Home / ਹਫ਼ਤਾਵਾਰੀ ਫੇਰੀ / ਰਾਮ ਰਹੀਮ ਸਾਰੀ ਉਮਰ ਹੀ ਜੇਲ੍ਹ ‘ਚ ਰਹੇਗਾ

ਰਾਮ ਰਹੀਮ ਸਾਰੀ ਉਮਰ ਹੀ ਜੇਲ੍ਹ ‘ਚ ਰਹੇਗਾ

ਰਣਜੀਤ ਕਤਲ ਮਾਮਲੇ ‘ਚ ਡੇਰਾ ਮੁਖੀ ਸਣੇ ਸਾਰੇ ਦੋਸ਼ੀਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
ਪੰਚਕੂਲਾ/ਬਿਊਰੋ ਨਿਊਜ਼ : ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੇ ਚਾਰ ਹੋਰਨਾਂ ਅਵਤਾਰ, ਜਸਬੀਰ, ਕ੍ਰਿਸ਼ਨ ਕੁਮਾਰ ਤੇ ਸਬਦਿਲ ਨੂੰ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਸ਼ੀਆਂ ਨੂੰ ਜੁਰਮਾਨਾ ਵੀ ਲਾਇਆ ਗਿਆ ਹੈ। ਡੇਰਾ ਮੁਖੀ ਨੂੰ 31 ਲੱਖ ਰੁਪਏ ਜਦੋਂਕਿ ਹੋਰਨਾਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ ਗਿਆ ਹੈ। ਇਸ ਸਜ਼ਾ ਦੇ ਨਾਲ ਡੇਰਾ ਮੁਖੀ ਹੁਣ ਆਖ਼ਰੀ ਸਾਹਾਂ ਤੱਕ ਜੇਲ੍ਹ ਵਿੱਚ ਰਹੇਗਾ। ਡੇਰਾ ਮੁਖੀ ਨੂੰ ਸਾਧਵੀਆਂ ਨਾਲ ਜਬਰ-ਜਨਾਹ ਤੇ ਪੱਤਰਕਾਰ ਛਤਰਪਤੀ ਕਤਲ ਕੇਸ ਮਗਰੋਂ ਹੁਣ ਤੀਜੇ ਕੇਸ ਵਿੱਚ ਸਜ਼ਾ ਹੋਈ ਹੈ ਜਦੋਂਕਿ ਲੋਕਾਂ ਨੂੰ ਜਬਰੀ ਨਿਪੁੰਸਕ ਬਣਾਉਣ ਦਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਮੌਕੇ ਡੇਰਾ ਮੁਖੀ ਦੇ ਵਕੀਲ ਨੇ ਡੇਰੇ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਤੇ ਡੇਰਾ ਮੁਖੀ ਦੀ ਨਾਸਾਜ਼ ਸਿਹਤ ਦਾ ਹਵਾਲਾ ਦਿੰਦਿਆਂ ਆਪਣੇ ਮੁਵੱਕਿਲ ਨਾਲ ਨਰਮੀ ਵਰਤੇ ਜਾਣ ਦੀ ਅਪੀਲ ਕੀਤੀ ਸੀ। ਬਚਾਅ ਪੱਖ ਦੇ ਵਕੀਲ ਨੇ ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਨੂੰ ਇਹ ਅਪੀਲ ਵੀ ਕੀਤੀ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਦੌਰਾਨ ਜੇਲ੍ਹ ਵਿੱਚੋਂ ਹੀ ਖ਼ੂਨਦਾਨ ਕੈਂਪ ਸਮੇਤ ਹੋਰ ਸਮਾਜ ਭਲਾਈ ਦੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਪਰ ਜੱਜ ਨੇ ਸਾਫ਼ ਕਰ ਦਿੱਤਾ ਕਿ ਅਦਾਲਤ ਦਾ ਕੰਮ ਸਜ਼ਾ ਸੁਣਾਉਣਾ ਹੈ, ਜੇਲ੍ਹ ਵਿੱਚ ਸਮਾਜ ਭਲਾਈ ਦੇ ਕੰਮਾਂ ਬਾਰੇ ਫੈਸਲਾ ਲੈਣ ਦਾ ਅਧਿਕਾਰ ਸੂਬਾ ਸਰਕਾਰ ਨੂੰ ਹੈ। ਸੀਬੀਆਈ ਦੇ ਵਿਸ਼ੇਸ਼ ਪ੍ਰੌਸੀਕਿਊਟਰ ਐੱਚ.ਪੀ.ਐੱਸ.ਵਰਮਾ ਨੇ ਕਿਹਾ ਕਿ ਡੇਰਾ ਮੁਖੀ ਨੂੰ ਲਾਏ 31 ਲੱਖ ਰੁਪਏ ਦੇ ਜੁਰਮਾਨੇ ਵਿੱਚੋਂ ਅੱਧੀ ਰਕਮ ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦਾ 10 ਜੁਲਾਈ 2002 ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਖਾਨਪੁਰ ਕੌਲੀਆਂ ਪਿੰਡ ‘ਚ ਕਤਲ ਕਰ ਦਿੱਤਾ ਗਿਆ ਸੀ। ਸੀਬੀਆਈ ਦੀ ਚਾਰਜਸ਼ੀਟ ਮੁਤਾਬਕ ਡੇਰਾ ਮੁਖੀ ਨੂੰ ਲਗਦਾ ਸੀ ਕਿ ਗੁੰਮਨਾਮ ਪੱਤਰ ਜਾਰੀ ਕਰਨ ਤੇ ਉਸ ਦੀ ਹੱਤਿਆ ਦੀ ਸਾਜ਼ਿਸ਼ ਘੜਨ ਪਿੱਛੇ ਰਣਜੀਤ ਸਿੰਘ ਦਾ ਹੱਥ ਸੀ। ਪੱਤਰ ਵਿੱਚ ਡੇਰੇ ਅੰਦਰ ਔਰਤਾਂ ਦੇ ਹੁੰਦੇ ਜਿਨਸੀ ਸ਼ੋਸ਼ਣ ਦਾ ਤਫ਼ਸੀਲ ‘ਚ ਵੇਰਵਾ ਦਰਜ ਸੀ। ਗੁਰਮੀਤ ਰਾਮ ਰਹੀਮ ਡੇਰੇ ਦੀਆਂ ਦੋ ਸਾਧਵੀਆਂ ਨਾਲ ਜਬਰ-ਜਨਾਹ ਤੇ ਪੱਤਰਕਾਰ ਛਤਰਪਤੀ ਦੇ ਕਤਲ ਕੇਸ ਨਾਲ ਸਬੰਧਤ ਦੋ ਵੱਖ ਵੱਖ ਸਜ਼ਾਵਾਂ ਤਹਿਤ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਸਜ਼ਾ ਦੇ ਐਲਾਨ ਮੌਕੇ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚੋਂ ਅਦਾਲਤ ‘ਚ ਵਰਚੁਅਲੀ ਹਾਜ਼ਰੀ ਭਰੀ ਜਦੋਂ ਕਿ ਦੋਸ਼ੀ ਕ੍ਰਿਸ਼ਨ ਲਾਲ, ਅਵਤਾਰ, ਸਬਦਿਲ ਅਤੇ ਜਸਬੀਰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਅੰਬਾਲਾ ਜੇਲ੍ਹ ਤੋਂ ਸਖਤ ਪੁਲਿਸ ਪ੍ਰਬੰਧਾਂ ਤਹਿਤ ਪ੍ਰਤੱਖ ਰੂਪ ਵਿੱਚ ਪੇਸ਼ ਹੋਏ।
ਪੀੜਤ ਪਰਿਵਾਰ ਨੂੰ ਅਦਾਲਤੀ ਪ੍ਰਕਿਰਿਆ ‘ਤੇ ਯਕੀਨ ਸੀ : ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤੀ ਪ੍ਰਕਿਰਿਆ ਵਿੱਚ ਯਕੀਨ ਸੀ। ਰਣਜੀਤ ਸਿੰਘ ਦੇ ਪੁੱਤਰ ਜਗਸੀਰ ਸਿੰਘ, ਜੋ ਆਪਣੇ ਪਿਤਾ ਦੇ ਕਤਲ ਮੌਕੇ ਅੱਠ ਸਾਲਾਂ ਦਾ ਸੀ, ਨੇ ਕਿਹਾ ਕਿ ਹੁਣ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਹੋਇਆ ਹੈ ਤੇ ਉਹ ਇਸ ਫੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਰਣਜੀਤ ਸਿੰਘ ਹੱਤਿਆ ਕਾਂਡ 19 ਸਾਲ ਪੁਰਾਣਾ ਹੈ ਅਤੇ ਪੀੜਤ ਪਰਿਵਾਰ ਲੰਮੇ ਸਮੇਂ ਤੋਂ ਇਨਸਾਫ ਦੀ ਉਡੀਕ ਵਿੱਚ ਸੀ। ਡੇਰੇ ਦੇ ਸਾਬਕਾ ਮੈਨੇਜਰ ਦਾ ਪਰਿਵਾਰ ਡੇਰਾ ਮੁਖੀ ਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਿਹਾ ਸੀ।
ਜਬਰ ਜਨਾਹ ਮਾਮਲੇ ਦੀ 20 ਸਾਲ ਦੀ ਸਜ਼ਾ ਤੋਂ ਬਾਅਦ ਚਲੇਗੀ ਉਮਰ ਕੈਦ ਦੀ ਸਜ਼ਾ
ਰਾਮ ਰਹੀਮ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ 10-10 ਸਾਲ ਦੀ ਸਜ਼ਾ ਹੈ। ਛੱਤਰਪਤੀ ਹੱਤਿਆ ਕਾਂਡ ਵਿਚ ਉਮਰ ਕੈਦ ਦੀ ਸਜ਼ਾ ਹੈ। ਕਾਨੂੰਨੀ ਤੌਰ ‘ਤੇ ਇਕ ਵਿਅਕਤੀ ਦੀ ਇਕ ਹੀ ਉਮਰ ਹੁੰਦੀ ਹੈ। ਅਜਿਹੇ ਵਿਚ ਰਣਜੀਤ ਹੱਤਿਆਕਾਂਡ ਵਿਚ ਸਜ਼ਾ ਛੱਤਰਪਤੀ ਹੱਤਿਆਕਾਂਡ ਦੀ ਸਜ਼ਾ ਦੇ ਨਾਲ-ਨਾਲ ਚੱਲ ਸਕਦੀ ਹੈ। ਯੌਨ ਸ਼ੋਸ਼ਣ ਮਾਮਲੇ ਦੀ ਸਜ਼ਾ ਤੋਂ ਬਾਅਦ ਇਹ ਦੋਵੇਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ। ਰਾਮ ਰਹੀਮ ਦੇ ਵਕੀਲ ਨੇ ਕਿਹਾ ਕਿ ਫੈਸਲੇ ਨੂੰ ਚੁਣੌਤੀ ਦਿਆਂਗੇ।
ਰਾਮ ਰਹੀਮ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਨੂੰ ਕੀਤੀ ਗਈ ਸੀ ਧਮਕੀ ਭਰੀ ਈਮੇਲ
ਪੰਚਕੂਲਾ/ਬਿਊਰੋ ਨਿਊਜ਼ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਇਕ ਈਮੇਲ ਆਉਣ ਨਾਲ ਤਰਥੱਲੀ ਮਚ ਗਈ। ਇਸ ਈਮੇਲ ਬਾਰੇ ਸੀਬੀਆਈ ਦੇ ਵਿਸੇਸ਼ ਜੱਜ ਨੇ ਗੁਰਮੀਤ ਰਾਮ ਰਹੀਮ ਤੋਂ ਵੀ ਪੁੱਛਿਆ ਪਰ ਉਸ ਨੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਇਹ ਈਮੇਲ ਸੈਸ਼ਨ ਜੱਜ ਦੀ ਈਮੇਲ ‘ਤੇ ਆਈ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਇਹ ਈਮੇਲ ਡਾ. ਮੋਹਿਤ ਗੁਪਤਾ ਜਿਸ ਦਾ ਪਤਾ ਡੇਰਾ ਸੱਚਾ ਸੌਦਾ ਦਾ ਦੱਸਿਆ ਗਿਆ, ਉਸ ਦੇ ਨਾਮ ਤੋਂ ਆਈ ਹੈ। ਪਹਿਲਾਂ ਵੀ ਕਈ ਈਮੇਲ ਆ ਚੁੱਕੀਆਂ ਸਨ ਜਿਨ੍ਹਾਂ ਵਿਚ ਗਵਾਹੀਆਂ ਬਾਰੇ ਵੀ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ। ਜੱਜ ਨੇ ਇਸ ਬਾਰੇ ਵਕੀਲਾਂ ਤੋਂ ਪੁੱਛਿਆ ਅਤੇ ਉਸ ਤੋਂ ਬਾਅਦ ਰਾਮ ਰਹੀਮ ਤੋਂ ਪੁੱਛਿਆ। ਜੱਜ ਨੇ ਰਾਮ ਰਹੀਮ ਤੋਂ ਪੁੱਛਿਆ ਕਿ ਕੀ ਤੁਸੀਂ ਡਾ. ਮੋਹਿਤ ਗੁਪਤਾ ਨੂੰ ਜਾਣਦੇ ਹੋ। ਇਹ ਵਿਅਕਤੀ ਡੇਰੇ ਵਿਚ ਰਹਿੰਦਾ ਹੈ। ਰਾਮ ਰਹੀਮ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਵਿਸ਼ੇਸ਼ ਜੱਜ ਨੇ ਕਿਹਾ ਕਿ ਡਾ. ਮੋਹਿਤ ਗੁਪਤਾ ਦੀ ਇਕ ਈਮੇਲ ਆਈ ਜਿਸ ਵਿਚ ਧਮਕੀ ਦੀ ਬੋਅ ਆ ਰਹੀ ਹੈ। ਬਚਾਅ ਪੱਖ ਦੇ ਵਕੀਲ ਅਜੇ ਬਰਮਨ ਨੇ ਦੱਸਿਆ ਕਿ ਇਸ ਬਾਰੇ ਪਹਿਲਾਂ ਹਾਈਕੋਰਟ ‘ਚ ਸ਼ਿਕਾਇਤ ਹੋ ਚੁੱਕੀ ਹੈ ਅਤੇ ਉਸ ਨੂੰ 50 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾ ਚੁੱਕਾ ਹੈ। ਉਨ੍ਹਾਂ ਡਾ. ਮੋਹਿਤ ਗੁਪਤਾ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।

 

Check Also

ਯੂ.ਪੀ. ਅਤੇ ਉਤਰਾਖੰਡ ‘ਚ ਭਾਜਪਾ ਲਈ ਪ੍ਰਚਾਰ ਕਰਾਂਗਾ : ਅਮਰਿੰਦਰ

ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਸਿਆਸੀ ਤੌਰ ‘ਤੇ ਭਾਜਪਾ ਦੀ ਹਮਾਇਤ ਵਿਚ …