Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ ਵਿਚ ਟੈਕਸਸ ਦੇ ਪ੍ਰਾਇਮਰੀ ਸਕੂਲ ‘ਚ ਗੋਲੀਬਾਰੀ

ਅਮਰੀਕਾ ਵਿਚ ਟੈਕਸਸ ਦੇ ਪ੍ਰਾਇਮਰੀ ਸਕੂਲ ‘ਚ ਗੋਲੀਬਾਰੀ

19 ਬੱਚਿਆਂ ਸਣੇ 21 ਮੌਤਾਂ – ਮਰਨ ਵਾਲਿਆਂ ‘ਚ ਦੋ ਅਧਿਆਪਕ ਵੀ ਸ਼ਾਮਲ
ਹਿਊਸਟਨ/ਬਿਊਰੋ ਨਿਊਜ਼ : ਅਮਰੀਕਾ ਦੇ ਟੈਕਸਸ ਰਾਜ ਦੇ ਐਲੀਮੈਂਟਰੀ ਸਕੂਲ ਵਿੱਚ 18 ਸਾਲਾ ਬੰਦੂਕਧਾਰੀ ਨੇ ਮੰਗਲਵਾਰ ਨੂੰ ਅੰਨੇਵਾਹ ਗੋਲੀਆਂ ਚਲਾਈਆਂ, ਜਿਸ ਵਿੱਚ 19 ਬੱਚਿਆਂ ਸਣੇ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ‘ਚ ਦੋ ਅਧਿਆਪਕ ਵੀ ਸ਼ਾਮਲ ਹਨ। ਇਸ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਮਾਰਿਆ ਗਿਆ, ਜਿਸ ਦੀ ਪਛਾਣ ਸਲਵਾਡੋਰ ਰਾਮੋਸ ਵਜੋਂ ਦੱਸੀ ਗਈ ਹੈ। ਘਟਨਾ ਦੇ ਰੋਸ ਵਜੋਂ ਤੇ ਪੀੜਤਾਂ ਦੇ ਸਨਮਾਨ ਵਿੱਚ ਸਰਕਾਰੀ ਇਮਾਰਤਾਂ ਉੱਤੇ ਅਮਰੀਕੀ ਝੰਡਾ ਅੱਧਾ ਝੁਕਿਆ ਰਿਹਾ। ਟੈਕਸਸ ਦੇ ਗਵਰਨਰ ਗਰੈੱਗ ਐਬੌਟ ਨੇ ਕਿਹਾ ਕਿ ਹਮਲਾਵਰ ਨੇ ਸਕੂਲ ‘ਚ ਗੋਲੀਆਂ ਚਲਾਉਣ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਹਮਲੇ ਦੀ ਆਪਣੀ ਮਨਸ਼ਾ ਬਾਰੇ ਦੱਸਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਹਮਲਾ ਕਰਨ ਵਾਲਾ ਨੌਜਵਾਨ ਮੰਗਲਵਾਰ ਨੂੰ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਸਾਂ ਅੰਤੋਨੀਓ ਤੋਂ 134 ਕਿਲੋਮੀਟਰ ਦੂਰ ਟੈਕਸਸ ਦੇ ਉਵਾਲਦੇ ਟਾਊਨ ਵਿਚਲੇ ਰੌਬ ਪ੍ਰਾਇਮਰੀ ਸਕੂਲ ਵਿੱਚ ਦਾਖ਼ਲ ਹੋਇਆ ਤੇ ਉਥੇ ਅੰਨੇਵਾਹ ਗੋਲੀਆਂ ਚਲਾਈਆਂ।
ਤਫ਼ਤੀਸ਼ਕਾਰਾਂ ਨੇ ਕਿਹਾ ਕਿ ਹਮਲਾਵਰ ਕੋਲ ਹੈਂਡਗੰਨ, ਏਆਰ-15 ਸੈਮੀ-ਆਟੋਮੈਟਿਕ ਰਾਈਫਲ ਤੇ ਉੱਚ ਸਮਰੱਥਾ ਵਾਲੇ ਮੈਗਜ਼ੀਨ ਸਨ। ਟੈਕਸਸ ਦੇ ਗਵਰਨਰ ਗਰੈੱਗ ਐਬੌਟ ਨੇ ਹਮਲਾਵਰ ਨੌਜਵਾਨ ਦੀ ਸ਼ਨਾਖਤ ਸਲਵਾਡੋਰ ਰਾਮੋਸ ਵਜੋਂ ਦੱਸੀ ਹੈ, ਜੋ ਸਕੂਲ ਨੇੜਲੇ ਇਲਾਕੇ ਵਿੱਚ ਰਹਿੰਦਾ ਸੀ। ਇਸ ਕਤਲੇਆਮ ਪਿੱਛੇ ਹਮਲਾਵਰ ਦੇ ਮੰਤਵ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ ਨੌਜਵਾਨ ‘ਤੇ ਸਕੂਲ ਵਿੱਚ ਕਤਲੇਆਮ ਤੋਂ ਪਹਿਲਾਂ ਆਪਣੀ ਦਾਦੀ ਨੂੰ ਗੋਲੀ ਮਾਰਨ ਦਾ ਵੀ ਸ਼ੱਕ ਹੈ।
ਐਬੌਟ ਨੇ ਕਿਹਾ, ”ਹਮਲਾਵਰ ਨੇ ਅੰਨੇਵਾਹ ਗੋਲੀਆਂ ਚਲਾਈਆਂ ਤੇ 19 ਵਿਦਿਆਰਥੀਆਂ ਤੇ 2 ਅਧਿਆਪਕਾਂ ਦੀ ਹੱਤਿਆ ਕਰ ਦਿੱਤੀ।” ਇਸ ਦੌਰਾਨ ਇਕ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਗੋਲੀਬਾਰੀ ਵਿੱਚ ਮਾਰੇ ਗਏ ਬੱਚੇ ਚੌਥੀ ਜਮਾਤ ਦੇ ਵਿਦਿਆਰਥੀ ਹਨ।
ਹੁਣ ਕਾਰਵਾਈ ਕਰਨੀ ਪਵੇਗੀ : ਬਾਈਡਨ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨਾਂ ਅਮਰੀਕਾ ਭਰ ਦੇ ਸਕੂਲਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੋਲੀਬਾਰੀ ‘ਚ ਜਾਨ ਗੁਆਉਣ ਵਾਲਿਆਂ ਲਈ ਤੇ ਉਨਾਂ ਦੇ ਪਰਿਵਾਰਾਂ ਲਈ ਪ੍ਰਾਥਨਾ ਕਰਨ। ਬਾਈਡਨ ਨੇ ਕਿਹਾ ਕਿ ਸਾਨੂੰ ‘ਬੰਦੂਕ ਕਾਨੂੰਨ’ ਨੂੰ ਸਖ਼ਤ ਕਰਨਾ ਪਵੇਗਾ ਤੇ ਬੰਦੂਕ ਲਾਬੀ, ਜੋ ਇਸ ਨੂੰ ਬੰਦ ਨਹੀਂ ਹੋਣ ਦੇਣਾ ਚਾਹੁੰਦੀ, ਖਿਲਾਫ ਵੀ ਖੜਨਾ ਹੋਵੇਗਾ।

Check Also

ਕੈਨੇਡਾ ਨੂੰ ਵੀ ਪਸੰਦ ਆਇਆ ਅਮਰੀਕਾ ਦਾ ‘ਗੋਲਡਨ ਡੋਮ’

ਪੀਐਮ ਮਾਰਕ ਕਾਰਨੀ ਮਿਜ਼ਾਈਲ ਰੱਖਿਆ ਪ੍ਰਣਾਲੀ ‘ਚ ਕਰਨਗੇ ਸ਼ਾਮਲ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ …