Breaking News
Home / ਹਫ਼ਤਾਵਾਰੀ ਫੇਰੀ / ਡੇਰਾ ਮੁਖੀ ਨੂੰ ਪਹਿਲਾਂ ਪੈਰੋਲ, ਫਿਰ ਸਜ਼ਾ ਮੁਆਫ਼ੀ

ਡੇਰਾ ਮੁਖੀ ਨੂੰ ਪਹਿਲਾਂ ਪੈਰੋਲ, ਫਿਰ ਸਜ਼ਾ ਮੁਆਫ਼ੀ

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ 40 ਦਿਨ ਦੀ ਪੈਰੋਲ ਮਿਲ ਗਈ ਹੈ ਅਤੇ ਉਹ ਸਨਿਚਰਵਾਰ ਨੂੰ ਮੁੜ ਹਰਿਆਣਾ ਵਿਚ ਪੈਂਦੇ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚੋਂ ਬਾਹਰ ਆ ਗਿਆ ਹੈ। ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿਚ ਸਜ਼ਾ ਕੱਟ ਰਿਹਾ ਡੇਰਾ ਮੁਖੀ ਪਿਛਲੇ 54 ਦਿਨਾਂ ‘ਚ ਦੂਜੀ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਉਹ ਸਖਤ ਸੁਰੱਖਿਆ ਹੇਠ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ, ਜਿਸ ਤੋਂ ਬਾਅਦ ਸੁਰੱਖਿਆ ਘੇਰੇ ਹੇਠ ਉਸਦੇ ਵਾਹਨਾਂ ਦਾ ਕਾਫ਼ਲਾ ਯੂ.ਪੀ. ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਪਹੁੰਚਿਆ। ਇਸੇ ਦੌਰਾਨ ਡੇਰਾ ਮੁਖੀ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਡੇਰਾ ਪ੍ਰੇਮੀਆਂ ਨੂੰ ਸਿਰਸਾ ਡੇਰੇ ਦੇ ਦੂਜੇ ਮੁਖੀ ਸ਼ਾਹ ਸਤਨਾਮ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡੇਰਾ ਮੁਖੀ ਨੂੰ ਪਿਛਲੇ ਸਾਲ 2022 ‘ਚ ਤਿੰਨ ਵਾਰ ਪੈਰੋਲ ਮਿਲੀ ਸੀ ਅਤੇ ਉਹ 91 ਦਿਨਾਂ ਲਈ ਜੇਲ੍ਹ ਤੋਂ ਬਾਹਰ ਰਿਹਾ ਸੀ। ਉਧਰ ਦੂਜੇ ਪਾਸੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਨਵੇਂ ਨਿਯਮ ਤਹਿਤ ਰਾਮ ਰਹੀਮ ਦੀ 90 ਦਿਨ ਦੀ ਸਜ਼ਾ ਵੀ ਮਾਫ ਕਰ ਦਿੱਤੀ ਹੈ ਅਤੇ ਇਹ ਡੇਰਾ ਮੁਖੀ ਲਈ ਪੰਜਵੀਂ ਰਾਹਤ ਹੈ। ਹਰਿਆਣਾ ਸਰਕਾਰ ਨੇ ਗਣਤੰਤਰ ਦਿਵਸ ‘ਤੇ ਇਹ ਫੈਸਲਾ ਲਿਆ ਹੈ ਕਿ 10 ਸਾਲ ਤੋਂ ਜ਼ਿਆਦਾ ਦੀ ਸਜ਼ਾ ਭੁਗਤਣ ਵਾਲੇ ਕੈਦੀਆਂ ਨੂੰ ਸਜ਼ਾ ਵਿਚ 90 ਦਿਨ ਦੀ ਛੋਟ ਦਿੱਤੀ ਜਾਵੇਗੀ। ਰਾਮ ਰਹੀਮ 25 ਅਗਸਤ 2017 ਤੋਂ ਜੇਲ੍ਹ ਵਿਚ ਬੰਦ ਹੈ ਅਤੇ ਉਦੋਂ ਲੈ ਕੇ ਹੁਣ ਤੱਕ ਉਸ ਨੂੂੰ ਚਾਰ ਵਾਰ ਪੈਰੋਲ ਮਿਲ ਚੁੱਕੀ ਹੈ ਅਤੇ ਹੁਣ ਵੀ ਉਹ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਹੈ। ਜਿਨ੍ਹਾਂ ਅਪਰਾਧੀਆਂ ਨੂੰ 5 ਸਾਲ ਤੋਂ ਜ਼ਿਆਦਾ ਅਤੇ 10 ਸਾਲ ਤੋਂ ਘੱਟ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਨੂੰ 60 ਦਿਨ ਦੀ ਛੋਟ ਦਿੱਤੀ ਜਾਵੇਗੀ। ਪੰਜ ਸਾਲ ਤੋਂ ਘੱਟ ਸਜ਼ਾ ਵਾਲਿਆਂ ਨੂੰ 30 ਦਿਨ ਦੀ ਰਾਹਤ ਦਿੱਤੀ ਜਾਏਗੀ। ਹਰਿਆਣਾ ਦੇ ਜੇਲ੍ਹ ਮੰਤਰੀ ਨੇ ਦੱਸਿਆ ਕਿ ਗਣਤੰਤਰ ਦਿਵਸ ‘ਤੇ ਜੇਲ੍ਹ ਵਿਚੋਂ ਪੈਰੋਲ ਅਤੇ ਫਰਲੋ ‘ਤੇ ਆਏ ਸਾਰੇ ਅਪਰਾਧੀਆਂ ਨੂੰ ਵੀ ਇਹ ਛੋਟ ਦਿੱਤੀ ਜਾਵੇਗੀ।

 

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …