ਦਾ ਦਰਵਾਜ਼ਾ ਤੇਰੇ ਲਈ ਹਮੇਸ਼ਾਂ ਲਈ ਬੰਦ ਹੋ ਗਿਆ ਸਮਝੀ।
ਆਸ਼ੀਸ਼: ਠੀਕ ਹੈ ਜੇ ਤੁਸੀਂ ਇੰਝ ਹੀ ਚਾਹੁੰਦੇ ਹੋ।
ਵਿਨੋਦ: ਮੈਂ ਤੇਰੀ ਹੋਰ ਬਕਵਾਸ ਨਹੀਂ ਸੁਨਣਾ ਚਾਹੁੰਦਾ।
ਆਸ਼ੀਸ਼: ਅਜਿਹੇ ਹਾਲਾਤਾਂ ਵਿਚ ਮੈਂ ਇਥੇ ਨਹੀਂ ਰਹਿ ਸਕਦਾ। (ਗੁੱਸੇ ਨਾਲ ਡਾਇਨਿੰਗ ਟੇਬਲ ਤੋਂ ਉੱਠ ਕੇ ਕਮਰੇ ‘ਚੋਂ ਬਾਹਰ ਨਿਕਲ ਜਾਂਦਾ ਹੈ।)
(ਵਿਨੋਦ ਵੀ ਦੂਸਰੇ ਕਮਰੇ ਵੱਲ ਚਲਾ ਜਾਂਦਾ ਹੈ।)
ਝਾਕੀ ਦੂਜੀ
(ਚਾਰ ਸਾਲ ਬਾਅਦ, ਯੂਨੀਵਰਸਿਟੀ ਦੇ ਕਲਾਸ ਰੂਮ ਵਿਚ ਆਸ਼ੀਸ਼ ਆਪਣੇ ਸਾਥੀਆ ਨਾਲ ਹਾਜ਼ਿਰ ਹੈ।)
ਸਰੋਜ: ਗੁੱਡ ਮੋਰਨਿੰਗ! ਤੁਹਾਡਾ ਕੀ ਹਾਲ ਚਾਲ ਹੈ?
ਵਿਦਿਆਰਥੀ: ਗੁੱਡ ਮੋਰਨਿੰਗ ਮੈਡਮ!
ਸਰੋਜ: ਚਲੋ! ਅੱਜ ਦਾ ਕੰਮ ਸ਼ੁਰੂ ਕਰਦੇ ਹਾਂ। …….ਅੱਜ ਮੈਂ ਤੁਹਾਨੂੰ ਇਕ ਖਾਸ ਕੰਮ ਕਰਨ ਬਾਰੇ ਦੱਸਣਾ ਕਰਨਾ ਚਾਹਾਂਗੀ। ਹਾਂ ਸੱਚ ।…….ਮੈਨੂੰ ਯਾਦ ਆਇਆ ਕਿ ਮੈਂ ਅਗਲੇ ਹਫਤੇ ਕਾਨਫਰੰਸ ਵਿਚ ਭਾਗ ਲੈਣ ਲਈ ਜੈਪੁਰ ਜਾ ਰਹੀ ਹਾਂ। ਇਸ ਲਈ ਅਗਲੇ ਹਫਤੇ ਤੁਹਾਡੀ ਕਲਾਸ ਨਹੀਂ ਲਗੇਗੀ।…….ਪਰ ਅਗਲੇ ਹਫਤੇ ਦੌਰਾਨ ਤੁਸੀਂ ਇਹ ਖਾਸ ਕੰਮ ਪੂਰਾ ਕਰਨਾ ਹੈ।
ਵਿਦਿਆਰਥੀ: ਪਰ ਇਹ ਕੰਮ ਹੈ ਕੀ ਮੈਡਮ ਜੀ?
ਸਰੋਜ: ਕੰਮ ਇਹ ਹੈ: ਤੁਸੀਂ ਆਪਣੇ ਜੀਵਨ ਵਿਚ ਅਜਿਹੇ ਵਿਅਕਤੀ ਦੀ ਭਾਲ ਕਰਨੀ ਹੈ ਜਿਸ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ। ਅਤੇ ਉਸ ਵਿਅਕਤੀ ਨੁੰ ਆਪਣੇ ਪਿਆਰ ਦੇ ਅਹਿਸਾਸ ਦਾ ਪ੍ਰਗਟਾ ਕਰਨਾ ਹੈ। ਯਾਦ ਰਹੇ ਇਹ ਵਿਅਕਤੀ ਉਹ ਹੋਣਾ ਚਾਹੀਦਾ ਹੈ ਜਿਸ ਨੂੰ ਤੁਸੀਂ ਬਹੁਤ ਲੰਮੇ ਸਮੇਂ ਤੋਂ ਆਪਣੇ ਪਿਆਰ ਦੇ ਅਹਿਸਾਸ ਦਾ ਇਜ਼ਹਾਰ ਨਾ ਕੀਤਾ ਹੋਵੇ।
ਵਿਦਿਆਰਥੀ: ਇਹ ਤਾਂ ਮੁਸ਼ਕਲ ਕੰਮ ਨਹੀਂ।
ਸਰੋਜ: ਠੀਕ ਹੈ। ਅਗਲੇ ਹਫਤੇ ਤੋਂ ਬਾਅਦ ਮਿਲਦੇ ਹਾਂ।
(ਸਰੋਜ ਤੇ ਵਿਦਿਆਰਥੀ ਸਟੇਜ ਤੋਂ ਬਾਹਰ ਚਲੇ ਜਾਂਦੇ ਹਨ।)
ਝਾਕੀ ਤੀਜੀ
(ਆਸ਼ੀਸ਼ ਆਪਣੀ ਦੋਸਤ ਪੁਸ਼ਪਾ ਨਾਲ ਪਾਰਕ ਵਿਚ ਬੈਠਾ ਹੈ। ਕੋਲ ਕਿਤਾਬਾਂ ਪਈਆਂ ਹਨ।)
ਪੁਸ਼ਪਾ: ਕੀ ਗੱਲ ਹੈ ਆਸ਼ੀਸ਼? ਅੱਜ ਬਹੁਤ ਚੁੱਪ ਚੁੱਪ ਹੈਂ।
ਆਸ਼ੀਸ਼: ਦਰਅਸਲ ਮੈਂ ਟੀਚਰ ਵਲੋਂ ਦਿੱਤੇ ਖਾਸ ਕੰਮ ਬਾਰੇ ਸੋਚ ਰਿਹਾ ਸਾਂ।
ਪੁਸ਼ਪਾ: ਕਿਹੋ ਜਿਹਾ ਕੰਮ ਹੈ ਇਹ ਜਿਸ ਨੇ ਤੈਨੂੰ ਚਿੰਤਾ ਲਾ ਦਿੱਤੀ ਏ?
ਆਸ਼ੀਸ਼: ਟੀਚਰ ਨੇ ਕਿਹਾ ਹੈ ਕਿ ਮੈਂ ਅਜਿਹੇ ਵਿਅਕਤੀ ਨੂੰ ਪਿਆਰ ਦਾ ਇਜ਼ਹਾਰ ਕਰਾਂ ਜਿਸ ਨੂੰ ਮੈਂ ਪਿਆਰ ਤਾਂ ਕਰਦਾ ਹੋਵਾਂ, ਪਰ ਲੰਮੇ ਸਮੇਂ ਤੋਂ ਉਸ ਨੂੰ ਅਜਿਹਾ ਜ਼ਾਹਿਰ ਨਾ ਕੀਤਾ ਹੋਵੇ।
ਪੁਸ਼ਪਾ: ਤਾਂ ਮੁਸ਼ਕਲ ਕੀ ਏ? ਇਹ ਇਨ੍ਹੀ ਔਖੀ ਗੱਲ ਤਾਂ ਨਹੀਂ ਲਗਦੀ।
ਆਸ਼ੀਸ਼: ਦਰਅਸਲ ਮਾਮਲਾ ਕਾਫੀ ਟੇਢਾ ਹੈ।…….ਬਹੁਤ ਹੀ ਨਿੱਜੀ ਮਸਲਾ ਹੈ। …….
ਟੀਚਰ ਦੇ ਇਹ ਕੰਮ ਸੁਝਾਣ ਤੇ ਹੀ ਮੈਨੂੰ ਖਿਆਲ ਆਇਆ ਕਿ ਮੈਨੂੰ ਕਿਸ ਨੂੰ ਇਹ ਕਹਿਣਾ ਹੋਵੇਗਾ ਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ।
ਪੁਸ਼ਪਾ: ਤੂੰ ਜ਼ਰੂਰ ਆਪਣੇ ਡੈਡ ਬਾਰੇ ਸੋਚ ਰਿਹਾ ਹੈਂ! ਕਿਉਂ ਠੀਕ ਹੈ ਨਾ?
ਆਸ਼ੀਸ਼: ਹਾਂ! ਤੂੰ ਠੀਕ ਕਹਿ ਰਹੀ ਏ।…….ਤੇ ਤੂੰ ਇਹ ਸੁਣ ਕੇ ਹੈਰਾਨ ਹੋਵੇਗੀ ਕਿ ਮੈਂ ਕੱਲ ਉਸ ਨੂੰ ਮਿਲਣ ਜਾ ਰਿਹਾ ਹਾਂ।
(ਪੁਸ਼ਪਾ ਉੱਠ ਕੇ ਖੜੀ ਹੁੰਦੀ ਹੈ ਤੇ ਆਸ਼ੀਸ਼ ਨੂੰ ਗਲਵਕੜੀ ਵਿਚ ਲੈ ਲੈਂਦੀ ਹੈ। ਹੰਝੂਆਂ ਭਰੀਆਂ ਅੱਖਾਂ ਨਾਲ ਆਸ਼ੀਸ਼ ਹਟਕੋਰੇ ਲੈਂਦਾ ਨਜ਼ਰ ਆਉਂਦਾ ਹੈ।)
ਝਾਕੀ ਚੋਥੀ
(ਆਸ਼ੀਸ਼ ਦੇ ਮਾਪਿਆਂ ਦੇ ਘਰ ਦਾ ਦ੍ਰਿਸ਼ ਹੈ। ਆਸ਼ੀਸ਼ ਦੀ ਮਾਂ ਡਰਾਇੰਗ ਰੂਮ ਵਿਚ ਸੋਫੇ ਉੱਤੇ ਬੈਠੀ ਹੈ। ਆਸ਼ੀਸ ਘਰ ਵਿਚ ਦਾਖਿਲ ਹੁੰਦਾ ਹੈ।)
ਕਮਲੇਸ਼: (ਆਸ਼ੀਸ਼ ਨੂੰ ਆਇਆ ਦੇਖ ਖੜੀ ਹੋ ਕੇ ਉਸ ਨੂੰ ਗਲਵਕੜੀ ਵਿਚ ਲੈ ਲੈਂਦੀ ਹੈ ਤੇ ਰੌਣ ਲੱਗਦੀ ਹੈ।) ਓ ਆਸ਼ੀਸ਼! ਤੂੰ ਕਿਥੇ ਚਲਾ ਗਿਆ ਸੀ? ਸ਼ੁਕਰ ਹੈ ਤੂੰ ਮੁੜ ਆਇਆ ਏ।
ਆਸ਼ੀਸ਼ : ਮੰਮ! ਤੁਸੀਂ ਰੋ ਕਿਉਂ ਰਹੇ ਹੋ?
ਕਮਲੇਸ਼: ਤੇਰਾ ਡੈਡ!
ਆਸ਼ੀਸ਼: ਕੀ ਹੋਇਆ ਡੈਡ ਨੂੰ? ਠੀਕ ਤਾਂ ਨੇ ਉਹ?
ਕਮਲੇਸ਼: ਉਹ ਹਸਪਤਾਲ ਵਿਚ ਨੇ। ……. ਉਸ ਦੀ ਹਾਲਤ ਬਹੁਤ ਹੀ ਖਰਾਬ ਹੈ।ਮੈਂ ਤਾਂ ਘਰ ਵਿਚ ਕੁਝ ਸਾਮਾਨ ਲੈਣ ਆਈ ਸਾਂ। ……. ਹੁਣ ਹਸਪਤਾਲ ਹੀ ਜਾ ਰਹੀ ਸਾਂ। ਸ਼ੁਕਰ ਹੈ ਤੂੰ ਸਮੇਂ ਸਿਰ ਆ ਗਿਆ।
ਆਸ਼ੀਸ਼: ਮੈਂ ਵੀ ਡੈਡ ਨੂੰ ਮਿਲਣਾ ਚਾਹੁੰਦਾ ਹਾਂ। …….ਚਲੋ ਇਕੱਠੇ ਹਸਪਤਾਲ ਚਲਦੇ ਹਾਂ।
(ਕਮਲੇਸ਼ ਤੇ ਆਸ਼ੀਸ਼ ਹਸਪਤਾਲ ਜਾਣ ਲਈ ਘਰੋਂ ਬਾਹਰ ਚਲੇ ਜਾਂਦੇ ਹਨ।)
ਝਾਕੀ ਪੰਜਵੀਂ
(ਹਸਪਤਾਲ ਦਾ ਦ੍ਰਿਸ਼ ਹੈ। ਆਸ਼ੀਸ਼ ਤੇ ਉਸ ਦੀ ਮਾਂ ਕਮਲੇਸ਼ ਡਾਕਟਰ ਨਾਲ ਗੱਲ ਕਰ ਰਹੇ ਹਨ।)
ਕਮਲੇਸ਼: ਡਾਕਟਰ ਸਾਹਿਬ! ਆਸ਼ੀਸ਼ ਦੇ ਡੈਡ ਦਾ ਕੀ ਹਾਲ ਹੈ ਹੁਣ? ਤਿੰਨ ਘੰਟੇ ਪਹਿਲਾਂ ਉਨ੍ਹਾਂ ਨੂੰ ਇਥੇ ਲਿਆਦਾ ਗਿਆ ਸੀ।
ਆਸ਼ੀਸ਼: ਡਾਕਟਰ! ਮੇਰਾ ਨਾਮ ਆਸ਼ੀਸ਼ ਹੈ। ਪਲੀਜ਼ ਸਾਨੂੰ ਦੱਸੋ ਕਿ ਮੇਰੇ ਡੈਡ ਦਾ ਹੁਣ ਕੀ ਹਾਲ ਹੈ।
ਡਾਕਟਰ: ਸੱਚ ਤਾਂ ਇਹ ਹੈ ਕਿ ਉਸ ਦੀ ਹਾਲਤ ਬਹੁਤ ਗੰਭੀਰ ਹੈ। ਉਸ ਨੂੰ ਦਿਲ ਦਾ ਦੌਰਾ ਪਿਆ ਹੈ ।ਹਾਲਤ ਬਹੁਤ ਹੀ ਨਾਜ਼ੁਕ ਹੈ।
ਆਸ਼ੀਸ਼: ਕੀ ਅਸੀਂ ਉਨ੍ਹਾਂ ਨੂੰ ਦੇਖ ਸਕਦੇ ਹਾਂ?
ਡਾਕਟਰ: ਸਿਰਫ਼ ਕੁਝ ਕੁ ਮਿੰਟਾਂ ਲਈ ਹੀ। ਸਿਰਫ਼ ਇਕ ਵਿਅਕਤੀ ਨੂੰ ਹੀ ਕਮਰੇ ਵਿਚ ਜਾਣ ਦੀ ਇਜ਼ਾਜ਼ਤ ਹੈ।
ਆਸ਼ੀਸ਼: ਮੰਮ! ਤੁਸੀਂ ਜਾਓ ਡੈਡ ਨੂੰ ਦੇਖਣ ਕਮਰੇ ਵਿਚ। ਮੈਂ ਇਥੇ ਬਾਹਰ ਹੀ ਇੰਤਜ਼ਾਰ ਕਰਦਾ ਹਾਂ ।
(ਕਮਲੇਸ਼ ਕਮਰੇ ਦੇ ਅੰਦਰ ਜਾਂਦੀ ਹੈ । ਕਮਰੇ ਦੇ ਬਾਹਰ, ਹੰਝੂ ਭਰੀਆਂ ਅੱਖਾਂ ਨਾਲ ਆਸ਼ੀਸ਼ ਬੂਹੇ ਕੋਲ ਖੜਾ ਹੈ।)
ਆਸ਼ੀਸ਼: ਪਲੀਜ਼ ਗਾਡ! ਮੇਰੇ ਡੈਡ ਨੂੰ ਬਚਾ ਲਉ। ਮੈਂ ਚਾਹੁੰਦਾ ਹਾਂ ਕਿ ਉਹ ਜਲਦੀ ਠੀਕ ਹੋ ਜਾਣ।____ ਪਲੀਜ਼ ਮੈਨੂੰ ਇਕ ਮੌਕਾ ਬਖ਼ਸ਼ ਦਿਉ ਕਿ ਮੈਂ ਉਨ੍ਹਾਂ ਨੂੰ ਦੱਸ ਸਕਾਂ ਕਿ ਮੈਂ ਉਨ੍ਹਾਂ ਨੂੰ ਕਿੰਨ੍ਹਾਂ ਪਿਆਰ ਕਰਦਾ ਹਾਂ। ਪਲੀਜ਼___ਪਲੀਜ਼।
(ਕਮਰੇ ਦਾ ਦਰਵਾਜਾ ਖੁੱਲਦਾ ਹੈ। ਕਮਲੇਸ਼ ਬਾਹਰ ਆਉਂਦੀ ਹੈ।)
ਕਮਲੇਸ਼: (ਭਰੀਆਂ ਅੱਖਾਂ ਨਾਲ) ਬਹੁਤ ਮਾੜੀ ਗੱਲ ਹੋਈ ਹੈ ਆਸ਼ੀਸ਼! ਤੇਰੇ ਡੈਡ ਪੂਰੇ ਹੋ ਗਏ ਨੇ। (ਉਹ ਆਸ਼ੀਸ਼ ਨੂੰ ਗਲਵਕੜੀ ਵਿਚ ਲੈ ਰੋਣ ਲੱਗ ਪੈਂਦੀ ਹੈ। ਆਸ਼ੀਸ਼ ਵੀ ਹਟਕੋਰੇ ਲੈਂਦਾ ਹੈ।)
ਝਾਕੀ ਛੇਵੀਂ
(ਆਸ਼ੀਸ਼ ਆਪਣੇ ਘਰ ਦੇ ਡਰਾਇੰਗ ਰੂਮ ਵਿਚ ਬੈਠਾ ਹੈ। ਉਹ ਚੁੱਪਚਾਪ ਇਕ ਪੱਤਰ ਪੜ੍ਹ ਰਿਹਾ ਹੈ। ___ਦਰਸ਼ਕਾਂ ਨੂੰ ਆਸ਼ੀਸ਼ ਦੇ ਪਿਤਾ ਦੀ ਆਵਾਜ਼ ਸੁਣਾਈ ਦਿੰਦੀ ਹੈ। )
“ਪਿਆਰੇ ਬੇਟੇ ਆਸ਼ੀਸ਼, ਜਦੋਂ ਤੈਨੂੰ ਇਹ ਪੱਤਰ ਮਿਲੇਗਾ, ਤਦ ਪਤਾ ਨਹੀਂ ਮੈਂ ਕਿਥੇ ਹੋਵਾਂ। ਤੂੰ ਮੇਰੇ ਲਈ ਪ੍ਰਭੂ ਦੀ ਆਸ਼ੀਸ਼ ਹੈ, ਤੇ ਮੈਂ ਤੈਨੂੰ ਹਮੇਸ਼ਾ ਪਿਆਰ ਭਰੇ ਅਹਿਸਾਸ ਨਾਲ ਯਾਦ ਕਰਦਾ ਰਿਹਾ ਹਾਂ। ਮੈਨੂੰ ਬਹੁਤ ਅਫਸੋਸ ਹੈ ਕਿ ਸਾਡਾ ਸੰਬੰਧ ਵਧੇਰੇ ਸੁਖਾਵਾਂ ਨਹੀਂ ਰਿਹਾ। ਪਰ ਹੁਣ ਇਹ ਬੀਤ ਚੁੱਕੇ ਸਮੇਂ ਦੀ ਗੱਲ ਹੈ। ਅਜਿਹੇ ਅਸੁਖਾਵੇਂ ਹਾਲਾਤਾਂ ਲਈ ਪਲੀਜ਼, ਮੈਨੂੰ ਮਾਫ਼ ਕਰ ਦੇਣਾ। ਇਕ ਪਿਤਾ ਲਈ ਅਜਿਹਾ ਕਹਿ ਸਕਣਾ ਬਹੁਤ ਔਖੀ ਗੱਲ ਹੈ। ਪਰ, ਪਲੀਜ਼, ਮੈਨੂੰ ਮਾਫ਼ ਕਰ ਦੇਈ ਕਿ ਮੈਂ ਤੈਨੂੰ ਰੁੱਸੇ ਹੋਏ ਨੂੰ ਮਨਾਉਣ ਦਾ ਯਤਨ ਨਹੀਂ ਕਰ ਸਕਿਆ । ਸਗੋਂ ਇਸ ਦੀ ਥਾਂ ਮੈਂ ਤੈਨੂੰ ਇਹ ਪੱਤਰ ਲਿਖ ਰਿਹਾ ਹਾਂ। ਬਸ ਇਨ੍ਹਾਂ ਕਹਿਣਾ ਚਾਹਾਂਗਾ ਕਿ ਤੇਰੇ ਵਿਛੋੜੇ ਦਾ ਦਰਦ ਮੈਂ ਬਹੁਤ ਹੰਢਾਇਆ ਹੈ ਪਰ ਹੌਂਸਲਾ ਨਹੀਂ ਕਰ ਸਕਿਆ ਕਿ ਆਪਣਾ ਇਹ ਦਰਦ ਮੈਂ ਤੇਰੇ ਨਾਲ ਸਾਂਝਾ ਕਰਦਾ। ਬੇਟੇ ਆਸ਼ੀਸ਼! ਮੈਂ ਪਹਿਲਾਂ ਕਦੇ ਵੀ ਤੈਨੂੰ ਇਹ ਨਹੀਂ ਦਸ ਸਕਿਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ।
ਸਿਰਫ਼ ਇਹ ਯਾਦ ਰੱਖੀ___ਮੈਂ ਹਮੇਸ਼ਾਂ ਤੇਰੇ ਸੁੱਖ ਦੀ ਕਾਮਨਾ ਕੀਤੀ ਹੈ।
ਪਿਆਰ ਭਰੇ ਆਸ਼ੀਰਵਾਦ ਨਾਲ, ਤੇਰਾ ਡੈਡ!
(ਸਿਸਕੀਆਂ ਭਰਦਾ ਆਸ਼ੀਸ਼ ਪੱਤਰ ਨੂੰ ਬੰਦ ਕਰਦਾ ਹੈ। ਕੰਧ ਉੱਤੇ ਲਟਕ ਰਹੀ ਆਪਣੇ ਡੈਡ ਦੀ ਤਸਵੀਰ ਕੋਲ ਜਾ ਕੇ ਬੋਲਦਾ ਹੈ।)
ਆਸ਼ੀਸ਼ : ਓਹ ਡੈਡ! ਇਹ ਬਹੁਤ ਬੁਰਾ ਹੋਇਆ___ਕਿੰਨ੍ਹੇ ਸਾਲ ਮੈਂ ਐਵੇਂ ਹੀ ਗੁਆ ਲਏ। __ ਸਾਡੀ ਹਉਮੈ ਸਾਡੇ ਪਿਆਰ ਵਿਚਕਾਰ ਕੰਧ ਬਣੀ ਰਹੀ। ਡੈਡ!
ਮੈਨੂੰ ਮਾਫ ਕਰਨਾ। ਮੈਂ ਵਾਅਦਾ ਕਰਦਾ ਹਾਂ ਕਿ ਮੈਂ, ਆਪਣੇ ਅਤੇ ਆਪਣੇ ਪੁੱਤਰ ਵਿਚਕਾਰ ਅਜਿਹੀ ਕੰਧ ਕਦੇ ਵੀ ਉਸਰਣ ਨਹੀਂ ਦੇਵਾਂਗਾ। __ਮੈਂ ਉਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਵਿਚ ਦੇਰ ਨਹੀਂ ਕਰਾਂਗਾ। ਮੇਰੀਆਂ ਗਲਤੀਆਂ ਲਈ ਮੈਨੂੰ ਮਾਫ਼ ਕਰਨਾ ਡੈਡ! ਮੈਂ ਅੱਜ ਵੀ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।
ਪਰਦਾ ਗਿਰਦਾ ਹੈ।
[email protected]