ਨਿਰਵਸਤਰ ਵਿਅਕਤੀ ਖ਼ਿਲਾਫ਼ ਨਫ਼ਰਤੀ ਅਪਰਾਧ ਦਾ ਮਾਮਲਾ ਦਰਜ; ਸਿੱਖ ਭਾਈਚਾਰੇ ‘ਚ ਰੋਸ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਸਪੋਕੇਨ ਵਿਚ ਇਕ ‘ਨਿਰਵਸਤਰ’ ਵਿਅਕਤੀ ਨੇ ਗੁਰਦੁਆਰੇ ਅੰਦਰ ਦਾਖ਼ਲ ਹੋ ਕੇ ਉਥੇ ਰੱਖੀਆਂ ਪਵਿੱਤਰ ਨਿਸ਼ਾਨੀਆਂ ਦੀ ਬੇਅਦਬੀ ਕਰ ਦਿੱਤੀ। ਇਹ ਮਾਮਲਾ ਨਫ਼ਰਤੀ ਜੁਰਮ ਦਾ ਜਾਪਦਾ ਹੈ। ਸਿੱਖ ਭਾਈਚਾਰੇ ਨੇ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।ਪਿਛਲੇ ਦਿਨੀਂ ਜੈਫਰੀ ਸੀ ਪਿੱਟਮੈਨ (44) ਗੁਰਦੁਆਰੇ ਅੰਦਰ ਦਾਖ਼ਲ ਹੋਇਆ ਸੀ। ਗੁਰਦੁਆਰੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਪਿੱਟਮੈਨ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਦੇ ਸਰੀਰ ‘ਤੇ ਇਕ ਚਾਦਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਇਹ ਚਾਦਰ ਵੀ ਉਸ ਨੇ ਗੁਰਦੁਆਰੇ ਅੰਦਰੋਂ ਚੁੱਕੀ ਸੀ। ਉਸ ਦੇ ਹੱਥਾਂ ਵਿਚ ਗੁਰਦੁਆਰੇ ਅੰਦਰੋਂ ਚੁੱਕੀ ਗਈ ਰਵਾਇਤੀ ਕਿਰਪਾਨ ਵੀ ਸੀ। ਪ੍ਰਬੰਧਕਾਂ ਮੁਤਾਬਕ ਉਸ ਨੇ ਗੁਰਦੁਆਰੇ ਦੀਆਂ ਪਵਿੱਤਰ ਵਸਤਾਂ ਦੀ ਬੇਅਦਬੀ ਵੀ ਕੀਤੀ। ਜਾਣਕਾਰੀ ਮੁਤਾਬਕ ਪਿੱਟਮੈਨ ਖ਼ਿਲਾਫ਼ ਚੋਰੀ, ਸ਼ਰਾਰਤ ਅਤੇ ਸ਼ੋਸ਼ਣ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸੂਬੇ ਦੇ ਨਫ਼ਰਤੀ ਅਪਰਾਧ ਕਾਨੂੰਨ ਤਹਿਤ ਦਰਜ ਕੀਤਾ ਗਿਆ ਹੈ। ਸਪੋਕੇਨ ਸ਼ਹਿਰ ਦੇ ਸ਼ੈਰਿਫ਼ ਓਜ਼ੀ ਨੇਜ਼ੋਵਿਚ ਨੇ ਇਕ ਬਿਆਨ ਵਿਚ ਕਿਹਾ, ”ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਕਿਸੇ ਦੇ ਧਾਰਮਿਕ ਵਿਸ਼ਵਾਸ ਕਾਰਨ ਕੀਤੇ ਗਏ ਕਿਸੇ ਵੀ ਜੁਰਮ ਦੀ ਪਹਿਲ ਦੇ ਆਧਾਰ ‘ਤੇ ਮੁਕੰਮਲ ਜਾਂਚ ਕੀਤੀ ਜਾਏਗੀ।”
ਉਨ੍ਹਾਂ ਕਿਹਾ ਕਿ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਥੋੜੀ ਬਹਿਸ ਤੋਂ ਬਾਅਦ ਉਸ ਨੂੰ ਫੜ ਲਿਆ। ਗੁਰਦੁਆਰੇ ਵਿਚ ਕਈ ਹਜ਼ਾਰਾਂ ਡਾਲਰ ਦਾ ਨੁਕਸਾਨ ਹੋਇਆ ਹੈ। ਗੁਰਦੁਆਰੇ ਦੇ ਗ੍ਰੰਥੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਇਸ ਵਿਅਕਤੀ ਨੂੰ ਫੜ ਲਿਆ ਗਿਆ ਸੀ। ਗੁਰਦੁਆਰੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਭੰਨ-ਤੋੜ ਦੀ ਕਾਰਵਾਈ ਦੇ ਕਾਰਨਾਂ ਦਾ ਪਤਾ ਨਹੀਂ ਪਰ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਸਾਜ਼ਿਸ਼ਘਾੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਹੈ ਕਿ ਅਮਰੀਕਾ ਵਿਚ ਕਿਸੇ ਵੀ ਧਾਰਮਿਕ ਅਸਥਾਨ ‘ਚ ਭੰਨ-ਤੋੜ ਨਹੀਂ ਹੋਣੀ ਚਾਹੀਦੀ। ਸਿੱਖ ਕਕਾਰਾਂ ਸਮੇਤ ਹੋਰ ਪਵਿੱਤਰ ਨਿਸ਼ਾਨੀਆਂ ਸਮਾਨਤਾ, ਨਿਆਂ ਅਤੇ ਆਜ਼ਾਦੀ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਘਟਨਾ ‘ਤੇ ਰੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਆਮ ਵਾਂਗ ਨਾ ਵਾਪਰਨ ਲੱਗ ਪੈਣ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …