Breaking News
Home / ਹਫ਼ਤਾਵਾਰੀ ਫੇਰੀ / ਲੰਗਰ ਦੇ ਜੀਐਸਟੀ ਨੂੰ ਲੈ ਕੇ ਟਵਿੱਟਰ ‘ਤੇ ਉਲਝੇ ਅਮਰਿੰਦਰ ਤੇ ਹਰਸਿਮਰਤ

ਲੰਗਰ ਦੇ ਜੀਐਸਟੀ ਨੂੰ ਲੈ ਕੇ ਟਵਿੱਟਰ ‘ਤੇ ਉਲਝੇ ਅਮਰਿੰਦਰ ਤੇ ਹਰਸਿਮਰਤ

ਜਲੰਧਰ/ਬਿਊਰੋ ਨਿਊਜ਼ : ਲੰਗਰ ‘ਤੇ ਜੀ.ਐਸ.ਟੀ. ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਖਿੱਚੋਤਾਣ ਜਾਰੀ ਹੈ। ਸੋਸ਼ਲ ਮੀਡੀਆ ‘ਤੇ ਉਲਝੇ ਦੋਵੇਂ ਸਿਆਸੀ ਦਿੱਗਜ਼ ਇਕ ਦੂਜੇ ‘ਤੇ ਲਗਾਤਾਰ ਤਨਜ਼ ਕਸਦੇ ਹੋਏ ਪੋਸਟਾਂ ਪਾ ਰਹੇ ਹਨ। ਪਿਛਲੇ ਦਿਨੀਂ ਹਰਸਿਮਰਤ ਕੌਰ ਬਾਦਲ ਵਲੋਂ ਕੈਪਟਨ ਦਾ ਵਿਅੰਗਮਈ ਰੂਪ ਵਿਚ ਧੰਨਵਾਦ ਕਰਦਿਆਂ ਪਾਈ ਗਈ ਪੋਸਟ ਦਾ ਕੈਪਟਨ ਨੇ ਮੋੜਵਾਂ ਜਵਾਬ ਦਿੱਤਾ ਹੈ।
ਕੈਪਟਨ ਨੇ ਜਵਾਬ ਵਿਚ ਲਿਖਿਆ, ”ਹਰਸਿਮਰਤ ਕੌਰ ਬਾਦਲ ਤੁਹਾਡੀਆਂ ਜੋ ਲੰਗਰ ਉਤੇ ਲੱਗੇ ਜੀ.ਐਸ.ਟੀ . ਬਾਰੇ ਟਿੱਪਣੀਆਂ ਹਨ, ਉਹ ਹਾਸੋਹੀਣੀਆਂ ਹਨ। ਮੈਂ ਇਕ ਵਾਰ ਫਿਰ ਤੁਹਾਡੇ ਲਈ ਇਹ ਗੱਲ ਦੁਹਰਾਉਂਦਾ ਹਾਂ ਕਿ ਕੇਂਦਰ ਵਲੋਂ ਨੋਟੀਫਿਕੇਸ਼ਨ ਪ੍ਰਾਪਤ ਕਰਨ ਵਾਲੇ ਦਾਅਵਿਆਂ ਦੇ ਸਾਰੇ ਪੈਸਿਆਂ ਨੂੰ ਵਾਪਸ ਕਰ ਦਿੱਤਾ ਗਿਆ ਹੈ। ਇਸ ਦੇ ਉਲਟ ਸਿਰਫ 57 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਤੁਸੀਂ ਉਨ੍ਹਾਂ ਕੋਲ ਜਾ ਕੇ ਕਿਉਂ ਨਹੀਂ ਪੁੱਛਦੇ? ਆਖਰਕਾਰ ਤੁਸੀਂ ਇਸਦਾ ਹਿੱਸਾ ਹੋ।” ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ ‘ਤੇ ਪੋਸਟ ਪਾਈ ਸੀ, ਜਿਸ ਵਿਚ ਉਨ੍ਹਾਂ ਲਿਖਿਆ, ”ਧੰਨਵਾਦ ਕੈਪਟਨ ਅਮਰਿੰਦਰ ਜੀ, ਲੰਗਰ ‘ਤੇ ਜੀ.ਐਸ.ਟੀ. ਦੀ 1.96 ਕਰੋੜ ਦੀ ਰਕਮ ਦੀ ਪਹਿਲੀ ਕਿਸ਼ਤ ਜਾਰੀ ਕਰਕੇ ਮੈਨੂੰ ਸਹੀ ਸਾਬਤ ਕਰਨ ਲਈ ਪਰ ਤੁਹਾਨੂੰ ਦੱਸ ਦਿਆਂ ਕਿ ਕੁੱਲ 3.27 ਕਰੋੜ ਦੀ ਰਕਮ ਬਕਾਇਆ ਹੈ। ਸੋ ਸਿੱਖਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਗੁਰੂ ਘਰ ਦੀ ਬਾਕੀ ਰਕਮ ਵੀ ਤੁਰੰਤ ਵਾਪਸ ਕਰੋ।” ਧਿਆਨ ਰਹੇ ਕਿ ਸ਼ੋਸ਼ਲ ਮੀਡੀਆ ‘ਤੇ ਦੋਵੇਂ ਉਸ ਵੇਲੇ ਉਲਝ ਗਏ, ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕੀਤਾ ਕਿ ਉਹ ਲੰਗਰ ‘ਤੇ ਲੱਗਾ 4 ਕਰੋੜ ਦਾ ਜੀ.ਐਸ.ਟੀ. ਵਾਪਸ ਕਰਨ ਸਬੰਧੀ ਦਸਤਾਵੇਜ਼ ਵਿਖਾਉਣ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਪੋਸਟ ਵਾਰ ਸ਼ੁਰੂ ਹੋ ਗਈ। ਹਰਸਿਮਰਤ ਕੌਰ ਬਾਦਲ ਅਤੇ ਕੈਪਟਨ ਵਿਚਾਲੇ ਇਹ ਕਾਟੋ-ਕਲੇਸ਼ ਕੋਈ ਨਵੀਂ ਗੱਲ ਨਹੀਂ। ਅਕਸਰ ਦੋਵੇਂ ਆਗੂ ਸੋਸਲ ਮੀਡੀਆ ‘ਤੇ ਇਕ ਦੂਜੇ ਨਾਲ ਉਲਝੇ ਰਹਿੰਦੇ ਹਨ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …