Breaking News
Home / ਨਜ਼ਰੀਆ / ਖੇਤੀ ਕਰਜ਼ਾ ਮੁਆਫੀ ਅਤੇ ਕੇਂਦਰ ਸਰਕਾਰ

ਖੇਤੀ ਕਰਜ਼ਾ ਮੁਆਫੀ ਅਤੇ ਕੇਂਦਰ ਸਰਕਾਰ

ਡਾ. ਸ ਸ ਛੀਨਾ
ਕਿਸਾਨੀ ਕਰਜ਼ੇ ਦਾ ਮੁੱਦਾ ਵੀਹਵੀਂ ਸਦੀ ਦੇ ਸ਼ੁਰੂ ਤੋਂ ਹੀ ਭਾਰਤ ਦੀ ਆਰਥਿਕਤਾ ਨਾਲ ਜੁੜਿਆ ਰਿਹਾ ਹੈ। ਅੰਗਰੇਜ਼ ਅਫਸਰ ਡਾਰਲਿੰਗ ਨੇ 1904 ਵਿਚ ਟਿੱਪਣੀ ਕੀਤੀ ਸੀ, ”ਭਾਰਤ ਦਾ ਕਿਸਾਨ ਕਰਜ਼ੇ ਵਿਚ ਜਨਮ ਲੈਂਦਾ ਹੈ, ਕਰਜ਼ੇ ਵਿਚ ਜਿਊਂਦਾ ਹੈ ਤੇ ਕਰਜ਼ੇ ਵਿਚ ਹੀ ਮਰ ਜਾਂਦਾ ਹੈ।” ਇਹ ਟਿੱਪਣੀ ਅੱਜ ਵੀ ਓਨੀ ਹੀ ਢੁਕਵੀਂ ਹੈ। 1904 ਵਿਚ ਹੀ ਭਾਰਤ ਵਿਚ ਖੇਤੀ ਕਰਜ਼ੇ ਲਈ ਸਹਿਕਾਰੀ ਕਰਜ਼ਾ ਸਭਾਵਾਂ ਬਣਾਉਣੀਆਂ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਦਾ ਉਦੇਸ਼ ਕਿਸਾਨਾਂ ਨੂੰ ਸ਼ਾਹੂਕਾਰ ਤੋਂ ਮੁਕਤ ਕਰਕੇ ਉਨ੍ਹਾਂ ਦੀਆਂ ਉਤਪਾਦਕ ਲੋੜਾਂ ਲਈ ਸਸਤੀਆਂ ਵਿਆਜ ਦਰਾਂ ‘ਤੇ ਕਰਜ਼ਾ ਦੇਣਾ ਸੀ ਪਰ ਖਰਚ ਵੱਧ ਅਤੇ ਆਮਦਨ ਘੱਟ ਹੋਣ ਕਰਕੇ ਹਰ ਸਾਲ ਕਿਸਾਨੀ ਕਰਜ਼ੇ ਦਾ ਬੋਝ ਵਧਦਾ ਗਿਆ। 1948 ਤੋਂ ਬਾਅਦ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਅਤੇ ਖਰੀਦਣ ਕਰਕੇ ਉਸ ਵਕਤ ਦੇ ਪੰਜਾਬ ਦੇ ਖੇਤੀ ਮੰਤਰੀ ਸਰ ਛੋਟੂ ਰਾਮ ਨੇ ਇਤਿਹਾਸਕ ਕਾਨੂੰਨ ਪਾਸ ਕਰਵਾਇਆ ਕਿ ਕਿਸਾਨਾਂ ਦੀ ਜ਼ਮੀਨ ਕਰਜ਼ੇ ਕਰਕੇ ਕੁਰਕ ਨਹੀਂ ਕੀਤਾ ਜਾ ਸਕਦੀ।
1969 ਤੱਕ ਬੈਂਕਾਂ ਦੇ ਖੇਤੀ ਲਈ ਕਰਜ਼ੇ ਦੀ ਮਾਤਰਾ ਕੁੱਲ ਕਰਜ਼ੇ ਦਾ 3 ਫੀਸਦ ਸੀ। ਬੈਂਕਾਂ ਇਹ ਕਰਜ਼ਾ ਆਮ ਕਿਸਾਨ ਨੂੰ ਨਹੀਂ ਸੀ ਦਿੰਦੀਆਂ ਸਗੋਂ ਬਹੁਤ ਵੱਡੇ ਕਿਸਾਨਾਂ ਨੂੰ ਚਾਹ, ਰਬੜ ਅਤੇ ਵੱਡੇ ਬਾਗਾਂ ਦੇ ਮਾਲਕਾਂ ਨੂੰ ਦਿੱਤਾ ਜਾਂਦਾ ਸੀ। 1969 ਵਿਚ ਇੰਦਰਾ ਗਾਂਧੀ ਨੇ ਦੋ ਆਰਡੀਨੈਂਸ ਜਾਰੀ ਕੀਤੇ। ਇਨ੍ਹਾਂ ਵਿਚ ਇਕ ਤਾਂ ਪਿਛਲੇ ਮਹਾਰਾਜਿਆਂ, ਨਵਾਬਾਂ ਆਦਿ ਦੇ ਪ੍ਰੀਵੀ ਪਰਸ ਬੰਦ ਕਰਨ ਬਾਰੇ ਸੀ ਅਤੇ ਦੂਸਰਾ ਸੀ ਉਸ ਵਕਤ ਦੇ 14 ਵੱਡੇ ਵਪਾਰਕ ਬੈਂਕਾਂ ਦਾ ਕੌਮੀਕਰਨ। ਬੈਂਕਾਂ ਦਾ ਕੌਮੀਕਰਨ ਕਰਕੇ ਖਾਸ ਹਦਾਇਤ ਕੀਤੀ ਗਈ ਕਿ ਉਹ ਕਿਸਾਨਾਂ ਦੀਆਂ ਉਤਪਾਦਕ ਲੋੜਾਂ ਲਈ ਉਨ੍ਹਾਂ ਨੂੰ ਬੈਂਕ ਵਿਆਜ ਦਰਾਂ ‘ਤੇ ਕਰਜ਼ਾ ਦੇਣ। ਇਸ ਅਧੀਨ ਬੈਂਕਾਂ ਨੇ ਤਿੰਨ ਤਰ੍ਹਾਂ ਦੇ ਕਰਜ਼ੇ ਦਿੱਤੇ ਜਿਵੇਂ ਘੱਟੇ ਸਮੇਂ ਦਾ ਕਰਜ਼ਾ, ਭਾਵ ਫਸਲ ਲਈ ਕਰਜ਼ਾ, ਦਰਮਿਆਨੇ ਸਮੇਂ ਦਾ ਕਰਜ਼ਾ ਜਿਵੇਂ ਟਿਊਬਵੈੱਲ ਲਾਉਣ ਅਤੇ ਡੇਅਰੀ ਪੇਸ਼ਾ ਅਪਣਾਉਣ ਦਾ ਕਰਜ਼ਾ ਅਤੇ ਲੰਮੇ ਸਮੇਂ ਦਾ ਕਰਜ਼ਾ ਜਿਵੇਂ ਟਰੈਕਟਰ ਖਰੀਦਣ ਤੇ ਜ਼ਮੀਨ ਵਿਚ ਪੱਕੇ ਸੁਧਾਰ ਕਰਨ ਲਈ ਕਰਜ਼ਾ। ਉਸ ਸਮੇਂ ਤੱਕ ਭਾਵੇਂ ਹਰਾ ਇਨਕਲਾਬ ਅਜੇ ਸ਼ੁਰੂਆਤੀ ਦੌਰ ਵਿਚ ਸੀ ਪਰ ਇਸ ਕਰਜ਼ੇ ਨੇ ਹਰੇ ਇਨਕਲਾਬ ਵਿਚ ਤੇਜ਼ੀ ਲਿਆਂਦੀ। ਕਿਸਾਨਾਂ ਨੇ ਟਿਊਬਵੈੱਲ ਲਾਏ; ਫਸਲਾਂ ਲਈ ਖਾਦਾਂ, ਕੀੜੇਮਾਰ ਦਵਾਈਆਂ ਦੀ ਖਰੀਦ ਲਈ ਕਰਜ਼ਾ ਲਿਆ। ਇਸ ਕਰਕੇ ਕਣਕ ਤੇ ਝੋਨਾ ਜਿਹੜੀਆਂ ਅਨਾਜ ਫਸਲਾਂ ਸਨ ਅਤੇ ਜਿਨ੍ਹਾਂ ਵਿਚੋਂ ਕਣਕ ਦੀ ਪਹਿਲਾਂ ਦਰਾਮਦ ਕਰਨੀ ਪੈਂਦੀ ਸੀ, ਦਾ ਉਤਪਾਦਨ ਇੰਨਾ ਵਧਿਆ ਕਿ ਭਾਰਤ ਕਣਕ ਦੀ ਬਰਾਮਦ ਕਰਨ ਵਾਲਾ ਮੁਲਕ ਬਣ ਗਿਆ। ਅਜਿਹਾ ਪ੍ਰਭਾਵ ਹੋਰ ਫਸਲਾਂ ਅਤੇ ਖੇਤੀ ਆਧਾਰਿਤ ਪੇਸ਼ਿਆਂ ਵਿਚ ਰੁਜ਼ਗਾਰ ਅਤੇ ਉਤਪਾਦਨ ਵਧਣ ਦੇ ਰੂਪ ਵਿਚ ਸਾਹਮਣੇ ਆਇਆ। ਡੇਅਰੀ ਵਿਚ ਇੰਨਾ ਵਾਧਾ ਹੋਇਆ ਕਿ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 400 ਗਰਾਮ ਤੋਂ ਉਪਰ ਹੋ ਗਈ। ਪੰਜਾਬ ਵਿਚ ਇਹ ਹੁਣ 900 ਗਰਾਮ ਪ੍ਰਤੀ ਵਿਅਕਤੀ ਤੋਂ ਉਪਰ ਹੈ ਅਤੇ ਭਾਰਤ ਦੁੱਧ ਵਾਲੀਆਂ ਵਸਤਾਂ ਦਾ ਬਰਾਮਦਕਾਰ ਵੀ ਬਣ ਗਿਆ ਹੈ। ਇਸ ਵਿਚ ਵੀ ਸਹਿਕਾਰੀ ਸਭਾਵਾਂ ਅਤੇ ਵਪਾਰਕ ਬੈਂਕਾਂ ਦਾ ਵੱਡਾ ਹਿੱਸਾ ਹੈ। ਜੇ ਤਾਂ ਇਹ ਕਰਜ਼ਾ ਜਾਇਦਾਦ ਵਿਚ ਬਦਲ ਕੇ ਲਗਾਤਾਰ ਆਮਦਨ ਵਧਾਉਣ ਦਾ ਸਥਾਈ ਸਾਧਨ ਬਣ ਜਾਵੇ ਤਾਂ ਇਹ ਕਿਸਾਨ ਸਿਰ ਬੋਝ ਨਹੀਂ ਸਗੋਂ ਰਾਹਤ ਹੈ ਪਰ ਸਮੇਂ ਨਾਲ ਜਾਂ ਇਨ੍ਹਾਂ 50 ਸਾਲਾਂ ਵਿਚ ਭੂਮੀ ਦੀ ਵੰਡ-ਦਰ-ਵੰਡ ਹੋਣ ਕਰਕੇ ਖੇਤੀ ਜੋਤਾਂ ਦਾ ਆਕਾਰ ਘਟਦਾ ਗਿਆ। 1971 ਵਿਚ ਤਾਂ ਸਿਰਫ 37 ਫੀਸਦੀ ਹੀ ਉਹ ਜੋਤਾਂ ਸਨ ਜਿਹੜੀਆਂ 2 ਏਕੜ ਤੋਂ ਥੱਲੇ ਸਨ। ਇਨ੍ਹਾਂ ਨੂੰ ਸੀਮਾਂਤ ਜੋਤਾਂ ਕਿਹਾ ਜਾਂਦਾ ਹੈ ਪਰ ਅੱਜ ਕੱਲ੍ਹ ਇਨ੍ਹਾਂ ਜੋਤਾਂ ਦੀ ਗਿਣਤੀ 83 ਫੀਸਦੀ ਹੋ ਗਈ ਹੈ। ਜੋਤਾਂ ਦਾ ਛੋਟਾ ਆਕਾਰ ਤਾਂ ਪਹਿਲਾਂ ਹੀ ਕਿਫਾਇਤੀ ਨਹੀਂ, ਫਿਰ ਜਦੋਂ ਕਰਜ਼ੇ ਦਾ ਵਿਆਜ ਪੈਣ ਲੱਗ ਪੈਂਦਾ ਹੈ ਤਾਂ ਕਰਜ਼ਾ ਵਾਪਸੀ ਵੱਡੀ ਸਮੱਸਿਆ ਬਣ ਜਾਂਦੀ ਹੈ। 2020-21 ਦੇ ਕੇਂਦਰੀ ਬਜਟ ਵਿਚ 15 ਲੱਖ ਕਰੋੜ ਰੁਪਏ ਖੇਤੀ ਲਈ ਕਰਜ਼ੇ ਵਜੋਂ ਦੇਣ ਲਈ ਰੱਖੇ ਪਰ ਉਸ ਰਕਮ ਦੀ ਵਰਤੋਂ ਬਹੁਤ ਘੱਟ ਹੋਈ। ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਕਰਜ਼ਾ ਲੈਣ ਵਾਲੇ ਕਿਸਾਨਾਂ ਵਿਚ 50 ਫੀਸਦੀ ਤੋਂ ਵੱਧ ਉਹ ਸਨ ਜਿਨ੍ਹਾਂ ਨੇ ਪਹਿਲਾਂ ਲਿਆ ਕਰਜ਼ਾ ਵਾਪਸ ਨਹੀਂ ਸੀ ਕੀਤਾ। ਇਸ ਕਰਕੇ ਉਹ ਹੋਰ ਕਰਜ਼ਾ ਲੈਣ ਲਈ ਅਯੋਗ ਸਨ। ਇਸ ਦਾ ਕੌਮੀ ਪੱਧਰ ‘ਤੇ ਵੱਡਾ ਨੁਕਸਾਨ ਹੋਇਆ ਕਿਉਂ ਜਿਨ੍ਹਾਂ ਕਿਸਾਨਾਂ ਨੇ ਕਰਜ਼ਾ ਲੈ ਕੇ ਉਤਪਾਦਨ ਕਰਨਾ ਸੀ, ਉਹ ਲੋੜ ਜਿੰਨਾ ਉਤਪਾਦਨ ਨਹੀਂ ਕਰ ਸਕੇ। ਇਸੇ ਕਾਰਨ ਰੁਕਾਵਟ ਬਣ ਗਈ ਅਤੇ ਉਤਪਾਦਨ ਘਟਿਆ ਜੋ ਕੌਮੀ ਪੱਧਰ ‘ਤੇ ਸਮੁੱਚੇ ਰਾਸ਼ਟਰ ਦਾ ਨੁਕਸਾਨ ਹੈ। ਦਹਾਕਾ ਪਹਿਲਾਂ ਭਾਵੇਂ ਸਰਕਾਰ ਨੇ ਕਰਜ਼ਾ ਲੈਣ ਵਾਲਿਆਂ ਨੂੰ ਵੱਡੀ ਸਹੂਲਤ ਦਿੱਤੀ ਹੋਈ ਹੈ ਕਿ ਖੇਤੀ ਕਰਜ਼ੇ ਲਈ ਸਿਰਫ 7 ਫੀਸਦੀ ਵਿਆਜ ਦਰ ਲਈ ਜਾਵੇਗੀ ਪਰ ਜੇ ਕੋਈ ਕਰਜ਼ਾ ਲੈਣ ਵਾਲਾ ਆਪਣਾ ਕਰਜ਼ਾ ਸਮੇਂ ਸਿਰ ਵਾਪਸ ਕਰਦਾ ਹੈ ਤਾਂ ਉਸ ਨੂੰ ਸਿਰਫ 4 ਫੀਸਦੀ ਵਿਆਜ ਦਰ ਦੇਣੀ ਪਵੇਗੀ ਅਤੇ ਉਸ ਨੂੰ 3 ਫੀਸਦੀ ਵਿਆਜ ਦਰ ਮੁਆਫ ਹੋਵੇਗੀ। ਇਹ ਵੱਡੀ ਰਾਹਤ ਹੈ। ਫਿਰ ਵੀ ਮੁਲਕ ਦੇ ਪੱਧਰ ‘ਤੇ 7 ਕਰੋੜ ਤੋਂ ਜ਼ਿਆਦਾ ਉਹ ਕਿਸਾਨ ਹਨ ਜਿਨ੍ਹਾਂ ਸਿਰ ਕਰਜ਼ੇ ਦਾ ਵੱਡਾ ਬੋਝ ਹੈ। ਇਹੋ ਵਜ੍ਹਾ ਹੈ ਕਿ ਕਿਸਾਨੀ ਕਰਜ਼ਾ ਮੁਆਫ ਕਰਨ ਦੀ ਮੰਗ ਹਰ ਸੂਬੇ ਵਿਚ ਹੈ। ਕੁਝ ਸੂਬਾ ਸਰਕਾਰਾਂ ਜਿਵੇਂ ਪੰਜਾਬ, ਯੂਪੀ ਆਦਿ ਨੇ ਆਪਣੇ ਵੱਲੋਂ ਕਰਜ਼ੇ ਮੁਆਫ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਲਾਭ ਸਾਰੇ ਕਿਸਾਨਾਂ ਨੂੰ ਨਾ ਮਿਲ ਸਕਿਆ। ਅਸਲ ਵਿਚ ਸੂਬਾ ਸਰਕਾਰਾਂ ਖੇਤੀ ਕਰਜ਼ਾ ਮੁਆਫ ਇਸ ਕਰਕੇ ਨਹੀਂ ਕਰ ਸਕਦੀਆਂ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਹੀ ਸਾਧਨਾਂ ਦੀ ਕਮੀ ਹੈ। ਪੰਜਾਬ ਵਿਚ 2017 ਵਿਚ ਹੋਈਆਂ ਚੋਣਾਂ ਵਿਚ ਸਿਆਸੀ ਪਾਰਟੀਆਂ ਨੇ ਕਰਜ਼ਾ ਮੁਆਫੀ ਦੇ ਵਾਅਦੇ ਕੀਤੇ ਜਿਨ੍ਹਾਂ ਵਿਚ ਕਾਂਗਰਸ ਪਾਰਟੀ ਸਭ ਤੋਂ ਅੱਗੇ ਸੀ ਪਰ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣੀ ਤਾਂ ਉਸ ਦੇ ਸਾਹਮਣੇ ਉਹ ਕਰਜ਼ਾ ਮੁਆਫ ਕਰਨਾ ਸਭ ਤੋਂ ਵੱਡੀ ਚੁਣੌਤੀ ਸੀ। ਪੰਜਾਬ ਦੇ 10.25 ਲੱਖ ਕਿਸਾਨਾਂ ਸਿਰ 59621 ਕਰੋੜ ਰੁਪਏ ਖੇਤੀ ਕਰਜ਼ਾ ਸੀ। ਇਹ ਇੰਨੀ ਵੱਡੀ ਰਕਮ ਸੀ ਜਿਹੜੀ ਸਰਕਾਰ ਦੇ ਸਾਲਾਨਾ ਬਜਟ ਤੋਂ ਥੋੜ੍ਹੀ ਜਿਹੀ ਹੀ ਘੱਟ ਸੀ। ਸਰਕਾਰ ਨੇ ਉਸ ਵਕਤ 2.5 ਲੱਖ ਕਰੋੜ ਰੁਪਏ ਤੋਂ ਉਪਰ ਦਾ ਕਰਜ਼ਾ ਦੇਣਾ ਸੀ ਜਿਸ ਲਈ ਸਰਕਾਰ ਨੂੰ ਸਾਲਾਨਾ 20 ਕਰੋੜ ਰੁਪਏ ਦੇ ਕਰੀਬ ਸਾਲਾਨਾ ਵਿਆਜ ਦੇਣਾ ਪੈਂਦਾ ਸੀ। ਸਰਕਾਰ ਨੇ ਨਵੇਂ ਟੈਕਸ ਨਹੀਂ ਲਾਏ ਕਿਉਂ ਜੋ ਪਹਿਲਾਂ ਹੀ ਟੈਕਸਾਂ ਦਾ ਵੱਡਾ ਬੋਝ ਸੀ। ਸਰਕਾਰ ਦੇ ਦੋ ਮੁੱਖ ਆਮਦਨ ਸਰੋਤ ਹਨ: ਇਕ ਪੈਟਰੋਲ ਤੇ ਡੀਜ਼ਲ ਆਦਿ ‘ਤੇ ਟੈਕਸ; ਦੂਜਾ ਸ਼ਰਾਬ ਤੇ ਐਕਸਾਈਜ਼ ਡਿਊਟੀ। ਲੋਕਾਂ ਨੂੰ ਭਾਵੇਂ ਪੈਟਰੋਲ ਡੀਜਲ ‘ਤੇ ਟੈਕਸ ਘਟਾਉਣ ਦੀ ਉਮੀਦ ਸੀ ਪਰ ਉਹ ਘਟਾਇਆ ਨਾ ਗਿਆ। ਇਉਂ ਪੈਟਰੋਲ ਡੀਜ਼ਲ ਦੀ ਕੀਮਤ ਨਾ ਘਟੀ ਅਤੇ ਹਰ ਸਾਲ ਮਹਿੰਗਾਈ ਵਿਚ ਵਾਧਾ ਹੁੰਦਾ ਗਿਆ। ਕਿਸਾਨਾਂ ਨੂੰ ਕਰਜ਼ੇ ਦੀ ਰਾਹਤ ਤਾਂ ਘੱਟ ਮਿਲੀ ਪਰ ਮਹਿੰਗਾਈ ਕਰਕੇ ਕਿਸਾਨ ਅਤੇ ਆਮ ਬੰਦੇ ਦੀਆਂ ਮੁਸ਼ਕਿਲਾਂ ਵਧ ਗਈਆਂ। ਸਰਕਾਰ ਨੇ ਇਸ ਚੁਣੌਤੀ ਦਾ ਸਾਹਮਣਾ ਕਰਨ ਅਤੇ ਆਪਣਾ ਵਾਅਦਾ ਪੂਰਾ ਕਰਨ ਲਈ ਪੰਜ ਪੱਧਰਾਂ ਵਿਚ ਛੋਟੇ ਕਿਸਾਨਾਂ ਦੇ 3 ਲੱਖ ਰੁਪਏ ਤੱਕ ਦੇ ਕਰਜ਼ੇ ਮੁਆਫ ਕੀਤੇ। ਇਸ ਵਿਚ ਕੁੱਲ 9500 ਕਰੋੜ ਜਾਂ ਕੁੱਲ ਕਰਜ਼ੇ ਦਾ 16 ਫੀਸਦੀ ਵੀ ਮੁਆਫ ਨਾ ਕੀਤਾ ਜਾ ਸਕਿਆ। ਅਸਲ ਵਿਚ ਕਿਸਾਨੀ ਕਰਜ਼ੇ ਨੂੰ ਸਿਰਫ ਕੇਂਦਰ ਸਰਕਾਰ ਹੀ ਮੁਆਫ ਕਰ ਸਕਦੀ ਹੈ ਅਤੇ ਕੇਂਦਰ ਨੂੰ ਕਿਸਾਨੀ ਕਰਜ਼ਾ ਜ਼ਰੂਰ ਮੁਆਫ ਕਰਨਾ ਚਾਹੀਦਾ ਹੈ ਜਿਸ ਦਾ ਠੋਸ ਤਰਕ ਹੈ। ਕਿਸਾਨੀ ਭਾਰਤ ਦੀ 60 ਫੀਸਦੀ ਵਸੋਂ ਦਾ ਮੁੱਖ ਪੇਸ਼ਾ ਹੈ। ਇਹ 60 ਫੀਸਦੀ ਵਸੋਂ ਮੁਲਕ ਦੀ ਕੁੱਲ ਘਰੇਲੂ ਆਮਦਨ ਵਿਚੋਂ ਸਿਰਫ 14 ਫੀਸਦੀ ਆਮਦਨ ਪ੍ਰਾਪਤ ਕਰਦੀ ਹੈ ਜਦੋਂਕਿ ਬਾਕੀ ਦੀ 40 ਫੀਸਦ ਵਸੋਂ ਦੇ ਹਿੱਸੇ 86 ਫੀਸਦ ਆਮਦਨ ਆਉਂਦੀ ਹੈ। ਇਸ ਦਾ ਅਰਥ ਹੈ ਕਿ ਗੈਰ-ਖੇਤੀ ਪੇਸ਼ੇ ਦੀ ਔਸਤ ਆਮਦਨ, ਖੇਤੀ ਪੇਸ਼ੇ ਦੀ ਔਸਤ ਆਮਦਨ ਤੋਂ 6 ਗੁਣਾਂ ਜ਼ਿਆਦਾ ਹੈ। ਇਸ ਦਾ ਇਹ ਅਰਥ ਵੀ ਹੈ ਕਿ ਖੇਤੀ ਵਾਲੀ ਵਸੋਂ ਅਰਧ-ਬੇਰੁਜ਼ਗਾਰ ਹੈ। ਉਹ ਕੰਮ ਤਾਂ ਕਰਨਾ ਚਾਹੁੰਦੀ ਹੈ ਪਰ ਕੰਮ ਨਹੀਂ ਹੈ; ਨਾਲ ਹੀ ਰੁਜਗਾਰ ਦੇ ਮੌਕੇ ਘੱਟ ਹਨ, ਖਾਸਕਰ ਪਿੰਡਾਂ ਵਿਚ। ਇਹੋ ਵਜ੍ਹਾ ਹੈ ਕਿ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਵਾਲਿਆਂ ਵਿਚੋਂ ਜ਼ਿਆਦਾ ਗਿਣਤੀ ਕਿਸਾਨਾਂ ਦੇ ਬੱਚਿਆਂ ਦੀ ਹੈ ਜਿਹੜੇ ਜ਼ਮੀਨਾਂ ਵੇਚ ਕੇ ਵੀ ਬਾਹਰ ਜਾ ਰਹੇ ਹਨ। ਰੁਜ਼ਗਾਰ ਪੈਦਾ ਕਰਨਾ ਮੁਲਕ ਦੀ ਸਰਕਾਰ ਸਾਹਮਣੇ ਚੁਣੌਤੀ ਹੈ। ਉਹ ਨੌਜਵਾਨ ਜਿਹੜੇ ਮਜਬੂਰੀਵਸ ਬਾਹਰ ਜਾ ਕੇ ਕੰਮ ਕਰਦੇ ਹਨ, ਉਹ ਮੁਲਕ ਦਾ ਧਨ ਹੈ ਜਿਹੜਾ ਬੇਰੁਜ਼ਗਾਰੀ ਕਰਕੇ ਅਜਾਈਂ ਜਾ ਰਿਹਾ ਹੈ। ਕਿਰਤ ਨੂੰ ਜਮ੍ਹਾਂ ਨਹੀਂ ਕੀਤਾ ਜਾ ਸਕਦਾ। ਜੇ ਅੱਜ ਕਿਰਤ ਨਹੀਂ ਕੀਤੀ ਤਾਂ ਉਹ ਕਿਰਤ ਧਨ ਫਜ਼ੂਲ ਗਿਆ। ਖੇਤੀ ਕਰਜ਼ੇ ਨੇ ਮੁਲਕ ਨੂੰ ਇਸ ਕਾਬਲ ਬਣਾਇਆ ਕਿ ਜਿਹੜਾ ਧਨ ਵਿਦੇਸ਼ਾਂ ਤੋਂ ਅਨਾਜ ਮੰਗਵਾਉਣ ਲਈ ਖਰਚਿਆ ਜਾਂਦਾ ਸੀ, ਉਸ ਦੀ ਹੁਣ ਲੋੜ ਨਹੀਂ ਸਗੋਂ ਖੇਤੀ ਉਤਪਾਦਨ ਦੀ ਬਰਾਮਦ ਕਰਕੇ ਬਾਹਰੋਂ ਵਿਦੇਸ਼ੀ ਮੁਦਰਾ ਕਮਾਈ ਜਾ ਸਕਦੀ ਹੈ। ਇਕ ਰਿਪੋਰਟ ਅਨੁਸਾਰ 2020 ਵਿਚ ਕਾਰਪੋਰੇਟ ਸੈਕਟਰ ਵਿਚ 1.46 ਲੱਖ ਕਰੋੜ ਰੁਪਏ ਦਾ ਉਹ ਕਰਜ਼ਾ ਸੀ ਜਿਹੜਾ 1913 ਉਨ੍ਹਾਂ ਕਰਜ਼ਾ ਲੈਣ ਵਾਲਿਆਂ ਨੇ ਜਾਣ ਕੇ ਵਾਪਸ ਨਹੀਂ ਸੀ ਕੀਤਾ। ਇਸ ਨੂੰ ਬਾਅਦ ਵਿਚ ਵੱਟੇ-ਖਾਤੇ ਪਾ ਦਿੱਤਾ ਗਿਆ। ਅਜਿਹਾ ਕਿਸਾਨੀ ਖੇਤਰ ਲਈ ਨਹੀਂ ਕੀਤਾ ਗਿਆ। ਸਰਕਾਰ ਦੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਅਧੀਨ ਕਾਰਪੋਰੇਟਰਾਂ ਨੂੰ ਆਪਣੇ ਲਾਭ ਵਿਚੋਂ ਹਰ ਸਾਲ 2 ਫੀਸਦ ਲੋਕ ਭਲਾਈ ਸਕੀਮਾਂ ‘ਤੇ ਖਰਚਣਾ ਜ਼ਰੂਰੀ ਹੈ। ਜੇ ਕਾਰਪੋਰੇਟ ਸੈਕਟਰ ਕੇਂਦਰ ਸਰਕਾਰ ਦੀ ਅਗਵਾਈ ਵਿਚ ਉਹ ਪੈਸਾ ਕਿਸਾਨੀ ਕਰਜ਼ੇ ਲਈ ਦੇ ਦੇਵੇ ਤਾਂ ਇਹ ਵੱਡੀ ਰਾਹਤ ਹੋਵੇਗੀ। ਸੂਬਾ ਸਰਕਾਰਾਂ ਦਾ ਇਨ੍ਹਾਂ ਕਾਰਪੋਰੇਟਾਂ ‘ਤੇ ਇੰਨਾ ਪ੍ਰਭਾਵ ਨਹੀਂ ਪਰ ਕੇਂਦਰ ਸਰਕਾਰ ਦਾ ਹੈ। ਕੌਮਾਂਤਰੀ ਸੰਸਥਾਵਾਂ ਜਿਵੇਂ ਸੰਸਾਰ ਬੈਂਕ, ਖੁਰਾਕ ਤੇ ਖੇਤੀ ਸੰਸਥਾ, ਵਰਲਡ ਫੂਡ ਪ੍ਰੋਗਰਾਮ ਆਦਿ ਕਿਸਾਨੀ ਦੀ ਮਦਦ ਕਰਦੀਆਂ ਹਨ ਪਰ ਉਨ੍ਹਾਂ ਦਾ ਤਾਲਮੇਲ ਕੇਂਦਰ ਸਰਕਾਰ ਨਾਲ ਹੈ, ਸੂਬਾ ਸਰਕਾਰਾਂ ਨਾਲ ਨਹੀਂ। ਡੀਜ਼ਲ, ਖਾਦਾਂ ਆਦਿ ਜਿਨ੍ਹਾਂ ਦੀ ਦਰਾਮਦ ਕੀਤੀ ਜਾਂਦੀ ਹੈ, ਉਨ੍ਹਾਂ ਦੀਆਂ ਕੀਮਤਾਂ ਦਾ ਵਾਧਾ ਕਿਸਾਨੀ ਆਮਦਨ ‘ਤੇ ਅਸਰ ਪਾਉਂਦਾ ਹੈ ਪਰ ਉਨ੍ਹਾਂ ਕੀਮਤਾਂ ‘ਤੇ ਕੇਂਦਰ ਦਾ ਕੰਟਰੋਲ ਹੈ ਤੇ ਇਸ ਗੱਲ ਨੂੰ ਵੀ ਕਿਸਾਨੀ ਕਰਜ਼ਾ ਮੁਆਫ ਕਰਦੇ ਸਮੇਂ ਧਿਆਨ ਵਿਚ ਰੱਖਣਾ ਚਾਹੀਦਾ ਹੈ। ਜ਼ਿਆਦਾ ਕਰਜ਼ਾ ਸਰਕਾਰੀ ਬੈਂਕਾਂ ਦਾ ਹੁੰਦਾ ਹੈ ਜਿਨ੍ਹਾਂ ‘ਤੇ ਸੂਬਾ ਸਰਕਾਰਾਂ ਦਾ ਕੋਈ ਕੰਟਰੋਲ ਨਹੀਂ ਪਰ ਕੇਂਦਰ ਸਰਕਾਰ ਬੈਂਕਾਂ ਦੇ ਵੱਡੇ ਲਾਭ ਸਾਹਮਣੇ ਰੱਖ ਕੇ ਖੇਤੀ ਕਰਜ਼ਾ ਮੁਆਫ ਕਰ ਸਕਦੀ ਹੈ ਜੋ ਕੌਮੀ ਹਿੱਤ ਦੀ ਗੱਲ ਹੈ।
ੲੲੲ

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …