Breaking News
Home / ਹਫ਼ਤਾਵਾਰੀ ਫੇਰੀ / ਕਸ਼ਮੀਰ ਦੇ 112 ਵੱਖਵਾਦੀਆਂ ਦੇ 220 ਬੱਚੇ ਵਿਦੇਸ਼ਾਂ ‘ਚ ਕਰਦੇ ਹਨ ਪੜ੍ਹਾਈ

ਕਸ਼ਮੀਰ ਦੇ 112 ਵੱਖਵਾਦੀਆਂ ਦੇ 220 ਬੱਚੇ ਵਿਦੇਸ਼ਾਂ ‘ਚ ਕਰਦੇ ਹਨ ਪੜ੍ਹਾਈ

ਗ੍ਰਹਿ ਮੰਤਰਾਲਾ ਵੱਖਵਾਦੀਆਂ ਦੇ ਅਸਲ ਚਿਹਰੇ ਨੂੰ ਬੇਨਕਾਬ ਕਰਨ ਦੀ ਯੋਜਨਾ ‘ਤੇ ਕਰ ਰਿਹੈ ਕੰਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਿਤ ਸ਼ਾਹ ਦੀ ਅਗਵਾਈ ‘ਚ ਗ੍ਰਹਿ ਮੰਤਰਾਲੇ ਨੇ ਆਮ ਕਸ਼ਮੀਰੀਆਂ ਦੇ ਸਾਹਮਣੇ ਵੱਖਵਾਦੀਆਂ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਨ ਦੀ ਯੋਜਨਾ ਬਣਾਈ ਹੈ। ਘਾਟੀ ‘ਚ ਸਕੂਲੀ ਬੱਚਿਆਂ ਤੋਂ ਪੱਥਰਬਾਜ਼ੀ ਕਰਵਾਉਣ, ਅੱਤਵਾਦੀਆਂ ਦੇ ਮਾਰੇ ਜਾਣ ‘ਤੇ ਸਕੂਲਾਂ ਨੂੰ ਸਾੜਨ ਅਤੇ ਹੜਤਾਲ ਕਰ ਕੇ ਸਕੂਲ ਬੰਦ ਕਰਵਾਉਣ ਵਾਲੇ ਵੱਖਵਾਦੀ ਖ਼ੁਦ ਆਪਣੇ ਬੱਚਿਆਂ ਨੂੰ ਵਿਦੇਸ਼ਾਂ ‘ਚ ਪੜ੍ਹਾਉਂਦੇ ਹਨ। ਹੁਰੀਅਤ ਨੇਤਾਵਾਂ ਸਮੇਤ ਘਾਟੀ ਦੇ 112 ਵੱਖਵਾਦੀਆਂ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲਿਆਂ ਦੇ ਘੱਟ ਤੋਂ ਘੱਟ 220 ਬੱਚੇ ਵਿਦੇਸ਼ਾਂ ‘ਚ ਪੜ੍ਹਦੇ ਹਨ ਜਾਂ ਉਥੇ ਰਹਿ ਰਹੇ ਹਨ। ਕਸ਼ਮੀਰੀਆਂ ਨੂੰ ਕੁਰਬਾਨੀ ਦਾ ਸੱਦਾ ਦੇਣ ਵਾਲੇ ਵੱਖਵਾਦੀਆਂ ਦੀ ਇਸ ਸਚਾਈ ਤੋਂ ਘਾਟੀ ਦਾ ਉੱਚ ਵਰਗ ਤਾਂ ਚੰਗੀ ਤਰ੍ਹਾਂ ਨਾਲ ਜਾਣੂ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ ਗ੍ਰਹਿ ਮੰਤਰਾਲਾ ਯੋਜਨਾ ਤਹਿਤ ਵੱਖਵਾਦੀਆਂ ਦੀ ਸਚਾਈ ਨੂੰ ਬੇਨਕਾਬ ਕਰਨ ਵਾਲੇ ਤੱਥਾਂ ਨੂੰ ਵੱਡੇ ਪੱਧਰ ‘ਤੇ ਜਾਣੂ ਕਰਵਾਉਣ ਦੀ ਤਿਆਰੀ ‘ਚ ਹੈ।
ਵੱਖਵਾਦੀਆਂ ਖ਼ਿਲਾਫ਼ ਪੋਲ-ਖੋਲ੍ਹ ਮੁਹਿੰਮ : ਵੱਖਵਾਦੀਆਂ ਖ਼ਿਲਾਫ਼ ਇਸ ‘ਪੋਲ-ਖੋਲ੍ਹ’ ਮੁਹਿੰਮ ਦੀ ਯੋਜਨਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਹਫ਼ਤੇ ਤਿਆਰ ਕੀਤੀ। ਉਧਰ ਜੰਮੂ-ਕਸ਼ਮੀਰ ‘ਚ ਰਾਜਪਾਲ ਸ਼ਾਸਨ ਦੇ ਵਿਸਥਾਰ ਦੇ ਮੁੱਦੇ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ‘ਚ 130 ਹੁਰੀਅਤ ਨੇਤਾਵਾਂ ਦੀ ਵਿਸਥਾਰ ‘ਚ ਜਾਣਕਾਰੀ ਦਿੱਤੀ। ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਲੈਣ ਲਈ ਵਿਦੇਸ਼ ਭੇਜਿਆ ਹੋਇਆ ਹੈ। ਦੂਜੇ ਪਾਸੇ ਵੱਖਵਾਦੀ ਸਕੂਲੀ ਬੱਚਿਆਂ ਨੂੰ ਪੱਥਰਬਾਜ਼ੀ ਲਈ ਉਕਸਾਉਂਦੇ ਹਨ ਅਤੇ ਸਕੂਲਾਂ ਨੂੰ ਜ਼ਬਰਦਸਤੀ ਬੰਦ ਕਰਵਾਉਂਦੇ ਹਨ।
ਅੰਦਰਾਬੀ ਦੇ ਪੁੱਤਰ ਵੀ ਵਿਦੇਸ਼ ‘ਚ : ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਅਸ਼ਰਫ਼ ਸੇਹਰਾਈ ਦੇ 2 ਬੇਟੇ ਖਾਲਿਦ ਅਤੇ ਆਬਿਦ ਅਸ਼ਰਫ਼ ਸਾਊਦੀ ਅਰਬ ‘ਚ ਕੰਮ ਕਰਦੇ ਹਨ ਅਤੇ ਉਥੇ ਹੀ ਵਸੇ ਹੋਏ ਹਨ। ਜਮਾਤ-ਏ-ਇਸਲਾਮੀ ਦੇ ਸਦਰ ਗੁਲਾਮ ਮਹਿਮਦ ਬੱਟ ਦਾ ਬੇਟਾ ਸਾਊਦੀ ਅਰਬ ‘ਚ ਡਾਕਟਰ ਹੈ। ਦੁਖਤਰਾਨ-ਏ-ਮਿਲਤ ਦੀ ਆਸੀਆ ਅੰਦਰਾਬੀ ਦੇ 2 ਬੇਟੇ ਵਿਦੇਸ਼ ‘ਚ ਪੜ੍ਹਦੇ ਹਨ। ਉਨ੍ਹਾਂ ਦਾ ਬੇਟਾ ਮੁਹੰਮਦ ਬਿਨ ਕਾਸਿਮ ਮਲੇਸ਼ੀਆ ਅਤੇ ਅਹਿਮਦ ਬਿਨ ਕਾਸਿਮ ਆਸਟ੍ਰੇਲੀਆ ‘ਚ ਪੜ੍ਹਦਾ ਹੈ। ਇਸੇ ਤਰ੍ਹਾਂ ਸਈਦ ਅਲੀ ਸ਼ਾਹ ਗਿਲਾਨੀ ਦੇ ਬੇਟੇ ਨੀਲਮ ਗਿਲਾਨੀ ਨੇ ਹਾਲ ਹੀ ‘ਚ ਪਾਕਿਸਤਾਨ ‘ਚ ਐਮ.ਬੀ.ਬੀ.ਐਸ. ਕੋਰਸ ਪੂਰਾ ਕੀਤਾ ਹੈ।
ਮੀਰਵਾਇਜ਼ ਦੀ ਭੈਣ ਅਮਰੀਕਾ ‘ਚ ਰਹਿ ਰਹੀ ਹੈ : ਹੁਰੀਅਤ ਨੇਤਾ ਮੀਰਵਾਇਜ਼ ਓਮਰ ਫਾਰੂਕ ਦੀ ਭੈਣ ਰਾਬੀਆ ਫਾਰੂਕ ਇਕ ਡਾਕਟਰ ਹੈ ਅਤੇ ਅਮਰੀਕਾ ‘ਚ ਰਹਿ ਰਹੀ ਹੈ। ਇਸੇ ਤਰ੍ਹਾਂ ਬਿਲਾਲ ਲੋਨ ਦੇ ਧੀ-ਜਵਾਈ ਲੰਡਨ ‘ਚ ਰਹਿ ਰਹੇ ਹਨ ਅਤੇ ਉਸ ਦੀ ਛੋਟੀ ਬੇਟੀ ਆਸਟ੍ਰੇਲੀਆ ‘ਚ ਪੜ੍ਹਾਈ ਕਰ ਰਹੀ ਹੈ। ਵੱਖਵਾਦੀ ਮੁਹੰਮਦ ਸ਼ਫੀ ਰੇਸ਼ੀ ਦਾ ਪੁੱਤਰ ਅਮਰੀਕਾ ‘ਚ ਪੀ.ਐਚ.ਡੀ. ਕਰ ਰਿਹਾ ਹੈ। ਇਸੇ ਤਰ੍ਹਾਂ ਅਸ਼ਰਫ਼ ਲਾਇਆ ਦੀ ਪੁੱਤਰੀ ਪਾਕਿਸਤਾਨ ‘ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ। ਮੁਸਲਿਮ ਲੀਗ ਦੇ ਨੇਤਾਵਾਂ ਮੁਹੰਮਦ ਯੂਸੂਫ਼ ਮੀਰ ਅਤੇ ਫਾਰੂਕ ਗਪਤੂਰੀ ਦੀਆਂ ਬੇਟੀਆਂ ਵੀ ਪਾਕਿਸਤਾਨ ‘ਚ ਮੈਡੀਕਲ ਦੀ ਪੜ੍ਹਾਈ ਕਰ ਰਹੀਆਂ ਹਨ। ਇਸ ਤਰ੍ਹਾਂ ਡੈਮੋਕ੍ਰੇਟਿਕ ਮੂਵਮੈਂਟ ਲੀਡਰ ਖਵਾਜਾ ਫਰਦੌਸ ਵਾਨੀ ਦੀ ਬੇਟੀ ਵੀ ਪਾਕਿਸਤਾਨ ‘ਚ ਮੈਡੀਕਲ ਕੋਰਸ ਕਰ ਰਹੀ ਹੈ। ਬਹੀਦਤ-ਏ-ਇਸਲਾਮੀ ਨੇਤਾ ਨਿਸਾਰ ਹੁਸੈਨ ਰਾਠੌਰ ਦੀ ਬੇਟੀ ਈਰਾਨ ‘ਚ ਕੰਮ ਕਰਦੀ ਹੈ ਅਤੇ ਆਪਣੇ ਪਤੀ ਨਾਲ ਉਥੇ ਹੀ ਪੱਕੇ ਤੌਰ ‘ਤੇ ਰਹਿ ਰਹੀ ਹੈ।

Check Also

ਮੋਦੀ ਦੀ ਤੀਜੀ ਪਾਰੀ ਵਿਚ ਬਣੇ 71 ਮੰਤਰੀ

ਹਾਰ ਕੇ ਵੀ ਰਵਨੀਤ ਬਿੱਟੂ ਮੋਦੀ ਕੈਬਨਿਟ ‘ਚ ਲੈ ਗਏ ਕੁਰਸੀ ਨਵੀਂ ਦਿੱਲੀ/ਬਿਊਰੋ ਨਿਊਜ਼ : …