Breaking News
Home / ਹਫ਼ਤਾਵਾਰੀ ਫੇਰੀ / ਜਸਟਿਨ ਟਰੂਡੋ ਹੈਲਥ ਕੇਅਰ ਸਬੰਧੀ ਪ੍ਰੀਮੀਅਰਜ਼ ਨਾਲ ਕਰਨਗੇ ਮੀਟਿੰਗ

ਜਸਟਿਨ ਟਰੂਡੋ ਹੈਲਥ ਕੇਅਰ ਸਬੰਧੀ ਪ੍ਰੀਮੀਅਰਜ਼ ਨਾਲ ਕਰਨਗੇ ਮੀਟਿੰਗ

ਹੈਲਥ ਕੇਅਰ ਬਜਟ ਨੂੰ 22 ਫੀਸਦੀ ਤੋਂ ਵਧਾ ਕੇ
35 ਫੀਸਦੀ ਕਰਨ ਦੀ ਕੀਤੀ ਜਾ ਰਹੀ ਹੈ ਮੰਗ
ਹੈਮਿਲਟਨ/ਬਿਊਰੋ ਨਿਊਜ਼ : ਹੈਲਥ ਕੇਅਰ ਲਈ ਨਵੇਂ ਫੰਡ ਸਬੰਧੀ ਨਵੀਂ ਡੀਲ ਕਰਨ ਲਈ ਕੋਈ ਰਾਹ ਲੱਭਣ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੈਨੇਡਾ ਦੇ ਪ੍ਰੀਮੀਅਰਜ਼ ਅਗਲੇ ਮਹੀਨੇ ਓਟਵਾ ਵਿੱਚ ਮੁਲਾਕਾਤ ਕਰਨਗੇ।
ਟਰੂਡੋ ਵੱਲੋਂ ਇਹ ਐਲਾਨ ਲੰਘੇ ਦਿਨੀਂ ਕੀਤਾ ਸੀ। ਇਹ ਜਾਣਕਾਰੀ ਦੋ ਫੈਡਰਲ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦਿੱਤੀ।
ਅਗਲੇ ਹਫਤੇ ਪਾਰਲੀਆਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਵੱਲੋਂ ਹੈਮਿਲਟਨ, ਓਨਟਾਰੀਓ ਵਿੱਚ ਤਿੰਨ ਰੋਜ਼ਾ ਰਟਰੀਟ ਪ੍ਰੋਗਰਾਮ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਰਟਰੀਟ ਦੌਰਾਨ ਪ੍ਰੋਵਿੰਸਾਂ ਤੇ ਟੈਰੇਟਰੀਜ ਨਾਲ ਫੈਡਰਲ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਨਵੇਂ ਹੈਲਥ ਕੇਅਰ ਫੰਡਿੰਗ ਸਮਝੌਤੇ ਦਾ ਮੁੱਦਾ ਛਾਇਆ ਰਿਹਾ।
ਸੂਤਰਾਂ ਨੇ ਦੱਸਿਆ ਕਿ ਇਹ ਮੀਟਿੰਗ ਫੰਡਿੰਗ ਸਬੰਧੀ ਨਵਾਂ ਸਮਝੌਤਾ ਫਾਈਨਲ ਕਰਨ ਲਈ ਨਹੀਂ ਹੋਵੇਗੀ ਸਗੋਂ ਇਸ ਸਮਝੌਤੇ ਤੱਕ ਪਹੁੰਚਣ ਲਈ ਕੋਸ਼ਿਸ਼ਾਂ ਨੂੰ ਹੋਰ ਤੇਜ ਕਰਨ ਵਾਸਤੇ ਹੋਵੇਗੀ। ਤਿੰਨ ਸਾਲ ਤੱਕ ਚੱਲੀ ਕੋਵਿਡ-19 ਮਹਾਂਮਾਰੀ ਤੇ ਹੈਲਥ ਕੇਅਰ ਵਰਕਰਜ਼ ਦੀ ਘਾਟ ਕਾਰਨ ਕੈਨੇਡਾ ਦਾ ਹੈਲਥ ਕੇਅਰ ਸਿਸਟਮ ਕਾਫੀ ਚਰਮਰਾ ਚੁੱਕਿਆ ਹੈ। ਪ੍ਰੀਮੀਅਰਜ਼ ਵੱਲੋਂ ਓਟਵਾ ਤੋਂ ਹੈਲਥ ਕੇਅਰ ਬਜਟ ਨੂੰ 22 ਫੀਸਦੀ ਤੋਂ ਵਧਾ ਕੇ 35 ਫੀਸਦੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਟਰੂਡੋ ਤੇ ਸਿਹਤ ਮੰਤਰੀ ਜੀਨ ਯਵੇਸ ਡਕਲਸ ਵੱਲੋਂ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਓਟਵਾ ਹੈਲਥ ਕੇਅਰ ਲਈ ਹੋਰ ਕਿੰਨਾਂ ਫੰਡ ਦੇਣਾ ਚਾਹੁੰਦਾ ਹੈ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …