Breaking News
Home / ਹਫ਼ਤਾਵਾਰੀ ਫੇਰੀ / ਚੀਨ ਦੀ ਸਰਹੱਦ ‘ਤੇ ਪੰਜਾਬ ਦੇ ਚਾਰ ਸਪੂਤ ਸ਼ਹੀਦ

ਚੀਨ ਦੀ ਸਰਹੱਦ ‘ਤੇ ਪੰਜਾਬ ਦੇ ਚਾਰ ਸਪੂਤ ਸ਼ਹੀਦ

ਸੰਗਰੂਰ ਦੇ ਗੁਰਵਿੰਦਰ ਸਿੰਘ, ਪਟਿਆਲਾ ਦੇ ਮਨਦੀਪ ਸਿੰਘ, ਗੁਰਦਾਸਪੁਰ ਦੇ ਸਤਨਾਮ ਸਿੰਘ ਅਤੇ ਮਾਨਸਾ ਦੇ ਗੁਰਤੇਜ ਸਿੰਘ ਨੇ ਦੇਸ਼ ਦੇ ਲੇਖੇ ਲਾਈ ਜ਼ਿੰਦਗੀ
ਚੰਡੀਗੜ੍ਹ : ਭਾਰਤ-ਚੀਨ ਦੀ ਲੱਦਾਖ ਸਰਹੱਦ ‘ਤੇ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਵਿੱਚ ਸੰਗਰੂਰ ਨੇੜਲੇ ਪਿੰਡ ਤੋਲਾਵਾਲ ਦਾ ਗੁਰਵਿੰਦਰ ਸਿੰਘ, ਪਟਿਆਲਾ ਨੇੜਲੇ ਪਿੰਡ ਸੀਲ ਦਾ ਮਨਦੀਪ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੋਜਰਾਜ ਦਾ ਸਤਨਾਮ ਸਿੰਘ ਅਤੇ ਜ਼ਿਲਾ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾ ਦਾ ਗੁਰਤੇਜ ਸਿੰਘ ਸ਼ਾਮਲ ਹਨ। ਜਵਾਨਾਂ ਦੇ ਸ਼ਹੀਦ ਹੋਣ ਸਬੰਧੀ ਸੂਚਨਾ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਵਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ, ਜਿਸ ਮਗਰੋਂ ਪਿੰਡਾਂ ਵਿੱਚ ਮਾਤਮ ਛਾ ਗਿਆ। ਤੋਲਾਵਾਲ ਦਾ ਜਵਾਨ ਗੁਰਵਿੰਦਰ ਸਿੰਘ ਦੋ ਸਾਲ ਪਹਿਲਾਂ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਉਹ ਆਪਣੇ ਭਰਾ ਤੇ ਭੈਣ ਨਾਲੋਂ ਛੋਟਾ ਸੀ। ਇਸ ਨੌਜਵਾਨ ਦੀ ਮੰਗਣੀ ਹੋ ਚੁੱਕੀ ਸੀ ਤੇ ਇਸ ਸਾਲ ਵਿਆਹ ਹੋਣਾ ਸੀ। ਹਲਕਾ ਘਨੌਰ ਦੇ ਪਿੰਡ ਸੀਲ ਦਾ ਜੰਮਪਲ ਨਾਇਬ ਸੂਬੇਦਾਰ ਮਨਦੀਪ ਸਿੰਘ ਚੀਨੀ ਸੈਨਿਕਾਂ ਨਾਲ ਹੋਈ ਝੜਪ ਦੌਰਾਨ ਸ਼ਹੀਦ ਹੋ ਗਿਆ। ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ 1998 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਚੀਨੀ ਸਿਪਾਹੀਆਂ ਨਾਲ ਹੱਥੋਪਾਈ ਦੌਰਾਨ ਸ਼ਹੀਦ ਹੋਣ ਵਾਲਿਆਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਭੋਜਰਾਜ ਨਾਲ ਸਬੰਧਤ ਨਾਇਕ ਸੂਬੇਦਾਰ ਸਤਨਾਮ ਸਿੰਘ ਵੀ ਸ਼ਾਮਲ ਹੈ। ਭਾਰਤੀ ਫੌਜ ਦੀ 3 ਫੀਲਡ ਰੈਜੀਮੈਂਟ ਤੋਪਖਾਨਾ (ਏਆਰਟੀਵਾਈ) ਦਾ ਨਾਇਬ ਸੂਬੇਦਾਰ ਸਤਨਾਮ ਸਿੰਘ ਆਪਣੇ ਪਿੱਛੇ ਪਿਤਾ ਜਗੀਰ ਸਿੰਘ, ਮਾਤਾ ਜਸਬੀਰ ਕੌਰ, ਪਤਨੀ ਜਸਵਿੰਦਰ ਕੌਰ, 19 ਸਾਲਾ ਧੀ ਸੰਦੀਪ ਕੌਰ, 17 ਸਾਲਾ ਪੁੱਤਰ ਪ੍ਰਭਜੋਤ ਸਿੰਘ ਛੱਡ ਗਿਆ ਹੈ। ਭਾਰਤ ਤੇ ਚੀਨ ਫੌਜੀਆਂ ਵਿਚਾਲੇ ਹਿੰਸਕ ਝੜਪ ਵਿਚ ਸ਼ਹੀਦ ਹੋਏ ਭਾਰਤੀ ਜਵਾਨਾਂ ਵਿਚ ਜ਼ਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ਦੇ ਪਿੰਡ ਬੀਰੇਵਾਲ ਡੋਗਰਾ ਦਾ ਗੁਰਤੇਜ ਸਿੰਘ ਵੀ ਸ਼ਾਮਲ ਹੈ। ਗੁਰਤੇਜ ਸਿੰਘ ਪੌਣੇ ਦੋ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ।

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …