ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਦਿਨੀਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਬਰੈਂਪਟਨ ਦੇ ਸਿਟੀ ਹਾਲ ਵਿੱਚ ‘ਚੌਥੇ ਸਲਾਨਾ ਵਰਲਡ ਫਲੈਗ-ਰੇਜ਼ਿੰਗ’ ਦੀ ਮੇਜ਼ਬਾਨੀ ਕੀਤੀ ਗਈ। ਇਹ ਸਮਾਗ਼ਮ ਲੱਖਾਂ ਦੀ ਗਿਣਤੀ ਵਿਚ ਡਾਇਬਟੀਜ਼ ਨਾਲ ਪ੍ਰਭਾਵਿਤ ਲੋਕਾਂ ਨੂੰ ਇਸ ਬੀਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਹਰ ਸਾਲ ਨਵੰਬਰ ਮਹੀਨੇ ਨੂੰ ‘ਡਾਇਬਟੀਜ਼ ਮਹੀਨੇ’ ਵਜੋਂ ਮਨਾਉਣ ਲਈ ਕੀਤਾ ਜਾਂਦਾ ਹੈ।
ਇਸ ਮੌਕੇ ‘ਡਾਇਨਾਕੇਅਰ’ ਵੱਲੋਂ ਡਾਇਬਟੀਜ਼ ਚੈੱਕ ਕਰਨ ਲਈ ਕੀਤੇ ਜਾਂਦੇ ਮੁਫ਼ਤ ਟੈੱਸਟਾਂ ਦੇ ਉਪਰਾਲਿਆਂ ਦੀ ਸਰਾਹਨਾ ਕਰਦਿਆਂ ਇਸ ਸਮਾਗ਼ਮ ਦੇ ਉਦਘਾਟਨੀ ਭਾਸ਼ਨ ਵਿੱਚ ਸੋਨੀਆ ਸਿੱਧੂ ਨੇ ਕਿਹਾ, ”ਅਸੀਂ ਇੱਥੇ ਕੇਵਲ ਡਾਇਬਟੀਜ਼ ਦੇ ਵਿਰੁੱਧ ਝੰਡਾ ਝੁਲਾਉਣ ਲਈ ਹੀ ਇਕੱਤਰ ਨਹੀਂ ਹੋਏ, ਸਗੋਂ ਆਪਣੀ ਕਮਿਊਨਿਟੀ ਵਿੱਚ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਇਸ ਬੀਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਜਾਗਰੂਕ ਕਰਨ ਤੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਜੁੜੇ ਹਾਂ।” ਇਸ ਸਮਾਗ਼ਮ ਵਿੱਚ ਸਰਕਾਰੀ ਨੁਮਾਇੰਦੇ ਜਿਨ੍ਹਾਂ ਵਿੱਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਮਨਿੰਦਰ ਸਿੱਧੂ, ਸ਼ਫ਼ਕਤ ਅਲੀ, ਕੌਂਸਲਰ ਨਵਜੀਤ ਕੌਰ ਬਰਾੜ, ਕਈ ਕਮਿਊਨਿਟੀ ਨੇਤਾ ਅਤੇ ਸਿਹਤ ਨਾਲ ਸਬੰਧਿਤ ਵੱਖ-ਵੱਖ ਸੰਸਥਾਵਾਂ ਡਾਇਬਟੀਜ਼ ਕੈਨੇਡਾ, ਜੇਡੀਆਰਐੱਫ਼, ਟੀ1ਡੀ, ਵਿਲੀਅਮ ਔਸਲਰ ਹੈੱਲਥ ਅਤੇ ਡਾਇਨਾਕੇਅਰ ਦੇ ਨੁਮਾਇੰਦੇ ਸ਼ਾਮਲ ਸਨ। ਕਮਿਊਨਿਟੀ ਨੇਤਾਵਾਂ ਅਤੇ ਡਾਇਬਟੀਜ਼ ਨਾਲ ਲੜ ਰਹੇ ਕਈ ਮਰੀਜ਼ਾਂ ਵੱਲੋਂ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਬਿੱਲ ਸੀ-237 ਜਿਸ ਨਾਲ ਕੈਨੇਡਾ ਵਿੱਚ ‘ਨੈਸ਼ਨਲ ਫ਼ਰੇਮਵਰਕ’ ਤਿਆਰ ਹੋਇਆ ਹੈ, ਦੇ ਹਵਾਲੇ ਨਾਲ ਡਾਇਬਟੀਜ਼ ਦੇ ਇਲਾਜ ਅਤੇ ਬਚਾਅ ਬਾਰੇ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, ”ਸਾਡੀ ਸਰਕਾਰ ਵੱਲੋਂ ਬਣਾਇਆ ਗਿਆ ‘ਫਾਰਮਾਕੇਅਰ ਲੈਜਿਸਲੇਸ਼ਨ’ ਇਸ ਤੋਂ ਅਗਲਾ ਕਦਮ ਹੈ ਜਿਸ ਨਾਲ ਸਾਢੇ ਤਿੰਨ ਮਿਲੀਅਨ ਲੋਕ ਜੋ ਡਾਇਬਟੀਜ਼ ਨਾਲ ਲੜਾਈ ਲੜ ਰਹੇ ਹਨ, ਦੇ ਇਲਾਜ ਲਈ ਇਸ ਦੀਆਂ ਦਵਾਈਆਂ ਤੇ ਹੋਰ ਸਾਧਨਾਂ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ, ਦੀ ਮੁਫ਼ਤ ਪਹੁੰਚ ਨੂੰ ਯਕੀਨੀ ਬਣਾਇਆ ਗਿਆ ਹੈ।”
ਇਸ ਸਮਾਗ਼ਮ ਦੀ ਵਿਸੇਸ਼ਤਾ ਇਹ ਰਹੀ ਕਿ ਇਸ ਵਿਚ ‘ਡਾਇਨਾਕੇਅਰ’ ਵੱਲੋਂ ਡਾਇਬਟੀਜ਼ ਚੈੱਕ ਕਰਨ ਲਈ ਲੋਕਾਂ ਦੇ ਮੁਫ਼ਤ ਟੈੱਸਟ ਕੀਤੇ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਇਸ ਬੀਮਾਰੀ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਸੀ। ਲੋਕਾਂ ਨੂੰ ਇਸ ਬੀਮਾਰੀ ਪ੍ਰਤੀ ਜਾਗਰੂਕ ਕਰਨਾ ਤਾਂ ਜੋ ਇਸ ਦੇ ਸ਼ੁਰੂਆਤੀ ਦੌਰ ਵਿਚ ਹੀ ਇਸ ਦਾ ਇਲਾਜ ਆਰੰਭਿਆ ਜਾਵੇ, ‘ਨੈਸ਼ਨਲ ਫ਼ਰੇਮਵਰਕ ਫ਼ਾਰ ਡਾਇਬਟੀਜ਼’ ਦਾ ਮਹੱਤਵਪੂਰਨ ਹਿੱਸਾ ਹੈ। ਮੋਬਾਇਲ ਕਲਿਨਿਕ ਦੇ ਸਿੱਖਿਅਤ ਕਰਮਚਾਰੀ ਲੋਕਾਂ ਦੀ ਡਾਇਬਟੀਜ਼ ਟੈੱਸਟ ਕਰਨ ਅਤੇ ਉਨ੍ਹਾਂ ਨੂੰ ਜਾਣਕਾਰੀ ਦੇਣ ਦਾ ਆਪਣਾ ਇਹ ਕੰਮ ਬਾਖੂਬੀ ਨਿਭਾਅ ਰਹੇ ਸਨ।
ਡਾਇਬਟੀਜ਼ ਦੀ ਅਗਲੇਰੀ ਖੋਜ ਅਤੇ ਇਸ ਦੇ ਇਲਾਜ ਲਈ ਸਾਰੀ ਦੁਨੀਆਂ ਦੇ ਦੇਸ਼ਾਂ ਦੀ ਅਗਵਾਈ ਕਰ ਰਿਹਾ ਹੈ। ਇਸ ਦੇ ਬਾਰੇ ਭਵਿੱਖ ਵਿਚ ਹੋਰ ਆਸਵੰਦ ਤੇ ਸਫ਼ਲ ਹੋਣ ਬਾਰੇ ਸੋਨੀਆ ਸਿੱਧੂ ਨੇ ਕਿਹਾ, ”ਕੈਨੇਡਾ ਇਨਸੂਲੀਨ ਦੀ ਜਨਮ-ਭੂਮੀ ਹੈ ਅਤੇ ਇਸ ਸਮੇਂ ਚੱਲ ਰਹੀਆਂ ਖੋਜਾਂ ਅਤੇ ਅੱਗੋਂ ਹੋਰ ਵੀ ਹੋਣ ਵਾਲੀਆਂ ਸੰਭਾਨਾਵਾਂ ਨਾਲ ਮੈਨੂੰ ਪੱਕਾ ਭਰੋਸਾ ਹੈ ਕਿ ਅਸੀਂ ਟਾਈਪ-1 ਡਾਇਬਟੀਜ਼ ਦਾ ਇਲਾਜ ਲੱਭਣ ਵਿਚ ਵੀ ਕਾਮਯਾਬ ਹੋਵਾਂਗੇ।”
ਸਮਾਗ਼ਮ ਦੀ ਸਮਾਪਤੀ ਸਮੂਹ ਕੈਨੇਡਾ-ਵਾਸੀਆਂ ਨੂੰ ਡਾਇਬਟੀਜ਼ ਬਾਰੇ ਚੱਲ ਰਹੀ ਖੋਜ ਬਾਰੇ ਕੀਤੇ ਜਾ ਰਹੇ ਉਪਰਾਲਿਆਂ ਦੀ ਸਫ਼ਲਤਾ ਲਈ ਆਵਾਜ਼ ਦਿੰਦਿਆਂ ਸੋਨੀਆ ਸਿੱਧੂ ਨੇ ਕਿਹਾ, ”ਚਲੋ, ਡਾਇਬਟੀਜ਼ ਉੱਪਰ ਕਾਬੂ ਪਾਉਣਲਈ ਅਸੀਂ ਸਾਰੇ ਆਪਣੇ ਡਾਕਟਰਾਂ, ਖੋਜੀਆਂ ਅਤੇ ਡਾਇਬਟੀਜ਼ ਦੇ ਇਲਾਜ ਤੇ ਪ੍ਰਹੇਜ਼ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਪੂਰਾ ਸਹਿਯੋਗ ਦੇਈਏ।”
Home / ਹਫ਼ਤਾਵਾਰੀ ਫੇਰੀ / ਸੋਨੀਆ ਸਿੱਧੂ ਨੇ ਬਰੈਂਪਟਨ ਸਿਟੀ ਹਾਲ ਵਿੱਚ ‘ਚੌਥਾ ਸਲਾਨਾ ਵਰਲਡ ਡਾਇਬਟੀਜ਼-ਡੇਅ’ ਮਨਾਉਣ ਦਾ ਸਮਾਗ਼ਮ ਕੀਤਾ
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …