ਇਰਾਨ ‘ਤੇ ਪਾਬੰਦੀਆਂ ਹਟਣ ਨਾਲ ਕਈ ਰਾਹ ਖੁੱਲ੍ਹੇ : ਨਰਿੰਦਰ ਮੋਦੀ
ਤਹਿਰਾਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਈ ਗੰਗਾ ਸਿੰਘ ਸਭਾ ਗੁਰਦੁਆਰੇ ਵਿਚ ਮੱਥਾ ਟੇਕ ਕੇ ਇਰਾਨ ਦੌਰੇ ਦੀ ਸ਼ੁਰੂਆਤ ਕੀਤੀ। ਸਿੱਖ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਨੂੰ ਫੈਲਾਉਣ ਵਿਚ ਉਨ੍ਹਾਂ ਵੱਡਾ ਯੋਗਦਾਨ ਪਾਇਆ ਹੈ। ਮੋਦੀ ਪਿਛਲੇ 15 ਸਾਲਾਂ ਦੌਰਾਨ ਇਰਾਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਇਰਾਨ ਦੌਰਾ ਗੁਰੂ ਗ੍ਰੰਥ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਸ਼ੁਰੂ ਹੋਣ ਜਾ ਰਿਹਾ ਹੈ। ਮੈਂ ਵੱਡਭਾਗਾ ਹਾਂ ਜੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸਿੱਖਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ‘ਵਸੂਦੇਵ ਕੁਟੰਬਕਮ’ (ਪੂਰੀ ਦੁਨੀਆ ਇਕ ਪਰਿਵਾਰ ਹੈ) ਵਿਚ ਵਿਸ਼ਵਾਸ ਕਰਦੇ ਹਨ ਅਤੇ ਹਰੇਕ ਮੁਲਕ ਨੂੰ ਆਪਣਾ ਘਰ ਬਣਾ ਲੈਂਦੇ ਹਨ। ਉਨ੍ਹਾਂ ਕਿਹਾ, ”ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦਾ ਮੌਕਾ ਮਿਲਿਆ ਹੈ। ਸਰਕਾਰ ਵੱਲੋਂ ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿਚ ਇਸ ਦਿਹਾੜੇ ਨੂੰ ਵੱਡੇ ਪੱਧਰ ‘ਤੇ ਮਨਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।” ਮੋਦੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਮਹਾਨ ਗੁਰੂਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਤੋਂ ਜਾਣੂ ਕਰਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਸਿਧਾਂਤਾਂ ਨੂੰ ਵੀ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ ਕਈ ਸੁਝਾਅ ਮਿਲੇ ਹਨ ਅਤੇ ਉਹ ਇਨ੍ਹਾਂ ‘ਤੇ ਵਿਚਾਰ ਕਰਕੇ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਇਰਾਨ ਖ਼ਿਲਾਫ਼ ਲੱਗੀਆਂ ਪਾਬੰਦੀਆਂ ਹਟਣ ਨਾਲ ਕਈ ਰਾਹ ਖੁੱਲ੍ਹ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ, ਇਰਾਨ ਨਾਲ ਵਪਾਰ, ਨਿਵੇਸ਼, ਬੁਨਿਆਦੀ ਢਾਂਚੇ ਅਤੇ ਊਰਜਾ ਦੇ ਖੇਤਰਾਂ ਵਿਚ ਸਹਿਯੋਗ ਵਧਾਉਣਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀਆਂ ਜਨਤਕ ਅਤੇ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਇਰਾਨ ਵਿਚ ਨਿਵੇਸ਼ ਕਰਨ ਲਈ ਉਤਾਵਲੀਆਂ ਹਨ। ਉਨ੍ਹਾਂ ਕਿਹਾ ਕਿ ਚਾਬਹਾਰ ਬੰਦਰਗਾਹ ਨੂੰ ਵਿਕਸਤ ਕਰਨ ਦੇ ਸਮਝੌਤੇ ‘ਤੇ ਦਸਤਖ਼ਤਾਂ ਨਾਲ ਸੰਪਰਕ ਦਾ ਘੇਰਾ ਹੋਰ ਵਧੇਗਾ।
Check Also
ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ …