Breaking News
Home / ਨਜ਼ਰੀਆ / ਚਲੋ ਇਸ ਬਹਾਨੇ ਗਾਰਗੀ ਦਾ ਕੁਝ ਹੋਰ ਟ੍ਰੇਲਰ ਵਿਖਾਇਆ ਜਾਊ…

ਚਲੋ ਇਸ ਬਹਾਨੇ ਗਾਰਗੀ ਦਾ ਕੁਝ ਹੋਰ ਟ੍ਰੇਲਰ ਵਿਖਾਇਆ ਜਾਊ…

ਪ੍ਰਿੰ. ਸਰਵਣ ਸਿੰਘ
ਮੇਰੇ ਛਪੇ ਲੇਖ ‘ਪੰਜਾਬ ਦੇ ਕੋਹੇਨੂਰਾਂ ਦਾ ਟ੍ਰੇਲਰ’ ਬਾਰੇ ‘ਡਾਕ ਐਤਵਾਰ ਦੀ’ ਵਿਚ ਪਾਠਕਾਂ ਦੇ ਪ੍ਰਤੀਕਰਮ ਪੜ੍ਹਨ ਨੂੰ ਮਿਲੇ। ਚੰਗਾ ਲੱਗਾ ਕਿ ਪਾਠਕ ਪੜ੍ਹਦੇ ਹਨ ਤੇ ਟਿੱਪਣੀਆਂ ਕਰਦੇ ਹਨ। 11 ਜੂਨ ਦੀ ‘ਡਾਕ’ ਵਿਚ ਲਹਿਰੇ ਗਾਗੇ ਦੇ ਰਤਨ ਪਾਲ ਡੂਡੀਆਂ ਨੇ ਮੇਰੇ ਲੇਖ ‘ਤੇ ਟੀਕਾ ਟਿੱਪਣੀ ਕਰਦਿਆਂ ਲਿਖਿਆ ਕਿ ਮੈਂ ਬਲਵੰਤ ਗਾਰਗੀ ਬਾਰੇ ‘ਸੰਕੀਰਣ ਸੋਚ ਦਾ ਪ੍ਰਗਟਾਵਾ’ ਕੀਤਾ ਹੈ। ਕਿਉਂਕਿ ਮੈਂ ਅਜਿਹਾ ਕੀਤਾ ਨਹੀਂ ਇਸ ਲਈ ਸਪੱਸ਼ਟੀਕਰਨ ਦੇਣਾ ਬਣਦਾ ਹੈ। ਚਲੋ ਇਸ ਬਹਾਨੇ ਗਾਰਗੀ ਦਾ ਕੁਝ ਹੋਰ ਟ੍ਰੇਲਰ ਵਿਖਾਇਆ ਜਾਊ।
ਇਤਰਾਜ਼ ਬਲਵੰਤ ਗਾਰਗੀ ਦੀ ‘ਜਾਤ’ ਲਿਖਣ ਬਾਰੇ ਹੈ। ਵੈਸੇ ਤਾਂ ਮੈਂ ਪੁਸਤਕ ‘ਪੰਜਾਬ ਦੇ ਕੋਹੇਨੂਰ’ ਵਿਚ ਗਾਰਗੀ ਬਾਰੇ 54 ਸਫ਼ਿਆਂ ਦਾ ਸ਼ਬਦ ਚਿੱਤਰ ਉਲੀਕਿਆ ਹੈ ਜੋ ਗਾਰਗੀ ਦੇ ਖ਼ੁੱਲ੍ਹੇ ਦਰਸ਼ਨ ਦੀਦਾਰ ਕਰਵਾਉਂਦਾ ਹੈ। ਪਰ ਟ੍ਰੇਲਰ ਵਜੋਂ ਕੁਝ ਸਤਰਾਂ ਹੀ ਅਖ਼ਬਾਰ ਵਿਚ ਛਾਪੀਆਂ ਸਨ। ਰਤਨ ਪਾਲ ਡੂਡੀਆਂ ਨੇ ਮੇਰੀ ਲਿਖਤ ਦੇ ਇਸ ਫਿਕਰੇ ‘ਜਿਵੇਂ ਇੰਦਰ ਬਾਣੀਏ ਤੇ ਬੇਗੋ ਨਾਰ ਦਾ ਮੇਲ ਲਾਹੌਰ ਵਿਚ ਹੋਇਆ, ਉਵੇਂ ਬਲਵੰਤ ਬਾਣੀਏ ਤੇ ਜੀਨੀ ਨਾਰ ਦਾ ਮੇਲ ਸਿਆਟਲ ਵਿਚ ਹੋਇਆ’ ਬਾਰੇ ਲਿਖਿਆ, ”ਲੇਖਕ ਨੇ ਜਾਤੀ-ਸੂਚਕ ਸ਼ਬਦ ਵਰਤ ਕੇ ਇਕ ਮਹਾਨ ਨਾਟਕਕਾਰ ਦੀ ਤੌਹੀਨ ਕੀਤੀ ਹੈ। ਲੇਖਕ ਨੇ ਬਲਵੰਤ ਗਾਰਗੀ ਦੀਆਂ ਉਪਲਬਧੀਆਂ ਦੀ ਬਜਾਏ ਕੇਵਲ ਉਸ ਦੇ ਇਸ਼ਕ-ਮੁਸ਼ਕ ਦਾ ਵਰਨਣ ਕੀਤਾ ਹੈ। ਲੇਖਕ ਦੀ ਜਾਣਕਾਰੀ ਲਈ ਇਹ ਦੱਸਣਾ ਵੀ ਠੀਕ ਰਹੇਗਾ ਕਿ ‘ਬਾਣੀਆ’ ਕੋਈ ਜਾਤੀ ਨਹੀਂ। ਹਰ ਵਣਜ ਕਰਨ ਵਾਲੇ ਭਾਵ ਵਪਾਰੀ ਬੰਦੇ ਲਈ, ਭਾਵੇਂ ਉਹ ਕਿਸੇ ਵੀ ਜਾਤੀ ਦਾ ਹੋਵੇ, ‘ਬਾਣੀਆ’ ਸ਼ਬਦ ਵਰਤਿਆ ਜਾ ਸਕਦਾ ਹੈ। ਬਲਵੰਤ ਗਾਰਗੀ ਦੀ ਜਾਤੀ ‘ਅਗਰਵਾਲ’ ਸੀ ਨਾ ਕਿ ਬਾਣੀਆ।”
ਡੂਡੀਆਂ ਜੀ ਨੇ ਜਾਤੀ ਸ਼ਬਦ ਬਾਰੇ ਬਿਲਕੁਲ ਠੀਕ ਲਿਖਿਆ ਹੈ। ਲੇਖਕ ਨੂੰ ਕਿਸੇ ਦੀ ਜਾਤ ਨਹੀਂ ਪਰਖਣੀ ਚਾਹੀਦੀ, ਉਸ ਦੇ ਕਰਮ ਵੇਖਣੇ ਚਾਹੀਦੇ ਹਨ। ਇਸੇ ਕਰਕੇ ਮੈਂ ਬਲਵੰਤ ਗਾਰਗੀ ਦੀ ਜਾਤ ਨਹੀਂ ਪਰਖੀ। ਬਕੌਲ ਡੂਡੀਆਂ ‘ਬਾਣੀਆ’ ਕੋਈ ਜਾਤੀ ਨਹੀਂ। ਮੈਂ ਵੀ ਬਲਵੰਤ ਗਾਰਗੀ ਨੂੰ ਬਾਣੀਆ ਹੀ ਕਿਹਾ ਹੈ ਜਿਵੇਂ ਕਿੱਸਾਕਾਰ ਛੱਜੂ ਸਿੰਘ ਨੇ ਇੰਦਰ ਮੱਲ ਨੂੰ ਬਾਣੀਆ ਕਿਹਾ। ਛੱਜੂ ਸਿੰਘ ਨੇ ਇੰਦਰ ਬਾਣੀਏ ਤੇ ਬੇਗੋ ਨਾਰ ਦਾ ਕਿੱਸਾ ਲਿਖਣ ਵੇਲੇ ਇੰਦਰ ਬਾਣੀਏ ਦੀ ਆਸ਼ਕ ਵਜੋਂ ਵਡਿਆਈ ਹੀ ਕੀਤੀ ਸੀ। ਨਹੀਂ ਤਾਂ ਕਿਥੇ ਬਜਾਜੀ ਦੀ ਦੁਕਾਨ ਕਰਨ ਵਾਲਾ ਹਟਵਾਣੀਆ ਇੰਦਰ ਮੱਲ ਤੇ ਕਿਥੇ ਦੁਕਾਨ ਫੂਕਣ ਤੇ ਤਟਾਫਟ ਜਾਨ ਨਿਛਾਵਰ ਕਰਨ ਵਾਲਾ ਆਸ਼ਕ ਇੰਦਰ ਬਾਣੀਆ! ਪਾਠਕ ਜਾਨਣਾ ਚਾਹੁਣਗੇ ਪਈ ਇੰਦਰ ਬਾਣੀਆ ਸੀ ਕੌਣ? ਕਿੱਸਾ ਹੈ ਕਿ ਰਾਵੀਓਂ ਪਾਰ ਪਿੰਡ ਸਰਸਾ ਵਿਚ ਬੇਗੋ ਨਾਂ ਦੀ ਸੋਹਣੀ ਕੁੜੀ ਸੀ। ਇਕ ਦਿਨ ਸਹੇਲੀਆਂ ਨਾਲ ਉਹ ਲਾਹੌਰ ਗਈ। ਕੁੜੀਆਂ ਇੰਦਰ ਦੀ ਦੁਕਾਨ ਵਿਚ ਜਾ ਵੜੀਆਂ। ਇੰਦਰ ਬੇਗੋ ਨੂੰ ਵੇਖਣ ਸਾਰ ਆਸ਼ਕ ਹੋ ਗਿਆ ਤੇ ਉਹਦੇ ਮੂਹਰੇ ਰੇਸ਼ਮੀ ਥਾਨ ਸੁੱਟਣ ਲੱਗ ਪਿਆ। ਕੁੜੀਆਂ ਨੂੰ ਮਖੌਲ ਸੁੱਝਾ ਅਖੇ ਇਹ ਥਾਨ ਤਾਂ ਅੱਗ ਲਾਉਣ ਵਾਲੇ ਆ। ਇੰਦਰ ਕਹਿੰਦਾ, ਇਹ ਕੁੜੀ ਕਹੇ ਤਾਂ ਅੱਗ ਵੀ ਲਾ-ਦੂੰ। ਕੁੜੀਆਂ ਨੇ ਬੇਗੋ ਤੋਂ ਅਖਵਾ ਦਿੱਤਾ ਤੇ ਇੰਦਰ ਨੇ ਹੱਟੀ ਨੂੰ ਅੱਗ ਲਾ ਦਿੱਤੀ। ਡਰਦੀਆਂ ਕੁੜੀਆਂ ਬੇਗੋ ਸਮੇਤ ਦੌੜ ਪਈਆਂ ਤੇ ਰਾਵੀ ਦੇ ਪੁਲ ‘ਤੇ ਜਾ ਸਾਹ ਲਿਆ। ਮਗਰੇ ਬੇਗੋ ਦਾ ਆਸ਼ਕ ਇੰਦਰ ਬਾਣੀਆ ਆ ਪਹੁੰਚਾ। ਕੁੜੀਆਂ ਨੇ ਫਿਰ ਮਖੌਲ ਕੀਤਾ ਅਖੇ ਸੱਚਾ ਆਸ਼ਕ ਐਂ ਤਾਂ ਮਾਰ ਦਰਿਆ ‘ਚ ਛਾਲ। ਇੰਦਰ ਕਹਿੰਦਾ, ਬੇਗੋ ਆਖੇ ਤਾਂ ਛਾਲ ਵੀ ਮਾਰਦੂੰ। ਕੁੜੀਆਂ ਨੇ ਬੇਗੋ ਤੋਂ ਅਖਵਾ ਦਿੱਤਾ ਤੇ ਇੰਦਰ ਨੇ ਬੇਗੋ ਬੇਗੋ ਕਹਿੰਦਿਆਂ ਛਾਲ ਮਾਰ ਦਿੱਤੀ। ਮਗਰੇ ਛਾਲ ਮਾਰਤੀ ਬੇਗੋ ਨੇ ਕਿ ਹੁਣ ਤਾਂ ਜਿਊਣਾ ਈ ਧ੍ਰਿਗ ਐ। ਦੋਹੇਂ ਰਾਵੀ ਦੀਆਂ ਛੱਲਾਂ ‘ਚ ਜਾ ਮਿਲੇ। ਕਿੱਸਾਕਾਰਾਂ ਨੇ ਕਿੱਸੇ ਲਿਖ ਕੇ ਇੰਦਰ-ਬੇਗੋ ਦੇ ਇਸ਼ਕ ਨੂੰ ਅਮਰ ਕਰ ਦਿੱਤਾ। ਇੰਦਰ ਨੇ ਬਾਣੀਏ ਮਸ਼ਹੂਰ ਕਰ ਦਿੱਤੇ ਬਈ ਜੇ ਉਹ ਆਸ਼ਕੀ ‘ਤੇ ਆ ਜਾਣ ਫੇਰ ਨੀ ਨਫ਼ਾ ਨੁਕਸਾਨ ਵੇਖਦੇ! ਅੱਗ ਲਾ ਦਿੰਦੇ ਐ ਭਰੀ ਦੁਕਾਨ ਨੂੰ। ਦਰਿਆਦਿਲੀ ਬਿਨਾਂ ਦਰਿਆਵਾਂ ‘ਚ ਛਾਲਾਂ ਨਹੀਂ ਵੱਜਦੀਆਂ। ਡੂਡੀਆਂ ਜੀ ਦੱਸਣ ਬਾਣੀਆ ਹੋਣਾ ਮਾਣ ਦੀ ਗੱਲ ਹੈ ਜਾਂ ਅਪਮਾਨ ਦੀ?
ਕਦੇ ਬਠਿੰਡੇ ਦਾ ਗੇੜਾ ਮਾਰ ਕੇ ਵੇਖੋ ਉਥੋਂ ਦੇ ਬਾਣੀਏਂ ਹੁੱਬ ਕੇ ਕਹਿੰਦੇ ਹਨ ਕਿ ਅਸੀਂ ਬਠਿੰਡੇ ਦੇ ਬਾਣੀਏਂ ਹਾਂ। ਬਲਵੰਤ ਗਾਰਗੀ ਸਾਡੇ ਵਿਚੋਂ ਸੀ। ਗਾਰਗੀ ਆਪ ਵੀ ਬਠਿੰਡੇ ਦਾ ਬਾਣੀਆ ਕਹਾ ਕੇ ਖ਼ੁਸ਼ ਸੀ। ਨਾਲੇ ਗਾਰਗੀ ਦਾ ਕਿਹੜਾ ਇਕ ਨਾਂ ਸੀ? ਉਹਦੀ ਮਾਂ ‘ਬਲੰਤ’ ਕਹਿੰਦੀ ਸੀ, ਕੋਈ ਬੰਤ ਕਹਿੰਦਾ, ਕੋਈ ਬੰਤਾ। ਉਹ ਆਪ ਕਦੇ ਆਪਣਾ ਨਾਂ ਬਲਵੰਤ ਲਿਖਦਾ, ਕਦੇ ਬਲਵੰਤ ਰਾਏ, ਕਦੇ ਬਲਵੰਤ ਰਾਏ ਅਗਰਵਾਲ, ਕਦੇ ਗਰਗ ਤੇ ਕਦੇ ਗੋਰਕੀ। ਕਦੇ ਉਸ ਨੂੰ ਬਲਵੰਤ ਸਿੰਘ ਦੇ ਨਾਂ ‘ਤੇ ਚੈੱਕ ਆਉਂਦੇ।
ਉਸ ਨੇ ਲਿਖਿਆ, ”ਜਦੋਂ ਮੈਂ ਨਾਟਕ ਲਿਖਣੇ ਸ਼ੁਰੂ ਕੀਤੇ ਤਾਂ ਉਸ ਸਮੇਂ ਪੰਜਾਬੀ ਸਾਹਿਤ ਵਿਚ ਕਈ ਬਲਵੰਤ ਸਨ-ਬਾਵਾ ਬਲਵੰਤ, ਬਲਵੰਤ ਸਿੰਘ ਚਤਰਥ, ਬਲਵੰਤ ਸਿੰਘ ਜੱਗਾ। ਮੈਂ ਆਖਿਆ, ਮੈਂ ਕੋਈ ਨਿਵੇਕਲੀ ਚੀਜ਼ ਲਿਖਾਂਗਾ, ਇਸ ਲਈ ਮੇਰਾ ਨਾਂ ਵੀ ਨਵੇਕਲਾ ਹੋਵੇ। ਮੇਰਾ ਨਾਂ ਭਾਵੇਂ ਤੋਤਾ ਰਾਮ ਹੋਵੇ, ਭਾਵੇਂ ਲੱਖੂ ਸ਼ਾਹ…ਬਸ ਕੋਈ ਇਹੋ ਜਿਹਾ ਨਾਂ ਜਿਹੜਾ ਬਲਵੰਤ ਤੋਂ ਕਈ ਸੌ ਮੀਲ ਦੂਰ ਹੋਵੇ। ਤੇ ਮੈਂ ਕੁੜੀਆਂ ਵਾਲਾ ਨਾਂ ਰੱਖ ਲਿਆ-ਮਿਸਟਰ ਗਾਰਗੀ। ਇਹ ਨਾਂ ਪਹਿਲੇ ਬਹੁਤ ਹਾਸੋ-ਹੀਣਾ ਲੱਗਿਆ। ਇਹ ਇਸੇ ਤਰ੍ਹਾਂ ਸੀ ਜਿਵੇਂ ਕੋਈ ਆਖੇ ਮਾਸੀ ਚੂਨੀ ਲਾਲ ਜਾਂ ਮਿਸਟਰ ਸੁਰਿੰਦਰ ਕੌਰ।”
ਜਦ ਮੈਂ ਖਾਲਸਾ ਕਾਲਜ ਦਿੱਲੀ ਵਿਚ ਪੜ੍ਹਦਾ/ਪੜ੍ਹਾਉਂਦਾ ਸੀ ਤਾਂ ਡਾ. ਹਰਿਭਜਨ ਸਿੰਘ ਮੈਨੂੰ ‘ਜੱਟਾ’ ਕਹਿ ਕੇ ਬੁਲਾਉਂਦਾ ਸੀ। ਮੈਂ ਤਾਂ ਕਦੇ ਨਹੀ ਕਿਹਾ ਕਿ ਉਹ ‘ਸੰਕੀਰਣ ਸੋਚ ਦਾ ਪ੍ਰਗਟਾਵਾ’ ਕਰਦੈ। ਹਾਲਾਂਕਿ ਸ਼ਹਿਰੀਏ ਜੱਟ ਨੂੰ ਬੰਦਾ ਨਹੀਂ ਸਮਝਦੇ। ਅਕਸਰ ਕਹਿੰਦੇ ਹਨ, ਜੇ ਜੱਟ ਨਾ ਹੁੰਦੇ ਤਾਂ ਬੰਦਿਆਂ ਨੂੰ ਕੰਮ ਕਰਨਾ ਪੈ ਜਾਂਦਾ! ਡਾ. ਸਰਦਾਰਾ ਸਿੰਘ ਜੌਹਲ ਨੇ ‘ਰੰਗਾਂ ਦੀ ਗਾਗਰ’ ਵਿਚ ਲਿਖਿਆ, ”ਇਹ ਹੈਰਾਨੀ ਦੀ ਗੱਲ ਕਿ ਕਿਸੇ ਜੱਟ ਨੂੰ ਜੱਟ ਕਹੋ ਤਾਂ ਉਹ ਖ਼ੁਸ਼ ਹੁੰਦੈ, ਜੇ ਭਾਪੇ ਨੂੰ ਭਾਪਾ ਕਹੋ ਤਾਂ ਨਾਰਾਜ਼। ਹਾਲਾਂਕਿ ਜੱਟ ਨੂੰ ਗ਼ੈਰ-ਜੱਟ ਮੂਰਖ ਸਮਝਦੇ ਨੇ ਤੇ ਭਾਪਿਆਂ ਨੂੰ ਸਿਆਣੇ। ਹਰੀਜਨ ਨੂੰ ਹਰੀਜਨ ਕਹੀਏ, ਬਾਣੀਏ ਨੂੰ ਬਾਣੀਆ ਤੇ ਬਾਹਮਣ ਨੂੰ ਬਾਹਮਣ ਤਾਂ ਉਹ ਬੁਰਾ ਮਨਾਉਂਦੇ ਹਨ। ਡਾ. ਜੌਹਲ ਵਰਗੇ ਵਿਦਵਾਨ ਨੂੰ ਵੀ ਅਜੇ ਤਕ ਇਹਦਾ ਕਾਰਨ ਸਮਝ ਨਹੀਂ ਆਇਆ। ਭਾਪਾ ਭਾਵੇਂ ਪ੍ਰਧਾਨ ਮੰਤਰੀ ਬਣ ਜਾਵੇ ਪਰ ਭਾਪਾ ਅਖਵਾਉਣਾ ਪਸੰਦ ਨਹੀਂ ਕਰਦਾ। ਕਰਜ਼ੇ ਦੇ ਮਾਰੇ ਨੰਗ ਮਲੰਗ ਜੱਟ ਨੂੰ ਵੀ ਜੱਟ ਕਹੋ ਤਾਂ ਤਿੜ ਜਾਂਦੈ!
ਅਜਮੇਰ ਸਿੰਘ ਔਲਖ ਦੀ ਸੁਣ ਲਓ। ਨਿੱਕਾ ਹੁੰਦਾ ਉਹ ਨਿੱਕੇ ਨਾਂ ਵਾਲਾ ‘ਜਮੇਰ’ ਸੀ, ਸਕੂਲ ਦਾਖਲ ਹੋਣ ਵੇਲੇ ਅਜਮੇਰ ਸਿੰਘ ਹੋ ਗਿਆ ਤੇ ਜਦੋਂ ਕਵਿਤਾ ਲਿਖਣ ਲੱਗਾ ਤਾਂ ਨਾਂ ਰੱਖ ਲਿਆ ਅਜਮੇਰ ਸਿੰਘ ‘ਪਾਗਲ’! ‘ਪਾਗਲ’ ਦੇ ਤਖ਼ੱਲਸ ਤਕ ਪਹੁੰਚਣ ਲਈ ਪਹਿਲਾਂ ਉਸ ਨੂੰ ਨਾਂ ਨਾਲ ‘ਦਰਦੀ’, ‘ਦੁਖੀਆ’ ਤੇ ‘ਕੌਮੀ’ ਤਖ਼ੱਲਸ ਲਾਉਣੇ ਪਏ ਸਨ। ਤਿੰਨ ਤਖ਼ੱਲਸਾਂ ਦੀਆਂ ਹੀਟਾਂ ਜਿੱਤ ਕੇ ਸੈਮੀ ਫਾਈਨਲ ‘ਚ ਉਹ ‘ਖ਼ਿਆਲੀ’ ਹੋ ਗਿਆ ਸੀ। ਫਿਰ ਇਕ ਸੀਨੀਅਰ ਵਿਦਿਆਰਥੀ ਨੂੰ ‘ਖ਼ਿਆਲੀ’ ਦਾ ਖ਼ਿਤਾਬ ਸੌਂਪ ਕੇ ਆਪ ‘ਪਾਗਲ’ ਦੀ ਪਦਵੀ ਗ੍ਰਹਿਣ ਕਰ ਲਈ! ਬੀ. ਏ. ਤਕ ਦੇ ਸਰਟੀਫਿਕੇਟਾਂ ਉਤੇ ਉਹਦਾ ਨਾਂ ਅਜੇ ਵੀ ‘ਅਜਮੇਰ ਸਿੰਘ ਪਾਗਲ’ ਹੀ ਦਰਜ ਹੈ। ‘ਔਲਖ ਸਾਹਿਬ’ ਤਾਂ ਉਸ ਨੂੰ ਉਦੋਂ ਕਿਹਾ ਜਾਣ ਲੱਗਾ ਜਦੋਂ ਉਹ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਸਭਿਆਚਾਰਕ ਸਰਗਰਮੀਆਂ ਦਾ ਡੀਨ ਬਣਿਆ।
ਜਿਸ ਫਿਕਰੇ ‘ਚੋਂ ਡੂਡੀਆਂ ਜੀ ਨੂੰ ਮੇਰੀ ‘ਸੰਕੀਰਣ ਸੋਚ ਦਾ ਪ੍ਰਗਟਾਵਾ’ ਲੱਭਿਆ ਉਸ ਤੋਂ ਅਗਲੇ ਫਿਕਰੇ ਸਨ, ”ਇੰਦਰ ਤੇ ਬੇਗੋ ਇਸ਼ਕ ਦੇ ਪੱਟੇ ਰਾਵੀ ਵਿਚ ਛਾਲਾਂ ਮਾਰ ਗਏ ਅਤੇ ਆਸ਼ਕਾਂ-ਮਾਸ਼ੂਕਾਂ ‘ਚ ਨਾਂ ਲਿਖਾ ਕੇ ਅਮਰ ਹੋ ਗਏ। ਕਿੱਸਾਕਾਰਾਂ ਨੇ ਬੇਗੋ ਨਾਰ ਤੇ ਇੰਦਰ ਬਾਣੀਏ ਦੇ ਕਿੱਸੇ ਲਿਖੇ। ਬਲਵੰਤ ਤੇ ਜੀਨੀ ਇਸ਼ਕ ਵਿਚ ਪੱਟੇ ਤਾਂ ਗਏ ਪਰ ਅਮਰ ਨਹੀਂ ਹੋ ਸਕੇ। ਜੀਨੀ ਨਾਰ ਤੇ ਬਲਵੰਤ ਨਾਟਕਕਾਰ ਦਾ ਕਿੱਸਾ ‘ਨੰਗੀ ਧੁੱਪ’ ਗਾਰਗੀ ਨੂੰ ਖ਼ੁਦ ਲਿਖਣਾ ਪਿਆ, ਜਿਸ ਨੂੰ ਸੰਤ ਸਿੰਘ ਸੇਖੋਂ ਨੇ ਸ਼ਾਹਕਾਰ ਰਚਨਾ ਦਾ ਦਰਜਾ ਦਿੱਤਾ।” ਗਾਰਗੀ ਨੇ ‘ਨੰਗੀ ਧੁੱਪ’ ਦੇ ਮੁੱਖ ਬੰਦ ਵਿਚ ਲਿਖਿਆ, ”ਆਪਣੇ ਬਾਰੇ ਇਹ ਲਿਖਣਾ ਕਿ ਮੈਂ ਕਿੰਨਾ ਚੰਗਾ ਹਾਂ, ਚੰਗੀ ਕਲਾ ਦਾ ਸੂਚਕ ਨਹੀਂ… ਮੈਂ ਆਪਣੇ ਆਪ ਬਾਰੇ ਲਿਖ ਰਿਹਾ ਹਾਂ-ਮਨ ਦੀਆਂ ਤਪਦੀਆਂ ਛਾਵਾਂ, ਸੁਚੇਤ ਤੇ ਅਚੇਤ ਦੀ ਟੱਕਰ, ਦੋਸਤਾਂ ਤੇ ਮਹਿਬੂਬ ਤੀਵੀਆਂ ਦੇ ਜਜ਼ਬੇ ਸਿੰਮੇ ਚਿਤਰ, ਪਿਆਰ ਤੜਪਾਂ ਤੇ ਨਫ਼ਰਤ ਦੀਆਂ ਚਿਣਗਾਂ… ਨੰਗੀ ਧੁੱਪ ਮੇਰੇ ਆਪਣੇ ਜੀਵਨ ਉਤੇ ਆਧਾਰਿਤ ਹੈ। ਜਦੋਂ ਕੋਈ ਲੇਖਕ ਆਪਣੇ ਇੱਮੇਜ ਨੂੰ ਲਿਸ਼ਕਾਉਣ ਦਾ ਫਿਕਰ ਕਰਨ ਲੱਗ ਪਵੇ ਤਾਂ ਉਹ ਉਸੇ ਥਾਂ ਖੜ੍ਹਾ ਰਹਿ ਜਾਂਦਾ ਹੈ… ਮੇਰਾ ਕੋਈ ਇੱਮੇਜ ਨਹੀਂ। ਜੋ ਹੈ ਮੈਂ ਉਸ ਨੂੰ ਹਮੇਸ਼ਾ ਤੋੜਦਾ ਰਿਹਾ ਹਾਂ ਤੇ ਇਸ ਤਰ੍ਹਾਂ ਨਵਾਂ ਇੱਮੇਜ ਬਣਦਾ ਰਿਹਾ ਹੈ… ਮੇਰੇ ਪਾਤਰ ਨੰਗੇ ਹਨ, ਆਦਮ ਤੇ ਹਵਾ ਵਾਂਗ। ਇਹੋ ਉਨ੍ਹਾਂ ਦੀ ਖ਼ੂਬਸੂਰਤੀ ਹੈ ਤੇ ਇਹੋ ਉਨ੍ਹਾਂ ਦਾ ਦੋਸ਼। ਮੈਂ ਜਿਸ ਤੀਵੀਂ ਨੂੰ ਪਿਆਰ ਕੀਤਾ ਉਸ ਦੇ ਹੁਸਨ ਨੂੰ ਤੇ ਨੰਗੇਜ ਨੂੰ ਚਿਤਰਿਆ ਹੈ… ਸੱਚ ਖ਼ੁਦ ਨੰਗਾ ਹੈ। ਮੈਂ ਨੰਗੇ ਸੱਚ ਦਾ ਪੁਜਾਰੀ ਹਾਂ। ਨੰਗੀ ਮੂਰਤੀ ਨੂੰ ਮੱਥਾ ਟੇਕਦਾ ਹਾਂ। ਮਨੁੱਖ ਖ਼ੁਦ ਵੀ ਇਕੱਲਾ ਤੇ ਨੰਗਾ ਹੈ। ਆਪਣੇ ਸਰੀਰ ਦੀ ਚਮੜੀ ਨਾਲੋਂ ਕੋਈ ਹੋਰ ਚੀਜ਼ ਵਧੇਰੇ ਨਿੱਘ ਨਹੀਂ ਦੇਂਦੀ। ਮੈਂ ਪਾਤਰਾਂ ਦੇ ਅਸਲੀ ਨਾਂ, ਅਸਲੀ ਥਾਵਾਂ, ਅਸਲੀ ਸ਼ਹਿਰ ਤੇ ਅਸਲੀ ਘਟਨਾਵਾਂ ਵਰਤੀਆਂ ਹਨ, ਪਰ ਕਿਤੇ ਕਿਤੇ ਕਾਲਪਨਿਕ ਨਾਂ ਤੇ ਬਦਲੇ ਹੋਏ ਚਿਹਰੇ ਵੀ ਹਨ। ਮੇਰਾ ਮਨੋਰਥ ਤੁਹਾਨੂੰ ਸਿਰਫ਼ ਤੱਥ ਦੱਸਣਾ ਨਹੀਂ ਸਗੋਂ ਸੱਚ ਦੱਸਣਾ ਹੈ…ਡੂੰਘੀਆਂ ਤੇ ਲੁਕੀਆਂ ਹਕੀਕਤਾਂ, ਵਾਸ਼ਨਾ ਦਾ ਟੂਣਾ, ਲਹੂ ਵਿਚ ਮੱਚਦੀਆਂ ਖ਼ਾਹਿਸ਼ਾਂ ਤੇ ਰਚਨਾ ਦੇ ਆਪ-ਹੁਦਰੇ ਅਮਲ।”
ਇਥੇ ਮੈਂ ਇਹ ਵੀ ਦੱਸ ਦਿਆਂ ਕਿ ਗਾਰਗੀ ਦਾ ਸ਼ਬਦ ਚਿੱਤਰ ਲਿਖਣ ਲੱਗਿਆਂ ਮੈਂ ਜਾਣ ਬੁੱਝ ਕੇ ‘ਗਾਰਗੀ ਸ਼ੈਲੀ’ ਵਰਤੀ ਤਾਂ ਕਿ ਗਾਰਗੀ ਦੀ ਰੂਹ ਉਲਾਂਭਾ ਨਾ ਦੇਵੇ ਬਈ ਉਹਦੇ ਬਾਰੇ ਖ਼ਸਤਾ ਕਰਾਰਾ ਕਿਉਂ ਨਹੀਂ ਲਿਖਿਆ? ਗਾਰਗੀ ਨੇ ਹੋਰਨਾਂ ਬਾਰੇ ਖ਼ਸਤਾ ਕਰਾਰਾ ਹੀ ਲਿਖਿਆ ਹੈ। ਨਹੀਂ ਯਕੀਨ ਤਾਂ ‘ਨਿੰਮ ਦੇ ਪੱਤੇ’ ਤੋਂ ਲੈ ਕੇ ‘ਨੰਗੀ ਧੁੱਪ’ ਤੇ ‘ਕੱਕੇ ਰੇਤੇ’ ਤੋਂ ਲੈ ਕੇ ‘ਕਾਸ਼ਨੀ ਵਿਹੜੇ’ ਤਕ ਉਹਦੀ ਕੋਈ ਵੀ ਕਿਤਾਬ ਪੜ੍ਹ ਕੇ ਵੇਖ ਲਓ। ਸਮਾਂ ਮਿਲੇ ਤਾਂ ਗਾਰਗੀ ਦੇ ਸ਼ਬਦ ਚਿਤਰ ‘ਨਾਟਕਕਾਰੀ ਦਾ ਨਾਟਕਬਾਜ਼: ਬਲਵੰਤ ਗਾਰਗੀ’ ਉਤੇ ਨਜ਼ਰ ਮਾਰ ਲੈਣੀ। ਆਪੇ ਪਤਾ ਲੱਗ ਜਾਵੇਗਾ ਕਿ ਇਸ਼ਕ-ਮੁਸ਼ਕ ਦੀਆਂ ਉਪਲਬਧੀਆਂ ਨਾਲ ਮੈਂ ਉਹਦੀਆਂ ਹੋਰ ਕਿੰਨੀਆਂ ਉਪਲਬਧੀਆਂ ਗਿਣਾਈਆਂ ਹਨ।
ਡੂਡੀਆਂ ਜੀ ਵੀ ਗਾਰਗੀ ਦਾ ਰੇਖਾ ਚਿਤਰ ਪੜ੍ਹ ਲੈਣ ਕਿ ਗਾਰਗੀ ਦਾ ਕੁਆਰਾ ਨਾਵਲ ਕੱਕਾ ਰੱਤਾ ਤੇ ਨਾਟਕ ਲੋਹਾ ਕੁੱਟ 1944 ‘ਚ ਪ੍ਰਕਾਸ਼ਤ ਹੋਏ ਸਨ। ਨੰਗੀ ਧੁੱਪ 1980, ਕਾਸ਼ਨੀ ਵਿਹੜਾ 1993 ਤੇ ਜੂਠੀ ਰੋਟੀ 1997 ਵਿਚ ਛਪੇ। ਉਸ ਨੇ 1944 ਤੋਂ 90 ਤਕ 13 ਨਾਟਕ ਤੇ 1951 ਤੋਂ 82 ਤਕ 6 ਇਕਾਂਗੀ ਸੰਗ੍ਰਹਿ ਰਚੇ। ਅਭਿਸਾਰਕਾ 1990 ਤੇ ਟੀਵੀ ਨਾਟਕ ਐਕਟ੍ਰੈਸ 1991 ‘ਚ ਲਿਖੇ। ਰੇਖਾ ਚਿੱਤਰਾਂ ਦੀਆਂ ਪੰਜ ਪੁਸਤਕਾਂ ਨਿੰਮ ਦੇ ਪੱਤੇ 1961, ਸੁਰਮੇ ਵਾਲੀ ਅੱਖ 1964, ਕੌਡੀਆਂ ਵਾਲਾ ਸੱਪ 1980, ਹੁਸੀਨ ਚਿਹਰੇ 1985 ਤੇ ਸ਼ਰਬਤ ਦੀਆਂ ਘੁੱਟਾਂ 1990 ਵਿਚ ਛਪੀਆਂ। ਅਮਰੀਕਾ ਦਾ ਸਫ਼ਰਨਾਮਾ ਪਤਾਲ ਦੀ ਧਰਤੀ ਤੇ ਕਹਾਣੀ ਸੰਗ੍ਰਹਿ ਡੁੱਲ੍ਹੇ ਬੇਰ 1958 ਅਤੇ ਕਾਲਾ ਅੰਬ ਤੇ ਮਿਰਚਾਂ ਵਾਲਾ ਸਾਧ 1983 ਵਿਚ ਪ੍ਰਕਾਸ਼ਤ ਹੋਏ। ਖੋਜ ਪੁਸਤਕਾਂ ਰੰਗ ਮੰਚ 1962 ਤੇ ਲੋਕ ਨਾਟਕ 1966 ਵਿਚ ਛਪੀਆਂ। ਉਸ ਦੇ ਨਾਟਕਾਂ ਦੇ ਨਾਂ ਹਨ ਲੋਹਾ ਕੁੱਟ, ਧੂਣੀ ਦੀ ਅੱਗ, ਸੁਲਤਾਨ ਰਜ਼ੀਆ, ਕਣਕ ਦੀ ਬੱਲੀ, ਸੌਂਕਣ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਂਵਾਲ, ਗਗਨ ਮੈ ਥਾਲੁ, ਐਕਟ੍ਰੈਸ, ਬਲਦੇ ਟਿੱਬੇ ਤੇ ਅਭਿਸਾਰਿਕਾ। ਇਕਾਂਗੀ ਸੰਗ੍ਰਹਿ ਹਨ ਕੁਆਰੀ ਟੀਸੀ, ਪੱਤਣ ਦੀ ਬੇੜੀ, ਪੈਂਤੜੇਬਾਜ਼, ਦੋ ਪਾਸੇ, ਚਾਕੂ ਤੇ ਐਕਟ੍ਰੈਸ। ਬਲਵੰਤ ਗਾਰਗੀ ਦੇ ਨਾਟਕ, ਬਲਵੰਤ ਗਾਰਗੀ ਦੇ ਇਕਾਂਗੀ ਨਾਟਕ ਤੇ ਬਲਵੰਤ ਗਾਰਗੀ ਦੀਆਂ ਕਹਾਣੀਆਂ ਦੇ ਸੰਗ੍ਰਹਿ ਵੀ ਮਿਲਦੇ ਹਨ। ਲਗਭਗ ਪੰਜਾਹ ਸਾਲਾਂ ਦੇ ਰਚਨ ਕਾਲ ਦੌਰਾਨ ਉਸ ਨੇ ਚਾਲੀ ਕੁ ਕਿਤਾਬਾਂ ਰਚੀਆਂ। ਮਹਾਨ ਨਾਟਕਕਾਰ ਦੀਆਂ ਉਪਲਬਧੀਆਂ ਹੋਰ ਮੈਂ ਕਿਵੇਂ ਦੱਸਦਾਂ?
ਉਹ ਅਜੀਤ ਕੌਰ ਨੂੰ ‘ਕਾੜ੍ਹਨੀ’ ਕਹਿੰਦੈ, ਸ਼ਿਵ ਕੁਮਾਰ ਨੂੰ ‘ਕੌਡੀਆਂ ਵਾਲਾ ਸੱਪ’, ਧੀਰ ਨੂੰ ‘ਸੁਰਮੇ ਵਾਲੀ ਅੱਖ’, ਸ਼ਾਨ ਨੂੰ ‘ਦੁੱਧ ਵਿਚ ਬਰਾਂਡੀ’ ਤੇ ਇਕ ਕਵੀ ਨੂੰ ‘ਜ਼ਹਿਰ ਦਾ ਪੁਜਾਰੀ’ ਜਿਹਾ ਖ਼ਿਤਾਬ ਬਖ਼ਸ਼ਦੈ? ਫੇਰ ਭਾਈ ਕਿਸੇ ਹੋਰ ਨੂੰ ਵੀ ਹੱਕ ਹੈ ਕਿ ਉਹਦੀਆਂ ਨਾਟਕੀ ਉਪਲਬਧੀਆਂ ਨਾਲ ਉਹਦੀ ਇਸ਼ਕ-ਮੁਸ਼ਕ ਦੀ ਉਪਲਬਧੀ ਵੀ ਦੱਸੇ। ਵੈਸੇ ਤਾਂ ਉਹਨੇ ਆਪ ਹੀ ਕੋਈ ਕਸਰ ਨਹੀਂ ਛੱਡੀ। ਸਾਫ ਲਿਖਿਆ ਹੈ, ”ਜਦੋਂ ਮੈਂ ਜੀਨੀ ਨੂੰ ਸਿਆਟਲ ਵਿਚ ਮਿਲਿਆ, ਉਸ ਵੇਲੇ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ। ਤਿੰਨੇ ਕੁੜੀਆਂ ਪਿਆਰ ਵਿਚ ਡੁੱਬੀਆਂ ਹੋਈਆਂ ਸਨ। ਤਿੰਨੇ ਵਫ਼ਾਦਾਰ, ਤਿੰਨੇ ਵੇਗ-ਮੱਤੀਆਂ, ਤਿੰਨੇ ਕੌਲ-ਕਰਾਰ ਦੀਆਂ ਪੂਰੀਆਂ। ਮੈਂ ਪਰੇਸ਼ਾਨ ਸਾਂ ਕਿ ਕਿਸ ਨਾਲ ਵਿਆਹ ਕਰਾਂ? ਕਿਸ ਨੂੰ ਲਾਰਾ ਲਾਵਾਂ? ਕਿਸ ਨੂੰ ਧੋਖਾ ਦੇਵਾਂ?”
ਉਹ ਇਹ ਵੀ ਲਿਖਦਾ ਹੈ, ”ਮੈਂ ਸਤੀ ਸਵਿੱਤਰੀ ਇਸਤਰੀ ਨਾਲ ਇਸ਼ਕ ਨਹੀਂ ਕਰ ਸਕਦਾ। ਮੇਰੀ ਮਹਿਬੂਬਾ ਵਿਚ ਥੋੜ੍ਹਾ ਜਿਹਾ ਔਗੁਣ ਹੋਣਾ ਚਾਹੀਦਾ ਐ। ਜਿਵੇਂ ਸੋਨੇ ਵਿਚ ਖੋਟ। ਇਕ ਅਜਿਹੀ ਔਰਤ ਜੋ ਉਲਝੀ ਹੋਈ ਲਿਟ ਹੋਵੇ ਜਿਸ ਨੂੰ ਮੈਂ ਸਾਰੀ ਉਮਰ ਸੁਲਝਾਉਂਦਾ ਰਹਾਂ।” ਇਸ ਨੂੰ ਵੀ ‘ਨਾਟਕਕਾਰ ਦੀ ਨਾਟਕਬਾਜ਼ੀ’ ਦਾ ਟ੍ਰੇਲਰ ਹੀ ਸਮਝ ਲਓ!

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …